ਵੈੱਬ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਦਾ ਪ੍ਰੀਮੀਅਰ ਸ਼ੋਅ ਪਹਿਲੀ ਮਈ ਨੂੰ
ਮੁੰਬਈ: ਫਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਦਾ ਪ੍ਰੀਮੀਅਰ ਪਹਿਲੀ ਮਈ ਨੂੰ ਨੈੱਟਫਲਿਕਸ ’ਤੇ ਹੋਵੇਗਾ। ਸੰਜੈ ਲੀਲਾ ਭੰਸਾਲੀ ਇਸ ਵੈੱਬ ਸੀਰੀਜ਼ ਜ਼ਰੀਏ ਡਿਜੀਟਲ ਪਲੇਟਫਾਰਮ ’ਤੇ ਸ਼ੁਰੂਆਤ ਕਰਨ ਜਾ ਰਹੇ ਹਨ। ਦੱਖਣੀ ਮੁੰਬਈ ਵਿਚਲੇ ਮਹਾਲਕਸ਼ਮੀ ਰੇਸ ਕੋਰਸ ਵਿੱਚ ਡਰੋਨ ਲਾਈਟ ਸ਼ੋਅ ਦੌਰਾਨ ਉਨ੍ਹਾਂ ਵੈੱਬ ਸੀਰੀਜ਼ ਦੇ ਪ੍ਰੀਮੀਅਰ ਸ਼ੋਅ ਦੀ ਤਰੀਕ ਦਾ ਐਲਾਨ ਕੀਤਾ। ਇਸ ਮੌਕੇ ਵੈੱਬ ਸੀਰੀਜ਼ ਦੀ ਸਟਾਰ ਕਾਸਟ ਸਮੇਤ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਰਿਚਾ ਚੱਢਾ, ਸ਼ਰਮਿਨ ਸੇਗਲ, ਸੰਜੀਦਾ ਸ਼ੇਖ, ਭੰਸਾਲੀ ਪ੍ਰੋਡਕਸ਼ਨ ਦੀ ਸੀਈਓ ਪ੍ਰੇਰਨਾ ਸਿੰਘ ਅਤੇ ਨੈੱਟਫਲਿਕਸ ਇੰਡੀਆ ਦੀ ਸੀਰੀਜ਼ ਡਾਇਰੈਕਟਰ ਤਾਨਿਆ ਬਾਮੀ ਹਾਜ਼ਰ ਸਨ। ਭੰਸਾਲੀ ਨੇ ਕਿਹਾ, ‘ਮੈਂ ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਦੀ ਦੁਨੀਆ ਨੂੰ ਨੈੱਟਫਲਿਕਸ ’ਤੇ ਲਿਆਉਣ ਲਈ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਅਣਥੱਕ ਜਨੂੰਨ ਅਤੇ ਸਮਰਪਣ ਭਾਵਨਾ ਸਦਕਾ ਇਹ ਸੰਭਵ ਹੋਇਆ। ਉਨ੍ਹਾਂ ਕਿਹਾ ਕਿ ਪਹਿਲੀ ਮਈ ਨੂੰ ਰਿਲੀਜ਼ ਹੋਣ ਵਾਲੀ ਵੈੱਬ ਸੀਰੀਜ਼ ਲਈ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਦੂਜੇ ਪਾਸੇ ਸੋਨਾਕਸ਼ੀ ਨੇ ਕਿਹਾ,‘ਸੰਜੈ ਸਰ ਅਤੇ ਮੈਂ ਕਈ ਸਾਲਾਂ ਤੋਂ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਹੀਰਾਮੰਡੀ ਨਾਲ ਸੰਭਵ ਹੋਇਆ ਹੈ।’ ਉਨ੍ਹਾਂ ਕਿਹਾ ਕਿ ਉਹ ਜਿਸ ਤਰੀਕੇ ਨਾਨ ਮਹਿਲਾ ਨੂੰ ਪਰਦੇ ’ਤੇ ਪੇਸ਼ ਕਰਦੇ ਹਨ ,ਅਜਿਹਾ ਦੂਜਾ ਕੋਈ ਨਹੀਂ ਕਰ ਸਕਦਾ। ਉਨ੍ਹਾਂ ਦਾ ਵੱਖਰਾ ਨਜ਼ਰੀਆ ਹੁੰਦਾ ਹੈ।’’ -ਏਐੱਨਆਈ