ਵਿਧਾਇਕ ਵੱਲੋਂ ਨੀਂਹ ਪੱਥਰ ਰੱਖੇ ਜਾਣ ’ਤੇ ਵੀ ਕੰਮ ਸ਼ੁਰੂ ਨਾ ਹੋਇਆ
ਗੁਰਬਖਸ਼ਪੁਰੀ
ਤਰਨ ਤਾਰਨ, 13 ਜੁਲਾਈ
ਸਥਾਨਕ ਸ਼ਹਿਰ ਅੰਦਰ ਚੌਕ ਬੋਹੜੀ ਸਾਹਮਣੇ ਵਿਵਾਦ ਵਾਲੇ ਥਾਂ ’ਤੇ ਨਗਰ ਕੌਂਸਲ ਵੱਲੋਂ ਬਣਾਏ ਜਾਣ ਵਾਲੇ ਜਨਤਕ ਪਖਾਨੇ ਦਾ ਸੱਤਾਧਾਰੀ ਧਿਰ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਚਾਰ ਮਹੀਨੇ ਪਹਿਲਾਂ ਰੱਖੇ ਨੀਂਹ ਪੱਥਰ ਮਗਰੋਂ ਵੀ ਇੱਥੇ ਕੰਮ ਸ਼ੁਰੂ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਇਥੇ ਇਕ ਪਖਾਨਾ ਹੋਣ ਦੇ ਇਲਾਵਾ ਪਾਵਰਕੌਮ ਦਾ ਸ਼ਿਕਾਇਤ ਕੇਂਦਰ ਮੌਜੂਦ ਸੀ ਜਿਸ ਨੂੰ ਨਗਰ ਕੌਂਸਲ ਵੱਲੋਂ ਢਾਹ ਦਿੱਤਾ ਗਿਆ ਸੀ। ਇਸ ਖ਼ਿਲਾਫ਼ ਪਾਵਰਕੌਮ ਦੇ ਮੁਲਾਜ਼ਮਾਂ ਨੇ ਲਗਤਾਰ ਰੋਸ ਵਿਖਾਵੇ ਕਰਕੇ ਉਨ੍ਹਾਂ ਦਾ ਰਿਕਾਰਡ ਆਦਿ ਗੁੰਮ ਕਰ ਦੇਣ ਦੇ ਦੋਸ਼ ਲਗਾਏ ਸਨ| ਇਸ ਮਾਮਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ’ਤੇ ਵੀ ਦੋ ਸਾਲ ਦੇ ਕਰੀਬ ਦਾ ਸਮਾਂ ਬੀਤ ਜਾਣ ’ਤੇ ਵੀ ਅਧਿਕਾਰੀ ਮਾਮਲਾ ਨਿਪਟਾ ਨਹੀਂ ਸਕੇ| ਪਾਵਰਕੌਮ ਦੇ ਤਰਨ ਤਾਰਨ ਦੇ ਸਿਟੀ ਸਬ ਡਿਵੀਜ਼ਨ ਦੇ ਐੱਸਡੀਓ ਨਰਿੰਦਰ ਸਿੰਘ ਨੇ ਕਿਹਾ ਇਥੇ ਕੰਮ ਕਰਦੇ ਪਾਵਰਕੌਮ ਦੇ ਸ਼ਿਕਾਇਤ ਕੇਂਦਰ ਦੇ ਜੇਈ ਸਣੇ ਹੋਰਨਾਂ ਮੁਲਾਜ਼ਮਾਂ ਨੂੰ ਇਮਾਰਤ ਨੂੰ ਢਾਹੁਣ ਵੇਲੇ ਗੁੰਮ ਕੀਤਾ ਰਿਕਾਰਡ ਅਜੇ ਤੱਕ ਵੀ ਨਹੀਂ ਦਿੱਤਾ ਗਿਆ| ਉੱਧਰ, ਇਸ ਥਾਂ ’ਤੇ ਚਾਰ ਮਹੀਨੇ ਪਹਿਲਾਂ ਜਨਤਕ ਪਖਾਨਾ ਬਣਾਉਣ ਲਈ ਰੱਖੇ ਨੀਂਹ ਪੱਥਰ ’ਤੇ ਅਜੇ ਤੱਕ ਵੀ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ| ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ ਅੰਦਰ ਲੋਕਾਂ ਦੀ ਸਹੂਲਤ ਲਈ 31 ਸੀਟਾਂ ਵਾਲੇ ਪੰਜ ਜਾਂ ਫਿਰ ਛੇ ਜਨਤਕ ਪਖਾਨਿਆਂ ਦੇ ਬਣਾਏ ਜਾਣ ਦਾ ਕੰਮ ਪਹਿਲਾਂ ਦਾ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਥਾਂ ’ਤੇ ਵੀ ਜਨਤਕ ਪਖਾਨਾ ਬਣਾਏ ਜਾਣ ਦੀ ਯੋਜਨਾ ਸ਼ਾਮਲ ਹੈ| ਇਸ ਥਾਂ ਬਾਰੇ ਕਿਸੇ ਕਿਸਮ ਦੇ ਵਿਵਾਦ ਹੋਣ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਥਾਂ ’ਤੇ ਨਗਰ ਕੌਂਸਲ ਦਾ ਹੀ ਹੱਕ ਹੈ|
ਮਜ਼ਦੂਰਾਂ ਦੀਆਂ ਮੰਗਾਂ ਲਈ ਵਿਧਾਇਕ ਨੂੰ ਮੰਗ ਪੱਤਰ ਦਿੱਤਾ
ਫਿਲੌਰ (ਪੱਤਰ ਪ੍ਰੇਰਕ): ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਡਾ. ਬਲਵਿੰਦਰ ਕੁਮਾਰ, ਬਨਾਰਸੀ ਦਾਸ ਘੁੜਕਾ ਅਤੇ ਅਮ੍ਰਿਤ ਨੰਗਲ ਦੀ ਅਗਵਾਈ ਹੇਠ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਮੰਗ ਪੱਤਰ ਦਿੱਤਾ ਗਿਆ। ਵਿਧਾਇਕ ਨੇ ਮੰਗ ਪੱਤਰ ਲੈਣ ਉਪਰੰਤ ਵਿਧਾਨ ਸਭਾ ਵਿੱਚ ਮਜ਼ਦੂਰਾਂ ਦੇ ਮਸਲੇ ਉਠਾਉਣ ਦਾ ਭਰੋਸਾ ਦਿੱਤਾ।