For the best experience, open
https://m.punjabitribuneonline.com
on your mobile browser.
Advertisement

ਅਯੁੱਧਿਆ ’ਚ ਮਸਜਿਦ ਉਸਾਰੀ ਲਈ ਦਿੱਤੀ ਜ਼ਮੀਨ ’ਤੇ ਮਹਿਲਾ ਨੇ ਜਤਾਇਆ ਦਾਅਵਾ

06:56 AM Jul 29, 2024 IST
ਅਯੁੱਧਿਆ ’ਚ ਮਸਜਿਦ ਉਸਾਰੀ ਲਈ ਦਿੱਤੀ ਜ਼ਮੀਨ ’ਤੇ ਮਹਿਲਾ ਨੇ ਜਤਾਇਆ ਦਾਅਵਾ
Advertisement

ਲਖਨਊ, 28 ਜੁਲਾਈ
ਦਿੱਲੀ ਦੀ ਇੱਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫ਼ੈਸਲੇ ਮਗਰੋਂ ਅਯੁੱਧਿਆ ਵਿੱਚ ਮਸਜਿਦ ਦੀ ਉਸਾਰੀ ਲਈ ਨਿਰਧਾਰਤ ਕੀਤੀ ਗਈ ਜ਼ਮੀਨ ਉਸ ਦੇ ਪਰਿਵਾਰ ਦੀ ਹੈ। ਉਸ ਨੇ ਕਿਹਾ ਕਿ ਉਹ ਇਸ ਦਾ ਕਬਜ਼ਾ ਲੈਣ ਲਈ ਸੁਪਰੀਮ ਕੋਰਟ ਦਾ ਰੁਖ਼ ਕਰੇਗੀ। ਹਾਲਾਂਕਿ, ਰਾਣੀ ਪੰਜਾਬੀ ਨਾਮੀਂ ਇਸ ਮਹਿਲਾ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਦੇ ਮੁਖੀ ਜ਼ੁਫਰ ਫਾਰੂਕੀ ਨੇ ਰੱਦ ਕਰਦਿਆਂ ਕਿਹਾ ਕਿ ਉਸਦੇ ਦਾਅਵਿਆਂ ਨੂੰ ਅਲਾਹਾਬਾਦ ਹਾਈ ਕੋਰਟ ਸਾਲ 2021 ਵਿੱਚ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਮੁਖੀ ਸ੍ਰੀ ਫਾਰੂਕੀ ਨੇ ਕਿਹਾ ਕਿ ਮਸਜਿਦ ਦੀ ਉਸਾਰੀ ਸਮੇਤ ਸਾਰੇ ਪ੍ਰਾਜੈਕਟ ’ਤੇ ਕੰਮ ਇਸ ਵਰ੍ਹੇ ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ।
ਦੂਜੇ ਪਾਸੇ, ਦਿੱਲੀ ਦੀ ਵਸਨੀਕ ਰਾਣੀ ਪੰਜਾਬੀ ਦਾ ਦਾਅਵਾ ਹੈ ਕਿ ਅਯੁੱਧਿਆ ਦੇ ਧਨੀਪੁਰ ਪਿੰਡ ਵਿੱਚ ਪ੍ਰਸ਼ਾਸਨ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸੁੰਨੀ ਸੈਂਟਰਲ ਵਕਫ਼ ਬੋਰਡ ਨੂੰ ਦਿੱਤੀ ਗਈ ਪੰਜ ਏਕੜ ਜ਼ਮੀਨ, ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਕੁੱਲ 28.35 ਏਕੜ ਜ਼ਮੀਨ ਦਾ ਹਿੱਸਾ ਹੈ। ਉਨ੍ਹਾਂ ਏਜੰਸੀ ਨੂੰ ਦੱਸਿਆ ਕਿ ਉਸ ਕੋਲ ਜ਼ਮੀਨ ਦੀ ਮਲਕੀਅਤ ਸਬੰਧੀ ਸਾਰੇ ਕਾਗਜ਼ਾਤ ਮੌਜੂਦ ਹਨ ਤੇ ਉਹ ਇਸ ’ਤੇ ਕਬਜ਼ਾ ਲੈਣ ਲਈ ਸੁਪਰੀਮ ਕੋਰਟ ਜਾਣਗੇ। ਰਾਣੀ ਪੰਜਾਬੀ ਮੁਤਾਬਕ ਉਨ੍ਹਾਂ ਦੇ ਪਿਤਾ ਗਿਆਨ ਚੰਦ ਪੰਜਾਬੀ ਨੂੰ ਮੁਲਕ ਦੀ ਵੰਡ ਸਮੇਂ ਪਾਕਿਸਤਾਨ ਵਾਲੇ ਪੰਜਾਬ ਨੂੰ ਛੱਡਣਾ ਪਿਆ ਸੀ ਤੇ ਉਹ ਫੈਜ਼ਾਬਾਦ (ਹੁਣ ਜ਼ਿਲ੍ਹਾ ਅਯੁੱਧਿਆ) ਆ ਗਏ ਸਨ, ਜਿੱਥੇ ਉਨ੍ਹਾਂ ਨੂੰ ਪਿੱਛੇ ਰਹਿ ਗਈ ਜ਼ਮੀਨ ਬਦਲੇ ਇੱਥੇ 28.35 ਏਕੜ ਜ਼ਮੀਨ ਮਿਲੀ ਸੀ। ਉਸ ਨੇ ਦੱਸਿਆ ਕਿ ਪਰਿਵਾਰ ਵੱਲੋਂ ਸਾਲ 1983 ਤੱਕ ਖੇਤੀਬਾੜੀ ਲਈ ਇਸ ਜ਼ਮੀਨ ਦੀ ਵਰਤੋਂ ਕੀਤੀ ਜਾਂਦੀ ਰਹੀ ਸੀ, ਪਰ ਇਸ ਦੌਰਾਨ ਉਨ੍ਹਾਂ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਇਲਾਜ ਲਈ ਉਹ ਦਿੱਲੀ ਆ ਗਏ ਤੇ ਉਦੋਂ ਤੋਂ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੂੰ ਮਸਜਿਦ ਦੀ ਉਸਾਰੀ ਸਬੰਧੀ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਚਾਹੁੰਦੀ ਹੈ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਇਨਸਾਫ਼ ਕਰੇ। -ਪੀਟੀਆਈ

Advertisement

ਰਾਮ ਮੰਦਰ ਦੀ ਉਸਾਰੀ ਦਸੰਬਰ ਤੱਕ ਮੁਕੰਮਲ ਕਰਨ ਦਾ ਟੀਚਾ: ਮਿਸ਼ਰਾ

ਅਯੁੱਧਿਆ (ਯੂਪੀ): ਸ੍ਰੀ ਰਾਮ ਮੰਦਰ ਉਸਾਰੀ ਕਮੇਟੀ ਦੇ ਮੁਖੀ ਨ੍ਰਿਪੇਂਦਰ ਮਿਸ਼ਰਾ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਮੰਦਰ ਦੀ ਉਸਾਰੀ ਦਾ ਕੰਮ 31 ਦਸੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ 31 ਦਸੰਬਰ ਤੱਕ ਪਹਿਲੀ ਮੰਜ਼ਿਲ, ਦੂਜੀ ਮੰਜ਼ਿਲ, ਮੰਦਰ ਦੇ ਸਾਰੇ ਕੰਮ, ਭਗਵਾਨ ਰਾਮ ਦਰਬਾਰ ਆਦਿ ਮੁਕੰਮਲ ਹੋ ਜਾਣੇ ਚਾਹੀਦੇ ਹਨ... ਮੰਦਰ ਦੀ ਉਸਾਰੀ 31 ਦਸੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਹੈ ਤੇ ਅਸੀਂ ਇਸ ਲਈ ਤਿਆਰ ਹਾਂ।’ ਦੱਸਣਯੋਗ ਹੈ ਕਿ ਸ੍ਰੀ ਰਾਮ ਲੱਲਾ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਅਯੁੱਧਿਆ ਦੇ ਇਤਿਹਾਸਕ ਮੰਦਰ ਵਿੱਚ 22 ਜਨਵਰੀ ਨੂੰ ਕਰਵਾਇਆ ਗਿਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਮੁਲਕ ਦੇ ਸਾਰੇ ਧਰਮਾਂ ਤੋਂ ਅਹਿਮ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਸੀ। -ਏਐੱਨਆਈ

Advertisement
Author Image

sukhwinder singh

View all posts

Advertisement
Advertisement
×