For the best experience, open
https://m.punjabitribuneonline.com
on your mobile browser.
Advertisement

ਮੂਸੇਵਾਲਾ ਕਤਲ ਕੇਸ ਦੇ ਗਵਾਹ ਨੇ ਛੇ ਮੁਲਜ਼ਮ ਪਛਾਣੇ

07:13 AM Aug 31, 2024 IST
ਮੂਸੇਵਾਲਾ ਕਤਲ ਕੇਸ ਦੇ ਗਵਾਹ ਨੇ ਛੇ ਮੁਲਜ਼ਮ ਪਛਾਣੇ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਗਸਤ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੋ ਪ੍ਰਮੁੱਖ ਗਵਾਹਾਂ ’ਚੋਂ ਇੱਕ ਗੁਰਪ੍ਰੀਤ ਸਿੰਘ ਨੇ ਅੱਜ ਮਾਨਸਾ ਦੀ ਹੇਠਲੀ ਅਦਾਲਤ ਵਿੱਚ ਚਾਰ ਸ਼ੂਟਰਾਂ ਸਣੇ ਛੇ ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਦੋਂ ਕਿ ਅਦਾਲਤ ਵਿੱਚ ਕੁੱਲ ਸੱਤ ਮੁਲਜ਼ਮ ਪੇਸ਼ ਕੀਤੇ ਗਏ। ਇਹ ਗਵਾਹ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਵੇਲੇ ਥਾਰ ਵਿੱਚ ਸਵਾਰ ਸੀ। ਜ਼ਿਕਰਯੋਗ ਹੈ 29 ਮਈ, 2022 ਨੂੰ ਛੇ ਸ਼ੂਟਰਾਂ ਨੇ ਮੂਸੇਵਾਲਾ ਦੀ ਉਦੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਪਿੰਡ ਮੂਸਾ ਤੋਂ ਜਵਾਹਰਕੇ ਜਾ ਰਿਹਾ ਸੀ। ਇਸ ਮੌਕੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ, ਮੂਸੇਵਾਲਾ ਨਾਲ ਜਾ ਰਹੇ ਸਨ ਅਤੇ ਇਸ ਘਟਨਾ ਵਿੱਚ ਉਨ੍ਹਾਂ ਨੂੰ ਵੀ ਗੋਲੀਆਂ ਲੱਗੀਆਂ ਸਨ।
ਪਿਛਲੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੇ ਗੁਰਪ੍ਰੀਤ ਸਿੰਘ ਵੱਲੋਂ ਮੁਲਜ਼ਮਾਂ ਨੂੰ ਪੇਸ਼ ਕਰਨ ਲਈ ਅਰਜ਼ੀ ਦਾਇਰ ਕੀਤੀ ਗਈ ਸੀ ਤਾਂ ਕਿ ਉਹ ਉਨ੍ਹਾਂ ਦੀ ਪਛਾਣ ਕਰ ਸਕੇ। ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ’ਤੇ ਉਨ੍ਹਾਂ ਦੇ ਚਿਹਰੇ ਸਪੱਸ਼ਟ ਦਿਖਾਈ ਨਹੀਂ ਦਿੰਦੇ ਸਨ। ਇਸ ਤੋਂ ਬਾਅਦ ਪੰਜਾਬ ਪੁਲੀਸ ਨੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸੱਤ ਮੁਲਜ਼ਮਾਂ ਪ੍ਰਿਆਵਰਤ ਫ਼ੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ, ਕਸ਼ਿਸ਼ ਉਰਫ਼ ਕੁਲਦੀਪ, ਸੰਦੀਪ ਸਿੰਘ ਉਰਫ਼ ਕੇਕੜਾ, ਕੇਸ਼ਵ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਨੂੰ ਅੱਜ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ। ਗਵਾਹ ਗੁਰਪ੍ਰੀਤ ਸਿੰਘ ਨੇ ਅੱਜ ਚਾਰ ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਦੀ ਪਛਾਣ ਕੀਤੀ। ਚਸ਼ਮਦੀਦ ਨੇ ਸੰਦੀਪ ਕੇਕੜਾ ਅਤੇ ਕੇਸ਼ਵ ਦੀ ਪਛਾਣ ਵੀ ਕੀਤੀ। ਸੰਦੀਪ ਨੇ ਰੇਕੀ ਕੀਤੀ ਸੀ ਅਤੇ ਗੈਂਗਸਟਰ ਗੋਲਡੀ ਬਰਾੜ ਨੂੰ ਕਤਲ ਵਾਲੇ ਦਿਨ ਮੂਸੇਵਾਲਾ ਦੇ ਘਰੋਂ ਹਰ ਪੱਖ ਦੀ ਅਸਲ ਜਾਣਕਾਰੀ ਦਿੱਤੀ ਸੀ। ਅਦਾਲਤ ਨੇ ਪੁਲੀਸ ਨੂੰ ਅਗਲੀ ਸੁਣਵਾਈ ’ਤੇ ਥਾਰ ਅਤੇ ਏਕੇ-47 ਅਦਾਲਤ ’ਚ ਪੇਸ਼ ਕਰਨ ਦੇ ਨਿਰਦੇਸ਼ ਦਿੰਦਿਆਂ ਮਾਮਲੇ ਦੀ ਅਗਲੀ ਤਰੀਕ 13 ਸਤੰਬਰ ਨਿਰਧਾਰਤ ਕੀਤੀ। ਮੂਸੇਵਾਲਾ ਕਤਲ ਕੇਸ ਵਿੱਚ ਹਾਲੇ ਦੂਜੇ ਗਵਾਹ ਗੁਰਵਿੰਦਰ ਸਿੰਘ ਵਜੋਂ ਅਦਾਲਤ ਵਿੱਚ ਗਵਾਹੀ ਦੇਣੀ ਬਾਕੀ ਹੈ।

Advertisement

ਬਿਸ਼ਨੋਈ ਦੀ ਫੋਨ ਇੰਟਰਵਿਊ ਲੈਣ ਵਾਲੇ ਪੱਤਰਕਾਰ ਨੂੰ ‘ਸੁਪਰੀਮ’ ਰਾਹਤ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੋਬਾਈਲ ਫੋਨ ਇੰਟਰਵਿਊਜ਼ ਨਾਲ ਸਬੰਧਤ ਕੇੇਸ ਵਿਚ ਕੋਰਟ ਦੀ ਨਿਗਰਾਨੀ ਹੇਠ ‘ਸਿਟ’ ਜਾਂਚ ਦਾ ਸਾਹਮਣਾ ਕਰ ਰਹੇ ਪ੍ਰਾਈਵੇਟ ਨਿਊਜ਼ ਚੈਨਲ ਦੇ ਐਂਕਰ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ ਹੈ। ਬਿਸ਼ਨੋਈ, ਜੋ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਹੈ, ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਮੁੰਬਈ ਵਿਚਲੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਘਟਨਾ ਦਾ ਕਥਿਤ ਮੁੱਖ ਸਾਜ਼ਿਸ਼ਘਾੜਾ ਹੈ। ਬਿਸ਼ਨੋਈ ਨੇ ਨਿਊਜ਼ ਚੈਨਲ ਦੇ ਐਂਕਰ ਨੂੰ ਮੋਬਾਈਲ ਫੋਨ ’ਤੇ ਵੀਡੀਓ ਇੰਟਰਵਿਊਜ਼ ਦਿੱਤੀਆਂ ਸਨ।
ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਪੱਤਰਕਾਰ ਦਾ ਇਰਾਦਾ ਭਾਵੇਂ ਅਪਰਾਧੀਆਂ ਦਾ ਪਰਦਾਫਾਸ਼ ਕਰਨਾ ਸੀ ਪਰ ਜੇਲ੍ਹ ਵਿਚ ਬੰਦ ਸ਼ਖ਼ਸ ਦੀ ਇੰਟਰਵਿਊ ਲੈਣੀ ‘ਜੇਲ੍ਹ ਨੇਮਾਂ ਦੀ ਗੰਭੀਰ ਉਲੰਘਣਾ ਹੈ।’ ਕੋਰਟ ਨੇ ਪਟੀਸ਼ਨਰ ਦੇ ਵਕੀਲ ਨੂੰ ਕਿਹਾ, ‘...ਇਕ ਪੱਧਰ ’ਤੇ, ਸ਼ਾਇਦ ਤੁਹਾਡੇ ਮੁਵੱਕਿਲ, ਜੋ ਇੰਟਰਵਿਊ ਲੈਣਾ ਚਾਹੁੰਦਾ ਸੀ, ਨੇ ਜੇਲ੍ਹ ਦੇ ਕੁਝ ਨੇਮਾਂ ਦੀ ਉਲੰਘਣਾ ਕੀਤੀ ਹੋ ਸਕਦੀ ਹੈ।’ ਸੁਪਰੀਮ ਕੋਰਟ ਨੇ ਨਿਊਜ਼ ਚੈਨਲ ਵੱਲੋਂ ਜਾਰੀ ਪਟੀਸ਼ਨ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈਪੀਐੱਸ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਸਰਬਉੱਚ ਕੋਰਟ ਨੇ ਨਿਊਜ਼ ਚੈਨਲ ਤੇ ਐਂਕਰ ਵੱਲੋਂ ਪੇਸ਼ ਸੀਨੀਅਰ ਵਕੀਲਾਂ ਮੁਕੁਲ ਰੋਹਤਗੀ ਤੇ ਆਰਐੱਸ ਚੀਮਾਂ ਦੀਆਂ ਦਲੀਲਾਂ ਦਾ ਵੀ ਨੋਟਿਸ ਲਿਆ ਕਿ ਪੱਤਰਕਾਰ, ਜਿਸ ਨੂੰ ਸਟਿੰਗ ਅਪਰੇਸ਼ਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਨੂੰ ਗ੍ਰਿਫ਼ਤਾਰ ਨਾ ਕਰੇ। ਸੀਜੇਆਈ ਨੇ ਕਿਹਾ, ‘ਦੂਜਾ ਪਟੀਸ਼ਨਰ (ਨਿਊਜ਼ ਐਂਕਰ) ਸਿਟ ਨੂੰ ਜਾਂਚ ਵਿਚ ਸਹਿਯੋਗ ਦੇਵੇ। ਅਸੀਂ ਹੁਕਮ ਦਿੰਦੇ ਹਾਂ ਕਿ ਇਸ ਕੋਰਟ ਵੱਲੋਂ ਅਗਲੇ ਹੁਕਮਾਂ ਤੱਕ ਉਸ ਖਿਲਾਫ਼ ਕੋਈ ਸਖ਼ਤ ਕਦਮ ਨਾ ਚੁੱਕਿਆ ਜਾਵੇ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement