For the best experience, open
https://m.punjabitribuneonline.com
on your mobile browser.
Advertisement

ਮੌਸਮ ਵਿਚਲੀ ਠੰਢਕ ਕਾਰਨ ਕਣਕ ਦੀ ਵਾਢੀ ਪਛੇਤੀ ਹੋਣ ਦੀ ਸੰਭਾਵਨਾ

11:17 AM Apr 01, 2024 IST
ਮੌਸਮ ਵਿਚਲੀ ਠੰਢਕ ਕਾਰਨ ਕਣਕ ਦੀ ਵਾਢੀ ਪਛੇਤੀ ਹੋਣ ਦੀ ਸੰਭਾਵਨਾ
ਮਾਨਸਾ ਨੇੜੇ ਇੱਕ ਖੇਤ ਵਿੱਚ ਖੜ੍ਹੀ ਕਣਕ ਦੀ ਕੱਚੀ ਫ਼ਸਲ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 31 ਮਾਰਚ
ਮਾਲਵਾ ਪੱਟੀ ਵਿੱਚ ਇਸ ਵਾਰ ਅਨਾਜ ਮੰਡੀਆਂ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੇ ਪਹਿਲੀ ਅਪਰੈਲ ਤੱਕ ਆਉਣ ਦੀ ਬਜਾਏ ਸਗੋਂ ਇੱਕ ਤੋਂ ਦੋ ਹਫ਼ਤਿਆਂ ਤੱਕ ਹੋਰ ਪਛੜ ਕੇ ਆਉਣ ਦੀ ਸੰਭਾਵਨਾ ਬਣ ਗਈ ਹੈ। ਅਜਿਹਾ ਦੱਖਣੀ ਪੰਜਾਬ ਦੇ ਇਸ ਖੇਤਰ ਵਿੱਚ ਮੌਸਮ ਦਾ ਮਿਜਾਜ਼ ਬਦਲਣ ਕਰਕੇ ਸੰਭਵ ਹੋਇਆ ਹੈ।
ਖੇਤੀਬਾੜੀ ਵਿਭਾਗ ਦੀ ਸੂਚਨਾ ਅਨੁਸਾਰ ਪਿਛਲੇ ਸਾਲਾਂ ਦੌਰਾਨ ਮਾਰਚ ਦੇ ਅਖਰੀਲੇ ਦਿਨਾਂ ਵਿਚ ਕਣਕ ਦੀ ਵਾਢੀ ਆਰੰਭ ਹੋ ਗਈ ਸੀ, ਪਰ ਇਸ ਵਾਰ ਮੌਸਮ ਵਿਚ ਰਾਤ ਦੀ ਠੰਢਕ ਰਹਿਣ ਕਾਰਨ ਕਣਕਾਂ ਅਜੇ ਹਰੀਆਂ ਘੱਚ ਖੜ੍ਹੀਆਂ ਵਿਖਾਈ ਦੇ ਰਹੀਆਂ ਹਨ।
ਦੂਜੇ ਪਾਸੇ ਬੇਸ਼ੱਕ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਨੇ ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਲਈ ਬਾਕਾਇਦਾ ਰੂਪ ਵਿਚ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪਰ ਮੌਸਮ ਦੇ ਤੇਵਰਾਂ ਨੂੰ ਵੇਖਦੇ ਖੁਦ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਵਾਰ ਮਾਲਵਾ ਪੱਟੀ ਵਿਚ ਨਵੀਂ ਕਣਕ ਦੀ ਕੋਈ ਵੀ ਢੇਰੀ ਪਹਿਲੀ ਅਪਰੈਲ ਨੂੰ ਮੰਡੀ ਵਿੱਚ ਵਿਕਣ ਲਈ ਨਹੀਂ ਪੁੱਜ ਸਕੇਗੀ। ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਵਾਰ ਮੌਸਮ ਵਿਚ ਲਗਾਤਾਰ ਠੰਡ ਬਣੀ ਰਹਿਣ ਕਾਰਨ ਕਣਕ ਦੀ ਫ਼ਸਲ ਦੀ ਵਾਢੀ ਪਿਛਲੇ ਸਾਲਾਂ ਦੇ ਮੁਕਾਬਲੇ ਭਾਵੇਂ ਲੇਟ ਹੋ ਗਈ ਹੈ, ਪਰ ਐਤਕੀਂ ਮੌਸਮ ਮੁਤਾਬਕ ਕਣਕ ਦੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਧੋਤੇ ਜਾਣਗੇ। ਉਨ੍ਹਾਂ ਮੁਤਾਬਕ ਕਣਕ ਦੀ ਫ਼ਸਲ ਦੇ ਚੰਗੇ ਝਾੜ ਲਈ ਰਾਤ ਦਾ ਮੌਸਮ ਠੰਢਕ ਭਰਿਆ ਹੋਣਾ ਬੇਹੱਦ ਜ਼ਰੂਰ ਹੈ, ਜੋ ਇਸ ਵਾਰ ਚੱਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਦੇ ਅਖੀਰਲੇ ਹਫ਼ਤੇ ਕਣਕ ਦੀ ਹੱਥੀਂ ਵਾਢੀ ਆਰੰਭ ਹੋ ਗਈ ਸੀ, ਪਰ ਇਸ ਵਾਰ ਇਹ ਵਾਢੀ ਪੂਰੇ ਖੇਤਰ ਵਿਚ ਕਿਧਰੇ ਵੀ ਸ਼ੁਰੂ ਨਾ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਹੈ। ਯੂਨੀਵਰਸਿਟੀ ਦੇ ਮਾਹਿਰਾਂ ਨੇ ਉਂਝ ਇਸ ਮੌਸਮ ਨੂੰ ਕਣਕ ਲਈ ਪੂਰਾ ਫਿੱਟ ਕਰਾਰ ਦਿੱਤਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿਹੜੀਆਂ ਕਣਕਾਂ ਹਨ੍ਹੇਰੀਆਂ ਕਾਰਨ ਧਰਤੀ ’ਤੇ ਵਿਛ ਗਈਆਂ ਹਨ, ਉਨ੍ਹਾਂ ਹੁਣ ਖੜ੍ਹਾ ਹੋਣ ਦੀ ਕੋਈ ਉਮੀਦ ਨਹੀਂ ਹੈ ਅਤੇ ਧਰਤੀ ’ਤੇ ਵਿਛੀਆਂ ਕਣਕਾਂ ਨੂੰ ਪੱਕਣ ਵਿੱਚ ਸਮਾਂ ਲੱਗ ਜਾਂਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×