ਔਰਤ ਨੇ ਕੀਟਨਾਸ਼ਕ ਦਵਾਈ ਨਿਗਲੀ
ਪੱਤਰ ਪ੍ਰੇਰਕ
ਅਬੋਹਰ, 29 ਜੂਨ
ਪਿੰਡ ਬਜੀਦਪੁਰਾ ਭੋਮਾ ਵਿੱਚ ਬੀਤੀ ਰਾਤ ਘਰੇਲੂ ਝਗੜੇ ਕਾਰਨ ਦੋ ਬੱਚਿਆਂ ਦੀ ਮਾਂ ਨੇ ਕੀਟਨਾਸ਼ਕ ਦਵਾਈ ਖਾ ਲਈ। ਹਾਲਤ ਵਿਗੜਨ ‘ਤੇ ਉਸ ਦੇ ਪਤੀ ਨੇ ਉਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਹਸਪਤਾਲ ‘ਚ ਜ਼ੇਰੇ ਇਲਾਜ ਹਰਪ੍ਰੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਪਿੰਡ ਬਜੀਦਪੁਰਾ ਭੋਮਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ ਅਤੇ ਉਸ ਦੇ ਦੋ ਬੱਚੇ ਹਨ। ਉਸ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਉਸ ਦੀ ਮਾਸੀ ਦੀ ਸੱਸ ਦੇ ਪੁੱਤਰ ਨਾਲ ਹੋਇਆ ਸੀ ਮਗਰੋਂ ਉਨ੍ਹਾਂ ਦਾ ਤਲਾਕ ਹੋ ਗਿਆ। ਉਸ ਦੀ ਸੱਸ ਅਤੇ ਨਨਾਣ ਉਸ ਨੂੰ ਇਸੇ ਕਾਰਨ ਤਾਅਨੇ ਮਾਰਦੇ ਰਹਿੰਦੇ ਹਨ। ਤਾਅਨੇ ਸੁਣ ਕੇ ਉਹ ਪ੍ਰੇਸ਼ਾਨ ਹੋ ਗਈ ਅਤੇ ਬੀਤੀ ਰਾਤ ਉਸ ਨੇ ਘਰ ਵਿੱਚ ਪਈ ਕੀਟਨਾਸ਼ਕ ਦਵਾਈ ਪੀ ਲਈ। ਦੂਜੇ ਪਾਸੇ ਉਸ ਦੇ ਪਤੀ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ ਮਾਮਲੇ ਬਾਰੇ ਕੁਝ ਪਤਾ ਨਹੀਂ ਸੀ, ਉਹ ਖੇਤ ਗਿਆ ਹੋਇਆ ਸੀ, ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਉਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਲੈ ਗਿਆ ਅਤੇ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ। ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ। ਪੁਲੀਸ ਦਾ ਕਹਿਣਾ ਹੈ ਕਿ ਹਰਪ੍ਰੀਤ ਕੌਰ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।