ਬੁਢਾਪੇ ਦੀਆਂ ਦੁਸ਼ਵਾਰੀਆਂ
ਮੁਖ਼ਤਾਰ ਗਿੱਲ
ਉਮਰ ਦੀ ਢਲਦੀ ਸ਼ਾਮ ਵਿੱਚ ਕਈ ਕਿਸਮ ਦੀਆਂ ਪਰੇਸ਼ਾਨੀਆਂ, ਇਕੱਲਤਾ, ਚਿੰਤਾ ਤੇ ਤਣਾਅ ਅਕਸਰ ਜਾਨਲੇਵਾ ਸਾਬਤ ਹੁੰਦਾ ਹੈ। ਪੀੜ੍ਹੀ ਦੇ ਪਾੜੇ ਦੀ ਜੀਵਨਸ਼ੈਲੀ ਵਿੱਚ ਆਏ ਬਦਲਾਅ ਕਾਰਨ ਬਜ਼ੁਰਗ ਅਸੁਰੱਖਿਅਤ ਮਹਿਸੂਸ ਕਰਦੇ ਹਨ। ਕਦੀ ਸਾਂਝੇ ਪਰਿਵਾਰਾਂ ਦੀ ਆਨ ਤੇ ਸ਼ਾਨ ਰਹੇ ‘ਖੂੰਡੇ ਵਾਲੇ ਬਜ਼ੁਰਗ’ ਆਪਣੀ ਆਰਥਿਕ ਸਥਿਤੀ ਕਰਕੇ ਆਪਣੇ ਨੂੰਹਾਂ-ਪੁੱਤਾਂ ਵੱਲੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਹਨ। ਇਹ ਸਮੱਸਿਆ ਦੇਸ਼ ਦੇ 80 ਫੀਸਦ ਬਜ਼ੁਰਗਾਂ ਦੀ ਹੈ ਜਿਹੜੇ ਇਕਲਾਪਾ ਹੰਢਾ ਰਹੇ ਹਨ।
ਆਰਥਿਕ ਸਾਮਰਾਜਵਾਦ, ਭੂਮੰਡਲੀਕਰਨ, ਉਦਾਰੀਕਰਨ ਅਤੇ ਵਧਦੇ ਉਦਯੋਗੀਕਰਨ ਨੇ ਵਰਤਮਾਨ ਵਿੱਚ ਬੁਢਾਪੇ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਟੁੱਟ ਗਏ ਸਾਂਝੇ ਪਰਿਵਾਰਾਂ ਕਰਕੇ ਘਰਾਂ ਦੇ ਬਜ਼ੁਰਗ ਇਕੱਲਤਾ ਦੇ ਮਾਰੂ ਰੋਗ ਦੀ ਲਪੇਟ ਵਿੱਚ ਆ ਗਏ ਹਨ। ਭਾਰਤੀ ਸੱਭਿਆਚਾਰ ਵਿੱਚ ਬਜ਼ੁਰਗਾਂ ਨੂੰ ਤਜਰਬਿਆਂ ਦਾ ਖ਼ਜ਼ਾਨਾ ਮੰਨਿਆ ਜਾਂਦਾ ਰਿਹਾ ਹੈ, ਪਰ ਬੁਢਾਪਾ ਅੱਜਕੱਲ੍ਹ ਇਸ ਕਦਰ ਚਿੰਤਾਗ੍ਰਸਤ ਹੋ ਚੁੱਕਾ ਹੈ ਕਿ ਬਜ਼ੁਰਗ ਆਪਣੇ ਪਰਿਵਾਰ ਅਤੇ ਸਮਾਜ ਦੀ ਬੇਰੁਖੀ, ਦੁਰਵਿਹਾਰ ਤੇ ਲਾਪਰਵਾਹੀ ਸਮੇਤ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਭਾਰਤੀ ਸਮਾਜ ਵਿੱਚ ਸਾਂਝੇ ਪਰਿਵਾਰਾਂ ਦੀ ਆਪਣੀ ਮਹੱਤਤਾ ਨੂੰ ਅਜੋਕੀ ਪੀੜ੍ਹੀ ਨਜ਼ਰਅੰਦਾਜ਼ ਕਰ ਚੁੱਕੀ ਹੈ।
ਆਰਥਿਕ ਲੋੜਾਂ ਲਈ ਦੇਸ਼ ਦੇ 48 ਪ੍ਰਤੀਸ਼ਤ ਬਜ਼ੁਰਗ ਮਾਪੇ ਪੂਰੀ ਤਰ੍ਹਾਂ ਆਪਣੇ ਬੱਚਿਆਂ ’ਤੇ ਨਿਰਭਰ ਹਨ ਕਿਉਂਕਿ ਉਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। 34 ਫੀਸਦ ਬਜ਼ੁਰਗ ਪੈਨਸ਼ਨ ਤੇ ਜਮਾਂ ਪੂੰਜੀ ਦੇ ਸਿਰ ’ਤੇ ਗੁਜ਼ਾਰਾ ਕਰ ਰਹੇ ਹਨ। ਇਹ ਵੀ ਕੌੜਾ ਸੱਚ ਹੈ ਕਿ 2050 ਵਿੱਚ ਹਰ ਚੌਥਾ ਵਿਅਕਤੀ ਬਜ਼ੁਰਗ ਹੋਵੇਗਾ। ਉਪਭੋਗਤਾਵਾਦੀ ਸੰਸਕ੍ਰਿਤੀ ਦੇ ਭਾਰੂ ਹੋਣ ਕਰਕੇ 60 ਪ੍ਰਤੀਸ਼ਤ ਬਜ਼ੁਰਗ ਪਰਿਵਾਰਕ ਤਸੀਹੇ ਤੇ ਤਸ਼ੱਦਦ ਸਹਿਣ ਲਈ ਮਜਬੂਰ ਹਨ। 50 ਪ੍ਰਤੀਸ਼ਤ ਬਜ਼ੁਰਗ ਔਰਤਾਂ ਨੂੰ ਸਰੀਰਕ ਹਿੰਸਾ, 46 ਫੀਸਦ ਨੂੰ ਬੇਇੱਜ਼ਤੀ ਅਤੇ 40 ਫੀਸਦ ਨੂੰ ਭਾਵਨਾਤਮਕ ਤਸੀਹੇ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਆਰਥਿਕ ਤੰਗੀ, ਕੁੱਟਮਾਰ ਅਤੇ ਹਿੰਸਾ ਇਸ ਵਿੱਚ ਸ਼ਾਮਲ ਹੈ, ਪ੍ਰੰਤੂ ਨਿਆਂ ਵਿਵਸਥਾ ਵਿੱਚ ਇਸ ਨੂੰ ਸਾਧਾਰਨ ਅਪਰਾਧ ਮੰਨਿਆ ਜਾਂਦਾ ਹੈ। ਪਿੰਡਾਂ ਵਿੱਚ ਰਹਿਣ ਵਾਲੇ 75 ਫੀਸਦ ਬਜ਼ੁਰਗ ਪਰਿਵਾਰਕ ਹਿੰਸਾ ਦੇ ਸ਼ਿਕਾਰ ਹਨ। ਉਨ੍ਹਾਂ ਨੂੰ ਕਾਨੂੰਨੀ ਸੁਰੱਖਿਆ ਨਹੀਂ ਮਿਲਦੀ। ਦੋ ਜੂਨ ਦੀ ਰੋਟੀ ਲਈ ਪਰਿਵਾਰਕ ਮੈਂਬਰ ਉਨ੍ਹਾਂ ਤੋਂ ਮਜ਼ਦੂਰਾਂ ਵਾਂਗ ਕੰਮ ਲੈਂਦੇ ਹਨ। ਇੱਕ ਤੋਂ ਵੱਧ ਪੁੱਤਰ ਹੋਣ ਦੀ ਸੂਰਤ ਵਿੱਚ ਉਹ ਆਪਣੇ ਬਜ਼ੁਰਗ ਮਾਂ-ਬਾਪ ਦਾ ਬਟਵਾਰਾ ਕਰ ਲੈਂਦੇ ਹਨ। ਇੱਕ ਦੇ ਹਿੱਸੇ ਮਾਂ ਅਤੇ ਇੱਕ ਦੇ ਹਿੱਸੇ ਬਾਪ ਆਉਂਦਾ ਹੈ, ਪ੍ਰੰਤੂ ਕਈ ਸਾਲਾਂ ਤੋਂ ਇਕੱਠੇ ਰਹਿਣ ਅਤੇ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਥੀ ਰਹੇ ਬਜ਼ੁਰਗ ਮਾਪੇ ਇੱਕਲਾਪੇ ਵਾਲੀ ਜ਼ਿੰਦਗੀ ਬਸ਼ਰ ਕਰਨ ਲਈ ਮਜਬੂਰ ਹੁੰਦੇ ਹਨ। ਮਾਮੂਲੀ ਜਿਹੀ ਮਿਲਣ ਵਾਲੀ ਬੁਢਾਪਾ ਪੈਨਸ਼ਨ ਨਾਲ ਮਹੀਨਾ ਭਰ ਭੋਜਨ ਤੇ ਦਵਾਈ ਆਦਿ ਦੇ ਖ਼ਰਚੇ ਚੁੱਕਣੇ ਅਸੰਭਵ ਹੀ ਨਹੀਂ ਮੁਸ਼ਕਿਲ ਵੀ ਹਨ।
45 ਫੀਸਦ ਦਿਹਾਤੀ ਆਬਾਦੀ ਲਈ ਸਿਹਤ ਸੇਵਾਵਾਂ ਉਪਲੱਬਧ ਹੀ ਨਹੀਂ ਹਨ। ਉਹ ਕਈ ਕਈ ਕਿਲੋਮੀਟਰ ਦਾ ਜ਼ੋਖਮ ਭਰਿਆ ਪੈਂਡਾ ਤੈਅ ਕਰਕੇ ਸਰਕਾਰੀ ਹਸਪਤਾਲ ਪਹੁੰਚਦੇ ਹਨ, ਪਰ ਉੱਥੇ ਨਾ ਤਾਂ ਡਾਕਟਰ ਤੇ ਨਾ ਹੀ ਦਵਾਈਆਂ ਹੁੰਦੀਆਂ ਹਨ। ਨਿੱਜੀ ਹਸਪਤਾਲਾਂ ਦਾ ਮਹਿੰਗਾ ਇਲਾਜ ਉਨ੍ਹਾਂ ਦੀ ਮਾਲੀ ਸਮਰੱਥਾ ਤੋਂ ਬਾਹਰ ਹੈ। ਇਸ ਲਈ ਵੱਡੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਦੇ ਆਸਰੇ ਇਹ ਦਿਨ ਕੱਟਦੇ ਹਨ ਤੇ ਤਰਲੇ ਮਿੰਨਤਾਂ ਕਰ ਕੇ ਦਵਾ ਦਾਰੂ ਲੈਂਦੇ ਹਨ। ਇੱਕ ਸਰਵੇ ਅਨੁਸਾਰ ਸੇਵਾਮੁਕਤ ਬਜ਼ੁਰਗਾਂ ਦੀ 20 ਫੀਸਦ ਪੈਨਸ਼ਨ ਦੀ ਰਕਮ ਸਿਹਤ ਸਬੰਧੀ ਲੋੜਾਂ ’ਤੇ ਖ਼ਰਚ ਹੋ ਜਾਂਦੀ ਹੈ ਜਦਕਿ 53 ਫੀਸਦ ਬਜ਼ੁਰਗ ਆਪਣੀ ਜਮਾਂ ਰਾਸ਼ੀ ਸਿਹਤ ਸੇਵਾਵਾਂ ’ਤੇ ਖ਼ਰਚ ਕਰਨ ਲਈ ਮਜਬੂਰ ਹੁੰਦੇ ਹਨ। ਭਾਰਤੀ ਰੇਲਵੇ ਨੇ ਬਜ਼ੁਰਗਾਂ ਨੂੰ ਕਿਰਾਏ ਵਿੱਚ ਮਿਲਣ ਵਾਲੀ ਰਿਆਇਤ ਵੀ ਬੰਦ ਕਰ ਦਿੱਤੀ ਹੈ।
ਅੱਜ ਭਾਰਤ ਵਿੱਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਜ਼ਿਆਦਾਤਰ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਦਾ ਰੁਤਬਾ ਪ੍ਰਾਪਤ ਕਰਨ ਦੇ ਅਧਿਕਾਰਾਂ ਬਾਰੇ ਪਤਾ ਨਹੀਂ। ਜੇਕਰ ਉਨ੍ਹਾਂ ਨਾਲ ਘਰ ਵਿੱਚ ਮਾੜਾ ਵਰਤਾਓ ਹੁੰਦਾ ਹੈ ਤਾਂ ਇਸ ਵਿਰੁੱਧ ਕਾਰਵਾਈ ਲਈ ਉਚਿੱਤ ਮੰਚ ਕਿਹੜਾ ਹੈ? ਸੰਵਿਧਾਨ ਨੇ ਉਨ੍ਹਾਂ ਨੂੰ ਕਿਹੜੇ ਅਧਿਕਾਰ ਦਿੱਤੇ ਹਨ? ਇਸ ਸਭ ਤੋਂ ਉਹ ਅਣਜਾਣ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ। ਬਜ਼ੁਰਗਾਂ ਦੇ ਵਿਆਹੇ ਬੇਟੇ-ਬੇਟੀ ਦੇ ਪਰਿਵਾਰਾਂ ਦੀ ਉਨ੍ਹਾਂ ’ਤੇ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਪਿਤਾ ਨੂੰ ਪੁੱਤਰਾਂ ਦੇ ਕਰਜ਼ ਚੁਕਾਉਣੇ ਵੀ ਜ਼ਰੂਰੀ ਨਹੀਂ। ਪਿਤਾ ਹਿੰਸਾ ਜਾਂ ਬੁਰਾ ਵਿਹਾਰ ਕਰਨ ਵਾਲੇ ਨੂੰਹਾਂ ਪੁੱਤਾਂ, ਪੋਤਰਿਆਂ, ਬੇਟੀ ਤੇ ਦੋਹਤਿਆਂ ਨੂੰ ਆਪਣੀ ਵਿਰਾਸਤ ਤੋਂ ਬੇਦਖਲ ਕਰ ਸਕਦੇ ਹਨ। ਬਿਰਧ ਅਵਸਥਾ ਵਿੱਚ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ, ਤੀਰਥ ਸਥਾਨਾਂ ਦੀ ਯਾਤਰਾ ਬਹਾਨੇ ਘਰੋਂ ਕੱਢ ਦੇਣ ਦਾ ਡਰ ਵੀ ਸਤਾਉਂਦਾ ਹੈ।
ਹੈਲਪ ਏਜ਼ ਇੰਡੀਆ ਮੁਤਾਬਿਕ ਬਜ਼ੁਰਗਾਂ ਨਾਲ ਦੁਰਵਿਹਾਰ ਲਈ ਪਰਿਵਾਰ ਹੀ ਜ਼ਿੰਮੇਵਾਰ ਹੁੰਦਾ ਹੈ। ਇਸ ਦੇ ਅਨੁਸਾਰ 33 ਪ੍ਰਤੀਸ਼ਤ ਬਜ਼ੁਰਗਾਂ ਨੂੰ ਆਪਣੇ ਪੁੱਤਰਾਂ, 21 ਫੀਸਦ ਨੂੰ ਨੂੰਹਾਂ ਵੱਲੋਂ ਕੀਤੀ ਬੇਇੱਜ਼ਤੀ ਦੇ ਸ਼ਿਕਾਰ ਹੋਣਾ ਪੈਂਦਾ ਹੈ। 40 ਫੀਸਦ ਬੇਟੇ, 27 ਫੀਸਦ ਨੂੰਹਾਂ, 31 ਪ੍ਰਤੀਸ਼ਤ ਰਿਸ਼ਤੇਦਾਰ, 16 ਫੀਸਦ ਔਰਤਾਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹਨ, 50 ਫੀਸਦ ਅਪਮਾਨ ਤੇ 46 ਫੀਸਦ ਮਨੋਵਿਗਿਆਨਕ ਸ਼ੋਸ਼ਣ ਦੀ ਚਪੇਟ ਵਿੱਚ ਹਨ। ਬਜ਼ੁਰਗਾਂ ਪ੍ਰਤੀ ਬਦਲ ਰਹੇ ਸਮਾਜਿਕ ਵਰਤਾਰੇ ਦਾ ਕਾਰਨ ਪਦਾਰਥਵਾਦੀ ਸੋਚ, ਇਕਹਿਰੇ ਪਰਿਵਾਰ ਅਤੇ ਸਿੱਖਿਆ ਦੀ ਘਾਟ ਹੈ। ਅੱਜ ਰਿਸ਼ਤਿਆਂ ਤੋਂ ਪਹਿਲਾਂ ਦੌਲਤ ਤੇ ਜਾਇਦਾਦ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵਿਸ਼ਵ ਬਜ਼ੁਰਗ ਅੱਤਿਆਚਾਰ ਦਿਵਸ (14 ਜੂਨ) ਤੋਂ ਪਹਿਲਾਂ ਇੱਕ ਸੰਗਠਨ ਵੱਲੋਂ ਜਾਰੀ ਕੀਤੇ ਸਰਵੇਖਣ ਮੁਤਾਬਿਕ ਦੋ ਤਿਹਾਈ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹ ਨੂੰਹਾਂ-ਪੁੱਤਾਂ ਤੇ ਪਰਿਵਾਰ ਵੱਲੋਂ ਤਸ਼ੱਦਦ, ਅਪਮਾਨ ਦਾ ਸਾਹਮਣਾ ਕਰਦੇ ਹਨ। ਅੱਜ ਅਸੀਂ (ਨਵੀਂ ਪੀੜ੍ਹੀ) ਜੋ ਵੀ ਹਾਂ ਆਪਣੇ ਘਰਾਂ ਦੇ ਬਜ਼ੁਰਗਾਂ ਦੀ ਬਦੌਲਤ ਹਾਂ। ਉਨ੍ਹਾਂ ਦੇ ਤਜਰਬਿਆਂ ਤੇ ਸਿੱਖਿਆਵਾਂ ਨਾਲ ਹੀ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹਾਂ। ਇਸ ਤਰ੍ਹਾਂ ਜੇ ਬਜ਼ੁਰਗਾਂ ਨੂੰ ਆਪਣਾਪਣ ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ, ਉਨ੍ਹਾਂ ਦੀ ਪਸੰਦ ਨਾਪਸੰਦ ਦਾ ਖ਼ਿਆਲ ਰੱਖਿਆ ਜਾਵੇ ਤਾਂ ਉਹ ਘਰ ਬੜੇ ਮਹੱਤਵਪੂਰਨ ਸਿੱਧ ਹੋਣਗੇ। ਬੁਢਾਪੇ ਵਿੱਚ ਨਾ ਸਿਰਫ਼ ਪਰਿਵਾਰ ਬਲਕਿ ਸਮਾਜ ਨੂੰ ਵੀ ਅਣਦੇਖੀ ਕਰਨ ਦੀ ਥਾਂ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ।
ਇਹ ਉਹ ਸਮਾਂ ਹੁੰਦਾ ਹੈ ਜਦੋਂ ਆਪਣੇ ਹੱਥੀਂ ਲਾਏ ਪੌਦਿਆਂ ਦੀ ਗੂੜ੍ਹੀ ਛਾਂ ਮਾਣੀ ਜਾ ਸਕੇ, ਪਰ ਸਵਾਰਥਪੁਣਾ ਏਨਾ ਭਾਰੂ ਹੋ ਚੁੱਕਾ ਹੈ ਕਿ ਪੈਸੇ ਤੇ ਜਾਇਦਾਦ ਤੋਂ ਬਿਨਾਂ ਕੁਝ ਵਿਖਾਈ ਨਹੀਂ ਦਿੰਦਾ। ਜੇ ਆਪਣੇ ਬਜ਼ੁਰਗਾਂ ਦੀ ਸਾਂਭ ਸੰਭਾਲ ਪਹਿਲਾਂ ਵਾਂਗ ਹੀ ਸੁਚੱਜੇ ਢੰਗ ਨਾਲ ਹੋਵੇ ਤਾਂ ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਵਿਦਿਆ ਤੱਕ ਕਿਤਾਬੀ ਪੜ੍ਹਾਈ ਦੇ ਨਾਲ ਬਜ਼ੁਰਗਾਂ ਦੀ ਦੇਖਭਾਲ ਲਈ ਨੈਤਿਕ ਸਿੱਖਿਆ ਪਾਠਕ੍ਰਮਾਂ ਵਿੱਚ ਸ਼ਾਮਲ ਕੀਤੀ ਜਾਵੇ।
ਸੰਪਰਕ: 98140-82217