ਜਣੇਪੇ ਲਈ ਆਈ ਔਰਤ ਨੂੰ ਹਸਪਤਾਲ ’ਚੋਂ ਮੋੜਿਆ
ਜਗਜੀਤ ਸਿੰਘ
ਮੁਕੇਰੀਆਂ, 27 ਅਗਸਤ
ਸਰਕਾਰੀ ਦਾਅਵਿਆਂ ਦੇ ਉਲਟ ਸਿਵਲ ਹਸਪਤਾਲ ਵਿੱਚ ਜਣੇਪੇ ਲਈ ਆਈ ਔਰਤ ਨੂੰ ਬਾਹਰੋਂ ਟੈਸਟ ਕਰਵਾਉਣ ਦਾ ਆਖ ਕੇ ਵਾਪਸ ਮੋੜ ਦਿੱਤਾ ਗਿਆ। ਸਿਵਲ ਹਸਪਤਾਲ ਮੁਕੇਰੀਆਂ ਤੋਂ ਦੁਖੀ ਹੋ ਕੇ ਵਾਪਸ ਆ ਰਹੀ ਯੈਸਮੀਨ ਪਤਨੀ ਮਨਦੀਪ ਕੁਮਾਰ ਵਾਸੀ ਉਸਮਾਨ ਸ਼ਹੀਦ ਨੇ ਦੱਸਿਆ ਕਿ ਉਹ ਜਣੇਪੇ ਲਈ ਸਿਵਲ ਹਸਪਤਾਲ ਮੁਕੇਰੀਆਂ ਆਈ ਸੀ, ਪਰ ਅੰਦਰ ਦਾਖਲ ਹੁੰਦਿਆਂ ਹੀ ਉਨ੍ਹਾਂ ਨੂੰ ਮੌਕੇ ’ਤੇ ਮੌਜੂਦ ਨਰਸਾਂ ਨੇ ਹਸਪਤਾਲ ਵਿੱਚ ਕੋਈ ਵੀ ਡਾਕਟਰ ਨਾ ਹੋਣ ਦਾ ਦਾਅਵਾ ਕਰਦਿਆਂ ਕਿਸੇ ਨਿੱਜੀ ਹਸਪਤਾਲ ਜਾਣ ਲਈ ਆਖ ਦਿੱਤਾ। ਕਾਫੀ ਜੱਦੋ-ਜਹਿਦ ਕਰਕੇ ਜਦੋਂ ਐੱਸਐੱਮਓ ਡਾ. ਰਮਨ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦੀਆਂ ਹਦਾਇਤਾਂ ’ਤੇ ਉਸ ਮੌਕੇ ਪੁੱਜੇ ਐਮਰਜੈਂਸੀ ਡਾਕਟਰ ਨੇ ਫਾਈਲ ਬਣਾ ਕੇ ਬਾਹਰੋਂ ਟੈਸਟ ਕਰਾ ਕੇ ਸਵੇਰੇ ਆਉਣ ਦਾ ਆਖ ਦਿੱਤਾ, ਜਦੋਂਕਿ ਉਸ ਕੋਲੋਂ ਤੁਰਿਆ ਨਹੀਂ ਸੀ ਜਾ ਰਿਹਾ ਅਤੇ ਕਿਸੇ ਵੇਲੇ ਵੀ ਜਣੇਪਾ ਹੋ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਵਾਪਸ ਭੇਜਣ ਵਾਲੇ ਡਾਕਟਰਾਂ ਤੇ ਸਟਾਫ ਖਿਲਾਫ਼ ਕਾਰਵਾਈ ਕੀਤੀ ਜਾਵੇ।
ਮਰੀਜ਼ ਦਾ ਇਲਾਜ ਕਰਾਉਣ ਦਾ ਯਤਨ ਕਰਾਂਗੇ: ਸਿਵਲ ਸਰਜਨ
ਐੱਸਐੱਮਓ ਡਾਕਟਰ ਰਮਨ ਕੁਮਾਰ ਨੇ ਕਿਹਾ ਕਿ ਔਰਤ ਨੂੰ ਟੈਸਟ ਕਰਵਾ ਕੇ ਵਾਪਸ ਸਵੇਰੇ ਆਉਣ ਲਈ ਆਖਿਆ ਹੈ ਅਤੇ ਸਵੇਰੇ ਮਾਹਿਰ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਜਾਵੇਗਾ। ਜੇ ਹੰਗਾਮੀ ਹਾਲਤ ਵਿੱਚ ਤਕਲੀਫ ਹੁੰਦੀ ਹੈ ਤਾਂ ਉਹ ਮੁੜ ਹਸਪਤਾਲ ਆ ਸਕਦੇ ਹਨ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਨੇ ਮਰੀਜ਼ ਬਾਰੇ ਜਾਣਕਾਰੀ ਭੇਜਣ ਬਾਰੇ ਆਖਦਿਆਂ ਕਿਹਾ ਕਿ ਉਹ ਤੁਰੰਤ ਇਸ ਮਾਮਲੇ ਬਾਰੇ ਸਬੰਧਤ ਡਾਕਟਰਾਂ ਤੋਂ ਜਾਣਕਾਰੀ ਲੈ ਕੇ ਮਰੀਜ਼ ਦਾ ਇਲਾਜ ਕਰਾਉਣ ਦਾ ਯਤਨ ਕਰਨਗੇ।