ਮਹਿਲਾ ਕਮਿਸ਼ਨ ਨੇ ਚੰਨੀ ਨੂੰ ਅੱਜ ਪੇਸ਼ ਹੋਣ ਦਾ ਨੋਟਿਸ ਦਿੱਤਾ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਕਰਦਿਆਂ ਭਲਕੇ 19 ਨਵੰਬਰ ਨੂੰ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਦਫਤਰ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਹ ਨੋਟਿਸ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਚੋਣ ਜਲਸੇ ਦੌਰਾਨ ਔਰਤਾਂ ਲਈ ਕੀਤੀ ਗਈ ਅਪਮਾਨਜਨਕ ਟਿੱਪਣੀ ਸਬੰਧੀ ਜਾਰੀ ਕੀਤਾ ਗਿਆ ਹੈ। ਨੋਟਿਸ ਅਨੁਸਾਰ ਜੇਕਰ ਚੰਨੀ 19 ਨਵੰਬਰ ਨੂੰ ਸਵੇਰੇ 11 ਵਜੇ ਨਿੱਜੀ ਤੌਰ ’ਤੇ ਕਮਿਸ਼ਨ ਦੇ ਦਫਤਰ ’ਚ ਹਾਜ਼ਰ ਹੋ ਕੇ ਆਪਣੀ ਸਫਾਈ ਵਿੱਚ ਕੋਈ ਜਵਾਬ ਨਹੀਂ ਦਿੰਦੇ ਤਾਂ ਸਮਝ ਲਿਆ ਜਾਵੇਗਾ ਕਿ ਉਹ ਆਪਣੀ ਸਫਾਈ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੇ ਅਤੇ ਉਨ੍ਹਾਂ ਵਿਰੁੱਧ ਭਾਰਤੀ ਨਿਆਂ ਸਹਿੰਤਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਲਈ ਡਾਇਰੈਕਟਰ ਜਨਰਲ ਆਫ ਪੁਲੀਸ ਨੂੰ ਲਿਖ ਦਿੱਤਾ ਜਾਵੇਗਾ। ਗਿੱਦੜਬਾਹਾ ਵਿੱਚ ਚੋਣ ਜਲਸੇ ਦੌਰਾਨ, ਜਿਸ ਵੇਲੇ ਚੰਨੀ ਨੇ ਜੱਟ, ਬਾਹਮਣ ਦੇ ਕੁੱਤਿਆਂ ਨੂੰ ਲੈ ਕੇ ਔਰਤਾਂ ਬਾਰੇ ਮਾੜੀ ਟਿੱਪਣੀ ਕੀਤੀ, ਉਸ ਵੇਲੇ ਮੰਚ ਉਪਰ ਪੰਡਾਲ ਵਿੱਚ ਔਰਤਾਂ ਮੌਜੂਦ ਸਨ। ਇਸ ਟਿੱਪਣੀ ਦੀ ਕਾਂਗਰਸ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਆਲੋਚਨਾ ਕੀਤੀ ਗਈ ਹੈ।