ਸ਼ਾਹਬਾਦ ’ਚ ਹਫ਼ਤਾ ਭਰ ਚੱਲੀ ਸਾਖ਼ਰਤਾ ਮੁਹਿੰਮ ਸਮਾਪਤ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਸਤੰਬਰ
ਆਰੀਆ ਕੰਨਿਆ ਕਾਲਜ ਵਿੱਚ ਕਾਲਜ ਦੀ ਸਾਹਿਤਕ ਕਮੇਟੀ ਵੱਲੋਂ ਹਫ਼ਤੇ ਭਰ ਲਈ ਚਲਾਈ ਜਾ ਰਹੀ ਸਾਖ਼ਰਤਾ ਮੁਹਿੰਮ ਅੱਜ ਸਮਾਪਤ ਹੋ ਗਈ। ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਰ ਗਿਆਨ ਦੇ ਨਾਲ ਨਾਲ ਵਰਤਮਾਨ ਸਮੇਂ ਦੀ ਮੰਗ ਮੁਤਾਬਕ ਡਿਜੀਟਲ ਹੁਨਰ ਦਾ ਗਿਆਨ ਵੀ ਜ਼ਰੂਰੀ ਹੈ। ਇਸ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਹਿੰਦੀ, ਪੰਜਾਬੀ, ਸੰਸਕ੍ਰਿਤ ਤੇ ਅੰਗਰੇਜੀ ਐਸੋਸ਼ੀਏਸ਼ਨ, ਐੱਨਐੱਸਐੱਸ ਵਾਲੰਟੀਅਰਾਂ ਤੇ ਐੱਨਸੀਸੀ ਕੈਡੇਟਸ ਵੱਲੋਂ ਹਰ ਦਿਨ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾ ਕੇ ਕਾਲਜ ਲੋਕਾਂ ਨੂੰ ਸਾਖ਼ਰਤਾ ਪ੍ਰਤੀ ਜਾਗਰੂਕ ਕੀਤਾ ਗਿਆ।
ਇਨ੍ਹਾਂ ਗਤੀਵਿਧੀਆਂ ਵਿੱਚ ਹਿੰਦੀ ਵਿਭਾਗ ਵੱਲੋਂ ਸਲੋਗਨ ਲੇਖਨ, ਪੰਜਾਬੀ ਵਿਭਾਗ ਵੱਲੋਂ ਭਾਸ਼ਣ ਮੁਕਾਬਲੇ, ਐੱਨਐੱਸਐੱਸ ਵਾਲੰਟੀਅਰ ਅਫਸਰ ਪ੍ਰੋਗਰਾਮ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਤੇ ਸੰਸਕ੍ਰਿਤ ਐਸੋਸੀਏਸ਼ਨ ਤੇ ਐੱਨਸੀਸੀ ਯੂਨਿਟ ਵੱਲੋਂ ਪਿੰਡ ਗੁਮਟੀ ਵਿਚ ਅਨਪੜ੍ਹ ਬਜ਼ੁਰਗਾਂ ਨੂੰ ਨਾਂ ਲਿਖਣ, ਦਸਤਖਤ ਕਰਨ ਤੇ ਘੜੀ ’ਤੇ ਟਾਈਮ ਦੇਖਣਾ ਆਦਿ ਸਿਖਾਇਆ ਗਿਆ। ਆਖ਼ਰੀ ਦਿਨ ਅੰਗਰੇਜੀ ਵਿਭਾਗ ਵੱਲੋਂ ਸਮੂਹ ਚਰਚਾ ਮੁਕਾਬਲੇ ਕਰਵਾ ਕੇ ਵਿਦਿਆਰਥਣਾਂ ਦੀ ਬੌਧਿਕ ਸਮਰੱਥਾ ਦਾ ਵਿਕਾਸ ਕੀਤਾ ਗਿਆ। ਮੰਚ ਦਾ ਸੰਚਾਲਨ ਡਾ. ਸਵੀਤਾ ਸ਼ਰਮਾ ਨੇ ਕੀਤਾ। ਨਿਰਣਾਇਕ ਮੰਡਲ ਦੀ ਭੂਮਿਕਾ ਡਾ. ਪ੍ਰਿਯੰਕਾ ਸਿੰਘ ਨੇ ਨਿਭਾਈ। ਇਸ ਮੌਕੇ ਜੇਤੂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ।