ਔਰਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਗ੍ਰੰਥੀ ’ਤੇ ਹਮਲਾ
ਪੱਤਰ ਪ੍ਰੇਰਕ
ਜਲੰਧਰ, 26 ਸਤੰਬਰ
ਥਾਣਾ ਬਾਵਾ ਬਸਤੀ ਖੇਲ ਅਧੀਨ ਪੈਂਦੇ ਬਾਬੂ ਲਾਭ ਸਿੰਘ ਨਗਰ ਦੇ ਨਾਲ-ਨਾਲ ਅਮਰ ਨਗਰ ਗੁਰੂਘਰ ਸੱਚਖੰਡ ਸਾਹਿਬ ’ਚ ਮਹਿਲਾ ਨੇ ਗ੍ਰੰਥੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗ੍ਰੰਥੀ ਦੀ ਉਂਗਲ ਕੱਟੀ ਗਈ। ਇਸ ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਔਰਤ ਨੇ ਗ੍ਰੰਥੀ ’ਤੇ ਤਲਵਾਰ ਨਾਲ ਕਈ ਵਾਰ ਕੀਤੇ। ਪਰ ਅਖੀਰ ਗ੍ਰੰਥੀ ਨੇ ਤਲਵਾਰ ਹੱਥ ਵਿੱਚ ਫੜ ਲਈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਗ੍ਰੰਥੀ ਨੇ ਰੌਲਾ ਪਾਇਆ ਤਾਂ ਉਸ ਦੇ ਸਾਥੀਆਂ ਨੇ ਅੰਦਰ ਆ ਕੇ ਔਰਤ ਨੂੰ ਕਾਬੂ ਕਰ ਲਿਆ। ਪੁਲੀਸ ਨੇ ਔਰਤ ਜਸਮੀਨ ਕੌਰ ਪਤਨੀ ਦਵਿੰਦਰ ਵਾਸੀ ਬਾਬੂ ਲਾਭ ਸਿੰਘ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰੰਥੀ ਹਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਦੀ ਸ਼ਿਕਾਇਤ ’ਤੇ ਔਰਤ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਮੂਲ ਰੂਪ ਵਿੱਚ ਭੋਗਪੁਰ ਦੇ ਪਿੰਡ ਪਟਿਆਲਾ ਦੀ ਰਹਿਣ ਵਾਲੀ ਹੈ। ਗੁਰਦੁਆਰਾ ਸੱਚਖੰਡ ਸਾਹਿਬ ਦੇ ਸੇਵਾਦਾਰ ਗ੍ਰੰਥੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰੂਘਰ ਵਿੱਚ ਮੌਜੂਦ ਸਨ। ਫਿਰ ਜੈਸਮੀਨ ਉੱਥੇ ਮੱਥਾ ਟੇਕਣ ਆਈ। ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਪਏ ਹਥਿਆਰ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਉੱਠ ਕੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਗ੍ਰੰਥੀ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੇ ਹੱਥ ਵਿੱਚ ਤਲਵਾਰ ਵੱਜੀ ਅਤੇ ਇੱਕ ਉਂਗਲ ਕੱਟੀ ਗਈ ਹੈ। ਸੰਗਤ ਨੇ ਬੜੀ ਮੁਸ਼ਕਲ ਨਾਲ ਉਸ ਦੇ ਹੱਥਾਂ ਵਿੱਚੋਂ ਹਥਿਆਰ ਖੋਹ ਲਏ। ਹਮਲੇ ਤੋਂ ਬਾਅਦ ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਔਰਤ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ।