ਜੇਤੂ ਪਹਿਲਵਾਨ ਜੰਮੂ ਨੂੰ ਮਿਲਿਆ 1.31 ਲੱਖ ਦਾ ਇਨਾਮ
ਪੱਤਰ ਪ੍ਰੇਰਕ
ਪਠਾਨਕੋਟ, 4 ਨਵੰਬਰ
ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਦੌਲਤਪੁਰ ਜੱਟਾਂ ਵਿੱਚ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਲੇ ਵਿੱਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਦੇ ਪਹਿਲਵਾਨਾਂ ਨੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ।
ਮਾਲੀ ਦੀ ਕੁਸ਼ਤੀ ਵਿਨਯਾ ਜੰਮੂ ਅਤੇ ਧਰਮਿੰਦਰ ਕੋਹਾਲ ਵਿਚਕਾਰ ਹੋਈ ਜਿਸ ਵਿੱਚ ਜੰਮੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਲੀ ਦੀ ਕੁਸ਼ਤੀ ’ਤੇ ਕਬਜ਼ਾ ਕੀਤਾ। ਇਸ ਮੌਕੇ ਜੇਤੂ ਪਹਿਲਵਾਨ ਵਿਨਯਾ ਜੰਮੂ ਨੂੰ 1 ਲੱਖ 31 ਹਜ਼ਾਰ ਰੁਪਏ ਅਤੇ ਉਪ-ਜੇਤੂ ਧਰਮਿੰਦਰ ਕੋਹਾਲ ਪਹਿਲਵਾਨ ਨੂੰ 70 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ ਗਈ। ਇਸ ਦੇ ਇਲਾਵਾ 70 ਤੋਂ ਵੱਧ ਹੋਰ ਕੁਸ਼ਤੀਆਂ ਵੀ ਕਰਵਾਈਆਂ ਗਈਆਂ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਦਿੱਤੇ ਗਏ। ਮੁੱਖ ਮਹਿਮਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਛਿੰਝ ਮੇਲਾ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਦਾ ਅਹਿਮ ਹਿੱਸਾ ਹੈ। ਇਸ ਮੌਕੇ ਕੌਸ਼ਲ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ, ਰਮੇਸ਼ ਲਵਲੀ, ਨਰਿੰਦਰ ਕੋਹਾਲ, ਸਮੀਰ ਸਿੰਘ, ਲਾਲ ਸਿੰਘ, ਰਾਕੇਸ਼ ਕੁਮਾਰ ਤੇ ਪ੍ਰਵੀਨ ਸਿੰਘ ਆਦਿ ਹਾਜ਼ਰ ਸਨ।