ਗੁਰੂ ਨਾਨਕ ਸਟੇਡੀਅਮ ’ਚ ਐਸਟ੍ਰੋਟਰਫ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਸਤਵਿੰਦਰ ਬਸਰਾ
ਲੁਧਿਆਣਾ, 10 ਦਸੰਬਰ
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਖਰਾਬ ਹੋ ਚੁੱਕੇ ਐਸਟ੍ਰੋਟਰਫ ਦੀ ਥਾਂ ਨਵਾਂ ਐਸਟ੍ਰੋਟਰਫ ਵਿਛਾਉਣ ਲਈ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਮਾਰਚ ਮਹੀਨੇ ਸ਼ੁਰੂ ਹੋਏ ਇਸ ਪ੍ਰਾਜੈਕਟ ਦਾ ਕਾਫੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਜਨਵਰੀ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਮੈਦਾਨ ’ਤੇ ਰੋਜ਼ਾਨਾ 150 ਦੇ ਕਰੀਬ ਖਿਡਾਰੀ ਅਭਿਆਸ ਕਰਦੇ ਹਨ। ਅਥਲੈਟਿਕ ਦੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਲੁਧਿਆਣਾ ਦੇ ਉਕਤ ਮੈਦਾਨ ਵਿੱਚ ਅਥਲੈਟਿਕ ਖਿਡਾਰੀਆਂ ਲਈ ਬਣੇ ਟਰੈਕ ’ਤੇ ਨਵਾਂ ਐਸਟ੍ਰੋਟਰਫ ਵਿਛਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2001 ਦੀਆਂ ਕੌਮੀ ਖੇਡਾਂ ਦੌਰਾਨ ਐਸਟ੍ਰੋਟਰਫ ਵਿਛਾਇਆ ਗਿਆ ਸੀ ਜੋ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ। ਇਸ ਨੂੰ ਬਦਲਣ ਲਈ ਪਿਛਲੇ ਕਈ ਸਾਲਾਂ ਤੋਂ ਜੱਦੋਜਹਿਦ ਹੋ ਰਹੀ ਸੀ। ਇਸ ਸਾਲ ਮਾਰਚ ਮਹੀਨੇ ਪੁਰਾਣੇ ਐਸਟ੍ਰੋਟਰਫ ਦੀ ਥਾਂ ਸਾਢੇ ਸੱਤ ਕਰੋੜ ਦੀ ਲਾਗਤ ਨਾਲ ਨਵਾਂ ਐਸਟ੍ਰੋਟਰਫ ਵਿਛਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ। ਇਹ ਕੰਮ 70 ਤੋਂ 80 ਫੀਸਦੀ ਤੱਕ ਪੂਰਾ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਜਨਵਰੀ ਮਹੀਨੇ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਵਿਭਾਗ ਦੇ ਅਥਲੈਟਿਕ ਕੋਚ ਸੰਜੀਵ ਸ਼ਰਮਾ ਨੇ ਦੱਸਿਆ ਕਿ ਤਿੰਨ ਅਥਲੈਟਿਕ ਕੋਚਾਂ ਕੋਲ ਵੱਖ ਵੱਖ ਉਮਰ ਵਰਗ ਦੇ ਕਰੀਬ 150 ਖਿਡਾਰੀ ਪ੍ਰੈਕਟਿਸ ਲਈ ਆਉਂਦੇ ਹਨ। ਮੁੱਖ ਮੈਦਾਨ ’ਚ ਐਸਟ੍ਰੋਟਰਫ ਦਾ ਕੰਮ ਚੱਲਦਾ ਹੋਣ ਕਰਕੇ ਖਿਡਾਰੀਆਂ ਨੂੰ ਪੀਏਯੂ, ਐਸਸੀਡੀ ਸਰਕਾਰੀ ਕਾਲਜ ਅਤੇ ਗੁਰੂ ਨਾਨਕ ਸਟੇਡੀਅਮ ਦੇ ਸਾਹਮਣੇ ਵਾਲੇ ਮੈਦਾਨਾਂ ’ਤੇ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਦਾ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ ਇਸ ਲਈ ਕੋਈ ਵੀ ਖਿਡਾਰੀ ਮਾਰਚ ਅਤੇ ਮਈ-ਜੂਨ ਮਹੀਨੇ ਹੁੰਦੇ ਟਰਾਇਲ ਦੇ ਕੇ ਇੱਥੇ ਬਿਨਾਂ ਕੋਈ ਫੀਸ ਦਿੱਤੇ ਸਿਖਲਾਈ ਲੈ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਐਸਟ੍ਰੋਟਰਫ ਦੀ ਵਿਛਾਈ ਹੋ ਜਾਣ ਤੋਂ ਬਾਅਦ ਖਿਡਾਰੀਆਂ ਨੂੰ ਆਪਣੀ ਕਾਰਗੁਜ਼ਾਰੀ ਨੂੰ ਹੋਰ ਨਿਖਾਰਨ ਦਾ ਮੌਕਾ ਮਿਲੇਗਾ ਅਤੇ ਉਹ ਪੰਜਾਬ ਲਈ ਤਗਮੇ ਜਿੱਤ ਕੇ ਲਿਆਉਣ ਦੇ ਹੋਰ ਵੀ ਸਮਰੱਥ ਹੋਣਗੇ।