ਮੌਸਮ ਦੀ ਜੰਗ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦਾ ਨਾਂ ਲਏ ਬਿਨਾਂ ਕਿਹਾ ਹੈ ਕਿ ਭਾਰਤ ਦੇ ਹਿਮਾਲਿਆਈ ਸਰਹੱਦੀ ਖ਼ਿੱਤਿਆਂ ਵਿਚ ਜਲਵਾਯੂ ਤਬਦੀਲੀ ਮਹਿਜ਼ ਮੌਸਮ ਨਾਲ ਸਬੰਧਿਤ ਮਾਮਲਾ ਨਹੀਂ ਹੈ ਸਗੋਂ ਇਹ ਦੁਸ਼ਮਣ ਤਾਕਤਾਂ ਵੱਲੋਂ ਮੌਸਮ ਨੂੰ ਕਿਸੇ ਹੋਰ ਢੰਗ ਨਾਲ ਢਾਲਣ ਦੀਆਂ ਕੋਸ਼ਿਸ਼ਾਂ ਦਾ ਸਿੱਟਾ ਵੀ ਹੋ ਸਕਦਾ ਹੈ। ਜ਼ਾਹਰਾ ਤੌਰ ’ਤੇ ਇਹ ਇਸ਼ਾਰਾ ਪੇਈਚਿੰਗ ਵੱਲ ਹੈ। ਚੀਨ ਵੱਲੋਂ ਮੌਸਮੀ ਤਬਦੀਲੀਆਂ ਨੂੰ ਰਣਨੀਤਕ ਲਾਹੇ ਲਈ ਹਥਿਆਰ ਵਜੋਂ ਵਰਤੇ ਜਾਣ ਦੀਆਂ ਸੰਭਾਵਨਾਵਾਂ ਬਿਲਕੁਲ ਨਵਾਂ ਮੋਰਚਾ ਖੋਲ੍ਹਦੀਆਂ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪਤਾ ਲਾਉਣ ਦੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਸਿੱਕਮ ਅਤੇ ਲੱਦਾਖ਼ ਵਿਚ ਕੁਦਰਤੀ ਆਫ਼ਤਾਂ ਦੀ ਮਾਰ ਵਧ ਕਿਉਂ ਰਹੀ ਹੈ; ਹਿਮਾਲਿਆ ਦਾ ਫੈਲਾਉ ਤਾਂ ਹੋਰਨਾਂ ਸੂਬਿਆਂ ਤੱਕ ਵੀ ਹੈ। ਉਂਝ ਇਸ ਮਾਮਲੇ ਵਿਚ ਕਿਸੇ ਵੀ ਸਿੱਟੇ ਉਤੇ ਪੁੱਜਣ ਤੋਂ ਪਹਿਲਾਂ ਠੋਸ ਸਬੂਤ ਇਕੱਤਰ ਕਰ ਲੈਣਾ ਸਮਝਦਾਰੀ ਵਾਲੀ ਗੱਲ ਹੋਵੇਗੀ।
ਚੀਨ ਦੁਆਲੇ ਫੈਲਿਆ ਹੋਇਆ ਭੇਤ ਦਾ ਪਰਦਾ ਚਿੰਤਾਵਾਂ ਅਤੇ ਖ਼ਦਸ਼ਿਆਂ ਨੂੰ ਹੋਰ ਵਧਾਉਂਦਾ ਹੈ। ਚੀਨ ਨੇ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੌਰਾਨ ਤੂਫ਼ਾਨਾਂ ਨੂੰ ਖਿੰਡਾਅ ਦੇਣ, ਬਾਰਸ਼ਾਂ ਕਰਾਉਣ ਅਤੇ ਨੀਲਾ ਅਸਮਾਨ ਸਿਰਜ ਸਕਣ ਵਰਗੀਆਂ ਆਪਣੀਆਂ ਸਮਰੱਥਾਵਾਂ ਦਾ ਮੁਜ਼ਾਹਰਾ ਕੀਤਾ ਸੀ। ਕਰੀਬ 37 ਹਜ਼ਾਰ ਮੁਲਾਜ਼ਮਾਂ ਵਾਲੇ ਪੇਈਚਿੰਗ ਮੌਸਮੀ ਤਬਦੀਲੀ ਦਫ਼ਤਰ (The Beijing Weather Modification Office) ਨੂੰ ਵੱਖੋ-ਵੱਖ ਮਕਸਦਾਂ ਲਈ ਪੁਲਾੜ ਦੀਆਂ ਹਾਲਤਾਂ ਦਾ ਲਾਹਾ ਲੈਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ‘ਦਿ ਰਿਵਰ ਇਨ ਦਾ ਸਕਾਈ’ ਪ੍ਰਾਜੈਕਟ ਰਾਹੀਂ ਮਨਚਾਹੇ ਸਿੱਟਿਆਂ ਵਾਸਤੇ ਚੌਗ਼ਿਰਦੇ ਵਿਚਲੀ ਨਮੀ ਨੂੰ ਇਕੱਠਾ ਕੀਤਾ ਜਾਂਦਾ ਹੈ। ਕੀ ਚੀਨ ਵੱਲੋਂ ਮੌਸਮ ਉਤੇ ਕਾਬੂ ਪਾਉਣ ਦੇ ਆਪਣੇ ਗਿਆਨ ਅਤੇ ਤਕਨੀਕ ਦਾ ਇਸਤੇਮਾਲ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ, ਇਹ ਅਜਿਹਾ ਸਵਾਲ ਹੈ ਜਿਸ ਦਾ ਠੋਸ ਜਵਾਬ ਮਿਲਣਾ ਚਾਹੀਦਾ ਹੈ। ਨਾਲ ਹੀ ਇਹ ਭਾਰਤ ਲਈ ਚਿਤਾਵਨੀ ਵੀ ਹੈ ਕਿ ਉਹ ਮੌਸਮ ਵਿਗਿਆਨ, ਜਲ ਮੌਸਮ ਵਿਗਿਆਨ ਅਤੇ ਭੂਚਾਲ ਵਿਗਿਆਨ ਸਬੰਧੀ ਆਪਣੀਆਂ ਸਮਰੱਥਾਵਾਂ ਵਿਚ ਸੁਧਾਰ ਕਰਨ ਲਈ ਕਦਮ ਚੁੱਕੇ।
ਮੋਦੀ ਸਰਕਾਰ ਵੱਲੋਂ ਸਰਹੱਦੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੁੱਕੇ ਗਏ ਕਦਮ ਸ਼ਲਾਘਾਯੋਗ ਹਨ। ਇਸੇ ਤਰ੍ਹਾਂ ਮੰਤਰੀ ਵੱਲੋਂ ਕੀਤੀ ਗਈ ਇਹ ਟਿੱਪਣੀ ਕਿ ਸਰਹੱਦਾਂ ਦੇ ਨੇੜੇ ਰਹਿਣ ਵਾਲੇ ਲੋਕ ਕਿਸੇ ਵੀ ਤਰ੍ਹਾਂ ਫ਼ੌਜੀਆਂ ਤੋਂ ਘੱਟ ਨਹੀਂ ਹਨ, ਵੀ ਨੀਤੀ ਵਿਚ ਸਵਾਗਤਯੋਗ ਤਬਦੀਲੀ ਹੈ। ਇਸ ਦਾ ਮਕਸਦ ਭਾਰਤ ਦੀ ਤਰੱਕੀ ਦੇ ਫ਼ਾਇਦੇ ਆਖ਼ਰੀ ਸਿਰੇ ਤੱਕ ਪਹੁੰਚਣੇ ਯਕੀਨੀ ਬਣਾ ਕੇ ਸਰਹੱਦੀ ਖੇਤਰਾਂ ਤੋਂ ਵੱਡੇ ਪੱਧਰ ’ਤੇ ਹੋਣ ਵਾਲੀ ਹਿਜਰਤ ਨੂੰ ਰੋਕਣਾ ਹੈ। ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਚੀਨ ਦੀ ਮੌਸਮੀ-ਇੰਜਨੀਅਰਿੰਗ ਦੇ ਕਿਸੇ ਵੀ ਸੰਕੇਤ ਕਾਰਨ, ਪਹਾੜੀ ਸੂਬਿਆਂ ਵਿਚ ਕੁਦਰਤੀ ਆਫ਼ਤਾਂ ਲਈ ਮਨੁੱਖ ਵੱਲੋਂ ਸਿਰਜੇ ਕਾਰਕਾਂ ਜਿਵੇਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਵਿਕਾਸ ਦੇ ਨਾਂ ਉਤੇ ਪਹਾੜਾਂ ਨਾਲ ਅੰਨ੍ਹੇਵਾਹ ਛੇੜਛਾੜ, ਪ੍ਰਦੂਸ਼ਣ ਆਦਿ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਇਸ ਮਸਲੇ ਦੇ ਇਨ੍ਹਾਂ ਪੱਖਾਂ ਵੱਲ ਵੀ ਸੰਜੀਦਗੀ ਨਾਲ ਗੌਰ ਕਰਨ ਦੀ ਜ਼ਰੂਰਤ ਹੈ। ਜਲਵਾਯੂ ਤਬਦੀਲੀ ਹਕੀਕੀ ਗੱਲ ਹੈ। ਜਲਵਾਯੂ ਅਤੇ ਵਾਤਾਵਰਨ ਵਿਚ ਆ ਰਹੀਆਂ ਤਬਦੀਲੀਆਂ ਨੂੰ ਪੂਰੀ ਤਰ੍ਹਾਂ ਦੁਸ਼ਮਣ ਦੀਆਂ ਸਾਜ਼ਿਸ਼ਾਂ ਦਾ ਸਿੱਟਾ ਦੱਸ ਕੇ, ਇਸ ਦੇ ਬਹਾਨੇ ਕੁਦਰਤ ਨਾਲ ਲਾਪ੍ਰਵਾਹੀ ਨਾਲ ਕੀਤੀ ਜਾ ਰਹੇ ਖਿਲਵਾੜ ਨੂੰ ਸਹੀ ਠਹਿਰਾਉਣਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪਿਛਲੇ ਕੁਝ ਸਮੇਂ ਦੌਰਾਨ ਅਜਿਹੇ ਨੁਕਸਾਨ ਸਾਹਮਣੇ ਵੀ ਆ ਚੁੱਕੇ ਹਨ ਅਤੇ ਇਨ੍ਹਾਂ ਬਾਰੇ ਚਰਚਾ ਕੀਤੇ ਜਾਣ ਦੀ ਲੋੜ ਵੀ ਬਾਕਾਇਦਾ ਉਭਾਰੀ ਗਈ ਸੀ।