ਔਰਤ ਵੱਲੋਂ ਜਣੇਪੇ ਦੌਰਾਨ ਡਾਕਟਰ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼
ਪੱਤਰ ਪ੍ਰੇਰਕ
ਗੜ੍ਹਸ਼ੰਕਰ, 17 ਸਤੰਬਰ
ਬਲਾਕ ਮਾਹਿਲਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਜਣੇਪੇ ਦੌਰਾਨ ਡਾਕਟਰ ਦੀ ਕਥਿਤ ਅਣਗਹਿਲੀ ਕਾਰਨ ਮਾਂ ਅਤੇ ਨਵਜੰਮੀ ਧੀ ਦੀ ਜਾਨ ਖ਼ਤਰੇ ਵਿੱਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਔਰਤ ਨੇ ਸਬੰਧਤ ਡਾਕਟਰ ’ਤੇ ਉਸ ਨੂੰ ਪੈਸੇ ਦੇ ਕੇ ਮਾਮਲਾ ਰਫਾ ਦਫਾ ਕਰਨ ਦਾ ਦੋਸ਼ ਲਾਇਆ ਹੈ। ਪੀੜਤਾ ਰਾਵੀ ਪਤਨੀ ਜਸਪ੍ਰੀਤ ਸਿੰਘ ਵਾਸੀ ਮਾਹਿਲਪੁਰ ਨੇ ਕਿਹਾ ਕਿ ਉਹ ਜਣੇਪੇ ਲਈ ਅਵਤਾਰ ਨਰਸਿੰਗ ਹੋਮ ਮਾਹਿਲਪੁਰ ਵਿਖੇ ਦਾਖ਼ਲ ਹੋਈ ਸੀ, ਜਿੱਥੇ ਹਸਪਤਾਲ ਦੀ ਮਾਲਕ ਡਾਕਟਰ ਮਨਮੀਤ ਕੌਰ ਨੇ 30 ਹਜ਼ਾਰ ਰੁਪਏ ਵਿੱਚ ਜਣੇਪੇ ਕੀਤਾ ਅਤੇ ਉਸ ਨੇ ਕੁਝ ਦਿਨਾਂ ਬਾਅਦ ਆਪਣੀ ਨਵਜੰਮੀ ਲੜਕੀ ਨਾਲ ਹਸਪਤਾਲ ਤੋਂ ਛੁੱਟੀ ਲੈ ਲਈ। ਰਾਵੀ ਨੇ ਦੱਸਿਆ ਕਿ ਘਰ ਪਹੁੰਚਣ ਤੋਂ ਬਾਅਦ ਉਸ ਨੂੰ ਦਰਦ ਹੋਣ ਲੱਗਿਆ। ਉਸ ਨੇ ਡਾਕਟਰ ਮਨਮੀਤ ਕੌਰ ਨਾਲ ਸੰਪਰਕ ਕੀਤਾ ਤਾਂ ਡਾਕਟਰ ਦਵਾਈ ਦੇ ਦਿੱਤੀ। ਔਰਤ ਅਨੁਸਾਰ ਜ਼ਿਆਦਾ ਦਰਦ ਹੋਣ ’ਤੇ ਜਦੋਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜਾਂਚ ਕਰਵਾਈ ਤਾਂ ਉੱਥੇ ਸਪਸ਼ਟ ਹੋਇਆ ਕਿ ਉਸ ਦੇ ਇਲਾਜ ਵਿੱਚ ਅਣਗਹਿਲੀ ਕੀਤੀ ਗਈ ਹੈ। ਰਾਵੀ ਨੇ ਇਹ ਵੀ ਦੋਸ਼ ਲਾਇਆ ਕਿ ਨਵ ਜੰਮੀ ਧੀ ਦੇ ਜਨਮ ਸਰਟੀਫਿਕੇਟ ਦੇਣ ਲਈ ਵੀ ਉਸ ਕੋਲੋਂ 7 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਪੀੜਤ ਔਰਤ ਵੱਲੋਂ ਥਾਣਾ ਮਾਹਿਲਪੁਰ ਨੂੰ ਦਰਖ਼ਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਡਾਕਟਰ ਮਨਮੀਤ ਕੌਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮਰੀਜ਼ ਰਾਵੀ ਨੇ ਜਣੇਪੇ ਤੋਂ ਪਹਿਲਾਂ ਰਿਪੋਰਟਾਂ ਨੂੰ ਗੁਪਤ ਰੱਖਿਆ ਸੀ। ਇਸ ਬਾਰੇ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਰਾਵੀ ਦੇ ਬਿਆਨਾਂ ਦੇ ਅਧਾਰ ‘ਤੇ ਪੜਤਾਲ ਕੀਤੀ ਜਾ ਰਹੀ ਹੈ।