For the best experience, open
https://m.punjabitribuneonline.com
on your mobile browser.
Advertisement

ਮੇਰੀ ਨਜ਼ਰ ਦਾ ਵਾਹ-ਵਾਸਤਾ

08:35 AM Feb 02, 2025 IST
ਮੇਰੀ ਨਜ਼ਰ ਦਾ ਵਾਹ ਵਾਸਤਾ
Advertisement

ਜਸਬੀਰ ਭੁੱਲਰ

ਲੇਖਕ ਰਾਮ ਸਰੂਪ ਅਣਖੀ ਇੱਕ ਵੱਡੀ ਕਿਤਾਬ ਹੈ। ਉਹ ਕਿਤਾਬ ਮੇਰੇ ਕੋਲ ਸਾਰੀ ਨਹੀਂ। ਸਾਰਾ ਮਹਿਜ਼ ਸ਼ਬਦ ਹੈ। ਮੇਰੇ ਕੋਲ ਤਾਂ ਉਸ ਕਿਤਾਬ ਦੇ ਬੱਸ ਦੋ-ਚਾਰ ਅੱਧੇ-ਅਧੂਰੇ ਜਿਹੇ ਵਰਕੇ ਨੇ।
ਮੈਂ ਉਨ੍ਹਾਂ ਵਰਕਿਆਂ ਦਾ ਕੋਲਾਜ ਬਣਾਉਣ ਵੱਲ ਅਹੁਲ ਰਿਹਾ ਹਾਂ। ਕੋਲਾਜ ਹਮੇਸ਼ਾ ਤੋਂ ਅਧੂਰਾ ਚਿੱਤਰ ਹੈ।
ਮੇਰੇ ਬਣਾਏ ਕੋਲਾਜ ਵਿੱਚ ਬਹੁਤ ਸਾਰਾ ਮੁਹੱਬਤ ਦਾ ਰੰਗ ਵੀ ਹੈ। ਉਹ ਰੰਗ ਸ਼ਾਇਦ ਰਾਮ ਸਰੂਪ ਅਣਖੀ ਦੇ ਨੈਣ ਨਕਸ਼ ਉਘਾੜ ਦੇਵੇ। ਨਿਰਸੰਦੇਹ ਇਹ ਕੋਲਾਜ ਮੁਸੱਵਰ ਦੀ ਤਵੱਕੋ ਵਰਗਾ ਚਿੱਤਰ ਨਹੀਂ।
ਮੇਰੇ ਹਿੱਸੇ ਦਾ ਜਿੰਨਾ ਕੁ ਵੀ ਰਾਮ ਸਰੂਪ ਅਣਖੀ ਸੀ, ਹੁਣ ਤਾਂ ਓਨਾ ਵੀ ਮੇਰੇ ਕੋਲ ਨਹੀਂ। ਬਹੁਤ ਪਾਣੀ ਪੁਲਾਂ ਹੇਠੋਂ ਲੰਘ ਗਿਆ ਹੈ। ਵਕਤ ਦੀ ਵਗਦੀ ਹਵਾ ਨੇ ਕਿੰਨੀਆਂ ਤਰੇੜਾਂ ਚੇਤੇ ਉੱਤੇ ਵੀ ਪਾ ਦਿੱਤੀਆਂ ਨੇ, ਪਰ ਹੱਠ ਕਰ ਕੇ ਮੈਂ ਅਣਖੀ ਨੂੰ ਲੱਭਣ ਤੁਰ ਪਿਆ ਹਾਂ।
ਮੈਂ ਵਕਤ ਨੂੰ ਆਖਿਆ ਵੀ ਸੀ ਕਿ ਪਿਛਾਂਹ ਪਰਤ ਜਾਵੇ, ਜਿੱਥੇ ਕੁ ਰਾਮ ਸਰੂਪ ਅਣਖੀ ਹੈ। ਮੈਂ ਚਾਹੁੰਦਾ ਸਾਂ, ਉਸ ਵੇਲੇ ਨੂੰ ਇੱਕ ਵਾਰ ਮੁੜ ਨਜ਼ਰ ਭਰ ਕੇ ਵੇਖ ਲਵਾਂ, ਪਰ ਵਕਤ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ ਸੀ।
ਮੈਂ ਢੈਲਾ ਨਹੀਂ ਸਾਂ ਪਿਆ।
ਮੈਂ ਪੈੱਨ ਪੋਟਿਆਂ ਵਿੱਚ ਫੜ ਲਿਆ ਤੇ ਮਜ਼ਮੂਨ ਲਿਖਣ ਲਈ ਕਾਗਜ਼ ਅੱਗੇ ਧਰ ਲਏ। ਮੈਂ ਆਪਣੇ ਅੰਦਰ ਵੱਲ ਝਾਤੀ ਮਾਰੀ। ਰਾਮ ਸਰੂਪ ਅਣਖੀ ਉੱਥੇ ਹੀ ਸੀ। ਉਹ ਕਿਧਰੇ ਵੀ ਨਹੀਂ ਸੀ ਗਿਆ। ਉਹ ਮੇਰੇ ਅੰਦਰ ਕਿੰਨੀ ਸਾਰੀ ਥਾਂ ਮੱਲ ਕੇ ਬੈਠਾ ਹੋਇਆ ਸੀ।
ਪੈੱਨ ਨੇ ਮੇਰੇ ਚੇਤੇ ਦੀ ਪੈੜ ਨੱਪ ਲਈ।
* * *
ਰਾਮ ਸਰੂਪ ਅਣਖੀ ਮਸ਼ਹੂਰ ਲੇਖਕ ਸੀ। ਮੈਂ ਉਸ ਨੂੰ ਪੜ੍ਹਦਾ ਸਾਂ, ਪਰ ਆਪਸ ਵਿੱਚ ਕਦੀ ਮਿਲੇ ਨਹੀਂ ਸਾਂ।
ਫ਼ੌਜ ਦੀ ਆਪਣੀ ਛੁੱਟੀ ਦੇ ਦੌਰਾਨ ਮੈਂ ਮਨ ਵਰਗੇ ਬੇਲੀਆਂ ਨੂੰ ਮਿਲਣ ਲਈ ਅਕਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲਿਆ ਜਾਂਦਾ ਸਾਂ। ਸ਼ਹਰਯਾਰ, ਹਰਚੰਦ ਬੇਦੀ ਅਤੇ ਹਰਜੀਤ ਵਰਗੇ ਯਾਰ ਉਦੋਂ ਉੱਥੇ ਹੀ ਸਨ। ਉੱਥੇ ਮੇਰਾ ਇੱਕ ਕਰੀਬੀ ਰਿਸ਼ਤੇਦਾਰ ਡਾਕਟਰ ਭਰਪੂਰ ਸਿੰਘ ਬਰਾੜ ਵੀ ਸੀ। ਉਹ ਐਂਥਰੋਪੌਲੋਜੀ ਦਾ ਪ੍ਰੋਫੈਸਰ ਸੀ। ਮੈਨੂੰ ਖ਼ਿਆਲ ਤੱਕ ਵੀ ਨਹੀਂ ਸੀ ਕਿ ‘ਸਾਇੰਸ ਆਫ ਮੈਨ’ ਵਿਸ਼ੇ ਦਾ ਡਾਕਟਰ ਅਣਖੀ ਦਾ ਜਮਾਤੀ ਅਤੇ ਗੂੜ੍ਹਾ ਯਾਰ ਹੋ ਸਕਦਾ ਸੀ।
ਇੱਕ ਫੇਰੀ ਵੇਲੇ ਮੈਂ ਡਾਕਟਰ ਬਰਾੜ ਦੇ ਘਰ ਗਿਆ ਤਾਂ ਉਹ ਪੁਰਾਣੀਆਂ ਚਿੱਠੀਆਂ ਖਿਲਾਰ ਕੇ ਬੈਠਾ ਹੋਇਆ ਸੀ। ਉਨ੍ਹਾਂ ਚਿੱਠੀਆਂ ਵਿੱਚ ਇੱਕ ਚਿੱਠੀ ਰਾਮ ਸਰੂਪ ਅਣਖੀ ਦੀ ਵੀ ਸੀ।
‘‘ਤੁਸੀਂ ਕਿਵੇਂ ਜਾਣਨੇਂ ਓਂ ਅਣਖੀ ਨੂੰ?’’ ਮੈਂ ਪੁੱਛਿਆ ਸੀ। ‘‘ਉਹ ਯਾਰ ਐ ਮੇਰਾ ਜਸਬੀਰ।’’ ਡਾਕਟਰ ਬਰਾੜ ਹੱਸਿਆ ਸੀ ਤੇ ਫਿਰ ਅਣਖੀ ਦੀ ਉਹ ਚਿੱਠੀ ਮੇਰੇ ਵੱਲ ਕਰ ਦਿੱਤੀ ਸੀ, ‘‘ਲੈ, ਉਹਦੀ ਚਿੱਠੀ ਤੂੰ ਵੀ ਪੜ੍ਹ ਤੇ ਫਿਰ ਨਿੱਠ ਕੇ ਉਹਦੀਆਂ ਗੱਲਾਂ ਕਰਾਂਗੇ।’’
ਅਣਖੀ ਅਤੇ ਭਰਪੂਰ ਬਰਾੜ ਦੇ ਮਹਿੰਦਰਾ ਕਾਲਜ ਪਟਿਆਲਾ ਦੇ ਉਹ ਪੁਰਾਣੇ ਦਿਨ ਪਿੱਛੇ ਰਹਿ ਗਏ ਸਨ, ਪਰ ਅਣਖੀ ਨੇ ਉਨ੍ਹਾਂ ਦਿਨਾਂ ਨੂੰ ਚਿੱਠੀ ਵਿੱਚ ਜਿਊਂਦਿਆਂ ਕੀਤਾ ਹੋਇਆ ਸੀ। ਉਸ ਚਿੱਠੀ ਵਿੱਚ ਅਣਖੀ ਦੀ ਆਉਣ ਵਾਲੀ ਉਮਰ ਦਾ ਸੁਪਨਾ ਉਲੀਕਿਆ ਹੋਇਆ ਸੀ। ਉਸ ਲਿਖਿਆ ਸੀ ਕਿ ਉਹ ਮਸ਼ਹੂਰ ਲੇਖਕ ਬਣਨਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਲੇਖਕ ਵਜੋਂ ਉਹਨੂੰ ਆਮ ਲੋਕੀਂ ਵੀ ਜਾਣਨ। ਉਹਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਜ਼ਰੂਰ ਮਿਲੇ। ਉਹਦੀਆਂ ਕਿਤਾਬਾਂ ਦੀ ਗਿਣਤੀ ਵੀ ਘੱਟੋ-ਘੱਟ ਚਾਲੀ-ਪੰਜਾਹ ਤਾਂ ਹੋਵੇ ਹੀ।
ਹੁਣ, ਕਈ ਵਰ੍ਹਿਆਂ ਪਿੱਛੋਂ ਮੈਂ ਅਣਖੀ ਦੇ ਹਾਸਲਾਂ ਦੇ ਵਰਕੇ ਫਰੋਲਦਾ ਹਾਂ ਤਾਂ ਹੈਰਾਨ ਹੁੰਦਾ ਹਾਂ, ਤੌਬਾ! ਏਨੇ ਵੱਡੇ ਹਾਸਲ! ਚਿੱਠੀ ਵਿੱਚ ਤਾਂ ਆਪਣੀ ਸਮਰੱਥਾ ਨੂੰ ਉਹਨੇ ਨਿਰਮਾਣ ਹੋ ਕੇ ਆਂਕਿਆ ਸੀ।
* * *
ਜਦੋਂ ਰਾਮ ਸਰੂਪ ਅਣਖੀ ਕਾਲਜ ਵਿੱਚ ਪੜ੍ਹਦਾ ਸੀ, ਸਿਰਜਣਾ ਦੀਆਂ ਕਰੂੰਬਲਾਂ ਉਦੋਂ ਵੀ ਮੌਲ ਰਹੀਆਂ ਸਨ। ਉਹ ਸਿਰਜਣਾ ਦੇ ਮੀਂਹ ਵਿੱਚ ਭਿੱਜ ਕੇ ਹਰਿਆ ਹੋ ਗਿਆ ਸੀ। ਭਰਪੂਰ ਬਰਾੜ ਨੇ ਦੱਸਿਆ ਸੀ, ਮਹਿੰਦਰਾ ਕਾਲਜ ਦੀ ਇੱਕੋ ਜਮਾਤ ਵਿੱਚ ਉਹ ਤਿੰਨ ਜਣੇ ਗੂੜ੍ਹੇ ਯਾਰ ਸਨ। ਉਨ੍ਹਾਂ ਵਿੱਚੋਂ ਜੋ ਪੋਰੀ ਪੋਰੀ ਸ਼ਾਇਰ ਸੀ, ਉਹ ਅਣਖੀ ਹੀ ਸੀ। ਅਣਖੀ ਦੀ ਵੇਖਾ-ਵੇਖੀ ਭਰਪੂਰ ਬਰਾੜ ਅਤੇ ਉਹ ਤੀਸਰਾ ਐੱਸ.ਐੱਸ. ਭੱਠਲ ਵੀ ਕਵੀ ਹੋ ਗਏ ਸਨ। ਉਨ੍ਹਾਂ ਦੋਹਾਂ ਵੀ ਯਤਨ ਕਰਕੇ ਅਣਖੀ ਵਾਂਗੂੰ ਹੀ ਕਵਿਤਾਵਾਂ ਜੋੜ ਲਈਆਂ ਸਨ।
ਫਿਰ ਉਹ ਤਿੰਨੋਂ ਖ਼ੁਦ ਨੂੰ ਛਾਪੇ ਦੇ ਅੱਖਰਾਂ ਵਿੱਚ ਵੇਖਣ ਲਈ ਬੇਚੈਨ ਹੋ ਗਏ ਸਨ। ਕੋਈ ਕਿਤਾਬ ਕਿਸ ਤਰ੍ਹਾਂ ਛਪਦੀ ਸੀ, ਉਹ ਨਹੀਂ ਸਨ ਜਾਣਦੇ। ਅਣਖੀ ਨੇ ਇੱਕ ਪ੍ਰਿੰਟਿੰਗ ਪ੍ਰੈੱਸ ਵੇਖੀ ਹੋਈ ਸੀ। ਉੱਥੇ ਉਹਨੇ ਕਿਸੇ ਨੂੰ ਸਿੱਕੇ ਦੇ ਅੱਖਰ ਚਿਣਦਿਆਂ ਵੇਖਿਆਂ ਹੋਇਆ ਸੀ। ਉਹ ਤਿੰਨੋਂ ਉਸ ਪ੍ਰਿਟਿੰਗ ਪ੍ਰੈੱਸ ਵਾਲੇ ਕੋਲ ਪਹੁੰਚ ਗਏ। ਕਿਤਾਬ ਛਾਪਣ ਦਾ ਸੌਦਾ ਤੈਅ ਹੋਇਆ। ਉਨ੍ਹਾਂ ਰਲ ਕੇ ਪੈਸੇ ਇਕੱਠੇ ਕੀਤੇ ਤੇ ਕਿਤਾਬ ਛਪਾ ਲਈ।
ਡਾਕਟਰ ਭਰਪੂਰ ਬਰਾੜ ਨੇ ਉਹ ਕਿਤਾਬ ਅਲਮਾਰੀ ਵਿੱਚ ਸਾਂਭ ਕੇ ਰੱਖੀ ਹੋਈ ਸੀ। ਉਹਨੇ ਅਲਮਾਰੀ ਵਿੱਚੋਂ ਕੱਢ ਕੇ ਉਹ ਕਿਤਾਬ ਮੈਨੂੰ ਵਿਖਾਈ ਸੀ।
ਉਹ ਕਿਤਾਬ ਦਰਅਸਲ ਕਿਤਾਬ ਨਹੀਂ ਸੀ। ਪ੍ਰਿਟਿੰਗ ਪ੍ਰੈੱਸ ਵਾਲੇ ਨੇ ਇੱਕ ਫ਼ਰਮਾ ਛਾਪ ਕੇ ਉਸ ਦੀ ਤਹਿ ਮਾਰੀ ਹੋਈ ਸੀ। ਸੋਲਾਂ ਕੁ ਸਫ਼ਿਆਂ ਦਾ ਉਹ ਪੈਂਫਲਿਟ ਅਖ਼ਬਾਰੀ ਕਾਗਜ਼ ਉੱਤੇ ਛਪਿਆ ਹੋਇਆ ਸੀ। ਸ਼ਾਇਦ ਉਹ ਸਫ਼ੇ ਸੀਤੇ ਹੋਏ ਵੀ ਨਹੀਂ ਸਨ। ਪਹਿਲੇ ਸਫ਼ੇ ਉੱਤੇ ਕਿਤਾਬ ਦਾ ਨਾਂ ਛਪਿਆ ਹੋਇਆ ਸੀ। ਦੂਸਰੇ ਸਫ਼ੇ ਉੱਤੇ ਕਾਨੂੰਨੀ ਵੇਰਵੇ ਇਸ ਪ੍ਰਕਾਰ ਸਨ:
ਪਹਿਲਾ ਟੁੱਲ !
ਤਿੰਨ ਸੌ ਕੁੱਲ !
ਆਨਾ ਮੁੱਲ !
ਕਵਿਤਾ ਵਰਗੇ ਤੁਕਾਂਤ ਦੀ ਇੱਕ-ਅੱਧ ਸਤਰ ਸ਼ਾਇਦ ਹੋਰ ਵੀ ਹੋਵੇ, ਪਰ ਹੁਣ ਯਾਦ ਨਹੀਂ। ਐਡੀਸ਼ਨ ਸ਼ਬਦ ਦਾ ‘ਟੁੱਲ’ ਅਨੁਵਾਦ ਮੈਨੂੰ ਕਮਾਲ ਲੱਗਾ ਸੀ।
ਤਿੰਨਾਂ ਸ਼ਾਇਰਾਂ ਦੀ ਉਸ ਕਿਤਾਬ ਦੀ ਬੇਸ਼ੱਕ ਕੋਈ ਜ਼ਿਲਦਬੰਦੀ ਨਹੀਂ ਸੀ ਹੋਈ। ਉਸ ਕਿਤਾਬ ਦੇ ਸਫ਼ੇ ਵੀ ਉਂਗਲਾਂ ਉੱਤੇ ਹੀ ਗਿਣੇ ਜਾਣ ਜੋਗੇ ਸਨ। ਮੈਂ ਫੇਰ ਵੀ ਉਨ੍ਹਾਂ ਵਰਕਿਆਂ ਨੂੰ ਕਿਤਾਬ ਕਹਿ ਰਿਹਾ ਹਾਂ।
ਦਰਅਸਲ, ਉਹ ਕਿਤਾਬ ਪ੍ਰੇਰਣਾ ਦਾ ਦਸਤਾਵੇਜ਼ ਸੀ। ਉਸ ਇੱਕ ਕਿਤਾਬ ਦੇ ਜਿਊਂਦੇ ਹੋ ਜਾਣ ਨਾਲ ਰਾਮ ਸਰੂਪ ਅਣਖੀ ਦੀਆਂ ਅਨੇਕ ਕਿਤਾਬਾਂ ਦਾ ਭਵਿੱਖ ਵਿੱਚ ਨਮੂਦਾਰ ਹੋਣਾ ਉਲੀਕਿਆ ਗਿਆ ਸੀ, ਲਿਖਣਾ ਅਣਖੀ ਦਾ ਇਮਾਨ ਅਤੇ ਇਬਾਦਤ ਬਣਿਆ ਸੀ।
ਉਸ ਕਿਤਾਬ ਤੋਂ ਪਿੱਛੋਂ ਹੀ ਅਣਖੀ ਨੇ ਸਾਹਿਤ ਦਾ ਘਣਛਾਵਾਂ ਰੁੱਖ ਹੋਣ ਵੱਲ ਪੈਰ ਪੁੱਟ ਲਏ ਸਨ।
* * *
ਮੇਰੇ ਸ਼ਹਿਰ ਤਰਨ ਤਾਰਨ ਤੋਂ ਬਰਨਾਲੇ ਤੱਕ ਕੋਈ ਇਹੋ ਜਿਹਾ ਪੁਲ ਨਹੀਂ ਸੀ ਜਿਸ ਉੱਤੋਂ ਦੀ ਲੰਘ ਕੇ ਮੈਂ ਅਣਖੀ ਨੂੰ ਮਿਲਣ ਪਹੁੰਚ ਜਾਂਦਾ। ਅਣਖੀ ਨੂੰ ਮੈਂ ਜਿੰਨਾ ਕੁ ਵੀ ਮਿਲਿਆ ਸਾਂ, ‘ਨਾਗਮਣੀ’ ਰਸਾਲੇ ਦੇ ਪੰਨਿਆਂ ਉੱਤੇ ਛਪੀ ਉਹਦੀ ਸਵੈ-ਜੀਵਨੀ ‘ਮਲ੍ਹੇ-ਝਾੜੀਆਂ’ ਰਾਹੀਂ ਹੀ ਮਿਲਿਆ ਸਾਂ।
... ਤੇ ਫਿਰ ਅਚਨਚੇਤੀ ਉਹ ਪੁਲ ਵੀ ਉੱਸਰ ਗਿਆ ਜੀਹਦੇ ਲਈ ਮੈਂ ਤਾਂਘ ਰਿਹਾ ਸਾਂ। ਬਰਨਾਲਾ ਮੇਰਾ ਸਹੁਰਾ-ਸ਼ਹਿਰ ਹੋ ਗਿਆ। ਵਿਆਹ ਦੇ ਸ਼ੁਰੂ ਵਾਲੇ ਦਿਨੀਂ ਹੀ ਮੈਂ ਸਹੁਰਾ-ਘਰ ਕਿਸੇ ਜੀਅ ਨੂੰ ਪੁੱਛਿਆ ਸੀ, ‘‘ਇੱਥੇ ਕੱਚਾ ਕਾਲਜ ਰੋਡ ਕਿੱਥੇ ਕੁ ਹੈ?’’
ਉਹ ਹੱਸ ਪਿਆ ਸੀ, ‘‘ਅਸੀਂ ਕੱਚਾ ਕਾਲਜ ਰੋਡ ਉੱਤੇ ਹੀ ਬੈਠੇ ਹੋਏ ਹਾਂ।’’
ਅਣਖੀ ਦਾ ਘਰ ਤਾਂ ਉੱਥੋਂ ਅਸਲੋਂ ਹੀ ਨੇੜੇ ਸੀ। ਮੈਂ ਪੈਦਲ ਤੁਰ ਪਿਆ ਸਾਂ। ਉਸ ਸੜਕ ਦੀ ਗਿਆਰਾਂ ਨੰਬਰ ਗਲੀ ਮੈਂ ਆਪੇ ਹੀ ਲੱਭ ਲਈ ਸੀ।
ਸਾਡੀ ਉਹ ਪਹਿਲੀ ਮਿਲਣੀ ਸੀ, ਪਰ ਨਾ ਉਹ ਓਪਰਾ ਸੀ ਤੇ ਨਾ ਮੈਂ। ਦੋਸਤੀ ਦੀਆਂ ਤੰਦਾਂ ਕਿਹੜੇ ਵੇਲੇ ਸਾਡੇ ਦੋਹਾਂ ਦੁਆਲੇ ਵਲੀਆਂ ਗਈਆਂ ਸਨ, ਪਤਾ ਹੀ ਨਹੀਂ ਸੀ ਲੱਗਾ। ਉਸ ਮੁਲਾਕਾਤ ਦੀ ਇੱਕ ਖ਼ਬਰ ਇਹ ਵੀ ਸੀ ਕਿ ਮੇਰੇ ਸਹੁਰਾ ਸਾਹਿਬ ਤੇ ਅਣਖੀ ਇਕੱਠੇ ਪੜ੍ਹਦੇ ਰਹੇ ਸਨ। ਉਹ ਇੱਕ-ਦੂਜੇ ਨੂੰ ਨਾਂ ਲੈ ਕੇ ਬੁਲਾਉਂਦੇ ਸਨ। ਜਦੋਂ ਵੀ ਮੈਂ ਬਰਨਾਲੇ ਜਾਂਦਾ ਸਾਂ ਤਾਂ ਸਹੁਰੇ-ਘਰ ਗੁਲਾਬਾਂ ਵਰਗੇ ਲੇਖਕਾਂ ਦੀ ਮਹਿਫ਼ਿਲ ਜੁੜ ਜਾਂਦੀ ਸੀ। ਉਦੋਂ ਅਣਖੀ ਰਾਹੀਂ ਹੀ ਮੈਂ ਰਵਿੰਦਰ ਭੱਠਲ, ਅਮਰ ਕੋਮਲ, ਗੁਰਮੇਲ ਮਡਾਹੜ, ਪ੍ਰੀਤਮ ਸਿੰਘ ਰਾਹੀ, ਜੋਗਾ ਸਿੰਘ ਤੇ ਹੋਰ ਕਈ ਲੇਖਕਾਂ ਨੂੰ ਮਿਲਿਆ ਸਾਂ।
ਅਣਖੀ ਦਾ ਹਰ ਸਾਹ ਸਾਹਿਤ ਲਈ ਸੀ। ਉਹ ਕਿੱਧਰੇ ਐਵੇਂ ਹੀ ਨਹੀਂ ਸੀ ਬੈਠ ਜਾਂਦਾ ਕਿ ਵਕਤ ਨੂੰ ਧੱਕਾ ਦੇ ਲਵਾਂ। ਉਹਦੇ ਕਾਰਨ ਅਸੀਂ ਕੁਝ ਲੇਖਕ ਮਸੂਰੀ ਗਏ ਸਾਂ, ਉੱਤਰਾਖੰਡ ਦੇ ਉਸ ਵੇਲੇ ਦੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਦੀ ਪ੍ਰਾਹੁਣਚਾਰੀ ਮਾਣੀ ਸੀ। ਡਲਹੌਜ਼ੀ ਦੀਆਂ ਕਹਾਣੀ ਗੋਸ਼ਟੀਆਂ ਵਿੱਚ ਕਹਾਣੀ ਵਿਧਾ ਦੇ ਮਸਲੇ ਹੰਘਾਲੇ ਸਨ। ਜੇ ਖਜਿਆਰ ਦੀ ਸੈਰ ਕੀਤੀ ਤਾਂ ਉਹ ਵੀ ਸਾਹਿਤ ਦੇ ਨੌਂਗੇ ਦੀ ਸੀ।
ਪੁਣੇ ਤੋਂ ਮੇਰੀ ਪੋਸਟਿੰਗ ਚੰਡੀਮੰਦਰ ਛਾਉਣੀ ਦੀ ਹੋ ਗਈ। ਸਰਕਾਰੀ ਕੁਆਰਟਰ ਮਿਲਿਆ ਤਾਂ ਪਰਿਵਾਰ ਵੀ ਮੇਰੇ ਨਾਲ ਰਹਿਣ ਆ ਗਿਆ। ਦੋਸਤਾਂ ਕੋਲ ਵੀ ਮੇਰੇ ਉੱਥੇ ਹੋਣ ਦੀ ਖ਼ਬਰ ਪਹੁੰਚ ਗਈ।
ਕਾਲੇ ਦੌਰ ਦੇ ਪਰਛਾਵਿਆਂ ਕਾਰਨ ਪਹੁਫੁਟਾਲੇ ਦਾ ਰੰਗ ਉਦੋਂ ਤੱਕ ਕਿਰਮਚੀ ਨਹੀਂ ਸੀ ਹੋਇਆ। ਛਾਉਣੀ ਦੀ ਸਕਿਉਰਿਟੀ ਸਖ਼ਤ ਸੀ, ਪਰ ਛਾਉਣੀ ਦੇ ਪਹਿਰੇ ਰਾਮ ਸਰੂਪ ਅਣਖੀ ਲਈ ਅੜਿੱਕਾ ਨਹੀਂ ਸਨ। ਇੱਕ ਦਿਨ ਉਹ ਮੇਰੇ ਕੋਲ ਪਹੁੰਚ ਗਿਆ। ਉਹ ਮੇਰੇ ਲਈ ਖ਼ੁਸ਼ੀ ਲੈ ਕੇ ਆਇਆ ਸੀ। ਅਸੀਂ ਚਿਰ ਬਾਅਦ ਮਿਲੇ ਸਾਂ। ਉਹ ਬੇਸ਼ੱਕ ਤਫ਼ਰੀਹ ਦੇ ਰੌਂਅ ਵੀ ਸੀ, ਪਰ ਸਾਹਿਤ ਸਿਰਜਣਾ ਦੇ ਰੌਂਅ ਨੇ ਉਸ ਵੇਲੇ ਵੀ ਉਹਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ।
ਉਨ੍ਹੀਂ ਦਿਨੀਂ ਅਣਖੀ ਇੱਕ ਅਖ਼ਬਾਰ ਲਈ ‘ਮੈਂ ਤਾਂ ਬੋਲਾਂਗੀ’ ਨਾਂ ਦਾ ਕਾਲਮ ਲਿਖ ਰਿਹਾ ਸੀ। ਉਸ ਕਾਲਮ ਤਹਿਤ ਉਹਦੀਆਂ ਲੇਖਕਾਂ ਦੀਆਂ ਬੀਵੀਆਂ ਨਾਲ ਕੀਤੀਆਂ ਹੋਈਆਂ ਮੁਲਾਕਾਤਾਂ ਛਪਦੀਆਂ ਸਨ। ਉਹ ਮੁਲਾਕਾਤਾਂ ਲੇਖਕ ਪਤੀ ਦੇ ਕਿਰਦਾਰ ਤੱਕ ਸੀਮਤ ਸਨ। ਉਨ੍ਹਾਂ ਮੁਲਾਕਾਤਾਂ ਵਿੱਚ ਲੇਖਕ ਪਤੀ ਹੱਥੋਂ ਪ੍ਰੇਸ਼ਾਨ ਬੀਵੀਆਂ ਪਤੀ ਵਿਰੁੱਧ ਜ਼ੁਬਾਨ ਨਹੀਂ ਸਨ ਖੋਲ੍ਹਦੀਆਂ।
ਅਣਖੀ ਨੇ ਮੇਰੀ ਬੀਵੀ ਅਮਰਇੰਦਰ ਨਾਲ ਵੀ ਅਖ਼ਬਾਰ ਦੇ ਉਸ ਕਾਲਮ ਲਈ ਮੁਲਾਕਾਤ ਕਰਨੀ ਸੀ। ਮੇਰੀ ਬੀਵੀ ਨੇ ਵੀ ਮੇਰੇ ਬਾਰੇ ਚੰਗਾ ਚੰਗਾ ਹੀ ਕਹਿਣਾ ਸੀ। ਮੈਂ ਅਣਖੀ ਨੂੰ ਕਿਹਾ, ‘‘ਇੰਟਰਵਿਊ ਕਰਨ ਵੇਲੇ ਮੈਂ ਕੁਝ ਪਰ੍ਹਾਂ ਹੋ ਕੇ ਬੈਠ ਜਾਵਾਂਗਾ ਤਾਂ ਕਿ ਅਮਰਇੰਦਰ ਨੂੰ ਮੇਰੇ ਬਾਰੇ ਕੁਝ ਕਹਿਣ ਵੇਲੇ ਝਿਜਕ ਨਾ ਹੋਵੇ!’’
ਅਣਖੀ ਨੇ ਹੁੰਗਾਰਾ ਭਰਿਆ, ਪਰ ਏਨੀ ਇਹਤਿਆਤ ਵਰਤਣ ਦੀ ਨੌਬਤ ਹੀ ਨਾ ਆਈ। ਅਸੀਂ ਚਿਰ ਬਾਅਦ ਮਿਲਣ ਦੀ ਖ਼ੁਸ਼ੀ ਵਿੱਚ ਖੀਵੇ ਹੋਏ ਪਏ ਸਾਂ। ਜਸ਼ਨ ਲਈ ਇਸ ਤੋਂ ਚੰਗਾ ਅਵਸਰ ਹੋਰ ਕੀ ਹੋ ਸਕਦਾ ਸੀ ਭਲਾ!
ਛਿੱਟ ਛਿੱਟ ਦੇ ਤਿਰਹਾਇਆਂ ਦੀ ਤੇਹ ਮੁੱਕੀ ਤਾਂ ਰਾਮ ਸਰੂਪ ਅਣਖੀ ਜਾਣ ਲਈ ਤਿਆਰ ਹੋ ਗਿਆ। ਉਹਨੇ ਵੇਲੇ ਨਾਲ ਕਿਧਰੇ ਹੋਰ ਪਹੁੰਚਣਾ ਸੀ, ਸ਼ਾਇਦ ਕਿਸੇ ਹੋਰ ਲੇਖਕ ਦੀ ਪਤਨੀ ਦੀ ਲੇਖਕ ਬਾਰੇ ਮੁਲਾਕਾਤ ਰਿਕਾਰਡ ਕਰਨ ਲਈ।
ਮੇਰੀ ਪਤਨੀ ਨਾਲ ਇੰਟਰਵਿਊ ਅਜੇ ਸ਼ੁਰੂ ਵੀ ਨਹੀਂ ਸੀ ਹੋਈ ਕਿ ਮੁੱਕ ਗਈ।
ਅਣਖੀ ਨੂੰ ਤੋਰਨ ਵੇਲੇ ਮੈਂ ਕਿਹਾ, ‘‘ਇੰਟਰਵਿਊ ਤਾਂ ਫਿਰ ਰਹਿ ਹੀ ਗਈ। ਖ਼ੈਰ, ਫੇਰ ਸਹੀ ਕਦੀ।’’
‘‘ਨਹੀਂ, ਇਸਦੀ ਲੋੜ ਨਹੀਂ ਪੈਣੀ। ਜੋ ਮੈਂ ਜਾਣਨਾ ਸੀ, ਉਹ ਜਾਣ ਲਿਆ ਹੈ।’’ ਉਹ ਮੁਸਕਰਾਇਆ ਸੀ।
ਅਗਲੇ ਤੋਂ ਅਗਲੇਰੇ ਐਤਵਾਰ ਦੀ ਅਖ਼ਬਾਰ ਦਾ ਮੈਂ ਮੈਗਜ਼ੀਨ ਸੈਕਸ਼ਨ ਫਰੋਲਿਆ ਤਾਂ ਉਸ ਵਿੱਚ ‘ਮੈਂ ਤਾਂ ਬੋਲਾਂਗੀ’ ਕਾਲਮ ਤਹਿਤ ਅਮਰਇੰਦਰ ਦੀ ਮੁਲਾਕਾਤ ਛਪੀ ਹੋਈ ਸੀ। ਅਸੀਂ, ਦੋਹਾਂ ਜੀਆਂ ਨੇ ਉਹ ਮੁਲਾਕਾਤ ਅੱਖਰ ਅੱਖਰ ਪੜ੍ਹੀ ਤੇ ਬਹੁਤ ਦੇਰ ਤੱਕ ਹੱਸਦੇ ਰਹੇ।
ਮੇਰੀ ਬੀਵੀ ਦੀ ਉਹ ਮੁਲਾਕਾਤ (ਜੋ ਹੋਈ ਹੀ ਨਹੀਂ ਸੀ) ਬਾਅਦ ਵਿੱਚ ‘ਮੈਂ ਤਾਂ ਬੋਲਾਂਗੀ’ ਕਿਤਾਬ ਵਿੱਚ ਵੀ ਛਪੀ ਸੀ। ਉਹ ਕਿਤਾਬ ਮੈਂ ਹੁਣ ਤੱਕ ਵੀ ਸਾਂਭ ਕੇ ਰੱਖੀ ਹੋਈ ਹੈ।
* * *
ਮੈਂ ਫ਼ੌਜ ਤੋਂ ਸੇਵਾਮੁਕਤ ਹੋਇਆ ਤਾਂ ਪੱਕੇ ਤੌਰ ’ਤੇ ਮੁਹਾਲੀ ਆ ਕੇ ਵੱਸ ਗਿਆ। ਮੈਂ ਉਦੋਂ ਹੀ ਜਾਣਿਆ ਸੀ ਕਿ ਪਹਿਲੇ ਟੁੱਲ ਵਾਲੀ ਕਿਤਾਬ ਦਾ ਤੀਸਰਾ ਲੇਖਕ ਚੰਡੀਗੜ੍ਹ ਰਹਿੰਦਾ ਸੀ। ਉਹਦਾ ਮਹਿਲਨੁਮਾ ਘਰ ਚੰਡੀਗੜ੍ਹ ਦੇ ਵੀਆਈਪੀ ਸੈਕਟਰ ਵਿੱਚ ਸੀ। ਅਣਖੀ ਜਦੋਂ ਵੀ ਚੰਡੀਗੜ੍ਹ ਆਉਂਦਾ ਸੀ ਤਾਂ ਸ਼ਾਮ ਢਲੇ ਉੱਥੇ ਪਹੁੰਚਣ ਦਾ ਸੁਨੇਹਾ ਦੋਸਤਾਂ ਕੋਲ ਪਹੁੰਚ ਜਾਂਦਾ ਸੀ।
ਐੱਸ.ਐੱਸ. ਭੱਠਲ ਦੇ ਉਸ ਘਰ ਵਿੱਚ ਹਰ ਮੁਲਾਕਾਤ ਜਸ਼ਨ ਹੋ ਜਾਂਦੀ ਸੀ; ਹਾਸੇ ਅਤੇ ਖ਼ੁਸ਼ੀਆਂ ਦੇ ਦੀਵੇ ਬਲ ਪੈਂਦੇ ਸਨ। ਅਣਖੀ ਦੇ ਨਾਵਲ ‘ਕਣਕਾਂ ਦਾ ਕਤਲਾਮ’ ਦਾ ਜਸ਼ਨ ਅਸੀਂ ਭੱਠਲ ਦੇ ਘਰ ਹੀ ਮਨਾਇਆ ਸੀ।
ਏਨੇ ਸਾਲਾਂ ਬਾਅਦ ਵੀ ਮੈਨੂੰ ਅਣਖੀ ਦੀਆਂ ਕਿਤਾਬਾਂ ਦੇ ਨਾਂ ਚੇਤੇ ਹਨ। ਮੈਨੂੰ ਉਹ ਨਾਂ ਚੰਗੇ ਲੱਗਦੇ ਹਨ। ਪਾਠਕਾਂ ਨੂੰ ਵੀ ਉਹ ਨਾਂ ਨਹੀਂ ਭੁੱਲਦੇ। ਉਹਦੀ ਇਬਾਰਤ ਸ਼ਬਦਾਂ ਦਾ ਅਡੰਬਰ ਨਹੀਂ ਸੀ, ਸਹਿਜ ਤੇ ਸਰਲ ਸੀ। ਪਾਠਕਾਂ ਲਈ ਉਹਦੀ ਸ਼ੈਲੀ ਵਿੱਚ ਗੁੰਝਲਾਂ ਨਹੀਂ ਸਨ। ਭਾਸ਼ਾ ਦੀ ਸਾਦਗੀ ਦਿਲ ਉੱਤੇ ਦਸਤਕ ਦਿੰਦੀ ਸੀ।
ਉਸ ਦੀ ਲਿਖਤ ਦੇ ਇਨ੍ਹਾਂ ਗੁਣਾਂ ਸਦਕਾ ਹੀ ਪਾਠਕ ਅਣਖੀ ਦੇ ਨਾਵਲ ਹੁੱਬ ਕੇ ਪੜ੍ਹਦੇ ਸਨ। ਹਰ ਸ਼ਹਿਰ ਗਰਾਂ ਤੱਕ ਉਹਦੀਆਂ ਰਚਨਾਵਾਂ ਦੀ ਪਹੁੰਚ ਸੀ। ਉਹਦੀਆਂ ਕਿਤਾਬਾਂ ਨੇ ਹੱਦਾਂ-ਸਰਹੱਦਾਂ ਵੀ ਟੱਪ ਲਈਆਂ ਸਨ। ਹੋਰ ਭਾਸ਼ਾਵਾਂ ਵਿੱਚ ਵੀ ਰਾਮ ਸਰੂਪ ਅਣਖੀ ਰੱਜ ਕੇ ਅਨੁਵਾਦ ਹੋਇਆ ਸੀ। ਦੂਸਰੀਆਂ ਭਾਸ਼ਾਵਾਂ ਦੇ ਲੇਖਕਾਂ ਨੇ ਜੇ ਕਦੀ ਪੰਜਾਬੀ ਦੇ ਕਿਸੇ ਲੇਖਕ ਦਾ ਨਾਂ ਲੈਣਾ ਹੋਵੇ ਤਾਂ ਉਨ੍ਹਾਂ ਨੂੰ ਰਾਮ ਸਰੂਪ ਅਣਖੀ ਦਾ ਨਾਂ ਯਾਦ ਆਉਂਦਾ ਸੀ।
* * *
ਇੱਕ ਵਾਰ ਮੇਰਾ ਮੁੰਬਈ ਜਾਣ ਦਾ ਸਬੱਬ ਬਣਿਆ। ਇੱਕ ਰਾਤ ਦੇ ਖਾਣੇ ਦਾ ਨਿਉਤਾ ਮੇਰੇ ਫਿਲਮਾਂ ਵਾਲੇ ਕੁਝ ਦੋਸਤਾਂ ਵੱਲੋਂ ਸੀ। ਉਸ ਮਹਿਫ਼ਿਲ ਵਿੱਚ ਉਸ ਵੇਲੇ ਦੀ ਮਸ਼ਹੂਰ ਅਦਾਕਾਰਾ ਰਮਾ ਵਿੱਜ ਵੀ ਸੀ। ਪੰਜਾਬੀ ਦੀ ਚਰਚਿਤ ਫਿਲਮ ‘ਚੰਨ ਪ੍ਰਦੇਸੀ’ ਦੀ ਹੀਰੋਇਨ ਵਜੋਂ ਮੈਂ ਉਸ ਨੂੰ ਜਾਣਦਾ ਸੀ। ਮੈਂ ਪੁੱਛਿਆ ਸੀ, ਅੱਜ ਕੱਲ੍ਹ ਉਹ ਕੀ ਕਰ ਰਹੀ ਸੀ?
ਰਮਾ ਵਿਜ ਨੇ ਦੱਸਿਆ, ਪਿੱਛੇ ਜਿਹੇ ਹੀ ਉਸ ਨੇ ‘ਪਰਤਾਪੀ’ ਨਾਵਲ ਪੜ੍ਹਿਆ ਹੈ। ਉਹ ਨਾਵਲ ਰਾਮ ਸਰੂਪ ਅਣਖੀ ਨਾਂ ਦੇ ਲੇਖਕ ਦਾ ਲਿਖਿਆ ਹੋਇਆ ਹੈ। ਉਹ ਨਾਵਲ ਉਹਨੂੰ ਏਨਾ ਚੰਗਾ ਲੱਗਿਆ ਹੈ ਕਿ ਉਸ ਨੇ ‘ਪਰਤਾਪੀ’ ਨਾਵਲ ਉੱਤੇ ਫਿਲਮ ਬਣਾਉਣ ਬਾਰੇ ਸੋਚ ਲਿਆ ਹੈ। ਰਮਾ ਵਿਜ ਉਸ ਨਾਵਲ ਦੇ ਫਿਲਮੀਕਰਨ ਲਈ ਸਕ੍ਰਿਪਟ ਵੀ ਲਿਖਣ ਲੱਗ ਪਈ ਸੀ ਕਿ ਇੱਕ ਅੜਚਣ ਰਾਹ ਵਿੱਚ ਆ ਖੜ੍ਹੀ ਹੋਈ।
‘‘ਦਿੱਕਤ ਕੀ ਐ?’’ ਮੈਂ ਪੁੱਛਿਆ ਸੀ।
ਉਸ ਨੇ ਦੱਸਿਆ ਸੀ, ਉਹਨੂੰ ਲੇਖਕ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਰਿਹਾ। ਉਹਦੀ ਸਹਿਮਤੀ ਤੋਂ ਬਿਨਾਂ ਉਹ ਫਿਲਮ ਦੇ ਨਿਰਮਾਣ ਨੂੰ ਕਿਵੇਂ ਹੱਥ ਪਾਵੇ?
ਰਮਾ ਵਿਜ ਨਿਰਾਸ਼ ਸੀ। ਮੈਂ ਹੱਸ ਪਿਆ ਸਾਂ।
ਮੈਂ ਰਮਾ ਵਿਜ ਨੂੰ ਅਣਖੀ ਦਾ ਫੋਨ ਨੰਬਰ ਵੀ ਦੇ ਦਿੱਤਾ ਤੇ ਸਿਰਨਾਵਾਂ ਵੀ। ਉਹਦੀ ਤਸੱਲੀ ਲਈ ਮੈਂ ਕਿਹਾ, ‘‘ਵਾਪਸ ਮੁਹਾਲੀ ਪਹੁੰਚ ਕੇ ਮੈਂ ਅਣਖੀ ਨਾਲ ਇਸ ਬਾਰੇ ਗੱਲ ਕਰਾਂਗਾ ਤੇ ਉਸ (ਰਮਾ ਵਿਜ) ਦਾ ਫੋਨ ਨੰਬਰ ਵੀ ਅਣਖੀ ਨੂੰ ਦੇ ਦਿਆਂਗਾ।’’
ਰਮਾ ਨੇ ਸਕੂਨ ਭਰਿਆ ਸਾਹ ਲਿਆ ਸੀ।
ਵਾਪਸ ਮੁਹਾਲੀ ਪਹੁੰਚ ਕੇ ਮੈਂ ਅਣਖੀ ਨਾਲ ਗੱਲ ਕੀਤੀ ਤਾਂ ਉਹ ਅੱਗੋਂ ਹੱਸ ਪਿਆ, ‘‘ਜਸਬੀਰ! ਰਮਾ ਵਿਜ ਨਾਲ ਫੋਨ ਉੱਤੇ ਗੱਲ ਹੋ ਚੁੱਕੀ ਐ। ਮੈਂ ਉਹਨੂੰ ਸਹਿਮਤੀ ਦਾ ਹੁੰਗਾਰਾ ਵੀ ਭਰ ਦਿੱਤੈ।’’
ਅੱਗੇ ਦੀ ਖ਼ਬਰ ਮੈਂ ਨਹੀਂ ਜਾਣਦਾ, ਪਰ ਏਨਾ ਕੁ ਜ਼ਰੂਰ ਜਾਣਦਾ ਵਾਂ ਕਿ ਬੌਲੀਵੁੱਡ ਦਾ ਇਸ ਤਰ੍ਹਾਂ ਦਾ ਹੁੰਗਾਰਾ ਪੰਜਾਬੀ ਸਾਹਿਤ ਲਈ ਮਾਣ ਵਾਲੀ ਗੱਲ ਹੈ। ਇਹ ਨਿੱਕੀ ਜਿਹੀ ਘਟਨਾ ਰਾਮ ਸਰੂਪ ਅਣਖੀ ਦਾ ਇੱਕ ਲੇਖਕ ਵਜੋਂ ਕੱਦ ਵੀ ਨਿਰਧਾਰਤ ਕਰਦੀ ਹੈ।
ਏਨੀਆਂ ਗੱਲਾਂ ਕਰਨ ਪਿੱਛੋਂ ਵੀ ਉਹਦੇ ਬਾਰੇ ਗੱਲਾਂ ਦੇ ਅੰਬਾਰ ਛੋਟੇ ਨਹੀਂ ਹੋਏ। ਕਹਾਣੀ ਦਾ ਸਿਰਾ ਮੈਥੋਂ ਦੂਰ ਹੈ।
ਵਰ੍ਹਿਆਂ ਪੁਰਾਣੀ ਉਹ ਚਿੱਠੀ, ਜਿਸ ਦਾ ਕੋਈ ਤਿੱਥ-ਵਾਰ ਨਹੀਂ ਸੀ, ਸ਼ਾਇਦ ਹੁਣ ਕਿਧਰੇ ਵੀ ਨਹੀਂ। ਅਣਖੀ ਦੇ ਪਹਿਲੇ ਟੁੱਲ ਵਾਲੇ ਉਹ ਯਾਰ ਵੀ ਹੁਣ ਤਾਂ ਜਹਾਨ ਫ਼ਾਨੀ ਤੋਂ ਚਲੇ ਗਏ ਨੇ।
ਉਸ ਚਿੱਠੀ ਦੇ ਵੇਲੇ ਤੋਂ ਹੀ ਰਾਮ ਸਰੂਪ ਅਣਖੀ ਛੁਹਲੇ ਪੈਰੀਂ ਆਪਣੇ ਦਾਈਏ ਵੱਲ ਤੁਰ ਪਿਆ ਸੀ। ਲਿਖਣ ਦੇ ਮਾਮਲੇ ਵਿੱਚ ਵੀ ਉਹ ਬਹੁਤ ਛੁਹਲਾ ਸੀ।
ਉਹਦੀ ਹਸਤੀ ਪਾਣੀ ਨਾਲ ਲਿਖੀ ਹੋਈ ਇਬਾਰਤ ਨਹੀਂ ਸੀ ਕਿ ਹਵਾ ਦੇ ਬੁੱਲੇ ਨਾਲ ਹੀ ਮੁੱਕ ਜਾਵੇ। ਉਹਨੇ ਜਿਊਂਦੇ ਰਹਿਣਾ ਏ, ਆਪਣੇ ਮੁਹੱਬਤੀਆਂ ਦੇ ਚੇਤੇ ਵਿੱਚ। ਉਹਨੇ ਸਾਹ ਲੈਂਦੇ ਰਹਿਣਾ ਏ ਆਪਣੀਆਂ ਕਿਤਾਬਾਂ ਵਿੱਚ ਤੇ ਸਾਹਿਤ ਦੇ ਇਤਿਹਾਸ ਵਿੱਚ। ਉਹ, ਜੋ ਤੁਰ ਕੇ ਆਪਣੇ ਸੁਪਨੇ ਤੋਂ ਵੀ ਬਹੁਤ ਅਗਾਂਹ ਨਿਕਲ ਗਿਆ ਸੀ, ਕਿੱਦਾਂ ਮਰ ਸਕਦਾ ਹੈ ਭਲਾ।

Advertisement

Advertisement
Advertisement
Author Image

sukhwinder singh

View all posts

Advertisement