ਕੁਰਾਲੀ ਦੀ ਸੀਸਵਾਂ ਰੋਡ ’ਤੇ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ
ਮਿਹਰ ਸਿੰਘ
ਕੁਰਾਲੀ, 27 ਜੂਨ
ਸ਼ਹਿਰ ਦੀ ਸੀਸਵਾਂ ਰੋਡ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਸਮੱਸਿਆ ਦੇ ਹੱਲ ਲਈ ਨਿਕਾਸੀ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਵੱਲੋਂ ਅੱਜ ਇਸ ਕੰਮ ਦਾ ਉਦਘਾਟਨ ਕੀਤਾ ਗਿਆ।
ਵਾਰਡ ਕੌਂਸਲਰ ਨੰਦੀਪਾਲ ਬਾਂਸਲ ਦੀ ਦੇਖਰੇਖ ਹੇਠ ਅੱਜ ਵਰ੍ਹਦੇ ਮੀਂਹ ਵਿੱਚ ਨਿਕਾਸੀ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਜੋਧਾ ਸਿੰਘ ਮਾਨ ਨੇ ਕਿਹਾ ਕਿ ਕੌਂਸਲਰ ਨੰਦੀਪਾਲ ਬਾਂਸਲ ਵੱਲੋਂ ਸਮੱਸਿਆ ਧਿਆਨ ਵਿੱਚ ਲਿਆਏ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੌਂਸਲ ਅਧਿਕਾਰੀਆਂ ਨੂੰ ਇਸ ਦੇ ਫੌਰੀ ਹੱਲ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਵੱਧ ਹੈ। ਕੌਂਸਲਰ ਨੰਦੀ ਪਾਲ ਬਾਂਸਲ, ਬਹਾਦਰ ਸਿੰਘ ਓਕੇ ਅਤੇ ਚੇਅਰਮੈਨ ਹਰੀਸ਼ ਰਾਣਾ ਨੇ ਦੱਸਿਆ ਕਿ ਕੌਂਸਲ ਵੱਲੋਂ ਸੀਸਵਾਂ ਰੋਡ ਦੇ ਨਿਕਾਸੀ ਨਾਲੇ ਦੀਆਂ ਸਲੇਬਾਂ ਤੋੜ ਕੇ ਸਫ਼ਾਈ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕੌਂਸਲ ਅਧਿਕਾਰੀਆਂ ਨੂੰ ਨਾਲੇ ਦੀ ਥਾਂ ਪਾਈਪ ਲਾਈਨ ਪਾਉਣ ਲਈ ਕਿਹਾ ਪਰ ਅਧਿਕਾਰੀਆਂ ਨੇ ਸੁਣਵਾਈ ਨਹੀਂ ਕੀਤੀ। ਉਨ੍ਹਾਂ ਇਹ ਮਸਲਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਧਿਆਨ ਵਿੱਚ ਲਿਆਂਦਾ ਤਾਂ ਹੁਣ ਨਿਕਾਸੀ ਨਾਲੇ ਦੀ ਥਾਂ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋ ਸਕਿਆ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਸ਼ਹਿਰ ਦੇ ਮੇਨ ਚੌਕ ਤੇ ਬਰਫ਼ ਕਾਰਖਾਨੇ ਤੱਕ ਪਾਈਪ ਲਾਈਨ ਪਾਈ ਜਾਵੇਗੀ। ਇਸੇ ਦੌਰਾਨ ਇੰਦਰਬੀਰ ਸਿੰਘ ਅਤੇ ਹੋਰਨਾਂ ਦੁਕਾਨਦਾਰਾਂ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਥਾਨਕ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਹਰੇਕ ਸਾਲ ਨਾਲੇ ਦੀ ਸਫ਼ਾਈ ਲਈ ਸਲੇਬਾਂ ਪੁੱਟੀਆਂ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਦਾ ਵਪਾਰ ਪ੍ਰਭਾਵਿਤ ਹੁੰਦਾ ਸੀ।
ਇਸ ਮੌਕੇ ਡਾ. ਅਸ਼ਵਨੀ ਸ਼ਰਮਾ, ਪਰਦੀਪ ਰੂੜਾ, ਕੌਂਸਲਰ ਖੁਸ਼ਵੀਰ ਸਿੰਘ ਹੈਪੀ, ਨਵਦੀਪ ਸੈਣੀ, ਪੰਕਜ ਕੁਮਾਰ, ਅਮਿਤ ਖੁੱਲਰ ਅਤੇ ਸੀਸਵਾਂ ਰੋਡ ਦੇ ਸਮੂਹ ਦੁਕਾਨਦਾਰ ਹਾਜ਼ਰ ਸਨ।