ਔਰਤ ਨੇ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਨਵੰਬਰ
ਜਵਾਹਰ ਨਗਰ ਇਲਾਕੇ ਦੀ ਵਸਨੀਕ ਸੁਮਨ (42) ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਸਵੇਰੇ ਸੁਮਨ ਦਾ ਲੜਕਾ ਉੱਠਿਆ ਤਾਂ ਉਸ ਨੇ ਕਮਰੇ ਵਿੱਚ ਆਪਣੀ ਮਾਂ ਦੀ ਲਾਸ਼ ਲਟਕੀ ਵੇਖੀ। ਉਸ ਦੇ ਰੌਲਾ ਪਾਉਣ ਮਗਰੋਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਤੇ ਉਸ ਦਾ ਪਤੀ ਰਿੰਕੂ ਦੋਵੇਂ ਅਪਾਹਜ ਹਨ ਤੇ ਦੋਵਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਘਰੇਲੂ ਕਾਰਨਾਂ ਕਰਕੇ ਝਗੜਾ ਚੱਲ ਰਿਹਾ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਸੁਮਨ ਦਾ ਕਰੀਬ 20 ਸਾਲ ਪਹਿਲਾਂ ਰਿੰਕੂ ਨਾਲ ਵਿਆਹ ਹੋਇਆ ਸੀ। ਦੋਵਾਂ ਦੇ ਤਿੰਨ ਬੱਚੇ ਹਨ। ਪਿਛਲੇ ਕੁਝ ਸਮੇਂ ਤੋਂ ਦੋਵੇਂ ਪਤੀ-ਪਤਨੀ ਵਿਚਾਲੇ ਆਪਸੀ ਮਨ ਮੁਟਾਵ ਚੱਲ ਰਿਹਾ ਸੀ, ਜਿਸ ਕਰਕੇ ਸੁਮਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਕਰੀਬ ਛੇ ਮਹੀਨੇ ਪਹਿਲਾਂ ਦੋਵਾਂ ਵਿਚਾਲੇ ਕਾਫ਼ੀ ਤਕਰਾਰ ਹੋਈ ਸੀ, ਜਿਸ ਮਗਰੋਂ ਰਿਸ਼ਤੇਦਾਰਾਂ ਨੇ ਵਿੱਚ ਪੈ ਕੇ ਸੁਲਾਹ ਕਰਵਾਈ ਸੀ। ਘਟਨਾ ਤੋਂ ਇੱਕ ਰਾਤ ਪਹਿਲਾਂ ਸਾਰੇ ਪਰਿਵਾਰ ਨੇ ਖਾਣਾ ਖਾਧਾ ਤੇ ਸੌਣ ਲਈ ਆਪਣੇ ਕਮਰਿਆਂ ਵਿੱਚ ਚਲੇ ਗਏ। ਇਸ ਮਗਰੋਂ ਸੁਮਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਦੇਰ ਰਾਤ ਜਦੋਂ ਸੁਮਨ ਦਾ ਪੁੱਤਰ ਜਾਗਿਆ ਤਾਂ ਮਾਂ ਦੀ ਲਾਸ਼ ਲਟਕਦੀ ਦੇਖ ਕੇ ਹੈਰਾਨ ਰਹਿ ਗਿਆ। ਉੱਧਰ ਸੁਮਨ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੇਰ ਰਾਤ ਜਾਣਕਾਰੀ ਮਿਲੀ ਸੀ ਕਿ ਸੁਮਨ ਦਾ ਬਲੱਡ ਪ੍ਰੈਸ਼ਰ ਕਾਫ਼ੀ ਵਧ ਗਿਆ ਹੈ ਤੇ ਇਸ ਕਾਰਨ ਹਾਲਤ ਜ਼ਿਆਦਾ ਵਿਗੜਨ ਮਗਰੋਂ ਉਸ ਦੀ ਮੌਤ ਹੋ ਗਈ। ਸੁਮਨ ਦੇ ਚਾਚੇ ਦੇ ਮੁੰਡੇ ਨੇ ਦੋਸ਼ ਲਾਇਆ ਕਿ ਸੁਮਨ ਦੇ ਗਲੇ ’ਤੇ ਕਾਫ਼ੀ ਡੂੰਘੇ ਨਿਸ਼ਾਨ ਸਨ ਤੇ ਉਸ ਦੇ ਹੱਥਾਂ ’ਤੇ ਵੀ ਨਹੂੰਆਂ ਨਾਲ ਨੋਚਣ ਦੇ ਨਿਸ਼ਾਨ ਸਨ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਸੁਮਨ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਗਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਿਵੀਜ਼ਨ ਨੰਬਰ 5 ਅਧੀਨ ਆਉਂਦੀ ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਐੱਸਆਈ ਧਰਮਪਾਲ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।