ਔਰਤ ਨੇ ਜਜਪਾ ਵਿਧਾਇਕ ਨੂੰ ਥੱਪੜ ਮਾਰਿਆ
ਪੱਤਰ ਪ੍ਰੇਰਕ
ਗੂਹਲਾ-ਚੀਕਾ, 13 ਜੁਲਾਈ
ਘੱਗਰ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਪਿੰਡ ਭਾਟੀਆ ਵਿੱਚ ਪੁੱਜੇ ਗੂਹਲਾ ਤੋਂ ਜਜਪਾ ਵਿਧਾਇਕ ਈਸ਼ਵਰ ਸਿੰਘ ਨੂੰ ਪਿੰਡ ਵਾਸੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਉਨ੍ਹਾਂ ਦੇ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਖਫ਼ਾ ਵਿਧਾਇਕ ਨੇ ਵੀ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੁੱਸੇ ’ਚ ਆਈ ਬਜ਼ੁਰਗ ਮਹਿਲਾ ਨੇ ਵਿਧਾਇਕ ਦੀ ਗੱਲ ’ਤੇ ਥੱਪੜ ਜੜ ਦਿੱਤਾ। ਉਨ੍ਹਾਂ ਦੇ ਸੁਰੱਖਿਆ ਕਰਮੀ ਨੇ ਨੇ ਉਨ੍ਹਾਂ ਨੂੰ ਭੀੜ ਤੋਂ ਵੱਖ ਕੀਤਾ ਅਤੇ ਗੱਡੀ ਵਿੱਚ ਬੈਠਾ ਕੇ ਲੈ ਗਏ। ਇਸ ਮਾਮਲੇ ਵਿੱਚ ਪੁਲੀਸ ਥਾਣਾ ਗੁਹਲਾ ਵਿੱਚ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਪਿੰਡ ਭਾਟੀਆ ਦੀ ਸਰਪੰਚ ਗੀਤਾ ਰਾਣੀ ਦੇ ਪ੍ਰਤਨਿਿੱਧੀ ਨੇ ਘਟਨਾ ਦੀ ਜਾਣਕਾਰੀ ਹੋਣ ਤੋਂ ਮਨਾਹੀ ਕੀਤੀ ਹੈ। ਦੱਸਣਯੋਗ ਹੈ ਕਿ ਪਿੰਡ ਭਾਟੀਆ ਵਿੱਚ ਘੱਗਰ ’ਚ ਪਾੜ ਪੈਣ ਕਾਰਨ ਤਿੰਨ ਪਾਸਿਓਂ ਪਾਣੀ ਭਰ ਗਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਨਾਕੇ ਬੰਦ ਕਰਨ ਲਈ ਉਨ੍ਹਾਂ ਨੂੰ ਜੇਸੀਬੀ ਤੱਕ ਉਪਲੱਬਧ ਨਹੀਂ ਕਰਵਾਈ ਗਈ, ਜਿਸ ਕਾਰਨ ਉਹ ਪ੍ਰਸ਼ਾਸਨ ਅਤੇ ਵਿਧਾਇਕ ਤੋਂ ਨਾਰਾਜ਼ ਚੱਲ ਰਹੇ ਹਨ।
ਗੂਹਲਾ ਦੇ ਥਾਣਾ ਮੁਖੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਪਿੰਡ ਭਾਟੀਆ ਵਿੱਚ ਵਾਪਰੀ ਘਟਨਾ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।
ਕੁਦਰਤੀ ਕਰੋਪੀ ਹੈ ਮੇਰਾ ਕਸੂਰ ਨਹੀਂ: ਵਿਧਾਇਕ ਈਸ਼ਵਰ ਸਿੰਘ
ਇਸ ਘਟਨਾ ’ਤੇ ਵਿਧਾਇਕ ਈਸ਼ਵਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੇ ਵਿੱਚ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਗਏ ਸਨ, ਕਿਉਂਕਿ ਉਨ੍ਹਾਂਨੂੰ ਪਿੰਡ ਵਾਸੀਆਂ ਦੀ ਫਿਕਰ ਹੈ। ਉਨ੍ਹਾਂ ਕਿਹਾ, ‘‘ਇਹ ਕੁਦਰਤੀ ਕਰੋਪੀ ਹੈ। ਪਿੰਡ ਭਾਟੀਆ ਦੇ ਬੰਨ੍ਹ ਟੁੱਟਣ ਤੋਂ ਪਾਣੀ ਭਰ ਗਿਆ ਹੈ ਤਾਂ ਇਸ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ। ਇਸ ਘਟਨਾ ਮੈਂ ਕੁੱਝ ਨਹੀਂ ਕਹਿਣਾ।’’