ਜੇਤੂ ਸਰਪੰਚ ਨੇ ਹਾਰਨ ਵਾਲੇ ਦੇ ਘਰ ਜਾ ਕੇ ਮਨਾਈ ਖੁਸ਼ੀ
ਲਖਵਿੰਦਰ ਸਿੰਘ
ਮਲੋਟ, 17 ਅਕਤੂਬਰ
ਸਰਪੰਚੀ ਦੀਆਂ ਚੋਣਾਂ ਦੌਰਾਨ ਜਿਥੇ ਵੱਖ-ਵੱਖ ਪਿੰਡਾਂ ’ਚੋਂ ਲੜਾਈ-ਝਗੜੇ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ, ਉਥੇ ਕਈ ਪਿੰਡਾਂ ’ਚੋਂ ਆਪਸੀ ਭਾਈਚਾਰੇ ਦੀਆਂ ਮਿਸਾਲਾਂ ਪੇਸ਼ ਕਰਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਪਿੰਡ ਕੁਰਾਈਵਾਲਾ ਵਿੱਚ ਸਰਪੰਚੀ ਦੇ ਸਖ਼ਤ ਮੁਕਾਬਲੇ ਵਿੱਚ ਜਿੱਤੇ ਗੁਰਜੀਤ ਸਿੰਘ ਨੇ ਲੰਮੇਂ ਸਮੇਂ ਤੋਂ ਪਿੰਡ ’ਚ ਚੱਲੀ ਆ ਰਹੀ ਰੀਤ ਅਨੁਸਾਰ ਆਪਣੇ ਤੋਂ ਸਰਪੰਚੀ ਦੀ ਚੋਣ ਹਾਰਨ ਵਾਲੇ ਬਲਜੀਤ ਸਿੰਘ ਖਾਲਸਾ ਨੂੰ ਵਧਾਈ ਹੀ ਨਹੀਂ ਦਿੱਤੀ ਸਗੋਂ ਉਸ ਦੇ ਘਰ ਜਾ ਕੇ ਆਪਣੇ ਗਲ ’ਚੋਂ ਸਾਰੇ ਹਾਰ ਲਾਹ ਕੇ ਉਸ ਦੇ ਗਲ ਵਿੱਚ ਪਾ ਦਿੱਤੇ ਅਤੇ ਇੱਕ ਦੂਜੇ ’ਤੇ ਗੁਲਾਲ ਦੀ ਵਰਖਾ ਕੀਤੀ। ਇਸ ਮੌਕੇ ਪੰਚ ਸੁਖਮੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ। ਉਪਰੰਤ ਸਰਪੰਚ ਗੁਰਜੀਤ ਸਿੰਘ ਦੂਜੇ ਹਾਰੇ ਸਰਪੰਚ ਗੁਰਪ੍ਰੀਤ ਸਿੰਘ ਦੇ ਘਰ ਜਾਂਦੇ। ਉਸ ਤੋਂ ਪਹਿਲਾਂ ਹੀ ਗੁਰਪ੍ਰੀਤ ਸਿੰਘ ਸਰਪੰਚ ਗੁਰਜੀਤ ਸਿੰਘ ਦੇ ਘਰ ਪਹੁੰਚ ਗਏ ਅਤੇ ਉਸ ਦੀ ਖੁਸ਼ੀ ਵਿੱਚ ਸ਼ਰੀਕ ਹੋਏ। ਜ਼ਿਕਰਯੋਗ ਹੈ ਕਿ ਸਰਪੰਚ ਗੁਰਜੀਤ ਸਿੰਘ ਨੇ ਅਜਿਹਾ ਕਰਕੇ ਆਪਣੇ ਪਿੰਡ ਦੇ ਲੋਕਾਂ ਦਾ ਦਿਲ ਹੀ ਨਹੀਂ ਜਿੱਤਿਆ, ਸਗੋਂ ਪੂਰੇ ਪੰਜਾਬ ਵਿੱਚ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਦਾ ਸੁਨੇਹਾ ਵੀ ਦਿੱਤਾ ਹੈ। ਪਿੰਡ ਕੁਰਾਈਵਾਲਾ ਦੀ ਇਸ ਰੀਤ ਤੋਂ ਪ੍ਰਭਾਵਿਤ ਹੋ ਕੇ ਹੋਰ ਵੀ ਕਈ ਪਿੰਡਾਂ ਚੋਂ ਅਜਿਹੇ ਸੁਖਦ ਸੁਨੇਹੇ ਮਿਲ ਰਹੇ ਹਨ। ਇਸ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦੇ ਇਸ ਕਾਰਜ ਨੂੰ ਲੈ ਕੇ ਚੁਫੇਰੇ ਚਰਚਾਵਾਂ ਜ਼ੋਰਾਂ ’ਤੇ ਹਨ। ਉਧਰ ਕੁਰਾਈਵਾਲਾ ਦੇ ਸਰਪੰਚ ਗੁਰਜੀਤ ਸਿੰਘ ਨੇ ਆਪਣੇ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇੱਕ ਚੰਗੀ ਰੀਤ ਹੈ। ਇਸ ਨਾਲ ਪਿੰਡਾਂ ਵਿੱਚ ਆਪਸੀ ਭਾਈਚਾਰਾ ਤੇ ਪਿਆਰ ਵਧੇਗਾ ਅਤੇ ਚੋਣਾਂ ਦੌਰਾਨ ਵੀ ਲੜਾਈ ਝਗੜਿਆਂ ਦੇ ਮਸਲੇ ਘੱਟ ਹੋਣਗੇ।