ਮੱਠੀ ਰਫ਼ਤਾਰ ਨਾਲ ਚੱਲ ਰਿਹੈ ਸੀਵਰੇਜ ਨੂੰ ਟਰੀਟਮੈਂਟ ਪਲਾਂਟ ਨਾਲ ਜੋੜਨ ਦਾ ਕੰਮ
ਪੱਤਰ ਪ੍ਰੇਰਕ
ਸਮਾਣਾ, 10 ਜੂਨ
ਪਿਛਲੇ ਕਈ ਸਾਲਾਂ ਤੋਂ ਸਮਾਣਾ ਸ਼ਹਿਰ ਦੀਆਂ ਅਣ-ਅਧਿਕਾਰਤ ਕਲੋਨੀਆਂ ਵਿੱਚ ਕਰੀਬ 29 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਸੀਵਰੇਜ, ਵਾਟਰ ਸਪਲਾਈ ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਬੜੀ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਨ੍ਹਾਂ ਕਲੋਨੀਆਂ ਦੇ ਸੀਵਰੇਜ ਸਿਸਟਮ ਨੂੰ ਟਰੀਟਮੈਂਟ ਪਲਾਂਟ ਨਾਲ ਜੋੜਨ ਲਈ ਸਟੇਟ ਹਾਈਵੇਅ ਨੰਬਰ 10 ਮਲਕਾਣਾ ਡਰੇਨ ਵਿਚ ਕਰੀਬ 20 ਤੋਂ 30 ਫੁੱਟ ਡੂੰਘੇ ਅਤੇ 10 ਫੁੱਟ ਚੌੜਾ ਪੁੱਟ ਕੇ ਪਾਈਪ ਪਾਏ ਜਾ ਰਹੇ ਹਨ, ਜਿਸ ਕਰਕੇ ਸੜਕ ਦੁਆਲੇ ਵੱਡੇ-ਵੱਡੇ ਮਿੱਟੀ ਦੀ ਢੇਰ ਲੱਗਣ ਤੋਂ ਇਲਾਵਾ ਡੂੰਘੇ ਖੱਡੇ ਪੈ ਗਏ ਹਨ, ਜਿੱਥੇ ਆਮ ਲੋਕਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਪਟਿਆਲਾ ਤੋਂ ਆਉਣ ਵਾਲੀਆਂ ਸਵਾਰੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਉਤਾਰਿਆ ਜਾ ਰਿਹਾ ਹੈ। ਦੁਕਾਨਦਾਰ ਅਸ਼ੋਕ ਸ਼ਰਮਾ, ਪਰਗਟ ਸਿੰਘ ਵਿਰਕ ਅਤੇ ਸਵਰਨ ਮਠਾਰੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਜਲਦੀ ਨੇਪਰੇ ਚਾੜਿਆ ਜਾਵੇ। ਇਸ ਸਬੰਧੀ ਜੇਈ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਾਇਪ ਪਾਉਣ ਦਾ ਕੰਮ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ। ਜ਼ਿਆਦਾ ਭੀੜ ਵਾਲਾ ਇਲਾਕਾ ਤੇ ਡੂੰਘਾ ਸੀਵਰੇਜ ਹੋਣ ਕਾਰਨ ਦੇਰੀ ਹੋ ਰਹੀ ਹੈ। ਕੰਮ ਨੂੰ 15 ਦਿਨਾਂ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ।