ਅਰਬਨ ਅਸਟੇਟ ਦੁੱਗਰੀ ਦੀ 200 ਫੁੱਟੀ ਸੜਕ ਦਾ ਕੰਮ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਕਤੂਬਰ
ਦੁੱਗਰੀ ਅਰਬਨ ਅਸਟੇਟ ਨੇੜੇ ਜਵੱਦੀ ਲਿੰਕ ਰੋਡ ਤੋਂ ਜੈਨ ਮੰਦਰ ਚੌਕ ਤੱਕ 200 ਫੁੱਟ ਚੌੜੀ ਸੜਕ ਦੀ ਮੁਰੰਮਤ ਦਾ ਰੁਕਿਆ ਕੰਮ ਮੁੜ ਸ਼ੁਰੂ ਹੋਣ ’ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਕਰੀਬ 14 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਵਿੱਚ ਹੈ। ਇਸ ਸੜਕ ਦੇ ਕੰਮ ਦਾ ਨੀਂਹ ਪੱਥਰ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ 27 ਮਾਰਚ 2023 ਨੂੰ ਰੱਖਿਆ ਗਿਆ ਸੀ ਅਤੇ ਇਸ ਕੰਮ ਦਾ ਠੇਕਾ ਵੀ ਅਲਾਟ ਕਰ ਦਿੱਤਾ ਗਿਆ ਸੀ। ਠੇਕੇਦਾਰ ਵੱਲੋਂ ਸੜਕ ਦਾ ਕੰਮ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਖਾਮੀਆਂ ਕਰ ਕੇ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਸੀ। ਇਸਤੋਂ ਬਾਅਦ ਰੋਡ ਇੰਸਟੀਚਿਊਟ ਆਫ ਇੰਡੀਆ ਵੱਲੋਂ ਭੇਜੀਆਂ ਨਵੀਆਂ ਤਕਨੀਕੀ ਹਦਾਇਤਾਂ ਨੂੰ ਵੇਖਦਿਆਂ ਠੇਕੇਦਾਰ ਨੇ ਕੰਮ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਅਤੇ ਕੰਮ ਲਈ ਲਿਆਉਂਦੀ ਸਾਰੀ ਮਸ਼ੀਨਰੀ ਵੀ ਵਾਪਸ ਮੰਗਵਾ ਲਈ। ਗਲਾਡਾ ਵੱਲੋਂ ਨਵੀਆਂ ਹਿਦਾਇਤਾਂ ਦੇ ਆਧਾਰ ’ਤੇ ਦੁਬਾਰਾ ਟੈਂਡਰ ਮੰਗ ਕੇ ਹੁਣ ਨਵੇਂ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਗਿਆ ਹੈ। ਨਵੇਂ ਠੇਕੇਦਾਰ ਵੱਲੋਂ ਵੀ ਕੁੱਝ ਦਨਿ ਕੰਮ ਕਰਨ ਤੋਂ ਬਾਅਦ ਕੰਮ ਵਿਚਾਲੇ ਰੋਕ ਦਿੱਤਾ ਗਿਆ ਸੀ। ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਆਈਏਐਸ ਵੱਲੋਂ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਲਈ ਸਾਈਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਤਿੰਨ ਲੇਅਰ ਵਿੱਚ ਬਣਨ ਵਾਲੀ ਇਸ ਸੜਕ ਦੀਆਂ ਦੋ ਲੇਅਰਾਂ ਦਾ ਕੰਮ ਦੀਵਾਲੀ ਤੋਂ ਪਹਿਲਾਂ ਹਰ ਹੀਲੇ ਮੁਕੰਮਲ ਕਰ ਲਿਆ ਜਾਵੇਗਾ।