ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਕਲਾਂ ਬਿਨਾਂ ਖੂਹ ਖ਼ਾਲੀ

11:04 AM Jun 08, 2024 IST

ਕਰਨੈਲ ਸਿੰਘ ਸੋਮਲ

ਮੂੜ੍ਹ ਤੇ ਬੇਸਮਝ ਬੰਦੇ ਬਾਰੇ ਕਿਹਾ ਜਾਂਦਾ ਹੈ ਕਿ ਅਕਲ ਖੁਣੋਂ ‘ਖੂਹ ਖ਼ਾਲੀ’ ਹੈ। ਖ਼ਾਲੀਪਣ ਨੂੰ ਦਰਸਾਉਣ ਲਈ ਖੂਹ ਦੀ ਮਿਸਾਲ ਦਿੱਤੀ ਜਾਂਦੀ ਹੈ। ਖੂਹ ਦਾ ਬਹੁਤਾ ਹਿੱਸਾ ਖ਼ਾਲੀ ਹੀ ਜਾਪਦਾ ਹੁੰਦੈ ਤੇ ਪਾਣੀ ਹੇਠਲੇ ਤਲ ’ਤੇ ਹੀ ਦਿਖਾਈ ਦਿੰਦੈ। ਵਕਤ ਦਾ ਸਿਤਮ ਦੇਖੋ ਕਿ ਅਕਲਾਂ ਬਿਨਾਂ ਖੂਹ ਸੱਚੀਓਂ ਖ਼ਾਲੀ ਹੋ ਗਏ ਹਨ। ਬੋਰ ਡੂੰਘੇ ਤੇ ਡੂੰਘੇਰੇ ਕਰਦੇ ਜਾਣ ’ਤੇ ਵੀ ਝੂਰਨਾ ਪੈ ਜਾਂਦਾ ਹੈ। ਕਹਾਵਤ ਹੈ ਕਿ ਆਪਣੀ ਅਕਲ ਅਤੇ ਬਿਗਾਨੀ ਮਾਇਆ ਹਮੇਸ਼ਾ ਵੱਧ ਲਗਦੀ ਹੈ। ਅਜੋਕੇ ਮਨੁੱਖ ਨੂੰ ਤਾਂ ਆਪਣੀ ਮਾਇਆ ਵੀ ਵੱਧ ਲੱਗਦੀ ਹੈ। ਤਦੇ ਉਹ ਤਮ੍ਹਾ ਦਾ ਮਾਰਿਆ ਹੰਕਾਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦਾ। ਦੂਜੇ ਬੰਦੇ ਨੂੰ ‘ਹਕੀਰ’ ਜਾਂ ‘ਨੰਗ’ ਕਹਿਣ ਲੱਗਿਆ ਉਸ ਨੂੰ ਜ਼ਰਾ ਵੀ ਝੇਪ ਨਹੀਂ ਆਉਂਦੀ।
ਮਨੁੱਖ ਆਪਣੇ ਹਰ ਨਵੇਂ ਅਨੁਭਵ ਦੇ ਨਾਲ ਅਕਲਮੰਦ ਹੁੰਦਾ ਆਇਆ ਹੈ। ‘ਗਰਮੀਆਂ ਵਿੱਚ ਮੰਜੀ ਖਿੱਚ ਕੇ ਛਾਂ ਹੇਠ ਕਰ ਲੈਣੀ ਅਤੇ ਸਰਦੀਆਂ ਦੇ ਦਿਨੀਂ ਧੁੱਪ ਵਿੱਚ।’ ਇਹ ਮਨੁੱਖ ਦੀਆਂ ਮੁੱਢਲੀਆਂ ਅਕਲਾਂ ਵਿੱਚੋਂ ਇੱਕ ਹੋਊ। ਅਖੇ ਦੋ ਅਮਲੀ ਸਨ। ਕਹਿਣ ਖੂਹ ਤੋਂ ਪਾਣੀ ਭਰਨ ਲਈ ਧੁੱਪ ਵਿੱਚ ਜਾਣਾ ਪੈਂਦੈ। ਫਿਰ ਇੱਕ ਨੇ ਸੁਝਾਇਆ ਕਿਉਂ ਨਾ ਖੂਹ ਨੂੰ ਖਿੱਚ ਕੇ ਇੱਥੇ ਛਾਂ ਵਿੱਚ ਲੈ ਆਈਏ। ਗੱਲ ਦੋਹਾਂ ਨੂੰ ਜਚੀ, ਫਿਰ ਘਰੋਂ ਲੱਜਾਂ ਲਿਆ ਖੂਹ ਦੁਆਲੇ ਵਲ਼ ਕੇ ਦੋਵੇਂ ਖਿੱਚਣ ਲੱਗ ਪਏ। ਖਿੱਚਦਿਆਂ ਖਿੱਚਦਿਆਂ ਦੋਹਾਂ ਦੀ ਅੱਖ ਲੱਗ ਗਈ। ਜਾਗ ਆਉਣ ’ਤੇ ਦੋਵੇਂ ਖ਼ੁਸ਼ੀ ਵਿੱਚ ਟੱਪਣ। ਕਹਿੰਦੇ ਅਸੀਂ ਖੂਹ ਨੂੰ ਖਿੱਚ ਕੇ ਛਾਂ ਤੱਕ ਲੈ ਆਂਦਾ। ਉਹ ਭੁੱਲ ਹੀ ਗਏ ਸਨ ਕਿ ਨੇੜੇ ਖੜ੍ਹੇ ਵੱਡੇ ਬਿਰਖ ਦੀ ਛਾਂ ਸੂਰਜ ਢਲਦਿਆਂ ਖੂਹ ਤੱਕ ਆ ਗਈ ਸੀ। ਪਰ ਹੁਣ ਅਕਲ ਹੋਵੇਗੀ ਕਿ ਪਾਣੀ ਦਾ ਜੋ ਵੀ ਵਸੀਲਾ ਹੈ, ਉਸ ਦੇ ਨੇੜੇ ਬਿਰਖ ਲਾ ਦਿਓ। ਨਾਲੇ ਪਾਣੀ ਦੀ ਇੱਕ-ਇੱਕ ਬੂੰਦ ਨੂੰ ਸਾਂਭਣ ਲਈ ਸੁਚੇਤ ਹੋ ਜਾਵੋ।
ਜੇਕਰ ਅਕਲ ਮੁੱਲ ਵਿਕਦੀ ਹੁੰਦੀ ਤਾਂ ਲੋਕੀਂ ਇਸ ਦੀਆਂ ਪੁੜੀਆਂ ਹੱਟੀਓਂ ਲੈ ਆਇਆ ਕਰਦੇ। ਹੁਣ ਵੀ ਧਨਾਢ ਲੋਕ ਅਕਲਮੰਦਾਂ ਦੀਆਂ ਸੇਵਾਵਾਂ ਖ਼ਰੀਦਦੇ ਹੀ ਹਨ। ਮਨੁੱਖ ਦੀ ਸੂਝ ਜਿਉਂ ਜਿਉਂ ਵਧੀ ਉਸ ਨੇ ਆਪਣੇ ਨਿਆਣਿਆਂ ਨੂੰ ਅਕਲਮੰਦ ਬਣਾਉਣ ਲਈ ਮਦਰੱਸਿਆਂ, ਪਾਠਸ਼ਾਲਾਵਾਂ ਅਤੇ ਸਕੂਲਾਂ ਵਿੱਚ ਪਾਇਆ। ਹੁਣ ਥਾਂ ਥਾਂ ਵਿੱਦਿਆ ਕੇਂਦਰ ਹਨ। ਅਗਾਂਹ ਵੀ ਜਦੋਂ ਕਿਸੇ ਨੂੰ ਪਤਾ ਲਗਦਾ ਹੈ ਕਿ ਫਲਾਣੇ ਥਾਂ ਉੱਤਮ ਪੜ੍ਹਾਈ ਹੁੰਦੀ ਹੈ ਤੇ ਅਕਲਾਂ ਵੀ ਨਵੀਆਂ ਹਨ, ਉੱਥੇ ਨੂੰ ਵਹੀਰਾਂ ਘੱਤ ਲਈਆਂ ਜਾਂਦੀਆਂ ਹਨ। ਕਿਸੇ ਵੇਲੇ ਟੈਕਸਲਾ ਤੇ ਬਨਾਰਸ ਨੂੰ ਇਵੇਂ ਹੀ ਜਾਇਆ ਜਾਂਦਾ ਸੀ। ਅਕਲ ਦੇ ਰਾਹ ਵਿੱਚ ਦੋ ਅੜਿੱਕੇ ਪੈਂਦੇ ਰਹੇ ਹਨ। ਪਹਿਲਾ ਦੋ-ਚਾਰ ਸ਼ਬਦ ਬੋਲਣੇ ਸਿੱਖਿਆ ਨਿਆਣਾ ਵੀ ਦੂਜੇ ਦੇ ਮੂੰਹ ’ਤੇ ਹੱਥ ਰੱਖ ਕੇ ਕਹਿੰਦਾ ਹੈ ‘ਮੈਨੂੰ ਪਤੈ ਸਾਰਾ ਕੁਝ।’ ਦੂਜਾ, ਮੇਲਿਆਂ ’ਤੇ ਤੰਬੂ ਜਿਹਾ ਗੱਡ ਕੇ ਕੋਈ ਹੋਕਾ ਦਿੰਦਾ ਹੈ, ਕਿਉਂ ਭਟਕਦੇ ਫਿਰਦੇ ਹੋ। ਅੱਖਾਂ ਵਿੱਚ ਦੋ ਸਿਲਾਈਆਂ ਪਾਓ ਤੇ ਨਜ਼ਰ ਜਵਾਨੀ ਵਾਲੀ। ਇਲਾਜ ਦੇ ਦਾਅਵੇ ਅੰਬਰਾਂ ਦੇ ਤਾਰੇ ਤੋੜਨ ਵਾਲੇ। ਕੋਈ ਕਹਿੰਦੈ ਮਹੀਨੇ ਵਿੱਚ, ਕੋਈ ਹਫ਼ਤੇ ਵਿੱਚ ਤੇ ਕੋਈ ਕਹਿੰਦਾ ‘ਚੁਟਕੀ ਵਿੱਚ ਹੀ।’ ਭੰਬਲਭੂਸੇ ਬੜੇ ਹਨ, ਇਸ ਗ਼ੁਬਾਰ ਕਰਕੇ ਅਕਲ ਦੀਆਂ ਅੱਖਾਂ ਵਿੱਚ ਵੀ ਰੜਕ ਪੈਣ ਲੱਗਦੀ ਹੈ, ਸੱਚ ਵਿੱਚੇ ਰੁਲ ਜਾਂਦਾ ਹੈ।
ਹੁਣ ਵੀ ਅਜਿਹੇ ਕੂੜ ਤੋਂ ਕੋਹਾਂ ਦੂਰ ਰਹਿਣ ਵਾਲੇ ਮਿਲ ਜਾਂਦੇ ਹਨ। ਉਨ੍ਹਾਂ ਦੀਆਂ ਗੱਲਾਂ ਬੜੀਆਂ ਸਿੱਧੀਆਂ ਪਰ ਪਾਏ ਦੀਆਂ ਹੁੰਦੀਆਂ ਹਨ। ਮਸਲਨ ਹਮੇਸ਼ਾ ਚੌਕਸ ਰਹੀਦਾ ਹੈ। ਮਿੱਤਰ ਵੀ ਕਈ ਵਾਰੀ ਦੁਸ਼ਮਣ ਬਣ ਜਾਂਦੇ ਹਨ। ਸਭ ਤੋਂ ਵੱਡਾ ਦੁਸ਼ਮਣ ਤਾਂ ਬੰਦੇ ਦਾ ਆਪਾ ਹੈ। ਆਪਣੇ ਘੋੜੇ ਦੀ ਲਗਾਮ ਗ਼ਫ਼ਲਤ ਵਿੱਚ ਹੱਥੋਂ ਖਿਸਕਦੀ ਹੈ ਤੇ ਉਹ ਮੌਤ ਨੂੰ ਮਾਉਂ ਕਹਿਣ ਲੱਗ ਪੈਂਦਾ ਹੈ। ਕੋਈ ਖ਼ੁਦ ਨੂੰ ਜਹਾਂਗੀਰ ਸ਼ਹਿਨਸ਼ਾਹ ਸਮਝ ਹਾੜੇ ’ਤੇ ਹਾੜਾ ਅੰਦਰ ਸੁੱਟੀ ਜਾਂਦੈ, ਮਰਨਊ ਹੋਣ ਤੱਕ। ਫਿਰ ਰੌਲਾ ਪੈਂਦਾ ਕਿ ਚੁੱਕ ਕੇ ਕਿਸੇ ਵੈਦ-ਹਕੀਮ ਕੋਲ ਲੈ ਜਾਓ, ਮਰਜੂਗਾ। ਹੈਰਤ! ਜਿਹੜਾ ਆਪਣੇ ਆਪ ਦਾ ਦੁਸ਼ਮਣ ਹੈ ਉਸ ਨੂੰ ਹੋਰ ਵੈਰੀਆਂ ਦੀ ਕੀ ਲੋੜ। ਨਾਲੇ, ਆਪਣੇ ਵਿਰੋਧੀ ਤੋਂ ਨਾ ਅਵੇਸਲੇ ਹੋਣਾ ਚਾਹੀਦੈ ਤੇ ਨਾ ਉਸ ਦੀ ਤਾਕਤ ਨੂੰ ਘਟਾ ਕੇ ਵੇਖਣਾ ਚਾਹੀਦੈ।
ਕਿਸੇ ਵੀ ਪੜ੍ਹੇ-ਗੁੜ੍ਹੇ ਕੋਲ ਬੈਠ ਜਾਈਏ ਕਈ ਕਪਾਟ ਖੋਲ੍ਹਣ ਵਾਲੀਆਂ ਗੱਲਾਂ ਪੱਲੇ ਪੈਂਦੀਆਂ ਹਨ। ਅਜੋਕੇ ਸਮੇਂ ਵਿੱਚ ਸਾਰੇ ਸੰਸਾਰ ਦੀਆਂ ਹੁਣ ਤੱਕ ਅਰਜਿਤ ਹੋਈਆਂ ਅਕਲਾਂ ਤੱਕ ਸਾਡੀ ਪਹੁੰਚ ਸੰਭਵ ਹੈ। ਦੁਨੀਆ ਭਰ ਦੇ ਦਾਰਸ਼ਨਿਕ, ਵਿਗਿਆਨੀ ਤੇ ਹੋਰ ਖੇਤਰਾਂ ਦੇ ਮਾਹਿਰ ਦੂਜਿਆਂ ਦੀਆਂ ਅਕਲਾਂ ਨੂੰ ਜਿਹੜੀਆਂ ਵੱਖ-ਵੱਖ ਸਮਿਆਂ ਤੇ ਸਥਾਨ ਦੀ ਉਪਜ ਹੁੰਦੀਆਂ ਹਨ, ਉਨ੍ਹਾਂ ਦੇ ਪ੍ਰਸੰਗ ਵਿੱਚ ਘੋਖਦੇ ਤੇ ਸਮਝਦੇ ਹਨ। ਸੋ ਅਕਲਾਂ ਤੋਂ ਕੰਮ ਲੈਣਾ ਵੀ ਸਮਝਦਾਰੀ ਅਤੇ ਵਿਵੇਕ ਦਾ ਕੰਮ ਹੈ। ਆਪਣੇ ਖਿੱਤੇ ਦੀਆਂ ਅਕਲਾਂ ਸਾਡੀਆਂ ਤਾਸੀਰਾਂ ਦੇ ਅਨੁਕੂਲ ਹੋਣ ਕਾਰਨ ਸਾਨੂੰ ਵਧੇਰੇ ਮੁਆਫ਼ਕ ਬੈਠਦੀਆਂ ਹਨ। ਨਾਲੇ ਆਪਣੀ ਬੋਲੀ ਵਿੱਚ ਆਖੀ-ਸੁਣੀ ਗੱਲ ਦਾ ਅਸਰ ਵਧੇਰੇ ਹੁੰਦਾ ਹੈ। ਉਂਜ ਅਕਲਾਂ ਦੇ ਵੀ ਅਮਲਾਂ ਨਾਲ ਨਿਬੇੜੇ ਹੁੰਦੇ ਹਨ। ਅਕਲ ਬੜੀ ਕਿ ਮੱਝ ਬੜਾ ਪੁਰਾਣਾ ਕਥਨ ਹੈ।

Advertisement

Advertisement
Advertisement