ਮਾਨਸਾ ਦੀਆਂ ਔਰਤਾਂ ਨੇ ਨਸ਼ਿਆਂ ਖ਼ਿਲਾਫ਼ ਮੋਰਚਾ ਖੋਲ੍ਹਿਆ
ਪੱਤਰ ਪ੍ਰੇਰਕ
ਮਾਨਸਾ, 22 ਸਤੰਬਰ
ਮਾਨਸਾ ਸ਼ਹਿਰ ਦੇ ਵਾਰਡ ਨੰਬਰ-17 ਭਾਈ ਜੀਵਨ ਸਿੰਘ ਧਰਮਸ਼ਾਲਾ ਮੁਹੱਲੇ ਦੀਆਂ ਔਰਤਾਂ ਨੇ ਨਿਵੇਕਲਾ ਉਪਰਾਲਾ ਕਰਦਿਆਂ ਪੁਲੀਸ ਪ੍ਰਸ਼ਾਸਨ ਦੀ ਸੁਸਤੀ ਤੋਂ ਬਾਅਦ ਨਸ਼ਿਆਂ ਖ਼ਿਲਾਫ਼ ਮੋਰਚਾ ਆਰੰਭ ਕਰ ਦਿੱਤਾ ਹੈ। ਔਰਤਾਂ ਵੱਲੋਂ ਦਲੇਰੀ ਭਰੇ ਤਰੀਕੇ ਨਾਲ ਕੀਤੇ ਗਏ ਇਸ ਨਿਵੇਕਲੇ ਉਪਰਾਲੇ ਦੀਆਂ ਸ਼ਹਿਰ ਵਿੱਚ ਗੱਲਾਂ ਹੋਣ ਲੱਗੀਆਂ ਹਨ। ਮੁਹੱਲੇ ਦੀਆਂ ਔਰਤਾਂ ਮਨਦੀਪ ਕੌਰ, ਅਮਰਜੀਤ ਕੌਰ, ਸੀਤੋ ਕੌਰ, ਕਮਲ ਕੌਰ, ਕਿਰਨਦੀਪ ਕੌਰ ਤੇ ਜਸਵੀਰ ਕੌਰ ਨੇ ਦੱਸਿਆ ਕਿ ਇਸ ਮੁਹੱਲੇ ਵਿਚ ਨਾਜਾਇਜ਼ ਸ਼ਰਾਬ, ਸਮੈਕ, ਚਿੱਟਾ ਤੇ ਨਸ਼ੀਲੀਆਂ ਗੋਲੀਆਂ ਕੁੱਝ ਵਿਅਕਤੀਆਂ ਵੱਲੋਂ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਸ਼ੇੜੀ ਦਿਨ-ਰਾਤ ਨਸ਼ਾ ਲੈਣ ਲਈ ਆਉਂਦੇ-ਜਾਂਦੇ ਸਨ ਅਤੇ ਔਰਤਾਂ ਨੂੰ ਘਰਾਂ ’ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਔਰਤਾਂ ਨੇ ਇੱਕਠੇ ਹੋਕੇ ਰੋਕਣਾ ਚਾਹਿਆ, ਪਰ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਪੁਲੀਸ ਸਮੇਤ ਕੋਈ ਵੀ ਉਨ੍ਹਾਂ ਦਾ ਰਾਹ ਨਹੀਂ ਰੋਕ ਸਕਦਾ। ਉਨ੍ਹਾਂ ਦੱਸਿਆ ਕਿ ਅਖੀਰ ਅੱਕੇ-ਥੱਕਕੇ ਔਰਤਾਂ ਪਿਛਲੇ 15 ਦਿਨਾਂ ਤੋਂ ਡਾਂਗਾਂ ਨਾਲ ਲੈਂਸ ਹੋਕੇ ਮੁਹੱਲੇ ਵਿਚ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਔਰਤਾਂ ਤੋਂ ਡਰਦੇ ਨਸ਼ੇੜੀਆਂ ਨੇ ਮੁਹੱਲੇ ਵਿਚ ਵੜਨਾ ਛੱਡ ਦਿੱਤਾ ਹੈ। ਅੱਜ ਮੁਹੱਲੇ ਵਿਚ ਨਸ਼ਿਆਂ ਦੇ ਖਿਲਾਫ ਰੈਲੀ ਕੀਤੀ ਗਈ, ਜਿਸ ਨੂੰ ਲਿਬਰੇਸ਼ਨ ਪਾਰਟੀ ਦੇ ਆਗੂ ਸੁਰਿੰਦਰਪਾਲ ਸ਼ਰਮਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਬਲਵਿੰਦਰ ਕੌਰ ਖਾਰਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮੱਖਣ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਝੰਡੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੁਲੀਸ ਪ੍ਰਸ਼ਾਸਨ ਨੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ ਠੋਸ ਕਦਮ ਨਾ ਚੁੱਕੇ ਤਾਂ ਥਾਣਾ ਸਿਟੀ-2 ਅੱਗੇ ਐੱਸਐੱਸਪੀ ਤੇ ਸਰਕਾਰ ਦੀ ਅਰਥੀ ਸਾੜੀ ਜਾਵੇਗੀ।