ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਹੀ ਤੇ ਸਾਵੀ ਧਰਤ ਦਾ ਸ਼ਬਦਕਾਰ

10:54 AM Dec 24, 2023 IST
ਅਜਮੇਰ ਔਲਖ ਅਤੇ ਅਹਿਮਦ ਸਲੀਮ।

ਸੁਖਦੇਵ ਸਿੰਘ ਸਿਰਸਾ*

ਉਹਦੇ ਜਨਮ ਵੇਲੇ ਮਾਂ ਬਿਮਾਰ ਸੀ ਤੇ ਜਾਤਕ ਡਾਢਾ ਲਿੱਸਾ। ਬਚਣ ਦੀ ਉਮੀਦ ਨਹੀਂ ਸੀ। ਸਿਆਣਿਆਂ ਸਲਾਹ ਦਿੱਤੀ ਕਿ ਆਉਣ ਵਾਲੇ ਇਸ ਮਾੜਚੂ ਜਿਹੇ ਜੀਅ ਨੂੰ ਛਾਤੀ ਦੀਆਂ ਧਾਰਾਂ ਖਾਤਰ ਤਕੜੇ ਜੁੱਸੇ ਵਾਲੀ ਕਿਸੇ ਮਾਂ ਦੇ ਹਵਾਲੇ ਕਰ ਦਿੱਤਾ ਜਾਵੇ। ਨੇਕ ਬਖ਼ਤ ਦਾਦੇ ਮੀਆਂ ਫ਼ਜ਼ਲ ਕਰੀਮ ਨੇ ਉਸ ਨੂੰ ਪਰਿਵਾਰਕ ਸਾਂਝ ਵਾਲੀ ਸਿੱਖ ਬੀਬੀ ਦੇ ਹਵਾਲੇ ਕਰ ਦਿੱਤਾ। ਵੱਡਾ ਹੋ ਕੇ ਅਹਿਮਦ ਸਲੀਮ ਨੇ ਚੁੰਘਾਵੀ ਮਾਂ ਦੇ ਦੁੱਧ ਦੀ ਲਾਜ ਰੱਖੀ ਤੇ ਉਹ ਸਾਰੇ ਭਾਈਚਾਰਿਆਂ ਦੀ ਸਾਂਝ ਦਾ ਮੁਦੱਈ ਹੋ ਨਬਿੜਿਆ। ਇਸ ਲੱਜਪਾਲ ਨੇ ਤਾ-ਉਮਰ ਔਰਤ ਦੀ ਅਜ਼ਮਤ ਅਤੇ ਪੰਜਾਬੀਆਂ ਦੀ ਸਾਂਝ ਦੀ ਰੀਤ ਦਾ ਹੋਕਾ ਦਿੱਤਾ। ਮੁਲਕ ਦੀ ਵੰਡ ਨੂੰ ਉਹਨੇ ਕਦੇ ਤਸਲੀਮ ਨਾ ਕੀਤਾ। ਉਹਦੇ ਸੀਨੇ ਤੇ ਸ਼ਾਇਰੀ ’ਚ ਵੰਡ ਦਾ ਜ਼ਖ਼ਮ ਰਿਸਦਾ ਰਿਹਾ। ਕਹਿਣ ਤੂੰ ਤਾਂ ਉਸ ਨੇ ਆਪਣੇ ਆਪ ਨੂੰ ‘ਸ਼ਾਇਰ ਦੇਸ ਪੰਜਾਬ ਦਾ’ ਕਿਹਾ, ਪਰ ਮਨੁੱਖਤਾ ਖਾਤਰ ਉਸ ਦੇ ਫ਼ਿਕਰਾਂ ਦਾ ਘੇਰਾ ਬਹੁਤ ਵਸੀਹ ਸੀ। ਸਮਾਜਿਕ ਨਿਆਂ, ਅਮਨ, ਇਨਸਾਫ਼, ਮੁਹੱਬਤ ਅਤੇ ਮਾਨਵੀ ਹੱਕਾਂ ਲਈ ਉਹ ਉਮਰ-ਭਰ ਹਿੱਕ ਡਾਹ ਕੇ ਲੜਿਆ। ਆਪਣੇ ਮਾਨਵੀ ਹਕੂਕ ਤੇ ਪਛਾਣ ਲਈ ਜੂਝਦੇ ਸਿੰਧੀਆਂ, ਬਲੋਚਾਂ ਤੇ ਬੰਗਲਾਦੇਸ਼ੀਆਂ ਦੇ ਸੰਘਰਸ਼ਾਂ ਦੀ ਉਹ ਜੋਖ਼ਮ ਉਠਾ ਕੇ ਵੀ ਹਮਾਇਤ ਕਰਦਾ ਰਿਹਾ। ਪਾਕਿਸਤਾਨ ਦੇ ਤਾਨਾਸ਼ਾਹਾਂ ਦੇ ਦਾਬੇ ਤੇ ਜ਼ੁਲਮ ਵਿਰੁੱਧ ਲੜਦੇ ਬੰਗਾਲੀਆਂ ਦੇ ਹੱਕ ਵਿੱਚ ਉਸ ਨੇ ‘ਸਦਾ ਜੀਵੇ ਬੰਗਲਾ ਦੇਸ਼’ ਅਤੇ ‘ਸੋਨਾਰ ਬੰਗਲਾ’ ਵਰਗੀਆਂ ਨਜ਼ਮਾਂ ਲਿਖੀਆਂ। ਹਕੂਮਤ ਨੇ ਉਸ ਨੂੰ ਛੇ ਮਹੀਨੇ ਦੀ ਕੈਦ, ਦੋ ਹਜ਼ਾਰ ਰੁਪਏ ਜੁਰਮਾਨਾ ਤੇ ਪੰਜ ਕੋੜਿਆਂ ਦੀ ਸਜ਼ਾ ਸੁਣਾਈ। ਉਸ ਦੀ ਸ਼ਾਇਰੀ ਤਾਨਾਸ਼ਾਹਾਂ ਤੇ ਮੁਲਾਣਿਆਂ ਦੀ ਅੱਖ ਦੀ ਰੜਕ ਬਣੀ; ਹਕੂਮਤੀ ਤਾਨਾਸ਼ਾਹਾਂ ਦੀਆਂ ਘੁਰਕੀਆਂ ਤੇ ਮੁਲਾਣਿਆਂ ਦੇ ਫ਼ਤਵੇ ਉਸ ਦੇ ਈਮਾਨ ਨੂੰ ਨਾ ਡੁਲਾ ਸਕੇ। ਬਕੌਲ ਅਹਿਮਦ ਸਲੀਮ ਉਸ ਨੇ ‘ਆਪਣੀ ਰੂਹ ਨੂੰ ਨਾ ਸਿੱਕਿਆਂ ਦੀ ਜੰਗ (ਜਰ) ਲੱਗਣ ਦਿੱਤੀ, ਨਾ ਤੁਅੱਸਬ ਦੀ ਪਾਣ ਚੜ੍ਹਨ ਦਿੱਤੀ ਅਤੇ ਨਾ ਰਾਠਾਂ-ਰਜਵਾੜਿਆਂ ਦੀ ਧੌਂਸ ਅੱਗੇ ਸਿਰ ਝੁਕਾਇਆ।’ ਆਪਣੇ ਵੇਲੇ ਦੇ ਸੁਖ-ਰਹਿਣੇ ਬੁੱਧੀਜੀਵੀਆਂ ਤੇ ਸ਼ਾਇਰਾਂ ਨਾਲ ਉਹਨੂੰ ਗਿਲਾ ਸੀ - ‘‘ਮੁਆਫ਼ ਕਰੀਂ ਦੋਸਤ/... ਕਿ ਤੇਰਾ ਦਿਲ ਤੇਰੀਆਂ ਅੱਖਾਂ ’ਚੋਂ ਨਹੀਂ ਬੋਲਦਾ।’’ ਉਹ ਪੱਕਾ ਧਿਰ ਪਾਲ ਸੀ, ਸਜਗ ਤੇ ਬੇਬਾਕ। ਇਸੇ ਲਈ ਤਾਂ ਉਸ ਨੇ ਲਿਖਿਆ:
ਅਸੀਂ ਆਪਣੀ ਜ਼ਮੀਨ ਦੇ ਮਤਰੇਏ ਧੀਆਂ ਪੁੱਤਰ...
ਅਸੀਂ ਕਦ ਰਾਠਾਂ, ਕਰਾੜਾਂ, ਸਈਅਦਾਂ, ਬਾਹਮਣਾਂ ਤੇ ਮੁਲਵਾਣਿਆਂ ਦੀਆਂ
ਅੱਖਾਂ ’ਚ ਅੱਖੀਂ ਪਾ ਕੇ ਟੁਰੇ
...ਸੁਣੋ ਉਹ ਖੋਜਿਆਂ ਖੱਤਰੀਆਂ ਦੇ ਘਰ ਜੰਮਣ ਆਲਾ ਸ਼ਾਇਰ ਆਹਮਦ
ਅੱਜ ਆਂਹਦਾ
ਬੌਹਕਰ ਤੇ ਬੰਦੂਕ ਵਿਚਲੀ ਵਿੱਥ ਜਦ ਅਸਾਂ ਪੂਰ ਲਈ
ਵੱਤ ਤੁਸੀਂ ਨਾ ਰਹਿਸੋ।
‘ਸਾਰੇ ਜੱਗ ਦੀ ਖ਼ੈਰ’ ਮੰਗਣ ਵਾਲਾ ਅਹਿਮਦ ਸਲੀਮ ਰਜਵਾੜਾਸ਼ਾਹੀ ਦੀ ਰਹਿੰਦ-ਖੂੰਹਦ, ਨਵਾਬੀ ਧੌਂਸ ਅਤੇ ਨਵ-ਪੂੰਜੀਵਾਦ ਦੀ ਖ਼ਸਲਤ ਨੂੰ ਸਮਝਣ ਵਾਲਾ ਲੇਖਕ, ਚਿੰਤਕ ਅਤੇ ਸਿਆਸੀ ਕਾਰਕੁਨ ਸੀ। ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਮਨੁੱਖੀ ਅਧਿਕਾਰਾਂ ਲਈ ਲੜੇ ਜਾਂਦੇ ਘੋਲਾਂ ਨਾਲ ਉਸ ਦੀ ਜੁੜਤ ਰਹੀ। ਉਹ ਆਪਣੇ ਆਪ ਨੂੰ ਗੁਰੂ ਨਾਨਕ, ਹੋ ਚੀ ਮਿੰਨ, ਬਾਚਾ ਖਾਂ, ਜੂਲੀਅਸ ਫ਼ਿਊਚਿਕ, ਅਮੀਰ ਹੈਦਰ ਖਾਂ, ਹਬੀਬ ਜਾਲਬਿ, ਫਾਤਮਾ ਬਰਨਾਵੀ, ਨਗੋਈਅਨ ਵਾਨ ਤਰਵੇ, ਕਾਰਲ ਮਾਰਕਸ, ਲੈਨਿਨ, ਸਰਾਜ-ਉਲ-ਦੌਲਾ, ਪਾਬਲੋ ਨੇਰੂਦਾ ਅਤੇ ਸ਼ੇਖ ਮੁਜੀਬ-ਉਲ-ਰਹਿਮਾਨ ਦਾ ਸੰਗੀ-ਸਾਥੀ ਸਮਝਦਾ ਸੀ। ਲੋਕ-ਪੱਖੀ ਤੇ ਆਵਾਮੀ ਤਹਿਰੀਕਾਂ ਨਾਲ ਖੜ੍ਹਨ ਦੀ ਪ੍ਰੇਰਣਾ ਉਸ ਨੇ ਫ਼ੈਜ਼ ਅਹਿਮਦ ਫ਼ੈਜ਼, ਇਮਾਮ ਨਾਜ਼ਿਸ ਅਮਰੋਹਵੀ, ਜਾਮ ਸਾਕੀ, ਸ਼ੋਬੇ ਗਿਆਨ ਚੰਦਾਨੀ, ਬਾਚਾ ਖਾਂ (ਖ਼ਾਨ ਅਬਦੁੱਲ ਗ਼ਫ਼ਾਰ ਖਾਂ), ਹਬੀਬ ਜਾਲਬਿ, ਗ਼ਨੀ ਖ਼ਾਨ (ਬਾਚਾ ਖ਼ਾਂ ਦਾ ਪੁੱਤਰ) ਅਤੇ ਅਜਮਲ ਖ਼ਾਨ ਖਟਕ ਆਦਿ ਤੋਂ ਲਈ। ਆਪਣੀ ਨਜ਼ਮ ’ਚ ਉਹ ਬੰਗਲਾਦੇਸ਼ ਦੇ ਮੁਜਾਹਿਦਾਂ ਨੂੰ ਕਹਿੰਦਾ ਏ - ‘ਮੇਰੇ ਨੈਣਾਂ ਵਿੱਚ ਵੀ ਤੁਹਾਡੀ ਅੰਬੜੀ ਦਾ ਦਰਦ ਘੁਲੇ/ ਤੇ ਸਾਡੇ ਦੋਹਾਂ ਦੇ ਹੋਠਾਂ ਉੱਤੇ/ ਇੱਕੋ ਗੀਤ ਦੀ ਪਿਆਸ ਬਲੇ।’’ ‘‘ਜੀਵੇ ਸਿੰਧ ਸਦਾਈਂ ਸ਼ਾਲਾ/ ਨਿੱਤ ਦੇਂਦੇ ਅਸੀਂ ਦੁਆਈਂ’’ ਕਹਿ ਕੇ ਉਹ ਸਿੰਧੀਆਂ ਦੇ ਸੰਘਰਸ਼ ਦੀ ਹਮਾਇਤ ਕਰਦਾ ਏ। ਮਿਰਜ਼ਾ ਗ਼ਾਲਬਿ ਦੇ ਹਵਾਲੇ ਨਾਲ ਉਹ ਦਿੱਲੀ ਦੀ ਖ਼ੈਰ ਮੰਗਦਾ ਏ- ‘‘ਸ਼ਾਲਾ ਮੇਰੇ ਪਿੰਡ ਦੇ ਹੋਠਾਂ ਉੱਤੇ/ ਪਿਆਰਾਂ ਦੇ ਫੁੱਲ ਖਿੜਦੇ ਰਹਿਣ ਹਮੇਸ਼ੀਂ/ ਦਿੱਲੀਏ! ਸ਼ਾਲਾ ਹੁਣ ਤੂੰ ਕਦੇ ਨਾ ਉਜੜੀਂ।’’ ਉਸ ਅੰਦਰਲਾ ਸਜਗ ਤੇ ਅਡੋਲ ਨਾਬਰ ‘‘’ਵਾ ਦਾ ਪਾਗਲ ਬੁੱਲਾ ਸੀ ਜੋ ਥਾਂ ਥਾਂ ਉੱਜੜੀਆਂ ਸਾਂਝਾਂ ਦੀ ਅੱਗ ਬਾਲੀ ਫਿਰਦਾ’’ ਸੀ।
ਅਹਿਮਦ ਸਲੀਮ ਇਹ ਸਮਝਦਾ ਸੀ ਕਿ ਜਦੋਂ ‘ਲਫ਼ਜ਼ਾਂ ਦੇ ਪਿੰਡੇ ਲੂਸੇ ਜਾਣ’ ਫਿਰ ਨਜ਼ਮਾਂ ਨਹੀਂ ਲਿਖੀਆਂ ਜਾਂਦੀਆਂ। ਫਿਰ ਕਵੀ ਦਰਦ ਵਿੱਚੋਂ, ਮੌਤ ਵਿੱਚੋਂ ਜ਼ਿੰਦਗੀ ਲੱਭਦਾ ਤੇ ਪੀੜ ਲਿਖਦਾ ਹੈ। ਉਹਦੇ ਹੋਠਾਂ ਉੱਤੇ ਪਿਆਰ ਦੇ ਤਰਾਨੇ ਨਹੀਂ, ‘ਭੁੱਖ ਨਾਲ ਮੋਏ ਬਾਲ ਦੀ ਅੱਖ ਉੱਗ ਆਉਂਦੀ ਏ।’ ਕਵੀ ਫਿਰ ਮੰਟੋ ਵਾਂਗ ‘ਜਿਸਮਾਂ ਦੀ ਭੁਰਦੀ ਕੰਧ ਵਿੱਚੋਂ ਸਿੰਮਦੇ ਲਹੂ ਦੀ’ ਦਾਸਤਾਨ ਲਿਖਦਾ ਹੈ। ਉਸ ਨੇ ਦੇਸ਼ ਦੀ ਵੰਡ ਸਮੇਂ ਹੋਈ ਅਣਚਾਹੀ ਹਿਜਰਤ, ਵਹਿਸ਼ਤ ਦੇ ਨੰਗੇ ਨਾਚ ਅਤੇ ਔਰਤ ਦੀ ਲੀਰੋ-ਲੀਰ ਹੋਈ ਅਜ਼ਮਤ ਨੂੰ ਆਪਣੀਆਂ ਲਿਖਤਾਂ ਵਿੱਚ ਵਾਰ-ਵਾਰ ਬਿਆਨ ਕੀਤਾ। ਫ਼ੌਜੀ ਤਾਨਾਸ਼ਾਹਾਂ ਦੇ ਜਬਰ ਤੇ ਮੁਲਾਣਿਆਂ ਦੇ ਫ਼ਤਵਿਆਂ ਦੀ ਹਿੰਸਾ ਦੇ ਦੌਰ ਵਿੱਚ ਉਸ ਨੂੰ ਹਬੀਬ ਜਾਲਬਿ ਵਾਂਗ ਚੁੱਪ ਰਹਿਣਾ ਨਾ ਆਇਆ। ਉਸ ਨੂੰ ਤੇ ਉਸ ਦੇ ਹਰਫ਼ਾਂ ਨੂੰ ਕਾਫ਼ਿਰ ਦਾ ਕੁਫ਼ਰ ਗਰਦਾਨਿਆ ਗਿਆ, ਸੰਗਲ, ਸਲਾਖਾਂ ਤੇ ਬੇੜੀਆਂ ਉਸ ਦਾ ਨਸੀਬ ਬਣੇ। ਸਾਮਰਾਜਵਾਦੀਆਂ, ਉਨ੍ਹਾਂ ਦੇ ਸਥਾਨਕ ਹਕੂਮਤੀ ਭਾਈਵਾਲਾਂ ਅਤੇ ਫ਼ਿਰਕੂ ਜ਼ਿਹਨ ਵਾਲੇ ਮੁਲਾਣਿਆਂ ਨੂੰ ਅੱਖ ’ਚ ਅੱਖ ਪਾ ਕੇ ਵੰਗਾਰਨ ਵਾਲੇ ਅਹਿਮਦ ਸਲੀਮ ਦਾ ਜਨਮ ਗੁਜਰਾਤ ਜ਼ਿਲ੍ਹੇ, ਤਹਿਸੀਲ ਫਲੀਆ ਦੇ ਗੁੰਮਨਾਮ ਜਿਹੇ ਪਿੰਡ ਮਿਆਣਾ ਗੋਂਦਲ ਵਿੱਚ ਜਨਵਰੀ 1945 ਨੂੰ ਹੋਇਆ। ਉਸ ਦੇ ਪੁਰਖੇ ਖੋਜੇ ਖੱਤਰੀ ਸਨ ਜਿਨ੍ਹਾਂ ਨੇ ਹਕੂਮਤੀ ਦਾਬੇ ਕਾਰਨ ਇਸਲਾਮ ਕਬੂਲ ਕਰ ਲਿਆ ਸੀ। ਪਿਤਾ ਖ਼ਵਾਜਾ ਮੁਹੰਮਦ ਸ਼ਰੀਫ਼ ਅਰੋੜਾ ਸੀ ਤੇ ਮਾਂ ਜ਼ੁਬੈਦਾ ਬੇਗ਼ਮ ਸਹਿਗਲ ਗੋਤ ਦੀ ਖੱਤਰੀ ਸੀ। ਉਸ ਦੇ ਪਿਤਾ ਬਜਾਜੀ ਦਾ ਕੰਮ ਕਰਦੇ ਸਨ। ਮੁੱਢਲੀ ਸਿੱਖਿਆ ਪਿੰਡ ’ਚੋਂ ਹਾਸਿਲ ਕਰ ਕੇ ਅਹਿਮਦ ਸਲੀਮ ਆਪਣੀ ਭੂਆ ਕੋਲ ਪਿਸ਼ਾਵਰ ਪੜ੍ਹਨ ਚਲਾ ਗਿਆ। ਇੱਥੇ ਉਹਨੇ ਪਸ਼ਤੋ ਸਿੱਖੀ ਤੇ ਉਸ ਦਾ ਮੇਲ ਉਰਦੂ ਤੇ ਪਸ਼ਤੋ ਦੇ ਅਗਾਂਹਵਧੂ ਲੇਖਕਾਂ ਰਜ਼ਾ ਹਮਦਾਨੀ, ਫ਼ਾਰਿਗ ਬੁਖਾਰੀ, ਅਫ਼ਜ਼ਲ ਬੰਗਿਸ ਤੇ ਅਜਮਲ ਖਾਨ ਖਟਕ ਨਾਲ ਹੋਇਆ। ਖ਼ਾਨ ਅਬਦੁਲ ਗ਼ਫ਼ਾਰ ਖਾਂ ਤੇ ਉਸ ਦੇ ਪੁੱਤਰ ਗਨੀ ਖਾਂ ਨੇ ਅਹਿਮਦ ਸਲੀਮ ਨੂੰ ਸਿਆਸੀ ਵਿਚਾਰਾਂ ਦੀ ਜਾਗ ਲਾਈ। ਕਾਲਜ ਦੀ ਪੜ੍ਹਾਈ ਲਈ ਉਹ ਕਰਾਚੀ ਆ ਗਿਆ। ਪਹਿਲਾਂ ਮੌਲਵੀ ਅਬਦੁਲ ਹੱਕ ਤੇ ਪਿੱਛੋਂ ਫ਼ੈਜ਼ ਅਹਿਮਦ ਫ਼ੈਜ਼ ਦੇ ਕਾਲਜ ਵਿੱਚ ਦਾਖ਼ਲਾ ਲਿਆ ਜਿੱਥੇ ਉਹ ਪ੍ਰਿੰਸੀਪਲ ਸਨ। ਉਸ ਸਮੇਂ ਤੱਕ ਅਹਿਮਦ ਸਲੀਮ ਨੇ ਉਰਦੂ ’ਚ ਕਵਿਤਾ ਕਹਿਣੀ ਸ਼ੁਰੂ ਕਰ ਲਈ ਸੀ। ਫ਼ੈਜ਼ ਸਾਹਿਬ ਨੇ ਉਸ ਨੂੰ ਹੀਰ ਵਾਰਸ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ। ਕਰਾਚੀ ਵਿੱਚ ਉਸ ਦਾ ਮੇਲ ਇਮਾਮ ਅਲੀ ਨਾਜ਼ਿਸ ਅਮਰੋਹਵੀ, ਜਮਾਲ ਨਕਵੀ, ਜਾਮ ਸਾਕੀ ਤੇ ਸੋਭੇ ਗਿਆਨਚੰਦਾਨੀ ਵਰਗੇ ਕਮਿਊਨਿਸਟ ਨੇਤਾਵਾਂ ਨਾਲ ਹੋਇਆ ਤੇ ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। ਸ਼ੇਖ ਇਆਜ਼ ਵਰਗੇ ਸਿੰਧੀ ਲੇਖਕਾਂ ਦੇ ਸੰਪਰਕ ਕਰਕੇ ਉਸ ਨੇ ਸਿੰਧੀ ਭਾਸ਼ਾ ਸਿੱਖ ਲਈ। ਪਾਕਿਸਤਾਨ ਦੀਆਂ ਕੌਮੀ ਭਾਸ਼ਾਵਾਂ ਵਿੱਚੋਂ ਉਸ ਦੀ ਚਾਰ - ਉਰਦੂ, ਪੰਜਾਬੀ, ਹਿੰਦੀ ਤੇ ਪਸ਼ਤੋ ਵਿੱਚ ਮੁਹਾਰਤ ਸੀ। ਅਬਦੁੱਲਾ ਜਮਾਲਦੀਨ ਵਰਗੇ ਬਲੋਚੀ ਭਾਸ਼ਾ ਦੇ ਅਗਾਂਹਵਧੂ ਲੇਖਕਾਂ ਨਾਲ ਸੰਪਰਕ ਦੇ ਬਾਵਜੂਦ ਉਹ ਬਲੋਚੀ ਭਾਸ਼ਾ ਨਾ ਸਿੱਖ ਸਕਿਆ। ਅਹਿਮਦ ਸਲੀਮ ਦੇ ਨਾਵਲ ‘ਨਾਲ ਮੇਰੇ ਕੋਈ ਚੱਲੇ’, ਕਹਾਣੀ ‘ਕੱਚੇ ਕੋਠਿਆਂ ਦੀ ਕਹਾਣੀ’, ਡਰਾਮੇ ‘ਕਾਲਾ ਪੁਲ’ ਅਤੇ ਨਜ਼ਮ ‘ਮਿਆਣਾ ਗੋਂਦਲ ਦਾ ਢੋਲਾ’ ਵਿੱਚ ਉਸ ਦੀ ਹਯਾਤੀ ਦੇ ਵੇਰਵੇ ਮਿਲ ਜਾਂਦੇ ਹਨ। ਉਸ ਦੀ ਕਲਾਸਿਕ ਨਜ਼ਮ ‘ਮਿਆਣਾ ਗੋਂਦਲ ਦਾ ਢੋਲਾ’ ਵਿੱਚ ਅਹਿਮਦ ਸਲੀਮ ਦੇ ਪੁਰਖਿਆਂ ਦੇ ਇਤਿਹਾਸ ਅਤੇ ਵੰਡ ਨਾਲ ਵਲੂੰਧਰੇ ਦਿਲਾਂ ਦਾ ਬਿਆਨੀਆ ਦੇਖਿਆ ਜਾ ਸਕਦਾ ਏ।
ਮਾਸੀ ਜੰਨਤੇ ਕੋਈ ਹੋਰ ਨਹੀਂ, ਬਾਲਕੇ ਅਹਿਮਦ ਸਲੀਮ ਨੂੰ ਛਾਤੀ ਦੀਆਂ ਧਾਰਾਂ ਬਖਸ਼ਣ ਵਾਲੀ ਸਿੱਖ ਬੀਬੀ ਸੀ ਜਿਸ ਦੇ ਪਰਿਵਾਰ ਨੂੰ ਹੱਲਿਆਂ ਵੇਲੇ ਬਲਵੱਈਆਂ ਨੇ ਪਿੰਡ ਦੇ ਖੇਤਾਂ ’ਚ ਕਤਲ ਕਰ ਦਿੱਤਾ ਸੀ। ਦੇਸ਼ ਦੀ ਵੰਡ ਤੇ ਹੱਲਿਆਂ ਦਾ ਦਰਦ ਅਹਿਮਦ ਸਲੀਮ ਦੀ ਕਵਿਤਾ ਦਾ ਕੇਂਦਰੀ ਮੌਜੂਹ ਹੈ। ਲੀਰੋ-ਲੀਰ ਪਾਟੀ ਚੁੰਨੀ ਤੇ ਕੰਧ ਦੇ ਮੈਟਾਫ਼ਰ ਰਾਹੀਂ ਅਹਿਮਦ ਸਲੀਮ ਨੇ ਵੰਡ ਵੇਲੇ ਦੀ ਵਹਿਸ਼ਤ ਦੇ ਰਿਸਦੇ ਫੋੜੇ ਨੂੰ ਮਰ੍ਹਮ ਲਾਉਣ ਦੀ ਕੋਸ਼ਿਸ਼ ਕੀਤੀ:
* ਮੂੰਹ ਮੋੜ ਖੜਾ ਮਹੀਂਵਾਲ ਵੇ/ ਲਈ ਮਿਰਜੇ ਖਿੱਚ ਕਮਾਨ/ ਇਕ ਪਾਸੇ ਵਰਕ ਗਰੰਥ ਦੇ/ ਇਕ ਪਾਸੇ ਪਾਕ ਕੁਰਾਨ
* ਕਦੋਂ ਵਿੱਥਾਂ ਨੂੰ ਇਸ਼ਕ ਦੀ ਸਾਰ ਹੁੰਦੀ/ ਕਿਸੇ ਕੰਧ ਨੂੰ ਹੁਸਨ ਦੀ ਪੀੜ ਕਿੱਥੇ
ਪਾਟੀ ਚੁੰਨੀ ਦੇ ਵਾਂਗ ਇਹ ਦੁੱਖ ਸਾਡਾ/ ਇੱਕ ਲੀਰ ਕਿੱਥੇ ਦੂਜੀ ਲੀਰ ਕਿੱਥੇ।
* ਸਾਡੇ ਵਿਚਕਾਰ ਫੁੱਲ ਨੇ/ ਤੇ ਕੰਧ ਫੇਰ ਕੰਧ ਏ ਭਾਵੇਂ ਫੁੱਲਾਂ ਦੀ ਹੋਵੇ
ਸਾਡੇ ਵਿਚਕਾਰ ਖ਼ਤ ਨੇ/ ਤੇ ਉਹ ਸਾਡੇ ਵਿਛੋੜੇ ਦੀ ਪੀੜ ਜਗਾ ਦਿੰਦੇ
ਤੇ ਦਰਦ ਏ/ ਸਾਡੇ ਵਿਚਕਾਰ ਥਲਾਂ ਵਾਂਙਰ ਖਿੰਡਿਆ ਹੋਇਆ।
ਹੱਲਿਆਂ ਦੀ ਵਹਿਸ਼ਤ ਸਮੇਂ ਔਰਤਾਂ ਉੱਪਰ ਹੋਏ ਜ਼ੁਲਮਾਂ ਨੇ ਅਹਿਮਦ ਸਲੀਮ ਦੇ ਅਵਚੇਤਨ ਉੱਪਰ ਗਹਿਰਾ ਅਸਰ ਪਾਇਆ। ਅੱਜ ਵੀ ਦੁਨੀਆਂ ਦੇ ਵੱਡੇ ਹਿੱਸੇ ਵਿੱਚ ਔਰਤ ਆਪਣੀ ਪਛਾਣ ਤੇ ਅਧਿਕਾਰਾਂ ਲਈ ਲੜ ਰਹੀ ਏ। ਮੱਧ ਏਸ਼ੀਆ ਤੇ ਪਾਕਿਸਤਾਨ ਵਰਗੇ ਪਿੱਤਰੀ ਸੱਤਾ ਪ੍ਰਬੰਧਾਂ ਵਾਲੇ ਮੁਲਕਾਂ ਵਿੱਚ ਔਰਤ ਅੱਜ ਵੀ ਜੂਏ ਦੀ ਨਰਦ ਵਰਗੀ ਹੈ। ਔਰਤ ਦੀ ਪੀੜ ਬਾਰੇ ਅਹਿਮਦ ਸਲੀਮ ਏਨਾ ਸੰਵੇਦਨਸ਼ੀਲ ਕਿਉਂ ਹੈ? ਹੱਲਿਆਂ ਵੇਲੇ ਦੁੱਧ ਚੁੰਘਾਉਣ ਵਾਲੀ ਸਿੱਖ ਬੀਬੀ ਦੇ ਪਰਿਵਾਰ ਦਾ ਕਤਲ, ਮਕਬੂਲ ਸ਼ਾਇਰਾ ਸਾਰਾ ਸ਼ਗੁਫ਼ਤਾ ਅਤੇ ਗੌਹਰ ਸੁਲਤਾਨਾ ਉਜ਼ਮਾਂ ਵਰਗੀਆਂ ਦੋਸਤ ਅਦੀਬਾਂ ਦੀਆਂ ਆਤਮ-ਹੱਤਿਆਵਾਂ ਨੇ ਅਹਿਮਦ ਸਲੀਮ ਨੂੰ ਜੋ ਦਰਦ ਤੇ ਸਦਮਾ ਦਿੱਤਾ, ਉਸ ਦਾ ਹੌਲਨਾਕ ਵੇਰਵਾ ਇਨ੍ਹਾਂ ਸਤਰਾਂ ’ਚੋਂ ਦੇਖਿਆ ਜਾ ਸਕਦਾ ਹੈ:
* ਸੀਤੇ ਜਾਂਦੇ ਨੇ ਇੱਥੇ ਵੀ ਬੁੱਲ੍ਹ ਕਿੰਨੇ/ ਕਿੰਨੇ ਸੂਲੀ ਨੂੰ ਉਥੇ ਵੀ ਚੁੰਮ ਲੈਂਦੇ/
ਮੇਰੇ ਮਨ ਦੀ ਸੱਸੀ ਵੀ ਰੋਜ਼ ਮਰਦੀ/ ਤੇਰੇ ਪੁੰਨਣ ਨੂੰ ਵੀ ਨਿੱਤ ਕਫ਼ਨ ਪੈਂਦੇ।
* ਕੁੜੀਆਂ ਸੋਹਣੀਆਂ ਹੁੰਦੀਆਂ ਨੇ
ਕੁੜੀਆਂ ਬਹਾਦਰ ਹੁੰਦੀਆਂ ਨੇ...
ਪਰ ਕਦੇ ਕਦੇ ਬਹਾਦਰੀ ਨੂੰ ਨੀਂਦਰ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ
ਕੁੜੀਆਂ ਦੇ ਦਿਲ ਵੱਡੇ ਹੁੰਦੇ ਨੇ
ਉਨ੍ਹਾਂ ਵਿੱਚ ਉਹ ਕਿੰਨਾ ਕੁਝ ਸਾਂਭ ਕੇ ਰਖਦੀਆਂ ਹਨ...
ਉਹ ਮਜਬੂਰ ਹੋ ਜਾਣ
ਤਾਂ ਜ਼ਹਿਰ ਖਾ ਲੈਂਦੀਆਂ ਨੇ
ਹੋਰ ਮਜਬੂਰ ਹੋ ਜਾਣ
ਤੇ ਨਜ਼ਮਾਂ ਲਿਖਦੀਆਂ ਨੇ ਮਰਨ ਜੋਗੀਆਂ, ਬਹਾਦਰੀ ਨਾਲ...
ਅਹਿਮਦ ਸਲੀਮ ਨੇ ਹਕੂਮਤੀ ਜਬਰ ਬਾਰੇ ਲਿਖਿਆ ਹੀ ਨਹੀਂ, ਉਸ ਨੂੰ ਜੀਅ-ਜਾਨ ’ਤੇ ਹੰਢਾਇਆ ਵੀ ਹੈ। ਉਸ ਦੀਆਂ ਲਿਖਤਾਂ ਆਲਮੀ ਪੱਧਰ ਉੱਤੇ ਮਾਨਵੀ ਅਧਿਕਾਰਾਂ ਤੇ ਸਮਾਜਿਕ ਨਿਆਂ ਲਈ ਹੋ ਰਹੇ ਸੰਘਰਸ਼ਾਂ ਦੀਆਂ ਜ਼ਾਮਨ ਬਣੀਆਂ ਹਨ। ਸਰਕਾਰੀ ਦਮਨ ਉਸ ਦੇ ਹੌਸਲੇ ਨੂੰ ਪਸਤ ਨਹੀਂ ਕਰ ਸਕਿਆ। ਅਵਾਮੀ ਸੰਘਰਸ਼ਾਂ ਨਾਲ ਉਸ ਦੀ ਕਵਿਤਾ ਤੇ ਸਾਹਿਤਕ ਲਿਖਤਾਂ ਹਮ-ਪੱਲਾ ਰਹੀਆਂ ਹਨ। ਉਸ ਨੇ ਆਪਣੇ ਅਮਲਾਂ ਤੇ ਬੋਲਾਂ ਰਾਹੀਂ ਪੰਜਾਬ ਦੀ ਭਾਈਚਾਰਕ ਸਾਂਝ, ਮੁਹੱਬਤ ਅਤੇ ਨਾਬਰੀ ਦੀ ਰੀਤ ਨੂੰ ਹੋਰ ਪੱਕਿਆਂ ਕੀਤਾ ਹੈ। ਅੱਜ ਜਦੋਂ ਉਦਾਰਵਾਦੀ ਮੁਖੌਟੇ ਵਾਲਾ ਛਲੀਆ ਬਾਜ਼ਾਰ ਪਛੜੇ ਮੁਲਕਾਂ ਦੇ ਸਭ ਕੁਦਰਤੀ ਸਰੋਤਾਂ ਤੇ ਮਨੁੱਖੀ ਕਿਰਤ ਨੂੰ ਹੜੱਪ ਜਾਣਾ ਚਾਹੁੰਦਾ ਹੈ, ਉਦੋਂ ਅਹਿਮਦ ਸਲੀਮ ਦੇ ਇਹ ਬੋਲ ਹੋਰ ਵੀ ਪ੍ਰਸੰਗਿਕ ਲਗਦੇ ਹਨ:
ਸੂਹੀ ਤੇ ਸਾਵੀ ਚੰਨਾ ਧਰਤ ਵੇ ਮੇਰੀ/ ਉੱਤੋਂ ਚੋਰਾਂ ਦੇ ਸੌ ਸੌ ਦਾਹਵੇ/ ਚੋਰਾਂ ਤੇ ਵੰਡ ਲਈ ਧਰਤ ਵੇ ਸਾਰੀ/ ਕੌਣ ਅੱਖਰਾਂ ਨੂੰ ਕਲੇਜੜੇ ਲਾਵੇ।
ਅਹਿਮਦ ਸਲੀਮ ਦੋਵੇਂ ਪੰਜਾਬਾਂ ਤੇ ਭਾਰਤ-ਪਾਕ ਖ਼ਿੱਤੇ ਦੇ ਲਿਖਾਰੀਆਂ ਤੇ ਆਵਾਮ ਵਿਚਕਾਰ ਮਜ਼ਬੂਤ ਬੁਨਿਆਦ ਵਾਲਾ ਪੁਲ ਸੀ। ਉਹ ਪੰਜਾਬ ਦਾ ਜੀਆਲਾ/ਜੀਅਦਾਰ ਕਲਮਕਾਰ ਸੀ ਜਿਸ ਨੇ ਔਖੇ ਵੇਲਿਆਂ ਵਿੱਚ ਪੰਜਾਬੀਆਂ ਦੀ ਮੁਹੱਬਤ ਤੇ ਬਾਗ਼ੀਆਨਾ ਰਵਾਇਤ ਦੀ ਬਾਤ ਪਾਈ। ਲੰਘੇ ਸੋਮਵਾਰ ਉਹ ਲੰਮੇ ਰਾਹੀਂ ਤੁਰ ਗਿਆ, ਪਰ ਉਹਦੇ ਇਹ ਕੌਲ ਸਾਡੇ ਚੇਤਿਆਂ ’ਚ ਸੁਲਗ਼ਦੇ ਰਹਿਣਗੇ:
ਸ਼ਾਇਰ ਦੇਸ ਪੰਜਾਬ ਦਾ ਅਹਿਮਦ ਉਹਦਾ ਨਾਂ
ਹੰਝੂ ਭਰ ਕੇ ਆਖਦਾ ਹੋਸੀ ਕਦੋਂ ਨਿਆਂ
ਗਲ ਬਸੰਤੀ ਚੋਲੜਾ ਸੰਗਲ ਬੱਧੇ ਪੈਰ
ਝੋਲੀ ਅੱਡ ਕੇ ਮੰਗ ਰਿਹਾ, ਸਾਰੇ ਜੱਗ ਦੀ ਖੈਰ...
ਸ਼ਾਇਰ ਦੇਸ ਪੰਜਾਬ ਦਾ ਅਹਿਮਦ ਉਹਦਾ ਨਾਂ
ਹੱਸ ਹੱਸ ਕੇ ਵੱਤ ਆਖਦਾ ਹੋਸੀ ਅੱਜ ਨਿਆਂ।
ਸੰਪਰਕ: 98156-36565

Advertisement

ਅਹਿਮਦ ਸਲੀਮ ਦੀਆਂ ਦੋ ਕਵਿਤਾਵਾਂ

ਅਸਾਂ ਹਸ਼ਰ ਦਿਹਾੜਾ ਮਾਣੀਏ

ਅਸਾਂ ਹਸ਼ਰ ਦਿਹਾੜਾ ਮਾਣੀਏ
ਮੁੜ ਸੀਸ ਕਟਾ ਕੇ
ਕਾਈ ਰੰਗ ਮਚਾ ਕੇ

ਅਸੀਂ ਤਨ ਤੇ ਤੰਬੂ ਤਾਣੀਏ
ਮੁੜ ਕਬਰਾਂ ਢਾਹ ਕੇ
ਮੁੜ ਬੂਹੇ ਬੂਹੇ ਨੱਚੀਏ
ਅਸੀਂ ਘੁੰਗਰੂ ਪਾ ਕੇ
ਸੰਗਲ ਛਣਕਾ ਕੇ

Advertisement

ਅਸੀਂ ਨਿੱਤ ਚਿਣਗ ਬਣ ਮੱਚੀਏ
ਹੋਠਾਂ ਤੇ ਆ ਕੇ,
ਤੇਰੇ ਰਾਹੋਂ ਕਰੀਏ ਪਿਆਰਿਆ।
ਅਸੀਂ ਨੈਣ ਸਦਕੜੇ
ਸਾਡਾ ਤਨ ਮਨ ਵਾਰੀ ਸਾਹਿਬਾ
ਸੁੱਖ ਚੈਨ ਸਦਕੜੇ

ਕੰਧੜੀ ਤੇ ਕਾਂ ਜੋ ਬੋਲਦਾ
ਉਹਨੂੰ ਕੋਲ ਬੁਲਾ ਕੇ
ਅਸੀਂ ਕਰੀਏ ਜਿੰਦ ਹਵਾਲੜੇ
ਤੇਰੇ ਨਾਵੇਂ ਲਾ ਕੇ
ਸੰਗਲ ਛਣਕਾ ਕੇ

ਵਰ ਢੂੰਡੀਏ ਮਾਏ ਭੋਲੀਏ
ਨਾ ਮਿਰਜ਼ੇ ਭੱਟੀ
ਅੱਜ ਥੀਵਣ ਸੌਦੇ ਸਿਰਾਂ ਦੇ
ਹਰ ਪ੍ਰੇਮ ਦੀ ਹੱਟੀ

ਅੱਜ ਜੰਡੋ ਤੀਰ ਲਹੇਸੀ
ਆਪੇ ਸਾਹਿਬਾਂ ਜੱਟੀ
ਅੱਜ ਅੰਤ ਦਿਹਾੜਾ ਆ ਗਿਆ
ਇਹ ਇਸ਼ਕ ਦੀ ਖੱਟੀ

ਹੁਣ ਟੁਰਨਾ ਰਾਹੀਂ ਬਲਦੀਆਂ
ਅੱਗ ਸਿਰ ’ਤੇ ਚਾ ਕੇ
ਅੱਗ ਪੈਰੀਂ ਪਾ ਕੇ

ਅਸਾਂ ਹਸ਼ਰ ਦਿਹਾੜਾ ਮਾਣੀਏ
ਮੁੜ ਸੀਸ ਕਟਾ ਕੇ
ਕਾਈ ਰੰਗ ਮਚਾ ਕੇ
ਸੰਗਲ ਛਣਕਾ ਕੇ
ਸੰਗਲ ਛਣਕਾ ਕੇ
* * *

ਦੇਸ ਪੰਜਾਬ

ਧਰਤੀ ਦੇਸ਼ ਪੰਜਾਬ ਦੀ ਉਹ ਦੁੱਲੇ ਦੀ ਬਾਰ
ਜੰਮਿਆ ਮਿਰਜ਼ਾ ਸੂਰਮਾ ਕਰਦਾ ਕੌਲ ਕਰਾਰ

ਭਗਤ ਸਿੰਘ ਦਾ ਦੇਸ਼ ਤੇ ਮੁਲਖ ਇਹ ਖਰਲਾਂ ਦਾ
ਲਹੂ ਬਾਲ ਕੇ ਲੱਭਦੀ ਖ਼ਲਕਤ ਇੱਕੇ ਰਾਹ

ਧਰਤੀ ਦੇਸ਼ ਪੰਜਾਬ ਦੀ ਭਾਵੇਂ ਬੜੀ ਅਮੀਰ
ਜੀਉਂਦਿਆਂ ਜੀਅ ਪਰ ਫਿਰੇ ਪਈ ਗਲ ਵਿੱਚ ਪਾ ਕਫ਼ਨੀਰ

ਖੂਹ ਗਿੜਦੇ ਵਿੱਚ ਬਸਤੀਆਂ, ਹੋਠੀਂ ਨੱਚੇ ਤਰੇਹ
ਸਿੱਟਿਆਂ ਉੱਤੇ ਜੋਬਨਾਂ ਭੁੱਖਾ ਲੋਕ ਮਰੇ

ਦੇਸ਼ ਪੰਜਾਬੋਂ ਉੱਠਿਆ, ਵੱਤ ਨਫ਼ਰਤ ਦਾ ਸ਼ੋਰ
ਵਰਕਾ ਪਿਛਾਂਹ ਨੂੰ ਪਰਤਿਆ, ਤਵਾਰੀਖ਼ ਨੇ ਹੋਰ

ਜਿਉਂ ਤੂੰਬਾ ਉਡਦਾ ਰੂੰ ਦਾ, ਉੱਡੇ ਇੰਜ ਸਰੀਰ
ਤੇਰੇ ਹੱਥੋਂ ਅਮਨ ਦੀ ਚੁੰਨੀ ਲੀਰ ਕਤੀਰ

ਜਿੰਦੜੀ ਦੇ ਮੂੰਹ ਪਈ ਨੀ, ਬੂਹੇ ਬੂਹੇ ਧੂੜ
ਮਾਏ ਲੁਕਾਵਾਂ ਕਿੰਜ ਮੈਂ ਤੇਰਾ ਨਿੱਤ ਦਾ ਕੂੜ

ਪੁੱਤਰ ਤੇਰੇ ਛੇੜਦੇ ਦੂਰ ਪਾਰ ਨਿੱਤ ਲਾਮ
ਪੀਣ ਬਿਗਾਨੇ ਸਿਰਾਂ ਦੇ ਭਰ ਭਰ ਸੂਹੇ ਜਾਮ।

ਤੇਰੀ ਮਿੱਟੀਓਂ ਉਠਦੇ ਨਿੱਤ ਦਿਹਾੜੀ ਠੱਗ
ਦੂਜਿਆਂ ਦੇ ਘਰ ਫੂਕ ਕੇ ਸੇਕਣ ਬਹਿੰਦੇ ਅੱਗ

ਤੇਰੀ ਚੁੰਨੀ ਸਾੜਦੇ ਵੱਤ ਵੈਂਦੇ ਨਦੀਆਂ ਚੀਰ
ਮਿਰਜ਼ੇ ਨੂੰ ਵੰਝ ਘੇਰਦੇ ਜ਼ਾਲਮ ਮੀਰ ਸ਼ਮੀਰ

ਸਾਹਿਬਾਂ ਬੰਗਲਾ ਦੇਸ਼ ਦੀ, ਮਿਰਜ਼ੇ ਦੀ ਜਿੰਦ ਜਾਨ

ਵੰਝ ਕੇ ਜੋਬਨ ਲੁੱਟਦੇ, ਲੁੱਟ ਖੜਦੇ ਮੁਸਕਾਨ

ਕੈਦ ਕੀਤੋ ਨੇ ਸੂਰਮਾ ਰਾਂਝਣ ਯਾਰ ਤਬੀਬ
ਬੱਧੇ ਉਹਦੇ ਹੱਥ ਤੇ ਟੁੱਕੀ ਉਹਦੀ ਜੀਭ

ਸੰਗਲ ਸੰਗਲ ਬੋਲਦਾ ਹਿੱਕੋ ਹੱਕ ਦਾ ਬੋਲ
ਓੜਕ ਲੋਕਾਂ ਜਿੱਤਣਾ, ਲੋਕ ਰਾਜ ਦਾ ਘੋਲ

ਤੇਰੀ ਅਣਖ ਦਾ ਲਹੂ ਵੱਤ, ਡੁੱਲ੍ਹਿਆ ਰਾਹਵਾਂ ’ਤੇ
ਤੇਰੇ ਨਾਂ ਦੀ ਮਾਏਂ ਨੀ ਬੋਲੀ ਨਿੱਤ ਪਵੇ

ਤੇਰੀ ਗੋਦ ਦੀ ਅੰਬੜੀਏ, ਮਾਲਾ ਜਪਦੇ ਜੋ
ਰੋ ਰੋ ਤੈਥੋਂ ਪੁੱਛਦੇ, ਨੀ ਤੇਰੇ ਪੁੱਤਰ ਉਹ

ਮਾਏ ਨੀ ਲੋਰੀ ਗਾਉਂਦੀਏ, ਕਿਉਂ ਤੇਰੀ ਝੋਲੀ ਮੌਤ
ਤੇਰੀਆਂ ਅੱਖੀਆਂ ’ਚ ਪਿਆਰ ਦੀ ਹੁਣ ਕਦ ਜਗਸੀ ਜੋਤ

ਮਹਿਕਣ ਦੋਵੇਂ ਧਰਤੀਆਂ, ਵਿਛੜੇ ਸੱਜਣਾਂ ਹਾਰ
ਟੁੱਟੀ ਹੋਈ ਤੰਦ ਜੋੜ ਦੇ, ਨੀਲੀ ਦੇ ਅਸਵਾਰ

ਵਿਛੜੇ ਮੇਲ ਵਿਖਾਈਏ, ਅੱਜ ਨਦੀਆਂ ਨੂੰ ਚੀਰ
‘ਅਹਿਮਦ’ ਬਾਝ ਰੰਝੇਟੜੇ ਹੀਰ ਤੱਤੀ ਦਿਲਗੀਰ।

Advertisement
Advertisement