ਵਸੀਅਤ
ਰਾਮ ਸਵਰਨ ਲੱਖੇਵਾਲੀ
ਜ਼ਿੰਦਗੀ ਬੇਸ਼ਕੀਮਤੀ ਹੈ ਜਿਸ ਦਾ ਇੱਕ ਇੱਕ ਪਲ ਅਮੁੱਲ ਹੈ। ਇਸ ਦੀ ਬੁੱਕਲ ਵਿਚ ਸੁਫ਼ਨਿਆਂ ਦੇ ਮੋਤੀ ਬਿਖਰੇ ਹਨ। ਮਨ ਸੋਚਾਂ ਦੀ ਦਹਿਲੀਜ਼ ਵੱਲ ਅਹੁਲਦਾ ਹੈ। ਤੁਰਨ, ਅੱਗੇ ਵਧਣ ਦਾ ਅਹਿਦ ਕਰਦਾ।… ਜੀਵਨ ਰਾਹ ‘ਤੇ ਬਿਖਰੇ ਕੰਡੇ ਤੁਰਨ ਤੋਂ ਰੋਕਦੇ। ਰਾਹ ਦੀ ਰੁਕਾਵਟ ਬਣਦੇ। ਹੌਸਲਾ ਤੇ ਸਬਰ ਪਰਖਦੇ।
ਬਚਪਨ ਦੇ ਅੰਗ ਸੰਗ ਪਲਦੀ ਜਿ਼ੰਦਗੀ। ਪੁਲਾਘਾਂ ਤੋਂ ਕਦਮਾਂ ਦਾ ਸਫ਼ਰ ਤੈਅ ਕਰਦੀ। ਹਾਸੇ, ਕਿਲਕਾਰੀਆਂ ਤੋਤਲੇ ਬੋਲਾਂ ਵਿਚ ਬਦਲਣ ਲਗਦੇ। ਮਾਂ ਦੀ ਗੋਦ ਦਾ ਨਿੱਘ ਜਿਊਣ ਦੀ ਤਾਂਘ ਬਣਦਾ। ਨਜ਼ਰਾਂ ਘਰ ਪਰਿਵਾਰ ਦੇ ਜੀਆਂ ਨੂੰ ਪਛਾਣਨ ਲਗਦੀਆਂ। ਲਾਡ, ਪਿਆਰ ਖੁਸ਼ੀ ਦੀ ਇਬਾਰਤ ਲਿਖਦਾ। ਮਾਂ ਤੋਂ ਮਿਲੇ ਸ਼ਬਦ ਬੋਲਾਂ ਵਿਚ ਬਦਲਦੇ। ਖੇਡਣਾ, ਮੱਲਣਾ ਆਨੰਦ ਦਿੰਦਾ। ਮਾਪਿਆਂ ਦੀ ਛਤਰ ਛਾਇਆ। ਭੈਣ ਭਰਾਵਾਂ ਦਾ ਲਾਡ ਦਾ ਅਮੁੱਲਾ ਪਿਆਰ ਮਿਲਦਾ। ਬੇਫਿ਼ਕਰੀ ਬਚਪਨ ਵਿਚ ਖ਼ੁਸ਼ੀਆਂ ਦੇ ਰੰਗ ਭਰਦੀ। ਨਾ-ਬਰਾਬਰੀ ਦੇ ਮਾਰਿਆਂ ਦਾ ਬਚਪਨ ਵੀ ਔਕੜਾਂ ਝੱਲਦਾ। ਮਾਪੇ ਆਪਣੇ ਬੱਚਿਆਂ ਨੂੰ ਜੀਵਨ ਦੀ ਬੁਲੰਦੀ ‘ਤੇ ਜਾਂਦਿਆਂ ਦੇਖਣਾ ਲੋਚਦੇ।
ਸਕੂਲ਼ ਸਫ਼ਰ ਆਰੰਭ ਹੁੰਦਾ। ਸਕੂਲੀ ਗਿਆਨ ਬੱਚਿਆਂ ਨੂੰ ਚਾਨਣ ਵੱਲ ਤੋਰਦਾ। ਜਿ਼ੰਦਗੀ ਦੇ ਨਕਸ਼ ਉਘਾੜਨ ਲਗਦੇ। ਜਮਾਤਾਂ ਚੜ੍ਹਦੇ ਵਿਦਿਆਰਥੀ ਸੁਹਜ ਸਲੀਕਾ ਵੀ ਸਿੱਖਣ ਲਗਦੇ। ਜਿ਼ੰਮੇਵਾਰੀ ਦਾ ਅਹਿਸਾਸ ਸਮਝ ਆਉਣ ਲਗਦਾ। ਮਿਹਨਤ ਨਾਲ ਜਿ਼ੰਦਗੀ ਸੰਵਾਰਨ ਦੇ ਸੁਫ਼ਨਿਆਂ ਦੀ ਮਨਾਂ ‘ਤੇ ਦਸਤਕ ਸੁਣਾਈ ਦਿੰਦੀ।… ਪ੍ਰਬੰਧ ਦਾ ਕੁਹਜ ਸਾਹਮਣੇ ਆਉਂਦਾ ਹੈ। ਥੁੜ੍ਹਾਂ ਮਾਰਿਆਂ ਲਈ ਪੜ੍ਹਾਈ ਵੀ ਚੁਣੌਤੀ ਹੁੰਦੀ। ਸਕੂਲ ਦੇ ਨਾਲ ਨਾਲ ਘਰ, ਖੇਤ ਦਾ ਕੰਮ। ਇਹ ਮਿਹਨਤ ਕਦਮਾਂ ਨੂੰ ਥਿੜਕਣ ਨਾ ਦਿੰਦੀ। ਗਿਆਨ ਦੀ ਇਹ ਯਾਤਰਾ ਇੱਕ ਸਾਰ ਨਹੀਂ ਹੁੰਦੀ। ਨਾ-ਬਰਾਬਰੀ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦੀ। ਆਰਥਿਕ ਪੱਖੋਂ ਕਮਜ਼ੋਰ ਰਾਹਾਂ ਵਿਚ ਰਹਿ ਜਾਂਦੇ। ਘਰਾਂ ਦੀ ਮਜਬੂਰੀ ਉਨ੍ਹਾਂ ਦੇ ਭਵਿੱਖ ਨੂੰ ਹਨੇਰੇ ਵਿਚ ਡੋਬਦੀ। ਕੋਈ ਬਾਂਹ ਨਹੀਂ ਫੜਦਾ। ਸੁਫ਼ਨਿਆਂ ਦੀ ਪਰਵਾਜ਼ ਮੁੱਕ ਜਾਂਦੀ ਪਰ ਜਿ਼ੰਦਗ਼ੀ ਸਬਰ ਦਾ ਪੱਲਾ ਨਹੀਂ ਛੱਡਦੀ, ਮਿਹਨਤ ਦੇ ਅੰਗ ਸੰਗ ਰਹਿੰਦੀ। ਔਕੜਾਂ ਝੱਲਦੀ ਵੀ ਅੱਗੇ ਤੁਰਦੀ। ਸਫਲ ਕਦਮਾਂ ਨੂੰ ਸੁਖ ਸਹੂਲਤਾਂ ਦਾ ਆਨੰਦ ਮਿਲਦਾ। ਨਿੱਜ, ਸੁਆਰਥ ਤੇ ਗਰਜਾਂ ਜਿ਼ੰਦਗੀ ਨੂੰ ਕਲਾਵੇ ਵਿਚ ਲੈਂਦੀਆਂ। ਜਿ਼ੰਦਗੀ ਆਪਣੇ ਆਪ ਤੱਕ ਸੀਮਤ ਹੁੰਦੀ। ਘਰ ਤੋਂ ਸਕੂਲ, ਦਫਤਰ ਤੇ ਖੇਤ। ਉਨ੍ਹਾਂ ਦਾ ਨਿੱਤ ਰੋਜ਼ ਦਾ ਕਰਮ ਬਣਦਾ। ਧਨ ਦੌਲਤ ਤੇ ਜਾਇਦਾਦ ਪਹਿਲ ਪਸੰਦ ਬਣਦੇ। ਮਨ ਸਮਾਜਿਕ ਜਿ਼ੰਮੇਵਾਰੀ ਦੇ ਅਹਿਸਾਸ ਤੋਂ ਦੂਰ ਰਹਿੰਦਾ। ਆਪਣੀ ਖੁਸ਼ੀ ਤੇ ਜਿਊਣ ਵਿਚ ਰੁੱਝਿਆ। ਜੀਵਨ ਰਾਹ ‘ਤੇ ਆਉਂਦੀਆਂ ਔਕੜਾਂ ਅੱਖਾਂ ਖੋਲ੍ਹਦੀਆਂ। ਦੌਲਤ ਤੋਂ ਪਹਿਲਾਂ ਮਿੱਤਰ, ਰਿਸ਼ਤੇਦਾਰ ਬਾਂਹ ਫੜਦੇ। ਸੰਗੀ ਸਾਥੀ ਨਾਲ ਆ ਖੜ੍ਹਦੇ। ਉਸ ਨੂੰ ਜਿ਼ੰਦਗੀ ਦੀ ਬਾਤ ਸਮਝਾਉਂਦੇ- ‘ਨਿੱਜ ਨਾਲੋਂ ਸਾਂਝ ਉੱਤਮ ਹੁੰਦੀ। ਮਨੁੱਖ ਆਪਣਿਆਂ ਨਾਲ ਮਿਲ ਕੇ ਹੀ ਵੱਡਾ ਹੁੰਦਾ। ਇੱਕ ਦੂਜੇ ਦੇ ਕੰਮ ਆਉਣਾ ਜਿ਼ੰਦਗ਼ੀ ਦਾ ਸੱਚਾ ਕਰਮ ਹੈ। ਇਸ ਰਾਹ ਤੁਰਦਿਆਂ ਜਿ਼ੰਦਗੀ ਦੀ ਬੁੱਕਲ ਵਿਚ ਸਨੇਹ, ਸਵੈਮਾਣ, ਸੰਤੁਸ਼ਟੀ ਤੇ ਸਬਰ ਜਿਹੇ ਮੋਤੀ ਆਉਂਦੇ ਹਨ।’ ਸੋਚਾਂ ਕਰਵਟ ਲੈਂਦੀਆਂ ਤੇ ਜਿਊਣ ਦਾ ਨਵਾਂ ਰਾਹ ਖੁੱਲ੍ਹਦਾ।
ਜਿ਼ੰਦਗੀ ਦਾ ਇਹ ਰੂਪ ਚਾਨਣ ਵਾਂਗ ਪ੍ਰੇਰਨਾ ਵੰਡਦਾ। ਮਨ ਮਸਤਕ ਤੇ ਸਬਕ ਦੀ ਇਬਾਰਤ ਲਿਖਦਾ। ਲੋਭ ਲਾਲਚ ਤੋਂ ਕੋਹਾਂ ਦੂਰ। ਉੱਚੇ ਸੁੱਚੇ ਵਿਚਾਰਾਂ ਨਾਲ ਜਿਊਂਦਾ ਜਗਦਾ। ਸਾਵੀਂ ਸੁਖਾਵੇਂ ਰਾਹਾਂ ਦਾ ਮੁਸਾਫ਼ਰ। ਹੋਰਾਂ ਨੂੰ ਨਾਲ ਲੈ ਕੇ ਤੁਰਦਾ। ਔਕੜਾਂ ਨੂੰ ਖਿੜੇ ਮੱਥੇ ਟੱਕਰਦਾ। ਅਜਿਹੀ ਜਿ਼ੰਦਗੀ ਦਾ ਸੁਨਿਹਰੀ ਪੰਨਾ ਖੁੱਲ੍ਹਿਆ। ਲਿਖੀ ਇਬਾਰਤ ਮਨ ਰੁਸ਼ਨਾਉਣ ਲੱਗੀ। ਪੜ੍ਹਿਆ ਲਿਖਿਆ ਪਰਿਵਾਰ; ਸਰਦਾ ਪੁੱਜਦਾ। ਘਰ ਵਿਚ ਖ਼ੁਸ਼ੀਆਂ ਤੇ ਦਸਤਕ ਦਿੱਤੀ। ਘਰ ਨੰਨ੍ਹੀ ਪਰੀ ਦੀ ਆਮਦ ਹੋਈ। ਮਾਪਿਆਂ ਦੀ ਇੱਛਾ ਨੂੰ ਪਰਵਾਜ਼ ਮਿਲੀ। ਸਾਰੇ ਪਰਿਵਾਰ ਨੇ ਚਾਵਾਂ ਨਾਲ ਚੰਨ ਧੀ ਦਾ ਸਵਾਗਤ ਕੀਤਾ। ਨਾਂ ਰੱਖਿਆ ਅਬਾਬਤ ਕੌਰ। ਮਾਪੇ ਫੁੱਲਾਂ ਜਿਹੀ ਧੀ ਨੂੰ ਦੇਖ ਦੇਖ ਜਿਊਂਦੇ। ਜਿ਼ੰਦਗੀ ਨੇ 24ਵੇਂ ਦਿਨ ਵਿਚ ਪੈਰ ਧਰਿਆ। ਅਬਾਬਤ ਨੂੰ ਗੰਭੀਰ ਬਿਮਾਰੀ ਨੇ ਦਬੋਚ ਲਿਆ। ਇਲਾਜ ਲਈ ਰਾਜਧਾਨੀ ਦੇ ਵੱਡੇ ਹਸਪਤਾਲ ਪਹੁੰਚੇ। ਡਾਕਟਰਾਂ ਦੀਆਂ ਕੋਸਿ਼ਸਾਂ ਨੂੰ ਬੂਰ ਨਾ ਪਿਆ। 39ਵੇਂ ਦਿਨ ਅਬਾਬਤ ਦੀ ਜੀਵਨ ਡੋਰ ਟੁੱਟ ਗਈ। ਮਾਪਿਆਂ ਦੇ ਸੁਫ਼ਨੇ ਬਿਖਰ ਗਏ। ਨੰਨ੍ਹੀ ਧੀ ਦਾ ਮੁੱਕਿਆ ਜੀਵਨ ਪੰਧ ਅਥਾਹ ਗਮ ਦੇ ਗਿਆ।
ਮਾਪਿਆਂ ਨੇ ਹੌਸਲਾ ਨਹੀਂ ਹਾਰਿਆ। ਪਰਿਵਾਰ ਦੀ ਸੁਤੰਤਰਤਾ ਸੈਨਾਨੀ ਵਿਰਾਸਤ ਨੇ ਰਾਹ ਦਿਖਾਇਆ। ਉਨ੍ਹਾਂ ਮਿਲ ਬੈਠ ਰਾਇ-ਮਸ਼ਵਰਾ ਕੀਤਾ। ਦੁੱਖ ਨੂੰ ਪ੍ਰੇਰਨਾ ਵਿਚ ਬਦਲਣ ਦਾ ਮਨ ਬਣਾਇਆ। ਉਨ੍ਹਾਂ ਡਾਕਟਰਾਂ ਨੂੰ ਅਬਾਬਤ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਸੁਣਾਇਆ। ਆਪਣੇ ਮਾਪਿਆਂ ਦੇ ਸਿਦਕ ਤੇ ਉਚੇਰੀ ਸੋਚ ਸਦਕਾ ਅਬਾਬਤ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀ। ਉਸ ਦੇ ਗੁਰਦੇ 16 ਸਾਲਾ ਨੌਜਵਾਨ ਨੂੰ ਨਵਾਂ ਜੀਵਨ ਦੇ ਗਏ। ਇਹ ਛੋਟੀ ਜਿ਼ੰਦਗੀ ਦਾ ਵੱਡਾ ਸਬਕ ਸੀ। ਸਾਹਾਂ ਦੀ ਤੰਦ ਟੁੱਟਣ ਮਗਰੋਂ ਵੀ ਹੋਰਾਂ ਨੂੰ ਜਿ਼ੰਦਗੀ ਦੇ ਗਏ, ਅਨੇਕਾਂ ਚੰਨ ਤਾਰੇ ਨਜ਼ਰ ਆਉਣ ਲੱਗੇ। ਦੋ ਦਹਾਕੇ ਪਹਿਲਾਂ ਮੈਡੀਕਲ ਖੋਜ ਕਾਰਜਾਂ ਲਈ ਸਰੀਰ ਭੇਂਟ ਕਰਨ ਵਾਲਾ ਤਰਕਸ਼ੀਲ ਲਹਿਰ ਦਾ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ। ਉੱਤਰੀ ਭਾਰਤ ਵਿਚ ਸਰੀਰ ਤੇ ਅੰਗ ਦਾਨ ਕਰਨ ਦਾ ਮੋਹਰੀ। ਅਮਰੀਕਾ ਪੜ੍ਹਨ ਗਈ ਡਾ. ਜਸਲੀਨ ਕੌਰ। ਦਿਮਾਗੀ ਮੌਤ ਹੋਣ ‘ਤੇ ਪਰਿਵਾਰ ਨੇ ਲਾਡਲੀ ਧੀ ਦੀ ਮੌਤ ਨੂੰ ਮਾਤ ਦਿੱਤੀ। ਜਸਲੀਨ ਦੇ 37 ਅੰਗ ਲੋੜਵੰਦਾਂ ਨੂੰ ਲਗਾਏ ਗਏ। ਸਰਕਾਰ ਨੇ ਜਸਲੀਨ ਨੂੰ ਮੌਤ ਉਪਰੰਤ ‘ਲਾਈਫ ਡੋਨਰ’ ਦੇ ਸਨਮਾਨ ਨਾਲ ਨਿਵਾਜਿਆ। ਕੈਨੇਡਾ ਪੜ੍ਹਨ ਗਏ ਹੋਣਹਾਰ ਵਿਵੇਕ ਪੰਧੇਰ ਦੀ ਬੇਵਕਤੀ ਮੌਤ ਉਪਰੰਤ ਉਸ ਦੇ 5 ਅੰਗ ਲੋੜਵੰਦ ਮਰੀਜ਼ਾਂ ਨੂੰ ਨਵਾਂ ਜੀਵਨ ਦੇ ਗਏ। ਉਸ ਦੀ ਯਾਦ ਕੈਨੇਡਾ ਵਿਚ ਅੰਗ ਦਾਨ ਲਹਿਰ ਨਾਲ ਇੱਕਮਿੱਕ ਹੋਈ।
ਜਿਊਂਦੇ ਜੀਅ ਚੰਗੇਰੇ ਚੌਗਿਰਦੇ ਲਈ ਸਭ ਦੇ ਸੰਗ ਸਾਥ ਤੁਰਨਾ। ਦੁਨੀਆ ਤੋਂ ਚਲੇ ਜਾਣ ਬਾਅਦ ਵੀ ਹੋਰਨਾਂ ਜਿ਼ੰਦਗੀਆਂ ਦੀ ਧੜਕਣ ਬਣਨਾ। ਵੱਖ ਵੱਖ ਅੰਗਾਂ ‘ਚ ਰਚਮਿਚ ਜਿ਼ੰਦਗੀ ਨੂੰ ਸਾਬਤ ਕਦਮੀਂ ਤੋਰਨਾ। ਇਹ ਜਿ਼ੰਦਗੀ ਦੀ ਕਦੇ ਨਾ ਮੁੱਕਣ, ਟੁੱਟਣ ਵਾਲੀ ਵਸੀਅਤ ਹੈ ਜਿਸ ਤੇ ਸਾਂਝ, ਸਹਿਯੋਗ, ਸਿਦਕ, ਸਬਰ ਤੇ ਸਮਰਪਣ ਦੇ ਸੁਨਿਹਰੀ ਅੱਖਰ ਉੱਕਰੇ ਹੋਏ ਹਨ।
ਸੰਪਰਕ: 95010-06626