ਭਾਰੀ ਸੁਰੱਖਿਆ ਹੇਠ ‘ਲੇਡੀ ਡਾਨ’ ਤੇ ਗੈਂਗਸਟਰ ਕਾਲਾ ਜਠੇੜੀ ਦਾ ਵਿਆਹ
ਨਵੀਂ ਦਿੱਲੀ, 12 ਮਾਰਚ
ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਅੱਜ ਦੁਆਰਕਾ ਦੇ ਬੈਂਕੁਏਟ ਹਾਲ ਵਿੱਚ ਸਖ਼ਤ ਸੁਰੱਖਿਆ ਹੇਠ ‘ਲੇਡੀ ਡਾਨ’ ਅਨੁਰਾਧਾ ਚੌਧਰੀ ਉਰਫ਼ ਮੈਡਮ ਮਿੰਜ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ। ਉਸ ਨੂੰ ਵਿਆਹ ਲਈ ਦਿੱਲੀ ਦੀ ਅਦਾਲਤ ਤੋਂ ਛੇ ਘੰਟੇ ਦੀ ਪੈਰੋਲ ਮਿਲੀ ਸੀ। ਸੰਤੋਸ਼ ਗਾਰਡਨ ਨੇੜੇ ਬੈਂਕੁਏਟ ਹਾਲ ਦੇ ਆਲੇ-ਦੁਆਲੇ 250 ਤੋਂ ਵੱਧ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਕਾਲਾ ਜਠੇੜੀ ਖ਼ਿਲਾਫ਼ ਦਰਜਨ ਤੋਂ ਵੱਧ ਅਪਰਾਧਕ ਕੇਸ ਦਰਜ ਹਨ ਅਤੇ ਉਹ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਲਗਪਗ ਸਵੇਰੇ 10.15 ਵਜੇ ਭਾਰੀ ਸੁਰੱਖਿਆ ਹੇਠ ਪੁਲੀਸ ਵੈਨ ਰਾਹੀਂ ਅਨੁਰਾਧਾ ਨਾਲ ਵਿਆਹ ਦੀਆਂ ਰਸਮਾਂ ਨਿਭਾਉਣ ਲਈ ਲਿਆਂਦਾ ਗਿਆ।
ਅਨੁਰਾਧਾ ਵੀ ਕਾਲੇ ਰੰਗ ਦੀ ਮਹਿੰਦਰਾ ਸਕਾਰਪੀਓ ਐੱਸਯੂਵੀ ਖੁਦ ਚਲਾ ਕੇ ਸਮਾਗਮ ਵਾਲੀ ਥਾਂ ’ਤੇ ਪੁੱਜੀ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਵਿਆਹ ਸਮਾਗਮ ਦੀ ਸੁਰੱਖਿਆ ਲਈ ਡਰੋਨ ਅਤੇ ਮੈਟਲ ਡਿਟੈਕਟਰ ਵਰਤੇ ਗਏ ਅਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਗੈਂਗਵਾਰ ਦੀ ਘਟਨਾ ਅਤੇ ਸੰਦੀਪ ਦੇ ਹਿਰਾਸਤ ਵਿੱਚੋਂ ਭੇਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਦੇ ਨਾਮ ਵੀ ਰਜਿਸਟਰ ਵਿੱਚ ਨੋਟ ਕੀਤੇ ਜਾ ਰਹੇ ਸਨ। ਅਦਾਲਤ ਦੇ ਆਦੇਸ਼ਾਂ ਮੁਤਾਬਕ, ਸੰਦੀਪ ਨੂੰ ਵਿਆਹ ਲਈ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਦੀ ਪੈਰੋਲ ਦਿੱਤੀ ਗਈ ਸੀ। ਲਾੜੀ ਦਾ ‘ਗ੍ਰਹਿ ਪ੍ਰਵੇਸ਼’ ਸਮਾਗਮ 13 ਮਾਰਚ ਨੂੰ ਸਵੇਰੇ 11 ਵਜੇ ਹਰਿਆਣਾ ਦੇ ਸੋਨੀਪਤ ਦੇ ਪਿੰਡ ਜਠੇੜੀ ਵਿੱਚ ਕੀਤਾ ਜਾਵੇਗਾ। -ਪੀਟੀਆਈ