For the best experience, open
https://m.punjabitribuneonline.com
on your mobile browser.
Advertisement

ਪਵਨ ਦਿਸ ਪਈ...

06:14 AM Mar 14, 2024 IST
ਪਵਨ ਦਿਸ ਪਈ
Advertisement

ਡਾ. ਪ੍ਰਵੀਨ ਬੇਗਮ

Advertisement

ਬਾਰਵੀਂ ਜਮਾਤ ਦੇ ਪੱਕੇ ਪੇਪਰ ਸ਼ੁਰੂ ਹੋਣ ਵਿੱਚ ਹਫ਼ਤਾ ਕੁ ਬਾਕੀ ਸੀ ਕਿ ਕਰੀਅਰ ਗਾਈਡੈਂਸ ਦੀ ਇੰਚਾਰਜ ਹੋਣ ਦੇ ਨਾਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਵਿੱਖ ਦੀ ਵਿਉਂਤਬੰਦੀ ਬਾਰੇ ਪੁੱਛਿਆ। ਬਹੁਤਿਆਂ ਨੇ ਕਿਹਾ- “ਜੀ, ਪਤਾ ਨਹੀਂ ਹਾਲੇ।” ਕਈਆਂ ਨੇ ਕੱਚੇ ਪੱਕੇ ਜਿਹੇ ਅਣਸਰਦੇ ਜਵਾਬ ਦਿੱਤੇ। ਮੁੰਡਿਆਂ ਵਿੱਚੋਂ ਕਈਆਂ ਨੇ ਬਾਹਰ ਜਾਣ ਦੀ ਇੱਛਾ ਪ੍ਰਗਟਾਈ। ਸਾਰੇ ਹੀ ਵਿਦਿਆਰਥੀ ਘੁਸਰ ਮੁਸਰ ਕਰਦੇ, ਹਸਦੇ-ਹਸਾਉਂਦੇ ਵੱਖ ਵੱਖ ਤਰ੍ਹਾਂ ਦੇ ਜਵਾਬ ਦੇ ਰਹੇ ਸਨ। ਅਚਾਨਕ ਮੇਰੀ ਨਜ਼ਰ ਖੂੰਜੇ ਲੱਗੀ ਬੈਠੀ ਹੁਸ਼ਿਆਰ ਕੁੜੀ ਪਵਨਦੀਪ ’ਤੇ ਪਈ। ਉਹ ਚੁੱਪ-ਚਾਪ ਤੇ ਉਦਾਸ ਜਿਹੀ ਬੈਠੀ ਪਤਾ ਨਹੀਂ ਕੀ ਸੋਚ ਰਹੀ ਸੀ! ਉਸ ਨੂੰ ਬੁਲਾ ਕੇ ਉਸ ਦੀਆਂ ਸੋਚਾਂ ਦੀ ਤਾਰ ਤੋੜੀ ਅਤੇ ਉਸ ਤੋਂ ਵੀ ਭਵਿੱਖ ਬਾਰੇ ਉਹੀ ਸਵਾਲ ਪੁੱਛਿਆ। ਉਸ ਮੁਸਕਰਾਈ ਪਰ ਨਾਲ ਹੀ ਅੱਖਾਂ ਭਰ ਲਈਆਂ, “ਨਾ ਜੀ, ਘਰਦਿਆਂ ਨੇ ਅੱਗੇ ਪੜ੍ਹਨ ਨਹੀਂ ਲਾਉਣਾ। ਕਹਿੰਦੇ ਜ਼ਮਾਨਾ ਬਹੁਤ ਮਾੜਾ।” ਮੈਂ ਹੈਰਾਨ ਸਾਂ, “ਪੁੱਤ, ਜ਼ਮਾਨਾ ਤਾਂ ਕਦੇ ਵੀ ਠੀਕ ਨਹੀਂ ਰਿਹਾ। ਇਸ ਨੂੰ ਤਾਂ ਅਸੀਂ ਆਪਣੇ ਪੈਰੀਂ-ਸਿਰੀਂ ਹੋ ਕੇ ਹੀ ਠੀਕ ਕਰ ਸਕਦੇ ਆਂ।” ਉਹ ਕੋਈ ਜਵਾਬ ਨਾ ਦੇ ਸਕੀ। ਉਸ ਦੇ ਚਿਹਰੇ ’ਤੇ ਫੈਲ ਰਹੀ ਉਦਾਸੀ ਸਾਫ ਦਿਸ ਰਹੀ ਸੀ। ਮੈਂ ਕਿਹਾ ਕਿ ਉਹ ਮੈਨੂੰ ਅੱਧੀ ਛੁੱਟੀ ਵੇਲੇ ਮਿਲੇ। ਉਹਨੇ ‘ਹਾਂ’ ਵਿੱਚ ਸਿਰ ਹਿਲਾਇਆ। ਜਿਉਂ ਹੀ ਅਗਲੇ ਪੀਰੀਅਡ ਦੀ ਘੰਟੀ ਵੱਜੀ, ਮੈਂ ਉਸ ਕਲਾਸ ਵਿੱਚੋਂ ਨਿੱਕਲ ਕੇ ਬਾਹਰ ਧੁੱਪੇ ਗਰਾਊਂਡ ਵਿੱਚ ਬੈਠ ਗਈ। ਮੇਰਾ ਇਹ ਪੀਰੀਅਡ ਖਾਲੀ ਸੀ।
ਮੈਂ ਚੁੱਪ-ਚਾਪ ਬੈਠੀ ਪਵਨਦੀਪ ਬਾਰੇ ਸੋਚਦੀ ਡੇਢ ਕੁ ਦਹਾਕੇ ਪਹਿਲਾਂ ਆਪਣੀ ਬਾਰਵੀਂ ਜਮਾਤ ਤੋਂ ਬਾਅਦ ਦੇ ਵਕਤ ਵਿੱਚ ਗੁਆਚ ਗਈ।... ਕਿੰਨਾ ਰੋ-ਰੋ ਕੇ ਮੈਂ ਕਾਲਜ ਲੱਗੀ ਸੀ ਬੀਏ ਕਰਨ! ਤਾਏ-ਚਾਚਿਆਂ, ਰਿਸ਼ਤੇਦਾਰਾਂ ਨੇ ਪਤਾ ਨਹੀਂ ਕੀ ਕੁਝ ਕਿਹਾ; ਅਖੇ, ਕਾਲਜ ਜਾ ਕੇ ਕੁੜੀਆਂ ਵਿਗੜ ਜਾਂਦੀਆਂ... ਸਮੇਂ ਚੰਗੇ ਨਹੀਂ ਹੁਣ... ਇਹਦਾ ਵਿਆਹ ਕਦੋਂ ਕਰਨਾ ਫੇਰ... ਕੁੜੀਆਂ ਚਿੜੀਆਂ ਨੂੰ ਨੱਥ ਪਾ ਕੇ ਰੱਖਣੀ ਚਾਹੀਦੀ... ਤੇ ਹੋਰ ਪਤਾ ਨਹੀਂ ਕੀ ਕੀ; ਪਰ ਮੈਂ ਕਿਸੇ ਦੀ ਇੱਕ ਨਾ ਸੁਣੀ ਤੇ ਆਪਣੇ ਪਿਤਾ ਜੀ ਦੀ ਹੱਲਾਸ਼ੇਰੀ ਸਦਕਾ ਕੁੜੀਆਂ ਵਾਲੇ ਕਾਲਜ, ਨਾਭੇ ਜਾ ਦਾਖਲਾ ਲਿਆ। ਉਂਝ, ਸਾਲ ਬਾਅਦ ਹੀ ਮੈਨੂੰ ਕਾਲਜ ਦਾ ਮਾਹੌਲ ਕੁਝ ਅਜੀਬ ਜਿਹਾ ਲੱਗਿਆ। ਅਗਲੇ ਸਾਲ ਰੌਲਾ ਪਾ ਕੇ ਸਰਕਾਰੀ ਰਿਪੁਦਮਨ ਕਾਲਜ ਦਾਖਲਾ ਲੈ ਲਿਆ। ਰਿਸ਼ਤੇਦਾਰਾਂ ਤੇ ਘਰਦਿਆਂ ਦਾ ਫਿਰ ਉਹੀ ਰੌਲਾ: ਹੁਣ ਤਾਂ ਮੁੰਡਿਆਂ ਵਾਲੇ ਕਾਲਜ ਚਲੀ ਗਈ... ਹੁਣ ਤਾਂ ਕੱਖ ਵੀ ਇੱਜ਼ਤ ਨਹੀਂ ਰਹਿਣੀ। ਘਰੋਂ ਜਦੋਂ ਤਿਆਰ ਹੋ ਕੇ ਪਿੰਡ ਦੇ ਅੱਡੇ ਤੋਂ ਬੱਸ ਚੜ੍ਹਨ ਲਈ ਜਾਣਾ ਤਾਂ ਪਿੰਡਾਂ ਦੀਆਂ ਬੁੜ੍ਹੀਆਂ ਤੇ ਹੋਰ ਜ਼ਨਾਨੀਆਂ ਨੇ ਮੂੰਹ ਨਾਲ ਮੂੰਹ ਜੋੜ ਗੱਲਾਂ ਕਰਨੀਆਂ: ‘ਲੈ ਇਹਨੂੰ ਦੇਖ, ਕਿਸੇ ਦੀ ਕੋਈ ਸੰਗ ਸ਼ਰਮ ਨਹੀਂ, ਨਿੱਤ ਬੱਸਾਂ ਚੜ੍ਹਦੀ ਆ, ਮੁੰਡਿਆਂ ਵਾਲੇ ਕਾਲਜ ਜਾਂਦੀ ਆ।’ ਆਪਾਂ ਇਨ੍ਹਾਂ ਗੱਲਾਂ ਨੂੰ ਗੌਲਿਆ ਹੀ ਨਹੀਂ। ਫਿਰ ਨਤੀਜਾ ਆਇਆ- ਬੀਏ ਵਿੱਚੋਂ ਕਾਲਜ ’ਚੋਂ ਪਹਿਲੇ ਸਥਾਨ ’ਤੇ, ਯੂਨੀਵਰਸਿਟੀ ਵਿੱਚੋਂ ਵੀ ਪੁਜ਼ੀਸ਼ਨ।
ਗੱਲ ਜਦੋਂ ਉਚੇਰੀ ਸਿੱਖਿਆ (ਯੂਨੀਵਰਸਿਟੀ) ਲਈ ਜਾਣ ਦੀ ਹੋਈ ਤਾਂ ਫਿਰ ਉਹੀ ਹੰਗਾਮਾ ਪਰ ਐਤਕੀਂ ਪਿੱਠ ਪਿੱਛੇ। ਉਹੀ ਗਲੀਆਂ ਸੜੀਆਂ ਮਨਾਹੀਆਂ ਤੇ ਵਲਗਣਾਂ ਅਤੇ ਪਿਛਾਂਹ-ਖਿੱਚੂ ਬਿਰਤੀ। ਆਪਾਂ ਨਾ ਉਦਾਸ ਹੋਏ ਨਾ ਨਿਰਾਸ਼। ਚੁੱਪ ਕਰ ਕੇ ਪਿਤਾ ਜੀ ਤੋਂ ਪੈਸੇ ਲਏ ਤੇ ਪੰਜਾਬੀ ਯੂਨੀਵਰਸਿਟੀ ਐੱਮਫਿਲ ਵਿੱਚ ਜਾ ਦਾਖਲਾ ਲਿਆ; ਤੇ ਇੱਥੋਂ ਹੀ ਸ਼ੁਰੂਆਤ ਹੋਈ ਉਸ ਸੰਘਰਸ਼ ਦੀ ਜਿਸ ਨੇ ਅੱਜ ਪੈਰਾਂ ’ਤੇ ਖੜ੍ਹਨ ਜੋਗੇ ਕੀਤਾ। ਇਸੇ ਦੌਰਾਨ ਬੀਐੱਡ ਸਰਕਾਰੀ ਕਾਲਜ ਮਾਲੇਰ ਕੋਟਲਾ ਤੋਂ ਕੀਤੀ। ਬਾਅਦ ਵਿੱਚ ਡਾ. ਦਿਲਬੀਰ ਕੌਰ ਬਾਜਵਾ ਕੋਲ ਪੀਐੱਚਡੀ ਦੀ ਰਜਿਸਟ੍ਰੇਸ਼ਨ ਕਰਵਾ ਲਈ। ਜਦੋਂ ਰਿਸ਼ਤੇਦਾਰਾਂ ਤੇ ਸ਼ਰੀਕੇ-ਕਬੀਲੇ ਨੂੰ ਪਤਾ ਲੱਗਿਆ, ਫਿਰ ਉਹੀ ਕਾਟੋ-ਕਲੇਸ਼: ‘ਹੁਣ ਤਾਂ ਇਹ ਜਮਾਂ ਈ ਹੱਥਾਂ ’ਚੋਂ ਨਿਕਲ ਗਈ... ਦੇਖ ਲਿਓ, ਹੁਣ ਨੀ ਇਹਨੇ ਕਿਸੇ ਪਾਸੇ ਜੋਗੀ ਰਹਿਣਾ, ਵਿਆਹ ਬੁੜ੍ਹੀ ਹੋ ਕੇ ਕਰਵਾਏਗੀ, ਸ਼ਰਮ ਨਹੀਂ ਆਉਂਦੀ ਨਾ ਇਹਨੂੰ, ਨਾ ਇਹਦੇ ਬਾਪ ਨੂੰ ਜਿਹੜੇ ਸ਼ਰੀਅਤ ਦੇ ਬਾਹਰ ਦੇ ਕੰਮ ਕਰਦੇ ਨੇ। ਖੌਰੇ ਕਿਹੜੀ ਜਾਤ ਵਿੱਚ ਵਿਆਹ ਕਰਵਾਏਗੀ ਹੁਣ।’... ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੁਸਲਿਮ ਸਮਾਜ ਵਿੱਚ ਔਰਤਾਂ ਦੀ ਸਿੱਖਿਆ ਤੋਂ ਸਾਰੇ ਹੀ ਭਲੀਭਾਂਤ ਜਾਣੂ ਹਾਂ। ਉਹ ਲੋਕ ਵੀ ਮਿੰਟਾਂ ਵਿੱਚ ਤਗ਼ਮਾ ਦੇ ਦਿੰਦੇ ਜਿਨ੍ਹਾਂ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਹੁੰਦਾ। ਵਿਆਹ ਵਾਲੀ ਗੱਲ ਤਾਂ ਖ਼ੈਰ ਸੱਚ ਵੀ ਸੀ। ਜ਼ਰੂਰੀ ਥੋੜ੍ਹਾ ਸੀ ਕਿ ਐਨਾ ਪੜ੍ਹ-ਲਿਖ ਕੇ ਜਾਤਾਂ ਪਰਖਦੀ ਫਿਰਾਂ ਤੇ ਆਪਣੀ ਮਰਜ਼ੀ ਦਾ ਵਿਆਹ ਵੀ ਨਾ ਕਰਵਾ ਸਕਾਂ।
ਚਲੋ, ਪੀਐੱਚਡੀ ਮਗਰੋਂ ਬਤੌਰ ਲੈਕਚਰਾਰ ਸਰਕਾਰੀ ਨੌਕਰੀ ਮਿਲ ਗਈ। ਖ਼ੁਦ ਨੂੰ ਭਾਗਾਂ ਵਾਲੀ ਸਮਝਦੀ ਹਾਂ ਤੇ ਅਕਸਰ ਸੋਚਦੀ ਹਾਂ ਕਿ ਕਿਹੜੀਆਂ ਕਿਹੜੀਆਂ ਰੀਤਾਂ ਅਤੇ ਵਿਹਾਰਾਂ ਖਿਲਾਫ਼ ਵਿਦਰੋਹ ਕਰ ਕੇ ਇਸ ਮੁਕਾਮ ’ਤੇ ਪਹੁੰਚੀ ਹਾਂ। ਰਿਸ਼ਤੇਦਾਰੀਆਂ ਛੱਡੀਆਂ, ਕੁਝ ਨੇੜੇ ਦੇ ਰਿਸ਼ਤੇ ਛੱਡੇ, ਆਂਢ-ਗੁਆਂਢ ਛੱਡਿਆ ਪਰ ਇਸ ਵਿਦਰੋਹ ਦੀ ਜੋ ਕੀਮਤ ਮਿਲੀ, ਹਜ਼ਾਰ ਗੁਣਾ ਸੁਹਾਵਣੀ ਏ।...
ਅਗਲੇ ਪੀਰੀਅਡ ਦੀ ਘੰਟੀ ਵੱਜੀ ਤਾਂ ਸੋਚਾਂ ਦੀ ਲੜੀ ਟੁੱਟੀ। ਜ਼ਿਹਨ ਵਿੱਚ ਆਇਆ, ਪਵਨਦੀਪ ਨੂੰ ਸਮਝਾਵਾਂ- ‘ਪੁੱਤ, ਹੱਕ ਕਈ ਵਾਰ ਖੋਹਣੇ ਪੈਂਦੇ, ਉਹ ਵੀ ਆਪਣਿਆਂ ਤੋਂ... ਜ਼ਿੰਦਗੀ ਨੂੰ ਸਾਜ਼ਗਾਰ ਬਣਾਉਣ ਲਈ।’
ਹੁਣ ਮੈਂ ਅੱਧੀ ਛੁੱਟੀ ਵਾਲਾ ਵੇਲਾ ਉਡੀਕ ਰਹੀ ਸਾਂ; ਪਵਨਦੀਪ ਨੂੰ ਅੱਧੀ ਛੁੱਟੀ ਵੇਲੇ ਮਿਲਣ ਲਈ ਕਿਹਾ ਜੋ ਸੀ!
ਅੱਧੀ ਛੁੱਟੀ ਹੋਈ; ਤੇ ਥੋੜ੍ਹੀ ਦੇਰ ਪਿੱਛੋਂ ਪਵਨਦੀਪ ਮੇਰੇ ਵੱਲ ਆ ਰਹੀ ਦਿਸ ਪਈ।
ਸੰਪਰਕ: 89689-48018

Advertisement
Author Image

joginder kumar

View all posts

Advertisement
Advertisement
×