ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੇਕਿਆਂ ਦੀ ਹਵਾ

10:28 AM Aug 20, 2023 IST

ਰਘੁਵੀਰ ਸਿੰਘ ਕਲੋਆ

Advertisement

ਕਥਾ ਪ੍ਰਵਾਹ

ਤੀਹ-ਬੱਤੀ ਕਿੱਲੋਮੀਟਰ ਦਾ ਇਹ ਸਫ਼ਰ ਅੱਜ ਬੜਾ ਲੰਮਾ ਹੋ ਗਿਆ ਸੀ। ਆਪਣੀ ਉਮਰ ਦੇ ਛਿਆਲੀ ਸਾਲਾਂ ਤੋਂ, ਪਿਛਲੀ ਸਦੀ ਤੱਕ। ਪਚਾਸੀ ਕੁ ਵਰ੍ਹਿਆਂ ਦੀ ਤਾਂ ਭੂਆ ਹੋਣੀ ਏ ਤੇ ਕੁਝ ਉਸ ਕੋਲੋਂ ਸੁਣੀਆਂ ਉਸ ਤੋਂ ਵੀ ਪਿਛਲੀਆਂ। ਇਨ੍ਹਾਂ ਸਭ ਹੰਢਾਈਆਂ ਤੇ ਸੁਣੀਆਂ-ਸੁਣਾਈਆਂ ਨੇ ਹੀ ਇਹ ਸਫ਼ਰ ਅੱਜ ਇੰਨਾ ਲੰਮਾ ਕਰ ਦਿੱਤਾ ਸੀ। ਭੂਆ ਦੀ ਉਮਰ ਪਚਾਸੀ ਕੁ ਵਰ੍ਹੇ, ਇਹ ਵੀ ਤਾਂ ਅੰਦਾਜ਼ਾ ਹੀ ਸੀ। ਉਸ ਜ਼ਮਾਨੇ ’ਚ ਕਿਹੜਾ ਕੋਈ ਕੁੜੀਆਂ ਦੇ ਜਨਮ-ਪੱਤਰੇ ਬਣਾਉਂਦਾ ਸੀ, ਹਾਂ ਮੇਰੇ ਪਿਤਾ ਜੀ ਦੀ ਉਮਰ ਪ੍ਰਮਾਣਿਤ ਸੀ, ਸਕੂਲ ਦੇ ਪੱਕੇ ਸਰਟੀਫ਼ਿਕੇਟ ਕਰਕੇ। ਪਿਤਾ ਜੀ ਦੇ ਬਾਕੀ ਭੈਣ-ਭਰਾਵਾਂ ਦੀ ਉਮਰ ਇਸੇ ਪ੍ਰਮਾਣਿਤ ਮਿਤੀ ਤੋਂ ਅੰਦਾਜ਼ਾ ਲਾ ਕੇ ਕੱਢੀ ਜਾਂਦੀ ਸੀ ਤੇ ਇਸੇ ਅੰਦਾਜ਼ੇ ਨਾਲ ਭੂਆ ਪਚਾਸੀ ਕੁ ਵਰ੍ਹਿਆਂ ਦੇ ਨੇੜੇ ਢੁੱਕਦੀ ਸੀ।
‘‘ਦਿਆਲ ਨੂੰ ਤਾਂ ਮੈਂ ਹੱਥੀਂ ਖਿਡਾਇਆ, ਕੁੱਛੜ ਚੁੱਕ ਕੇ।’’ ਭੂਆ ਮੇਰੇ ਪਿਤਾ ਦਾ ਇਹ ਛੋਟਾ ਨਾਂ ਲੈ ਕੇ ਜਦੋਂ ਇੰਜ ਆਖ਼ਦੀ ਤਾਂ ਅਸੀਂ ਭੈਣ-ਭਰਾ ਬੜੇ ਹੈਰਾਨ ਹੁੰਦੇ। ਘਰ ’ਚ ਪਿਤਾ ਜੀ ਦਾ ਇਹ ਛੋਟਾ ਨਾਂ ਹੋਰ ਲੈਣਾ ਵੀ ਕਿਸ ਨੇ ਸੀ। ਦਾਦੀ ਦਾ ਬਚਪਨ ’ਚ ਵੇਖਿਆ ਬੱਸ ਥੋੜ੍ਹਾ ਜਿਹਾ ਝਉਲਾ ਹੀ ਸੀ ਤੇ ਬਾਬਾ ਅਸਾਂ ਬੱਚਿਆਂ ਤਾਂ ਕੀ ਵੇਖਣਾ, ਪਿਤਾ ਜੀ ਦੀ ਸੁਰਤ ਵਿੱਚ ਵੀ ਇੱਕ ਝਲਕਾਰਾ ਮਾਤਰ ਹੀ ਸੀ। ਪੰਜਾਂ ਕੁ ਵਰ੍ਹਿਆਂ ਦੇ ਸਨ ਮੇਰੇ ਪਿਤਾ ਜੀ ਜਦੋਂ ਮੇਰਾ ਬਾਬਾ ਇੱਕ ਅਣਹੋਣੀ ਕਾਰਨ ਪਰਿਵਾਰ ਦਾ ਸਾਥ ਛੱਡ ਗਿਆ ਸੀ। ਇਸ ਭੂਆ ਤੋਂ ਵੱਡਾ ਮੇਰਾ ਇੱਕ ਤਾਇਆ ਵੀ ਸੀ। ਭਾਵੇਂ ਅੱਡ ਰਹਿੰਦਾ ਸੀ ਪਰ ਕਦੇ ਉਸ ਦਾ ਪਰਿਵਾਰ ਵੀ ਸੀ। ਤਾਈ ਬਿਮਾਰੀ ਨਾਲ ਮੁੱਕ ਗਈ। ਤਾਏ ਦਾ ਜੁਆਨ ਪੁੱਤ ਸੱਪ ਦੇ ਡੱਸਣ ਨਾਲ ਤੇ ਪਿੱਛੋਂ ਤਾਇਆ ਇਕਲੌਤੇ ਪੁੱਤ ਦੇ ਵਿਜੋਗ ਵਿੱਚ। ਇਹ ਸਭ ਮੇਰੀ ਸੁਰਤ ਸੰਭਾਲਣ ਤੋਂ ਪਹਿਲਾਂ ਦੀਆਂ ਗੱਲਾਂ ਸਨ। ਭੂਆ ਤੋਂ ਛੋਟੀ ਤੇ ਮੇਰੇ ਪਿਤਾ ਜੀ ਤੋਂ ਵੱਡੀ ਮੇਰੀ ਇੱਕ ਹੋਰ ਭੂਆ ਵੀ ਸੀ, ਭਾਵੇਂ ਉਸ ਦਾ ਪਰਿਵਾਰ ਹੁਣ ਵੀ ਵਸਦਾ ਹੈ, ਪਰ ਆਪਣੇ ਛੋਟੇ-ਛੋਟੇ ਦੋ ਬੱਚਿਆਂ ਨੂੰ ਛੱਡ ਉਹ ਵੀ ਮੇਰੇ ਜਨਮ ਤੋਂ ਪਹਿਲਾਂ ਇਸ ਜਹਾਨੋਂ ਜਾ ਚੁੱਕੀ ਸੀ। ਇਨ੍ਹਾਂ ਸਾਰਿਆਂ ਤੋਂ ਵੱਡੀ ਮੇਰੀ ਇੱਕ ਹੋਰ ਭੂਆ ਵੀ ਸੀ। ਸਿਰਫ਼ ਉਸੇ ਦਾ ਵਿਆਹ ਮੇਰਾ ਬਾਬਾ ਆਪਣੇ ਹੱਥੀਂ ਕਰਕੇ ਗਿਆ ਸੀ, ਪਰ ਜ਼ਮੀਨ ਵਿੱਚੋਂ ਹਿੱਸਾ ਲੈ ਜਾਣ ਕਾਰਨ ਉਹ ਸਾਰੇ ਪਰਿਵਾਰ ਨਾਲੋਂ ਨਾਤਾ ਤੋੜ ਆਪਣਾ ਭੂਆ ਅਖਵਾਉਣ ਦਾ ਹੱਕ ਗੁਆ ਚੁੱਕੀ ਸੀ। ਖ਼ੈਰ! ਹੁਣ ਤਾਂ ਉਹ ਵੀ ਜਹਾਨ ਵਿੱਚ ਨਹੀਂ ਸੀ। ਪੰਜ ਭੈਣ-ਭਰਾਵਾਂ ਵਿੱਚੋਂ ਸਿਰਫ਼ ਇਹ ਵਿਚਕਾਰਲੀ ਭੂਆ ਤੇ ਮੇਰੇ ਪਿਤਾ ਜੀ ਹੀ ਸਨ ਜਿਨ੍ਹਾਂ ਦੇ ਮੋਹ ਦਾ ਨਿੱਘ ਅਸੀਂ ਬਚਪਨ ਤੋਂ ਮਾਣਦੇ ਆ ਰਹੇ ਹਾਂ।
‘‘ਵੱਡੀ ਦਾ ਵਿਆਹ ਤਾਂ ਭਾਈਏ ਨੇ ਪੂਰਾ ਗੱਜ-ਵੱਜ ਕੇ ਕੀਤਾ ਸੀ, ਤਿੰਨ ਦਿਨ ਬਰਾਤ ਰੱਖੀ ਸੀ, ਬਾੜੀਆਂ ਤੋਂ ਨੱਚਣ ਵਾਲੀਆਂ ਵੀ ਆਈਆਂ, ਭਾਈਏ ਪਿੱਛੋਂ ਮਾਂ ਵਿਚਾਰੀ ’ਕੱਲੀ ਕੀ ਕਰਦੀ, ਸਾਡਾ ਛੋਟੀਆਂ ਦਾ ਕਾਜ ਤਾਂ ਉਹਨੇ ਗਰੀਬੀ-ਦਾਅਵੇ ’ਚ ਹੀ ਕੀਤਾ।’’
ਬਾਬੇ ਦੀ ਮੌਤ ਪਿੱਛੋਂ ਘਰ ਦੀ ਹਾਲਤ ਬਾਰੇ ਦੱਸਦੀ ਭੂਆ ਕਈ ਵਾਰ ਭਾਵੁਕ ਹੋ ਜਾਂਦੀ।
ਸੜਕ ਭਾਵੇਂ ਸਿੱਧੀ ਤੇ ਸਪਾਟ ਸੀ, ਪਰ ਥਾਂ-ਥਾਂ ਪਏ ਟੋਏ ਰਫ਼ਤਾਰ ਨਹੀਂ ਸੀ ਫੜਨ ਦੇ ਰਹੇ। ਮਨ ਵਿੱਚ ਕਾਹਲ ਸੀ ਕਿ ਕਿਹੜੀ ਘੜੀ ਭੂਆ ਦੇ ਪਿੰਡ ਪੁੱਜ ਜਾਵਾਂ। ਭੂਆ ਦੀ ਨੂੰਹ ਨੇ ਫ਼ੋਨ ’ਤੇ ਸੁਨੇਹਾ ਹੀ ਇੰਜ ਦਿੱਤਾ ਸੀ ਕਿ ਸੁਣਦਾ ਮੈਂ ਫ਼ੌਰਨ ਦਫ਼ਤਰੋਂ ਛੁੱਟੀ ਲੈ ਤੁਰ ਪਿਆ ਸਾਂ। ਭੂਆ ਦੀ ਨੂੰਹ ਦੇ ਬੋਲ ਹਾਲੇ ਵੀ ਕੰਨਾਂ ’ਚ ਗੂੰਜੀ ਜਾ ਰਹੇ ਸਨ, ‘‘ਭਾਅਜੀ! ਬੀਜੀ ਨੂੰ ਦੇਖ ਜਾਓ ਇੱਕ ਵਾਰ, ਸੁਰਤ ਨੀ ਕਰਦੀ, ਪਰਸੋਂ ਦਾ ਪਾਣੀ ਦਾ ਘੁੱਟ ਨੀ ਪੀਤਾ।’’ ਸੁਣਦਿਆਂ ਹੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ। ਭਾਵੇਂ ਭੂਆ ਦਾ ਸਰੀਰ ਹੁਣ ਕੁਝ ਕਮਜ਼ੋਰ ਪੈ ਗਿਆ ਸੀ ਪਰ ਪਿਛਲੇ ਪੰਜ-ਸੱਤ ਸਾਲਾਂ ਤੋਂ ਉਹ ਇੱਥੇ ਕੁ ਹੀ ਟਿਕੀ ਹੋਈ ਸੀ। ਮੋਤੀਏ ਨੇ ਉਸ ਦੀ ਨਜ਼ਰ ਜਰੂਰ ਖਾ ਲਈ ਸੀ ਪਰ ਉਂਜ ਠੀਕ ਸੀ। ਆਵਾਜ਼ ਤਾਂ ਫ਼ੌਰਨ ਪਛਾਣ ਲੈਂਦੀ। ਹੱਥਾਂ ਦੀ ਪਕੜ ਉਹੀ ਪਹਿਲਾਂ ਜਿਹੀ। ਘੁੱਟ ਕੇ ਫੜ ਲੈਂਦੀ ਤਾਂ ਸਹਿਜੇ ਛੱਡਦੀ ਨਾ,
‘‘ਮੇਰੇ ਪਿਓ ਦੀ ਫੁਲਵਾੜੀ, ਮੇਰੇ ਭਰਾ ਦਾ ਬਾਗ... ਵੇ ਪੁੱਤਾ! ਮੈਂ ਤੁਹਾਥੋਂ ਕੁਝ ਨੀ ਮੰਗਦੀ, ਬੱਸ, ਛੇਤੀ-ਛੇਤੀ ਮੇਲਾ ਕਰ ਜਾਇਆ ਕਰੋ।’’
ਚਾਰ ਕੁ ਮਹੀਨੇ ਪਹਿਲਾਂ ਮੈਂ ਭੂਆ ਨੂੰ ਵੇਖਣ ਗਿਆ ਤਾਂ ਉਸ ਨੇ ਮੇਰਾ ਹੱਥ ਆਪਣੇ ਹੱਥਾਂ ਨਾਲ ਘੁੱਟਦਿਆਂ ਇਹ ਗੱਲ ਕਿੰਨੀ ਵਾਰ ਕਹੀ ਸੀ। ਜਦੋਂ ਮੈਂ ਕਿਹਾ ਕਿ ਚੱਲ ਭੂਆ ਤੈਨੂੰ ਆਪਣੇ ਨਾਲ ਕਾਰ ’ਚ ਲੈ ਚੱਲਦਾਂ, ਦੋ-ਚਾਰ ਦਿਨ ਸਾਡੇ ਕੋਲ ਰਹਿ ਆ ਤਾਂ ਆਖਣ ਲੱਗੀ, ‘‘ਪੁੱਤਾ! ਮੈਂ ਅੰਨ੍ਹੀ ਹੁਣ ਉੱਥੇ ਕਿਵੇਂ ਟੋਹ-ਟੋਹ ਕੇ ਤੁਰੂੰਗੀ, ਤਹਾਨੂੰ ਵੀ ਔਖਾ ਕਰੂੰ, ਹੁਣ ਤਾਂ ਅੱਗੇ ਜਾਣ ਦਾ ਵੇਲਾ।’’
ਅੱਖਾਂ ਜਾਣ ਨਾਲ ਮਾਨੋ ਭੂਆ ਦਾ ਅੱਧਾ ਜਹਾਨ ਚਲਾ ਗਿਆ ਸੀ। ਪਰ ਫਿਰ ਵੀ ਜਦੋਂ ਕਦੇ ਮੈਂ ਜਾਂਦਾ ਤਾਂ ਇੱਕ ਵਾਰ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ। ਔਲੇ ਦਾ ਮੁਰੱਬਾ ਉਸ ਨੂੰ ਕਾਫ਼ੀ ਪਸੰਦ ਸੀ। ਉਨ੍ਹਾਂ ਦੇ ਪਿੰਡ ਘੱਟ ਹੀ ਮਿਲਦਾ, ਮੈਂ ਉਚੇਚਾ ਲੈ ਜਾਂਦਾ। ਉਹ ਅਸੀਸਾਂ ਦਿੰਦੀ ਨਾ ਥੱਕਦੀ।
ਕੋਟਫਤੂਹੀ ਦਾ ਅੱਡਾ ਲੰਘਿਆ ਤਾਂ ਔਲਿਆਂ ਦੇ ਮੁਰੱਬੇ ਦਾ ਖ਼ਿਆਲ ਆ ਗਿਆ, ਪਰ ਭੂਆ ਨੂੰ ਜਾ ਵੇਖਣ ਦੀ ਬੇਸਬਰੀ ਨੇ ਮੁਰੱਬਾ ਨਾ ਲੈਣ ਦਿੱਤਾ। ਅੱਗੇ ਰੋਡਵੇਜ਼ ਦੀ ਬੱਸ ਆਉਂਦੀ ਸੀ ਫਗਵਾੜੇ ਵਾਲੀ। ਪਹਿਲੀਆਂ ’ਚ ਭੂਆ ਵੀ ਤਾਂ ਰੋਡਵੇਜ਼ ਦੀ ਬੱਸ ’ਚ ਹੀ ਆਉਂਦੀ ਹੁੰਦੀ ਸੀ, ਬਹਿਰਾਮ ਦੇ ਅੱਡੇ ਤੋਂ। ਹੱਥ ਖੱਦਰ ਦੀ ਕਢਾਈ ਵਾਲਾ ਝੋਲਾ, ਝੋਲੇ ਵਿੱਚ ਉਸ ਦਾ ਇੱਕ ਅੱਧ ਸੂਟ ਤੇ ਸਾਡੇ ਨਿਆਣਿਆਂ ਲਈ ਖਾਣ ਦੀ ਕੋਈ ਸੌਗਾਤ। ਕਦੇ ਪਿੰਨੀਆਂ ਬਣਾ ਲਿਆਉਂਦੀ, ਕਦੇ ਵੇਸਣ ਤੇ ਕਦੇ ਝੋਲਾ ਅਮਰੂਦਾਂ ਨਾਲ ਹੀ ਭਰ ਲਿਆਉਂਦੀ। ਰਿਸ਼ਤੇ ਅਤੇ ਉਮਰ, ਦੋਵਾਂ ’ਚ ਭਾਵੇਂ ਭੂਆ ਮੇਰੀ ਮਾਂ ਤੋਂ ਵੱਡੀ ਸੀ ਪਰ ਉਹ ਜਦੋਂ ਵੀ ਆਉਂਦੀ ਤਾਂ ਇਹ ਗੱਲ ਜ਼ਰੂਰ ਆਖਦੀ, ‘‘ਮੇਰੀ ਮਾਵਾਂ ਜਹੀ ਭਰਜਾਈਏ, ਜਿਉਂਦੀ ਰਹੁ, ਇਹ ਵਿਹੜਾ ਤੇਰੇ ਨਾਲ ਵਸਦਾ।’’ ਜਾਣ ਲੱਗਿਆਂ ਜਦੋਂ ਮੇਰੀ ਮਾਂ ਉਸ ਨੂੰ ਸੂਟ ਜਾਂ ਕੋਈ ਹੋਰ ਨਿੱਕ-ਸੁੱਕ ਦਿੰਦੀ ਤਾਂ ਭੂਆ ਉਸ ਚੀਜ਼ ਨੂੰ ਆਪਣੇ ਮੱਥੇ ਨਾਲ ਛੁਹਾ ਆਖਦੀ, ‘‘ਜਿਉਂਦੀ ਰਹਿ ਭਰਜਾਈਏ, ਮੇਰੀ ਅੰਮੜੀ ਦੇ ਜਾਏ ਦਾ ਦਿੱਤਾ ਮੇਰੇ ਲਈ ਸੋਨੇ ਦੀਆਂ ਮੋਹਰਾਂ।’’ ਰੱਜੀਆਂ ਰੂਹਾਂ ਤੇ ਭੁੱਖੀਆਂ ਰੂਹਾਂ ਕਿਹੋ ਜਿਹੀਆਂ ਹੁੰਦੀਆਂ, ਇਹ ਮਾਨੋ ਅਸੀਂ ਬਚਪਨ ਵਿੱਚ ਹੀ ਵੇਖ ਲਿਆ ਸੀ। ਇੱਕ ਸਭ ਤੋਂ ਵੱਡੀ ਭੂਆ ਸੀ ਜੋ ਜ਼ਮੀਨ ’ਚੋੋਂ ਹਿੱਸਾ ਲੈ ਕੇ ਵੀ ਆਢਾ ਲਾਈ ਰੱਖਦੀ ਸੀ ਤੇ ਇਹ ਭੂਆ ਜੋ ਤਿਲ-ਫੁੱਲ ਲੈ ਕੇ ਹੀ ਅਸੀਸਾਂ ਦਾ ਢੇਰ ਲਾ ਦਿੰਦੀ।
ਜਿੰਨੇ ਦਿਨ ਭੂਆ ਸਾਡੇ ਕੋਲ ਰਹਿੰਦੀ, ਖ਼ੂਬ ਰੌਣਕ ਲੱਗਦੀ, ਵਿਹਲੇ ਬੈਠਣਾ ਉਸ ਲਈ ਹਰਾਮ ਸੀ, ਹੋਰ ਨਹੀਂ ਤਾਂ ਚਾਦਰਾਂ-ਸਿਰਾਹਣੇ ਹੀ ਧੋਣ ਬਹਿ ਜਾਂਦੀ। ਪਿੱਤਲ ਦੇ ਪੁਰਾਣੇ ਭਾਂਡਿਆਂ ਨੂੰ ਤਾਂ ਕੂਚ-ਕੂਚ ਕੇ ਉਹ ਇੰਜ ਚਮਕਾ ਜਾਂਦੀ ਜਿਵੇਂ ਅੱਜ ਹੀ ਨਵੇਂ ਲਿਆਂਦੇ ਹੋਣ। ਕਈ ਵਾਰ ਮੈਂ ਭੂਆ ਵਿੱਚੋਂ ਭੂਆ ਦਾ ਬਚਪਨ ਲੱਭਣ ਲੱਗਦਾ। ਇਹ ਵੀ ਕਦੇ ਇਸੇ ਵਿਹੜੇ ਇਵੇਂ ਹੀ ਖੇਡਦੀ ਰਹੀ ਹੋਣੀ, ਮੇਰੀਆਂ ਭੈਣਾਂ ਵਾਂਗ, ਮੈਂ ਭੂਆ ਵੱਲ ਵੇਖਦਾ ਸੋਚਦਾ। ਭੂਆ ਮੇਰੀ ਮਾਂ ਨਾਲ ਗੱਲਾਂ ਕਰਦੀ-ਕਰਦੀ ਕਈ ਵਾਰ ਗੱਲ ਮੇਰੇ ਬਾਬੇ ਦੀ ਮੌਤ ਵੱਲ ਲੈ ਜਾਂਦੀ। ਹੱਥਾਂ ਪੈਰਾਂ ਦਾ ਖੁੱਲ੍ਹਾ ਬੜਾ ਮਿਹਨਤੀ ਸੀ, ਮੇਰਾ ਬਾਬਾ। ਉਸ ਦੇ ਵਾਂਗ ਹਿੰਮਤੀ ਉਸ ਦੇ ਬੈਲ ਸਨ। ਘਰ ਵਿੱਚ ਲਹਿਰਾਂ-ਬਹਿਰਾਂ ਸਨ। ਕਿਸੇ ਗਰੀਬ-ਗੁਰਬੇ ਨੂੰ ਨਾਂਹ ਨਾ ਕਰਦਾ, ਪਰ ਉਸ ਦੇ ਜਾਣ ਪਿੱਛੋਂ ਵੀਰਾਨੀ ਪੈ ਗਈ। ਬਾਰਾਂ ਕੁ ਸਾਲਾਂ ਦੀ ਮੇਰੀ ਇਹ ਭੂਆ ਸੀ ਉਦੋਂ ਤੇ ਮੇਰੇ ਪਿਤਾ ਜੀ ਮਸਾਂ ਪੰਜ ਕੁ ਸਾਲ ਦੇ। ਹਾਂ, ਤਾਇਆ ਜ਼ਰੂਰ ਗੱਭਰੂ ਹੋ ਗਿਆ ਸੀ, ਪਰ ਉਸ ਨੂੰ ਬਹੁਤੀ ਤਿੰਨ-ਪੰਜ ਨਹੀਂ ਸੀ ਆਉਂਦੀ। ਮੇਰੀ ਦਾਦੀ ਨੇ ਉਸ ਦਾ ਛੇਤੀ ਹੀ ਵਿਆਹ ਤਾਂ ਇਸ ਆਸ ਨਾਲ ਕੀਤਾ ਸੀ ਕਿ ਘਰ ’ਚ ਜ਼ਿੰਮੇਵਾਰੀ ਦੀ ਪੰਡ ਚੁੱਕੀ ਜਾਵੇ, ਪਰ ਤਾਇਆ ਆਪਣੀ ਨਵੀਂ ਵਿਆਹੀ ਪਿੱਛੇ ਲੱਗ ਅੱਡ ਹੋ ਕੇ ਬਹਿ ਗਿਆ। ਪਿੱਛੋਂ ਮੇਰੀ ਦਾਦੀ ਨੇ ਆਪਣੀਆਂ ਛੋਟੀਆਂ ਦੋਵੇਂ ਧੀਆਂ ਦੇ ਕਾਰਜ ਕਿਵੇਂ ਸਾਧੇ ਹੋਣੇ, ਇਹ ਤਾਂ ਬੱਸ ਉਹੀ ਜਾਣਦੀ ਸੀ। ਭੂਆ ਕੋਲੋਂ ਇਹ ਪਿਛਲੀਆਂ ਸੁਣ ਮਨ ਉਦਾਸ ਹੋ ਜਾਂਦਾ।
‘‘ਭੋਲੀ ਮਾਂ ਨੇ ਜੀਹਦੇ ਲੜ ਲਾਇਆ, ਕੱਟ ਲਈਆਂ। ਛਿੱਤਰਾਂ ’ਚ ਪਾਣੀ ਪੀ ਲਿਆ ਪਰ ਕਦੇ ਮਾਂ ਨੂੰ ਨੀ ਦੱਸਿਆ।’’ ਬੈਠੇ ਹੋਏ ਗਲੇ ਨਾਲ ਭੂਆ ਜਦੋਂ ਇਹ ਸਭ ਮਾਂ ਨੂੰ ਦੱਸਦੀ ਤਾਂ ਮੈਨੂੰ ਛਿੱਤਰਾਂ ’ਚ ਪਾਣੀ ਪੀਣ ਦੇ ਅਰਥ ਨਾ ਲੱਭਦੇ। ਇਹ ਤਾਂ ਮੈਨੂੰ ਪਿੱਛੋਂ ਜਾ ਕੇ ਕਿਤੇ ਪਤਾ ਲੱਗਾ ਕਿ ਫੁੱਫੜ ਦਹਾਜੂ ਤਾਂ ਸੀ ਹੀ, ਸੁਭਾਅ ਦਾ ਵੀ ਕੱਬਾ ਸੀ। ਇਹ ਸ਼ਾਇਦ ਭੂਆ ਦੇ ਸਹੁਰੇ ਘਰ ਦਾ ਘੁੱਟਵਾਂ ਮਾਹੌਲ ਹੀ ਸੀ ਕਿ ਉਸ ਦਾ ਗਲਾ ਸਦਾ ਲਈ ਕੁਝ ਬੈਠ ਗਿਆ ਸੀ।
ਸੰਧਵਾਂ ਦਾ ਅੱਡਾ ਟੱਪਿਆ ਤਾਂ ਪਿਛਲੀ ਇੱਕ ਹੋਰ ਚੇਤੇ ਆ ਗਈ। ਭੂਆ ਦੇ ਦੋ ਪੁੱਤ ਸਨ। ਵੱਡਾ ਤਾਂ ਵਿਆਹ ਪਿੱਛੋਂ ਫੁੱਫੜ ਨੇ ਆਪ ਹੀ ਅੱਡ ਕਰ ਦਿੱਤਾ ਸੀ ਤੇ ਛੋਟਾ ਆਪਣੀ ਚੁਸਤ-ਫ਼ੁਰਤ ਘਰਵਾਲੀ ਨਾਲ ਵਿੱਚ ਹੀ ਰਹਿੰਦਾ ਸੀ। ਫੁੱਫੜ ਦੇ ਜਿਉਂਦਿਆਂ ਤੱਕ ਤਾਂ ਉਸ ਤੋਂ ਡਰਦੀ ਛੋਟੇ ਦੀ ਘਰਵਾਲੀ ਭੂਆ ਨੂੰ ਜੀ-ਜੀ ਕਰਦੀ ਰਹੀ, ਪਰ ਫੁੱਫੜ ਪਿੱਛੋਂ ਘਰ ਵਿੱਚ ਉਸੇ ਦੀ ਹੀ ਸਰਦਾਰੀ ਚੱਲਣ ਲੱਗੀ। ਭੂਆ ਨਾਲ ਉਹ ਆਏ ਦਿਨ ਆਢਾ ਲੈਣ ਲੱਗੀ। ਜਦੋਂ ਗੱਲ ਸਿਰੋਂ ਲੰਘ ਗਈ ਤਾਂ ਭੂਆ ਨੇ ਇਹ ਸਭ ਮੇਰੀ ਮਾਂ ਨਾਲ ਸਾਂਝਾ ਕਰਦਿਆਂ ਨਾਲ ਹੀ ਤਾਕੀਦ ਕੀਤੀ, ‘‘ਦੇਖੀਂ! ਮੇਰੇ ਭਰਾ ਨੂੰ ਨਾ ਕੁਝ ਦੱਸੀਂ, ਉਹ ਵਿਚਾਰਾ ਦੁਖੀ ਹੋਊ।’’
ਅਗਲੇ ਦਿਨ ਮੈਂ ਤੇ ਮੇਰੀ ਮਾਂ ਆਮ ਵਾਂਗ ਹੀ ਭੂਆ ਦੇ ਪਿੰਡ ਜਾ ਪੁੱਜੇ। ਚਾਹ ਪਾਣੀ ਪੀਣ ਪਿੱਛੋਂ ਜਦੋਂ ਮੇਰੀ ਮਾਂ ਨੇ ਗੱਲ ਅਸਲ ਟਿਕਾਣੇ ਵੱਲ ਲਿਆਂਦੀ ਤਾਂ ਭੂਆ ਦੇ ਪੁੱਤ ਤੇ ਨੂੰਹ ਸ਼ਰਮ ਨਾਲ ਪਾਣੀ-ਪਾਣੀ ਹੋਣ ਲੱਗੇ। ਮੇਰੀ ਮਾਂ ਨੇ ਉਨ੍ਹਾਂ ਨੂੰ ਸਿਰੇ ਦੀ ਸੁਣਾ ਦਿੱਤੀ, ‘‘ਦੇਖ ਵਹੁਟੀਏ! ਬੀਬੀ ਸਾਨੂੰ ਦੋ ਰੋਟੀਆਂ ਨੂੰ ਭਾਰੀ ਨੀ। ਲਿਜਾਣ ਨੂੰ ਅਸੀਂ ਹੁਣ ਵੀ ਲਿਜਾ ਸਕਦੇ ਆਂ। ਇਹਨੇ ਸਾਰੀ ਉਮਰ ਇੱਥੇ ਕੱਟੀਆਂ। ਬੁੱਢੇ-ਵਾਰੇ ਹੁਣ ਜੇੇ ਅਸੀਂ ਇਹਨੂੰ ਨਾਲ ਲੈ ਗਏ ਤਾਂ ਐਵੇਂ ਨਾ ਲੋਕਾਂ ਕੋਲੋਂ ਥੂ-ਥੂ ਕਰਵਾ ਲਿਓ।’’
ਤੇ ਉਹ ਦਿਨ ਜਾਵੇ, ਇਹ ਦਿਨ ਆਵੇ, ਮੁੜ ਭੂਆ ਦੀ ਨੂੰਹ ਅੱਖ ’ਚ ਪਾਈ ਨਾ ਰੜਕੀ। ਦੋ ਕੁ ਮਹੀਨਿਆਂ ਪਿੱਛੋਂ ਭੂਆ ਸਾਡੇ ਕੋਲ ਰਹਿਣ ਆਈ ਤਾਂ ਇਹ ਗੱਲ ਮੁੜ-ਮੁੜ ਆਖੇ, ‘‘ਤੂੰ ਤਾਂ ਸੱਚੀਂ ਮੇਰੀ ਮਾਂ ਤੋਂ ਵੀ ਵਧ ਕੇ ਆਂ, ਮੇਰੀਏ ਭਰਜਾਈਏ।’’
ਮੇਰੇ ਵਿਆਹ ਪਿੱਛੋਂ ਵੀ ਭੂਆ ਆਉਂਦੀ ਰਹੀ ਸੀ। ਉਦੋਂ ਉਸ ਦੀ ਸੱਤ-ਅੱਠ ਵਰ੍ਹਿਆਂ ਦੀ ਪੋਤੀ ਉਸ ਦਾ ਸਹਾਰਾ ਬਣ ਚੁੱਕੀ ਸੀ, ਪਰ ਪਿੱਛੋਂ ਬੁਢੇਪੇ ਕਾਰਨ ਉਸ ਦਾ ਸਰੀਰ ਕਮਜ਼ੋਰ ਹੋਣ ਲੱਗਾ। ਰਹਿੰਦੀ-ਖੂੰਹਦੀ ਕਸਰ ਉਸ ਦੇ ਅੱਖਾਂ ਦੇ ਮੋਤੀਏ ਨੇ ਪੂਰੀ ਕਰ ਦਿੱਤੀ। ਜਦੋਂ ਭੂਆ ਦੇ ਮੋਤੀਆ ਹਾਲੇ ਅੱਧ-ਪਚੱਧਾ ਹੀ ਸੀ ਤਾਂ ਮੈਂ ਤੇ ਮੇਰੀ ਘਰਵਾਲੀ, ਦੋਵਾਂ ਨੇ ਉਸ ਦੇ ਪਿੰਡ ਜਾ ਕੇ ਅੱਖਾਂ ਦੇ ਅਪ੍ਰੇਸ਼ਨ ਲਈ ਬੜਾ ਮਨਾਇਆ। ਪਰ ਭੂਆ ਨਾ ਮੰਨੀ ਤੇ ਰਹਿੰਦੀ ਕਸਰ ਉਸ ਦੀ ਨੂੰਹ ਨੇ ਪੂਰੀ ਕਰ ਦਿੱਤੀ।
‘‘ਭਾਅਜੀ! ਸਾਡੇ ਪਿੰਡ ਇੱਕ ਬੁੜੀ ਨੇ ਅਪ੍ਰੇਸ਼ਨ ਕਰਾਇਆ ਸੀ ਪਿੱਛੇ ਜਹੇ, ਉਹਦੀ ਵਿਚਾਰੀ ਦੀਆਂ ਤਾਂ ਅੱਖਾਂ ਹੀ ਗਲ ਗਈਆਂ।’’
ਹੌਲੀ-ਹੌਲੀ ਭੂਆ ਦੀਆਂ ਅੱਖਾਂ ਦਾ ਮੋਤੀਆ ਪੂਰਾ ਭਰ ਗਿਆ। ਆਪਣੀ ਪੋਤੀ ਦੇ ਸਹਾਰੇ ਉਹ ਬੱਸ ਘਰ ਦੇ ਅੰਦਰ ਬਾਹਰ ਆਉਣ ਜੋਗੀ ਹੀ ਰਹਿ ਗਈ। ਬਹਿਰਾਮ ਦਾ ਅੱਡਾ ਲੰਘ ਕੇ ਮੈਂ ਭੂਆ ਦੇ ਪਿੰਡ ਵਾਲੀ ਛੋਟੀ ਸੜਕ ’ਤੇ ਪੈ ਗਿਆ ਸਾਂ। ਇੱਥੋਂ ਭੂਆ ਦਾ ਪਿੰਡ ਤਿੰਨ-ਚਾਰ ਮੀਲ ’ਤੇ ਸੀ। ਜਦੋਂ ਚੱਲਦੀਆਂ ਸਨ ਤਾਂ ਭੂਆ ਇਹ ਵਾਟ ਝੱਟ ਕੱਢ ਲੈਂਦੀ ਸੀ।
‘ਹੇ ਪਰਮਾਤਮਾ! ਭੂਆ ਨੂੰ ਤੰਦਰੁਸਤੀ ਬਖ਼ਸ਼ੀਂ, ਮੇਰੇ ਜਾਂਦਿਆਂ ਉਹ ਠੀਕ ਹੋਵੇ।’ ਮਨੋਮਨੀ ਵੀ ਇਹ ਅਰਦਾਸਾਂ ਕਰਦੇ ਮੈਂ ਮੋਟਰਸਾਈਕਲ ਭੂਆ ਦੇ ਘਰ ਅੱਗੇ ਜਾ ਖੜਾਇਆ। ਗੇਟ ਖੋਲ੍ਹ ਮੈੈਂ ਜਿਉਂ ਹੀ ਅੰਦਰ ਵੜਿਆ ਤਾਂ ਭੂਆ ਦੀ ਨੂੰਹ ਤੇ ਪੋਤੀ ਮੇਰੇ ਵੱਲ ਭੱਜੀਆਂ ਆਈਆਂ, ‘‘ਭਾਅਜੀ! ਚੰਗਾ ਹੋਇਆ ਤੂੰ ਆ ਗਿਆ, ਬੀਬੀ ਦਾ ਤਾਂ ਬੁਰਾ ਹਾਲ ਆ, ਬੋਲਦੀ ਨੀ ਕੁਝ ਵੀ। ਪਰਸੋਂ ਦਾ ਕੁਝ ਖਾਧਾ ਵੀ ਨਹੀਂ। ਰਾਤ ਸੁਪਨਿਆਂ ’ਚ ਬੁੜਬੁੜਾਉਂਦੀ ਰਹੀ, ਕਦੇ ਵੱਡੇ ਮਾਮੇ ਦਾ ਨਾਂ ਲੈ ਕੇ, ਕਦੇ ਛੋਟੀ ਮਾਸੀ ਦਾ। ਭਲਾ ਦੱਸ ਉਹ ਇਹਨੂੰ ਹੁਣ ਕਿੱਥੋਂ ਚੇਤੇ ਆ ਗਏ, ਉਨ੍ਹਾਂ ਨੂੰ ਮੁੱਕਿਆਂ ਤਾਂ ਬਰਸਾਂ ਬੀਤ ਗਈਆਂ।’’
ਸੁਣਦਾ-ਸੁਣਦਾ ਮੈਂ ਵਿਹੜੇ ’ਚੋਂ ਲੰਘ ਪਿਛਲੇ ਦਲਾਨ ਦੀ ਸਰਦਲ ਟੱਪ ਗਿਆ। ਹੱਡੀਆਂ ਦੀ ਮੁੱਠ ਬਣੀ ਭੂਆ ਆਪਣੇ ਉਸੇ ਮੰਜੇ ’ਤੇ ਪਈ ਸੀ। ਅੱਖਾਂ ਖੁੱਲ੍ਹੀਆਂ ਸਨ ਪਰ ਮੋਤੀਏ ਕਾਰਨ ਬੰਦ ਹੋਈਆਂ ਨਾਲ ਦੀਆਂ, ਮੈਂ ਭੂਆ ਦੇ ਕੋਲ ਜਾ ਉਸ ਨੂੰ ’ਵਾਜਾਂ ਮਾਰਨ ਲੱਗਾ।
‘‘ਭੂਆ-ਭੂਆ, ਮੈਂ ਆਇਆਂ, ਬੱਬੂ।’’
‘‘ਚਾਚਾ! ਕੁਝ ਨੀ ਬੋਲਦੀ ਬੀਬੀ, ਅਸੀਂ ਵੀ ਸਵੇਰ ਦੀਆਂ ਬੁਲਾਈ ਜਾਨੀਆਂ।’’ ਭੂਆ ਦੀ ਪੋਤੀ ਨੇ ਮੰਜੇ ਦੇ ਲਾਗੇ ਮੇਰੇ ਲਈ ਕੁਰਸੀ ਰੱਖਦਿਆਂ ਕਿਹਾ। ਮੈਂ ਭੂਆ ਦੇ ਕੰਨ ਦੇ ਹੋਰ ਨੇੜੇ ਹੋ ਫਿਰ ਆਖਿਆ, ‘‘ਭੂਆ-ਭੂਆ।’’
ਭੂਆ ਦੇ ਸਰੀਰ ਵਿੱਚ ਹਲਕੀ ਜਿਹੀ ਹਰਕਤ ਹੋਈ। ਉਸ ਦਾ ਹੱਥ ਹਿੱਲਿਆ ਤਾਂ ਮੈਂ ਉਸ ਦਾ ਹੱਥ ਆਪਣੇ ਹੱਥਾਂ ’ਚ ਲੈ ਆਖਣ ਲੱਗਾ, ‘‘ਭੂਆ! ਫ਼ਿਕਰ ਨਾ ਕਰ, ਮੈਂ ਆ ਗਿਆ।’’
ਹੁਣ ਭੂਆ ਨੇ ਮੇਰਾ ਖੱਬਾ ਹੱਥ ਆਪਣੇ ਦੋਵੇਂ ਹੱਥਾਂ ’ਚ ਫੜ ਲਿਆ। ਬਿਨਾਂ ਕੁਝ ਬੋਲੇ ਉਹ ਕਿਸੇ ਰੁੱਸੇ ਹੋਏ ਨਿਆਣੇ ਵਾਂਗ ਆਪਣਾ ਸਿਰ ਇੱਧਰ-ਉੱਧਰ ਹਿਲਾਉਣ ਲੱਗੀ। ਆਪਣੇ ਹੱਥਾਂ ਦੀ ਪਕੜ ਥੋੜ੍ਹੀ ਹੋਰ ਮਜ਼ਬੂਤ ਕਰ ਉਸ ਨੇ ਆਪਣਾ ਸਿਰ ਮੇਰੇ ਵੱਲ ਘੁਮਾਇਆ ਤੇ ਉਸੇ ਦੱਬਵੀਂ ਆਵਾਜ਼ ’ਚ ਕਹਿਣ ਲੱਗੀ, ‘‘ਮੇਰਾ ਬੱਬੂ! ਮੇਰਾ ਬੱਬੂ ਪੁੱਤ ਆਇਆ, ਮੇਰੇ ਬਾਪ ਦੀ ਫੁਲਵਾੜੀ, ਮੇਰੇ ਭਰਾ ਦਾ ਬਾਗ।’’
ਖਿੱਚ ਕੇ ਉਸ ਨੇ ਮੈਨੂੰ ਆਪਣੇ ਹੋਰ ਨੇੜੇ ਕਰ ਲਿਆ। ਮੇਰੇ ਮੂੰਹ ਨੂੰ ਆਪਣੇ ਦੋਵਾਂ ਹੱਥਾਂ ’ਚ ਲੈ ਕੇ ਉਸ ਨੇ ਅਸੀਸਾਂ ਦੀ ਝੜੀ ਲਾ ਦਿੱਤੀ, ‘‘ਜੁਗ ਜੁਗ ਜੀਵੇਂ... ਜਵਾਨੀਆਂ ਮਾਣੇਂ...।’’
ਭੂਆ ਦੀ ਪੋਤੀ ਤੇ ਨੂੰਹ ਕੋਲ ਖੜੀਆਂ ਹੈਰਾਨ ਸਨ, ‘‘ਲੈ ਦੇਖ ਲੈ ਭੂਆ-ਭਤੀਜੇ ਦਾ ਮੋਹ, ਅਸੀਂ ਸਵੇਰ ਦੀਆਂ ਬੁਲਾਈ ਜਾਨੀਆਂ, ਸਾਨੂੰ ਨੀ ਕੋਈ ਹੁੰਗਾਰਾ ਭਰਿਆ। ਤਾਂ ਹੀ ਕਹਿੰਦੇ ਐ ਪੇਕਿਆ ਵੱਲੋਂ ਆਇਆ ਤਾਂ ਹਵਾ ਦਾ ਬੁੱਲਾ ਹੀ ਠੰਢ ਪਾ ਜਾਂਦਾ, ਅੱਜ ਤਾਂ ਸੁੱਖ ਨਾਲ ਭਤੀਜਾ ਆਇਆ ਬੀਬੀ ਦਾ।’’
ਭੂਆ ਹੁਣ ਸ਼ਾਂਤ ਸੀ। ਮੇਰੇ ਕੋਲੋਂ ਉਸ ਨੇ ਦੋ ਘੁੱਟ ਪਾਣੀ ਵੀ ਪੀ ਲਿਆ ਜਿਵੇਂ ਉਸ ਨੂੰ ਕੋਈ ਤਸੱਲੀ ਮਿਲ ਗਈ ਹੋਵੇ। ਚਾਹ-ਪਾਣੀ ਤੋਂ ਵਿਹਲਾ ਹੋ ਮੈਂ ਭੂਆ ਦੇ ਇਲਾਜ ਬਾਰੇ ਪੁੱਛਿਆ ਤਾਂ ਉਸ ਦੀ ਨੂੰਹ ਨੇ ਦੱਸਿਆ,
‘‘ਡਾਕਟਰ ਤਾਂ ਭਾਜੀ ਰੋਜ ਆਉਂਦਾ, ਪਿੰਡ ਦਾ ਈ ਆ, ਕਹਿੰਦਾ ਊਂਈ ਕਮਜੋਰ ਆ, ਬੀਬੀ ਦਾ ਬੀ ਪੀ, ਨਬਜ ਵਗੈਰਾ ਤਾਂ ਸਾਰੇ ਠੀਕ ਰਹਿੰਦੇ, ਕੱਲ ਤਾਕਤ ਦਾ ਟੀਕਾ ਲਾ ਗਿਆ ਸੀ।’’ ਇਹ ਆਖਦਿਆਂ ਜਿਵੇਂ ਭੂਆ ਦੀ ਨੂੰਹ ਨੇ ਪਿੰਡ ਵਾਲੇ ਉਸ ਡਾਕਟਰ ਦੇ ਇਲਾਜ ਉੱਪਰ ਜਿਵੇਂ ਤਸੱਲੀ ਦੀ ਮੋਹਰ ਲਗਾਈ ਹੋਵੇ। ਜਦੋਂ ਮੈਂ ਕਿਸੇ ਵੱਡੇ ਹਸਪਤਾਲ ਪੂਰਾ ਚੈਕ-ਅੱਪ ਕਰਵਾਉਣ ਲਈ ਕਿਹਾ ਤਾਂ ਉਸ ਨੇ ਪਹਿਲਾਂ ਪਕਾਇਆ ਆਪਣੇ ਟੱਬਰ ਦਾ ਮਤਾ ਸੁਣਾਇਆ, ‘‘ਭਾਅਜੀ! ਭਾਪੇ ਵਾਰੀਂ ਅਸੀਂ ਬਹੁਤ ਤੰਗ ਹੋਏ ਸਾਂ, ਫਗਵਾੜੇ ਜਾ ਕੇ। ਉੱਥੇ ਤਾਂ ਮਰੀਜ਼ਾਂ ਦੇ ਕੱਪੜੇ ਤੱਕ ਲਾਹ ਲੈਂਦੇ, ਸਾਨੂੰ ਤਾਂ ਇਹ ਡਾਕਟਰ ਹੀ ਚੰਗਾ।’’
ਇੰਨੇ ਨੂੰ ਭੂਆ ਦਾ ਪੁੱਤ ਵੀ ਖੇਤਾਂ ਤੋਂ ਆ ਗਿਆ। ਉਸ ਨੇ ਵੀ ਘਰ ਵਾਲੀ ਦੀ ਹਾਂ ’ਚ ਹਾਂ ਮਿਲਾਈ। ਦੋ ਕੁ ਘੰਟੇ ਉੱਥੇ ਹੋਰ ਬੈਠ ਮੈਂ ਅਗਲੀਆਂ-ਪਿਛਲੀਆਂ ਕਰਦਾ ਰਿਹਾ। ਭੂਆ ਦੀ ਅੱਖ ਲੱਗ ਚੁੱਕੀ ਸੀ। ਭੂਆ ਦੀ ਨੂੰਹ ਨੇ ਚਿਹਰੇ ’ਤੇ ਮੁਸਕਰਾਹਟ ਲਿਆਉਂਦਿਆਂ ਕਿਹਾ,
‘‘ਭਾਅਜੀ! ਬੀਬੀ ਤਾਂ ਅੱਜ ਕਈ ਦਿਨਾਂ ਪਿੱਛੋਂ ਇੰਝ ਟਿਕ ਕੇ ਸੁੱਤੀ ਆ, ਨਹੀਂ ਤਾਂ ਹਰ ਘੜੀ ਪਿੱਛੋਂ ਜਾਗ ਕੁਝ ਨਾ ਕੁਝ ਬੁੜਬੁੜਾਉਣ ਲੱਗਦੀ ਸੀ।’’
ਭੂਆ ਦੀ ਹਾਲਤ ਕੁਝ ਬਿਹਤਰ ਜਾਣ ਤੇ ਛੇਤੀਂ ਮੁੜ ਕੇ ਆਉਣ ਦਾ ਵਾਅਦਾ ਕਰ ਮੈਂ ਸੁੱਤੀ ਪਈ ਭੂਆ ਦਾ ਚਿਹਰਾ ਇੱਕ ਵਾਰੀ ਫਿਰ ਵੇਖ ਉੱਥੋਂ ਵਾਪਸ ਤੁਰ ਪਿਆ। ਸਿਆਲ ਦੇ ਦਿਨ ਸਨ ਤੇ ਘਰ ਪੁੱਜਦਿਆਂ ਹਨੇਰਾ ਹੋ ਗਿਆ। ਕੱਪੜੇ ਬਦਲ ਮੈਂ ਆਪਣੇ ਮਾਤਾ-ਪਿਤਾ ਕੋਲ ਜਾ ਉਨ੍ਹਾਂ ਨੂੰ ਭੂਆ ਦਾ ਹਾਲ-ਚਾਲ ਦੱਸਣ ਲੱਗਾ। ਮੇਰੇ ਫ਼ੋਨ ਦੀ ਘੰਟੀ ਵੱਜੀ। ਭੂਆ ਦੀ ਨੂੰਹ ਦਾ ਫ਼ੋਨ ਸੀ। ਫ਼ੋਨ ਕੰਨ ਨੂੰ ਲਾ ਮੈਂ ਬਾਹਰ ਵਿਹੜੇ ’ਚ ਆ ਗਿਆ, ‘‘ਭਾਅਜੀ! ਬੀਬੀ ਤਾਂ ਤੇਰੇ ਜਾਣ ਪਿੱਛੋਂ ਛੇਤੀਂ ਹੀ...।’’ ਤੇ ਅੱਗੋਂ ਸੁਣਨਾ ਮੇਰੇ ਕੰਨ ਬੰਦ ਕਰ ਚੁੱਕੇ ਸਨ। ਮੇਰੀਆਂ ਧਾਹਾਂ ਨਿਕਲ ਗਈਆਂ। ਮੈਨੂੰ ਸਮਝ ਨਹੀਂ ਆ ਰਹੀ ਸੀ। ਮੈਂ ਤਾਂ ਅੱਜ ਖ਼ਾਲੀ ਹੱਥ ਹੀ ਚਲਾ ਗਿਆ ਸਾਂ। ਫਿਰ ਭਲਾ ਇਹ ਕਿਹੜੀ ਅਦਿੱਖ ਸ਼ੈਅ ਸੀ ਜੋ ਮੇਰੇ ਨਾਲ ਭੂਆ ਦੇ ਪਿੰਡ ਜਾ ਭੂਆ ਨੂੰ ਸਦਾ ਲਈ ਆਪਣੇ ’ਚ ਅਭੇਦ ਕਰਕੇ ਲੈ ਗਈ ਸੀ।
ਸੰਪਰਕ: 98550-24495

Advertisement

Advertisement