For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਦੇ ਲੋਕਾਂ ਨਾਲ ਪੂਰਾ ਦੇਸ਼ ਖੜ੍ਹਾ ਹੈ: ਮੋਦੀ

07:55 AM Aug 11, 2023 IST
ਮਨੀਪੁਰ ਦੇ ਲੋਕਾਂ ਨਾਲ ਪੂਰਾ ਦੇਸ਼ ਖੜ੍ਹਾ ਹੈ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ’ਚ ਸੰਬੋਧਨ ਕਰਦੇ ਹੋਏ।
Advertisement

‘ਸ਼ਾਂਤੀ ਬਹਾਲੀ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਰਲ ਕੇ ਕਰ ਰਹੀਆਂ ਨੇ ਕੋਸ਼ਿਸ਼ਾਂ’

Advertisement

‘ਰਾਹੁਲ ਦੀ ‘ਭਾਰਤ ਮਾਤਾ’ ਬਾਰੇ ਟਿੱਪਣੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ’

Advertisement

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਨਾਕਾਮੀਆਂ ਛੁਪਾਉਣ ਲਈ ਸਿਆਸਤ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ, 10 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਹਿੰਸਾਗ੍ਰਸਤ ਸੂਬੇ ’ਚ ਸ਼ਾਂਤੀ ਬਹਾਲੀ ਲਈ ਰਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਾ ਮੁਲਕ ਮਨੀਪੁਰ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਔਰਤਾਂ ਖ਼ਿਲਾਫ਼ ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦਾ ਜਵਾਬ ਦਿੰਦਿਆਂ ਮੋਦੀ ਨੇ ‘ਭਾਰਤ ਮਾਤਾ’ ਬਾਰੇ ਕੀਤੀ ਟਿੱਪਣੀ ਲਈ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਹੈਰਾਨੀ ਪ੍ਰਗਟਾਈ ਕਿ ਕੁਝ ਆਗੂ ਉਸ (ਭਾਰਤ ਮਾਤਾ) ਦੀ ਮੌਤ ਕਿਵੇਂ ਮੰਗ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਟਿੱਪਣੀ ਨੇ ਹਰੇਕ ਭਾਰਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਨ ’ਚ ਡੇਢ ਘੰਟੇ ਤੋਂ ਵੱਧ ਸਮੇਂ ਤੱਕ ਮਨੀਪੁਰ ਦਾ ਕੋਈ ਜ਼ਿਕਰ ਨਾ ਕਰਨ ਦੇ ਦੋਸ਼ ਲਾਉਂਦਿਆਂ ਸਦਨ ’ਚੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ’ਚ ਬੇਭਰੋਸਗੀ ਦਾ ਮਤਾ ਜ਼ੁਬਾਨੀ ਵੋਟਾਂ ਨਾਲ ਡਿੱਗ ਗਿਆ।
ਕਾਂਗਰਸ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਇਹ ਉਹ ਲੋਕ ਹਨ ਜੋ ਕਦੇ ਲੋਕਤੰਤਰ ਦੀ ਹੱਤਿਆ ਅਤੇ ਕਦੇ ਸੰਵਿਧਾਨ ਦੀ ਹੱਤਿਆ ਬਾਰੇ ਬੋਲਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਮਾਂ ਭਾਰਤੀ ਨੂੰ ਤਿੰਨ ਹਿੱਸਿਆਂ ’ਚ ਵੰਡ ਦਿੱਤਾ ਸੀ। ਜਦੋਂ ਮਾਂ ਭਾਰਤੀ ਨੂੰ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਾਉਣ ਦਾ ਸਮਾਂ ਆਇਆ ਤਾਂ ਉਨ੍ਹਾਂ ਉਸ ਦੇ ਹੱਥ ਵੱਢ ਦਿੱਤੇ ਸਨ।’’ ਮੋਦੀ ਨੇ ਕਿਹਾ ਕਿ ਮਨੀਪੁਰ ਦੀ ਹਿੰਸਾ ਪ੍ਰੇਸ਼ਾਨ ਕਰਨ ਵਾਲੀ ਹੈ। ‘ਔਰਤਾਂ ਖ਼ਿਲਾਫ਼ ਅਪਰਾਧ ਮਨਜ਼ੂਰ ਨਹੀਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਲ ਕੇ ਕੰਮ ਕਰ ਰਹੀਆਂ ਹਨ।’ ਮੁਲਕ ਦੇ ਲੋਕਾਂ ਨੂੰ ਉਨ੍ਹਾਂ ਯਕੀਨ ਦਿਵਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਮਨੀਪੁਰ ’ਚ ਛੇਤੀ ਸ਼ਾਂਤੀ ਪਰਤੇਗੀ। ਉਨ੍ਹਾਂ ਪੂਰੇ ਉੱਤਰ-ਪੂਰਬੀ ਖ਼ਿੱਤੇ ਲਈ ਆਪਣੀ ਸਰਕਾਰ ਦੇ ਵਿਕਾਸ ਕੰਮਾਂ ਦੇ ਵੇਰਵੇ ਦਿੱਤੇ ਅਤੇ ਕਿਹਾ ਕਿ ਉਹ ਖੁਦ ਇਲਾਕੇ ਦਾ 50 ਵਾਰ ਦੌਰਾ ਕਰਕੇ ਆਏ ਹਨ ਜਦਕਿ ਉਨ੍ਹਾਂ ਦੇ ਮੰਤਰੀਆਂ ਨੇ 400 ਵਾਰ ਦੌਰੇ ਕੀਤੇ ਹਨ। ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੋਦੀ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਸੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1966 ’ਚ ਮਿਜ਼ੋਰਮ ਦੇ ਨਾਗਰਿਕਾਂ ’ਤੇ ਹਵਾਈ ਹਮਲੇ ਅਤੇ 1984 ’ਚ ਅਕਾਲ ਤਖ਼ਤ ’ਤੇ ਫ਼ੌਜੀ ਹਮਲਾ ਕਰਵਾਇਆ ਸੀ। ਪ੍ਰਧਾਨ ਮੰਤਰੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਭਾਜਪਾ ਅਤੇ ਉਸ ਦੇ ਭਾਈਵਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਰਿਕਾਰਡਤੋੜ ਜਿੱਤ ਹਾਸਲ ਕਰਨਗੇ। ਵਿਰੋਧੀ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ 2018 ਵਾਂਗ ਇਸ ਵਾਰ ਦਾ ਬੇਭਰੋਸਗੀ ਮਤਾ ਹਾਕਮ ਗੱਠਜੋੜ ਲਈ ਸ਼ੁੱਭ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਨਾਲ ਸਬੰਧਤ ਬਿੱਲਾਂ ਬਾਰੇ ਵਿਰੋਧੀ ਧਿਰ ਨੇ ਸੰਸਦ ’ਚ ਚਰਚਾ ਨਹੀਂ ਹੋਣ ਦਿੱਤੀ। ‘ਉਨ੍ਹਾਂ ਲਈ ਦੇਸ਼ ਨਾਲੋਂ ਦਲ ਵੱਡਾ ਹੈ। ਤੁਸੀਂ ਲੋਕਾਂ ਨੂੰ ਧੋਖਾ ਦਿੱਤਾ ਹੈ।’ ਉਨ੍ਹਾਂ ਸਵਾਲ ਕੀਤਾ ਕਿ ਬੇਭਰੋਸਗੀ ਮਤੇ ’ਤੇ ਵਿਰੋਧੀ ਧਿਰ ਨੇ ਇਹ ਕਿਹੋ ਜਿਹੀ ਚਰਚਾ ਕੀਤੀ ਹੈ। ‘ਮੈਂ ਸੋਸ਼ਲ ਮੀਡੀਆ ’ਤੇ ਦੇਖ ਰਿਹਾ ਸੀ ਤੁਹਾਡੇ ਦਰਬਾਰੀ ਵੀ ਨਿਰਾਸ਼ ਸਨ। ਇਸ ਚਰਚਾ ਦਾ ਮਜ਼ਾ ਦੇਖੋ, ਵਿਰੋਧੀ ਧਿਰ ਫੀਲਡਿੰਗ ਕਰ ਰਹੀ ਸੀ ਪਰ ਹਾਕਮ ਧਿਰ ਚੌਕੇ ਅਤੇ ਛੱਕੇ ਜੜ ਰਹੀ ਸੀ। ਵਿਰੋਧੀ ਧਿਰ ਬੇਭਰੋਸਗੀ ਮਤੇ ’ਤੇ ਸਿਰਫ਼ ਨੋ-ਬਾਲਾਂ ਹੀ ਕਰ ਰਹੀ ਹੈ।’ ਮੋਦੀ ਨੇ ਕਿਹਾ ਕਿ ਵਿਰੋਧੀ ਆਗੂ ਤਿਆਰੀ ਕਰਕੇ ਸਦਨ ’ਚ ਕਿਉਂ ਨਹੀਂ ਆਉਂਦੇ ਕਿਉਂਕਿ ਉਧਰੋਂ ਨੋ-ਬਾਲਾਂ ’ਤੇ ਨੋ-ਬਾਲਾਂ ਸੁੱਟੀਆਂ ਜਾ ਰਹੀਆਂ ਸਨ ਜਦਕਿ ਹਾਕਮ ਧਿਰ ਸੈਂਕੜੇ ’ਤੇ ਸੈਂਕੜੇ ਬਣਾਈ ਜਾ ਰਹੀ ਸੀ। ਘੁਟਾਲੇ ਮੁਕਤ ਸਰਕਾਰ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ 2028 ’ਚ ਬੇਭਰੋਸਗੀ ਦਾ ਮਤਾ ਲੈ ਕੇ ਆਵੇਗੀ ਤਾਂ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੋਵੇਗਾ। ਕਾਂਗਰਸ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਕੇਂਦਰ ’ਚ ਉਸ ਦੀ ਸਰਕਾਰ ਸਮੇਂ ਦਹਿਸ਼ਤੀ ਹਮਲਿਆਂ ਲਈ ਉਹ ਪਾਕਿਸਤਾਨ ਦੇ ਬਿਆਨਾਂ ’ਤੇ ਭਰੋਸਾ ਕਰਦੀ ਆਈ ਸੀ ਪਰ ਭਾਰਤੀ ਫ਼ੌਜ ਦੀ ਬਹਾਦਰੀ ’ਤੇ ਉਸ ਨੂੰ ਕੋਈ ਵਿਸ਼ਵਾਸ ਨਹੀਂ ਸੀ। ‘ਕਸ਼ਮੀਰ ’ਚ ਉਹ ਆਮ ਆਦਮੀ ’ਤੇ ਨਹੀਂ ਸਗੋਂ ਵੱਖਵਾਦੀਆਂ ਅਤੇ ਪਾਕਿਸਤਾਨੀ ਝੰਡਾ ਚੁੱਕਣ ਵਾਲਿਆਂ ’ਤੇ ਭਰੋਸਾ ਕਰਦੇ ਸਨ।

ਲੋਕ ਸਭਾ ’ਚ ਬੇਭਰੋਸਗੀ ਮਤੇ ਦੇ ਿਵਰੋਧ ’ਚ ਹੱਥ ਖੜ੍ਹੇ ਕਰਕੇ ਵੋਟਿੰਗ ਕਰਦੇ ਹੋਏ ਭਾਜਪਾ ਸੰਸਦ ਮੈਂਬਰ। -ਫੋਟੋ: ਪੀਟੀਆਈ

ਇਸੇ ਕਾਰਨ ਕਾਂਗਰਸ ’ਚ ਲੋਕਾਂ ਦਾ ਭਰੋਸਾ ਨਹੀਂ ਰਿਹਾ।’ ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ’ਚ ਹੰਕਾਰ ਅਤੇ ਬੇਭਰੋਸਗੀ ਦੀ ਭਾਵਨਾ ਇੰਨੀ ਹੈ ਕਿ ਉਨ੍ਹਾਂ ਦੀ ਮਾਨਸਿਕਤਾ ‘ਸ਼ੁਤਰਮੁਰਗ’ ਵਰਗੀ ਹੋ ਗਈ ਹੈ ਜਦਕਿ ਦੇਸ਼ ’ਚ ਨਵੇਂ ਭਰੋਸੇ, ਊਰਜਾ ਅਤੇ ਸੰਕਲਪ ਦਾ ਉਦੈ ਹੋ ਰਿਹਾ ਹੈ ਜਿਸ ਦੀ ਆਲਮੀ ਭਰੋਸੇਯੋਗਤਾ ਨਵੀਆਂ ਉਚਾਈਆਂ ’ਤੇ ਪਹੁੰਚ ਰਹੀ ਹੈ। ਮੋਦੀ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਵਿਰੋਧੀ ਧਿਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਕੁਝ ਵੀ ਨਹੀਂ ਹੋਇਆ। ਵਿਰੋਧੀ ਆਗੂਆਂ ਵੱਲੋਂ ਬੈਂਕਿੰਗ ਸੈਕਟਰ, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਅਤੇ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਦੇ ਬੈਂਕ, ਐੱਚਏਐੱਲ ਅਤੇ ਐੱਲਆਈਸੀ ਹੁਣ ਰਿਕਾਰਡਤੋੜ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਬਹੁਤ ਹੀ ਮਹੱਤਵਪੂਰਨ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਇਸ ਦਾ ਅਸਰ ਅਗਲੇ ਇਕ ਹਜ਼ਾਰ ਸਾਲ ਤੱਕ ਮਹਿਸੂਸ ਹੋਵੇਗਾ। ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ 13.5 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ। -ਪੀਟੀਆਈ

ਸੋਨੀਆ ਤੇ ਰਾਹੁਲ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦੈ: ਰਾਠੌਰ

ਨਵੀਂ ਦਿੱਲੀ: ਭਾਜਪਾ ਆਗੂ ਰਾਜਵਰਧਨ ਸਿੰਘ ਰਾਠੌਰ ਨੇ ਅੱਜ ਦਾਅਵਾ ਕੀਤਾ ਹੈ ਕਿ ਕਾਂਗਰਸੀ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਸਾਲ 2008 ਵਿੱਚ ਪੇਈਚਿੰਗ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ, ਜਿਸ ਕਾਰਨ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਸਾਲ 2008 ਵਿੱਚ ਪੇਈਚਿੰਗ ਓਲੰਪਿਕ ਦੌਰਾਨ ਜਦੋਂ ਉਹ (ਸ੍ਰੀ ਰਾਠੌਰ) ਚੀਨ ਵਿੱਚ ਸਨ ਤਾਂ ਇਨ੍ਹਾਂ ਦੋਵੇਂ ਆਗੂਆਂ ਨੇ ਸੀਪੀਸੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਰਾਠੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਦੋਵੇਂ ਆਗੂ ਉਨ੍ਹਾਂ ਨੂੰ ਮਿਲਣ ਲਈ ਆ ਰਹੇ ਹਨ ਪਰ ਉਹ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਨਹੀਂ ਪੁੱਜੇ। -ਪੀਟੀਆਈ

ਮਨੀਪੁਰ ਤੋਂ ਭਾਜਪਾ ਐੱਮਪੀ ਨੂੰ ਬੋਲਣ ਕਿਉਂ ਨਹੀਂ ਦਿੱਤਾ ਗਿਆ: ਕਾਂਗਰਸ

ਨਵੀਂ ਦਿੱਲੀ: ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਪੁੱਛਿਆ ਹੈ ਕਿ ਸੱਤਾਧਾਰੀ ਭਾਜਪਾ ਵੱਲੋਂ ਮਨੀਪੁਰ ਤੋਂ ਰਾਜ ਮੰਤਰੀ ਤੇ ਭਾਜਪਾ ਐੱਮਪੀ ਰਾਜਕੁਮਾਰ ਰੰਜਨ ਸਿੰਘ ਨੂੰ ਸਦਨ ਵਿੱਚ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ? ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਬਹੁਤ ਥੋੜ੍ਹੇ ਹੀ ਮੰਤਰੀਆਂ ਨੇ ਕੁਝ ਬੋਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮਤੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਮ੍ਰਿਤੀ ਇਰਾਨੀ ਤੇ ਕਿਰਨ ਰਿਜਿਜੂ ਸੰਬੋਧਨ ਕਰ ਚੁੱਕੇ ਹਨ। ਸ੍ਰੀ ਰਮੇਸ਼ ਨੇ ‘X’ ਉੱਤੇ ਪੁੱਛਿਆ ਕਿ ਮਨੀਪੁਰ ਸੰਸਦੀ ਹਲਕੇ ਤੋਂ ਨੁਮਾਇੰਦਗੀ ਕਰਨ ਵਾਲੇ ਡਾ. ਰਾਜਕੁਮਾਰ ਰੰਜਨ ਸਿੰਘ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਾ ਦਿੱਤੀ ਗਈ ਸੀ, ਪਰ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ? -ਪੀਟੀਆਈ

ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਵੱਲੋਂ ਵਾਕਆਊਟ

ਲੋਕ ਸਭਾ ’ਚੋਂ ਵਾਕਆਊਟ ਕਰਦੇ ਹੋਏ ਵਿਰੋਧੀ ਧਿਰਾਂ ਦੇ ਆਗੂ। -ਫੋਟੋਆਂ: ਪੀਟੀਆਈ

ਨਵੀਂ ਦਿੱਲੀ: ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਹੋਈ ਬਹਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਜਾ ਰਹੇ ਜਵਾਬ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼ਿਕਾਇਤ ਕੀਤੀ ਕਿ ਮੋਦੀ ਨੇ ਆਪਣੇ ਭਾਸ਼ਣ ਦੇ ਪਹਿਲੇ 90 ਮਿੰਟਾਂ ਵਿੱਚ ਮਨੀਪੁਰ ਦਾ ਜ਼ਿਕਰ ਤੱਕ ਨਹੀਂ ਕੀਤਾ।
ਪ੍ਰਧਾਨ ਮੰਤਰੀ ਦੇ ਜਵਾਬ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ‘ਮਨੀਪੁਰ, ਮਨੀਪੁਰ’ ਕਹਿੰਦੇ ਰਹੇ ਕਿਉਂਕਿ ਉਨ੍ਹਾਂ ਵੱਲੋਂ ਮੋਦੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਉੱਤਰ-ਪੂਰਬੀ ਸੂਬੇ ਵਿੱਚ ਹੋਈ ਨਸਲੀ ਹਿੰਸਾ ਬਾਰੇ ਬੋਲਣ। ਉਪਰੰਤ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ ਜਦਕਿ ਪ੍ਰਧਾਨ ਮੰਤਰੀ ਅਜੇ ਬੋਲ ਰਹੇ ਸਨ।
ਵਾਕਆਊਟ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਨੂੰ ਮਨੀਪੁਰ ਦੀ ਸਥਿਤੀ ਬਾਰੇ ਦੇਸ਼ ਨੂੰ ਸੰਬੋਧਨ ਕਰਨ ਲਈ ਕਿਹਾ ਸੀ। ਇਕ ਘੰਟਾ ਤੇ 45 ਮਿੰਟਾਂ ਦੇ ਭਾਸ਼ਣ ਤੋਂ ਬਾਅਦ ਵੀ ਉਨ੍ਹਾਂ ਮਨੀਪੁਰ ਬਾਰੇ ਇਕ ਸ਼ਬਦ ਤੱਕ ਨਹੀਂ ਕਿਹਾ। ਉਹ ਸਿਰਫ ਸਿਆਸੀ ਭਾਸ਼ਣ ਦੇ ਰਹੇ ਸਨ।’’ ਇਸੇ ਤਰ੍ਹਾਂ ਡੀਐੱਮਕੇ ਦੇ ਸੰਸਦ ਮੈਂਬਰ ਟੀ.ਆਰ. ਬਾਲੂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਮਨੀਪੁਰ ਤੇ ਦੇਸ਼ ਦੇ ਹੋਰ ਉਨ੍ਹਾਂ ਹਿੱਸਿਆਂ ਦੇ ਹਾਲਾਤ ਬਾਰੇ ਗੱਲ ਕਰਨਗੇ ਜਿੱਥੇ ਕਿ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਉਨ੍ਹਾਂ ਨੇ ਸਿਆਸੀ ਭਾਸ਼ਣ ਹੀ ਦਿੱਤਾ। ਉੱਧਰ, ਕਾਂਗਰਸੀ ਆਗੂ ਕਾਰਤੀ ਚਿਦੰਬਰਮ ਨੇ ਕਿਹਾ, ‘‘ਇਸ ਬਹਿਸ ਦਾ ਅੰਤ ਹੋ ਗਿਆ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਫਿਰਕੀਬਾਜ਼ (ਸਪਿੰਨਰ) ਕੌਣ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੈ।’’ ਉਨ੍ਹਾਂ ਕਿਹਾ ਕਿ 90 ਮਿੰਟ ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਮਨੀਪੁਰ ਦਾ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਬੇਭਰੋਸਗੀ ਮਤਾ ਇਸ ਵਾਸਤੇ ਲੈ ਕੇ ਆਏ ਸੀ ਕਿਉਂਕਿ ਪ੍ਰਧਾਨ ਮੰਤਰੀ ਨੇ ਸਦਨ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ।’’ ਉਨ੍ਹਾਂ ਕਿਹਾ ਕਿ ਸਰਕਾਰ ਕੀ ਕਰ ਰਹੀ ਹੈ। ਇਹ ਮਨੀਪੁਰ ਦੇ ਸਾਰੇ ਲੋਕਾਂ ਅਤੇ ਭਾਰਤ ਦੀ ਅਖੰਡਤਾ ਦਾ ਅਪਮਾਨ ਹੈ, ਇਸ ਵਾਸਤੇ ਅਸੀਂ ਸਦਨ ’ਚੋਂ ਵਾਕਆਊਟ ਕੀਤਾ। -ਪੀਟੀਆਈ

‘ਕਾਂਗਰਸ ਫੋਬੀਆ’ ਹੋਣ ਕਾਰਨ ਮੋਦੀ ਮਨੀਪੁਰ ਬਾਰੇ ਐਨਾ ਘੱਟ ਬੋਲੇ: ਗੌਰਵ ਗੋਗੋਈ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੋਦੀ ‘ਕਾਂਗਰਸ ਫੋਬੀਆ’ ਨਾਲ ਗ੍ਰਸਤ ਹਨ, ਇਸ ਵਾਸਤੇ ਉਨ੍ਹਾਂ ਅੱਜ ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਬਹਿਸ ਦੇ ਦਿੱਤੇ ਜਵਾਬ ਵਿੱਚ ਜ਼ਿਆਦਾਤਰ ਸਮਾਂ ਕਾਂਗਰਸ ਦੀ ਆਲੋਚਨਾ ਹੀ ਕੀਤੀ ਅਤੇ ਮਨੀਪੁਰ ਬਾਰੇ ਬਹੁਤ ਘੱਟ ਸਮਾਂ ਬੋਲੇ। ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਗੌਰਵ ਗੋਗੋਈ ਨੇ ਦੋਸ਼ ਲਾਇਆ ਕਿ ਭਾਜਪਾ ਦਾ ਰਾਸ਼ਟਰਵਾਦ ‘ਫ਼ਰਜ਼ੀ’ ਹੈ ਅਤੇ ਉਹ ਸਾਰੇ ਦੇਸ਼ ਭਗਤ ਨਹੀਂ ਹਨ। ਗੋਗੋਈ ਨੇ ਕਿਹਾ ਕਿ ਭਾਜਪਾ ਮਨੀਪੁਰ ਵਿੱਚ ਹੋਈ ਆਪਣੀ ਅਸਫਲਤਾ ਨੂੰ ਛੁਪਾ ਰਹੀ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ‘ਇੰਡੀਆ’ ਗੱਠਜੋੜ ਵਿਚਲੀਆਂ ਪਾਰਟੀਆਂ 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਮਾਤ ਦੇਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੋ ਘੰਟਿਆਂ ਤੱਕ ਬੋਲੇ। ਇਸ ਦੌਰਾਨ ਉਹ ਮਨੀਪੁਰ ਬਾਰੇ ਬੋਲਣ ਅਤੇ ਉੱਥੋਂ ਦੇ ਲੋਕਾਂ ਦਾ ਦਰਦ ਸਾਂਝਾ ਕਰਨ ਦੀ ਥਾਂ ਜ਼ਿਆਦਾਤਰ ਸਮਾਂ ਕਾਂਗਰਸ ਦੀ ਆਲੋਚਨਾ ਹੀ ਕਰਦੇ ਰਹੇ। -ਪੀਟੀਆਈ

Advertisement
Author Image

sukhwinder singh

View all posts

Advertisement