For the best experience, open
https://m.punjabitribuneonline.com
on your mobile browser.
Advertisement

ਬੋਲ ਸੁਲੱਖਣੇ

06:14 AM Apr 02, 2024 IST
ਬੋਲ ਸੁਲੱਖਣੇ
Advertisement

ਸੁਖਜੀਤ ਸਿੰਘ ਵਿਰਕ

Advertisement

“ਤੁਹਾਡੇ ਬੋਲ ਸੁਲੱਖਣੇ ਹੋ ਗਏ... ਸਭ ਤੋਂ ਪਹਿਲਾਂ ਤੁਹਾਡਾ ਮੂੰਹ ਮਿੱਠਾ ਕਰਵਾਉਣ ਆਇਆਂ।” ਇਹ ਕੰਬਦੇ ਬੁੱਲ੍ਹਾਂ ਨਾਲ ਕਹਿੰਦਿਆਂ ਉਹਨੇ ਬਰਫੀ ਦਾ ਡੱਬਾ ਮੇਰੇ ਅੱਗੇ ਕੀਤਾ ਤਾਂ ਅੱਖਾਂ ਵਿੱਚੋਂ ਵਹਿੰਦੇ ਖੁਸ਼ੀ ਵਾਲੇ ਹੰਝੂਆਂ ਨੇ ਉਹਦੀ ਸੋਹਣੀ ਦਾੜ੍ਹੀ ਭਿਉਂ ਦਿੱਤੀ ਸੀ। ਮੈਂ ਜੱਫੀ ਪਾ ਕੇ ਉਸ ਨੂੰ ਆਦਰ ਸਹਿਤ ਵਧਾਈ ਦਿੱਤੀ। ਉਸ ਦੀ ਨਿਮਰਤਾ, ਨਿਰਛਲ ਸੁਭਾਅ ਅਤੇ ਆਤਮ-ਵਿਸ਼ਵਾਸ ਦਾ ਸਤਿਕਾਰ ਕਰਦੇ ਹੋਏ ਮੈਂ ਬੱਚੀ ਦੀ ਸਿਹਤਯਾਬੀ ਲਈ ਸ਼ੁਭ ਕਾਮਨਾਵਾਂ ਅਤੇ ਸ਼ਗਨ ਦੇ ਕੇ ਵਿਦਾ ਕੀਤਾ।
ਮੇਰੀ ਤਾਇਨਾਤੀ ਕਿਤੇ ਵੀ ਹੁੰਦੀ, ਉਹ ਉੱਥੇ ਪਹੁੰਚ ਜਾਂਦਾ ਜਾਂ ਫੋਨ ਕਰਦਾ, “ਧੀ ਵੱਡੀ ਹੋ ਗਈ ਏ... ਸਕੂਲ ਪੜ੍ਹਨ ਜਾਂਦੀ ਏ... ਹੁਣ ਕਾਲਜ ਜਾਣ ਲੱਗ ਪਈ ਏ... ਹੁਣ ਆਈਸਰ ਮੁਹਾਲੀ ਵਿੱਚ ਡਿਗਰੀ ਕਰ ਰਹੀ ਏ... ਬਹੁਤ ਹੁਸ਼ਿਆਰ ਏ... ਬੱਸ ਤੁਸੀਂ ਮਿਹਰ ਭਰਿਆ ਹੱਥ ਪਹਿਲਾਂ ਵਾਂਗ ਹੀ ਰੱਖਣਾ।” ਉਹਦੇ ਅਜਿਹੇ ਨਿਰਮਾਣਤਾ ਭਰੇ ਸ਼ਬਦ ਸੁਣ ਕੇ ਮੈਂ ਉਹ ਵਕਤ ਯਾਦ ਕਰਦਾ ਹਾਂ... ਸਾਲ 1998 ਵਿੱਚ ਮੁੱਖ ਅਫਸਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਜੋਂ ਤਾਇਨਾਤੀ ਹੋਈ। 300 ਸਾਲਾ ਖਾਲਸਾ ਸਾਜਨਾ ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਚੱਲ ਰਹੀਆਂ ਸਨ। ਉਦੋਂ ਫੋਨ ਸਹੂਲਤ ਅੱਜ ਵਾਂਗ ਨਹੀਂ ਸੀ। ਹਰ ਕੰਮ ਲਈ ਵਾਰ-ਵਾਰ ਪੀਸੀਓ ਤੋਂ ਫੋਨ ਦੀ ਵਰਤੋਂ ਕਰਨੀ ਪੈਂਦੀ। ਇੱਕ ਪੀਸੀਓ ਮਾਲਕ ਦਾ ਨਿਮਰ ਸੁਭਾਅ ਦੇਖ ਕੇ ਮੈਂ ਪੱਕਾ ਉਥੇ ਜਾਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਗੱਲਬਾਤ ਕਰਦਿਆਂ ਸੁਭਾਵਿਕ ਹੀ ਪੁੱਛ ਬੈਠਾ, “ਮਹਿੰਦਰ ਸਿੰਘ ਜੀ, ਕਿੰਨੇ ਬੱਚੇ ਨੇ ਤੁਹਾਡੇ?” ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਘਰਾਲਾਂ ਵਹਿ ਤੁਰੀਆਂ, “ਪੰਦਰਾਂ ਸਾਲ ਹੋ ਗਏ ਨੇ ਜੀ ਉਡੀਕਦਿਆਂ... ਝੋਲੀ ਖਾਲੀ ਐ।” ਹੌਕੇ ਲੈਂਦਿਆਂ ਉਹ ਸੰਭਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹੰਝੂ ਰੁਕ ਨਹੀਂ ਸਨ ਰਹੇ। ਮੈਂ ਪ੍ਰੇਸ਼ਾਨ ਹੋ ਕੇ ਝੂਰ ਰਿਹਾ ਸਾਂ ਕਿ ਕਿਉਂ ਅਣਜਾਣੇ ਵਿੱਚ ਕੋਮਲ ਸੁਭਾਅ ਇਨਸਾਨ ਦੀ ਦੁਖਦੀ ਰਗ ’ਤੇ ਹੱਥ ਰੱਖ ਬੈਠਾ ਸਾਂ! ਸਮਝ ਨਹੀਂ ਆ ਰਹੀ ਸੀ ਕਿ ਆਪਣੀ ਇਸ ਅਚੇਤ ਹੋਈ ਗ਼ਲਤੀ ਤੋਂ ਬਣੀ ਇਸ ਸਥਿਤੀ ਨੂੰ ਕਿਵੇਂ ਸੰਭਾਲਾਂ। ਫਿਰ ਹੌਸਲਾ ਕਰ ਕੇ ਮੈਂ ਸੁਭਾਵਿਕ ਹੀ ਬੋਲ ਪਿਆ, “ਭਾਈ ਸਾਹਿਬ, ਨਿਰਾਸ਼ ਕਿਉਂ ਹੁੰਦੇ ਹੋ। ਤੁਹਾਡਾ ਮੋਹ ਭਰਿਆ ਸੁਭਾਅ ਦੇਖ ਕੇ ਇੰਝ ਲੱਗਦੈ ਕੁਦਰਤ ਨੇ ਮਿਹਰ ਕਰ ਦੇਣੀ।” ਮੇਰੇ ਇਹ ਸ਼ਬਦ ਸੁਣਦਿਆਂ ਸਾਰ ਪਤਾ ਨਹੀਂ ਉਹ ਕਿਹੜੇ ਅਦੁੱਤੀ ਵਿਸ਼ਵਾਸ ਨਾਲ ਮੇਰੇ ਵੱਲ ਤੱਕਦਾ ਹੋਇਆ ਸਹਿਜ ਸੁਭਾਅ ਬੋਲਣ ਲੱਗ ਪਿਆ, “ਤੁਹਾਡੇ ਬੋਲ ਸੁਲੱਖਣੇ ਹੋ ਜਾਣ।” ਉਹ ਇਹ ਸ਼ਬਦ ਲਗਾਤਾਰ ਦੁਹਰਾਈ ਗਿਆ। ਮੈਂ ਕੁਝ ਰਾਹਤ ਮਹਿਸੂਸ ਕੀਤੀ ਅਤੇ ਚਲਾ ਗਿਆ। ਇਸ ਤੋਂ ਬਾਅਦ ਜਦੋਂ ਵੀ ਸਾਡਾ ਮੇਲ ਹੁੰਦਾ, ਉਹ ਉਹੀ ਸ਼ਬਦ ਦੁਹਰਾਉਂਦਾ ਤਾਂ ਮਨ ਨੂੰ ਵੀ ਸਕੂਨ ਮਿਲਦਾ, ਇਹ ਕੁਦਰਤ ਦਾ ਕੋਈ ਕ੍ਰਿਸ਼ਮਾ ਸੀ ਜਾਂ ਕੋਈ ਮੌਕਾ ਮੇਲ ਕਿ ਉਸ ਦੇ ਘਰ ਪਿਆਰੀ ਬੱਚੀ ਨੇ ਜਨਮ ਲਿਆ ਜੋ ਹੁਣ 25 ਸਾਲ ਦੀ ਹੋ ਚੁੱਕੀ ਹੈ। ਕਾਦਰ ਦੀ ਕੁਦਰਤ ਅੱਗੇ ਸਿਰ ਝੁਕ ਜਾਂਦਾ ਹੈ ਜਦੋਂ ਉਹ ਅੱਜ ਵੀ ਕੁਦਰਤ ਦੀ ਇਸ ਰਹਿਮਤ ਨੂੰ ਮੇਰੇ ਬੋਲਾਂ ਦੀ ਦਾਤ ਮੰਨਦਾ ਹੋਇਆ ਕਹਿੰਦਾ ਹੈ- “ਤੁਹਾਡੇ ਬੋਲ ਸੁਲੱਖਣੇ...।”
ਸੰਪਰਕ: 98158-97878

Advertisement
Author Image

joginder kumar

View all posts

Advertisement
Advertisement
×