ਰੂਪਨਗਰ ’ਚ ਮੌਸਮ ਸਾਫ਼, ਬਿਜਲੀ ਸਪਲਾਈ ਜਲਦ ਬਹਾਲ ਹੋਣ ਦੀ ਉਮੀਦ
ਜਗਮੋਹਨ ਸਿੰਘ
ਰੂਪਨਗਰ, 11 ਜੁਲਾਈ
ਰੂਪਨਗਰ ਜ਼ਿਲ੍ਹੇ ਅੰਦਰ ਅੱਜ ਕਈ ਦਨਿਾਂ ਬਾਅਦ ਮੌਸਮ ਸਾਫ ਹੋਣ ਬਾਅਦ ਧੁੱਪ ਚਮਕੀ ਹੈ। ਮੀਂਹ ਬੀਤੀ ਰਾਤ ਬੰਦ ਹੋ ਗਿਆ। ਅੱਜ ਸਵੇਰੇ ਦਨਿ ਚੜ੍ਹਨ ਉਪਰੰਤ ਅਸਮਾਨ ਵਿੱਚ ਸਤਰੰਗੀ ਪੀਂਘ ਪਈ ਹੋਈ ਨਜ਼ਰ ਆਈ। ਮੌਸਮ ਸਾਫ਼ ਹੋਣ ਨਾਲ 132 ਕੇਵੀ ਸਬ ਸਟੇਸ਼ਨ ਨੂੰ ਪਾਣੀ ਕੱਢ ਕੇ ਮੁੜ ਚਾਲੂ ਕਰਨ ਵਿੱਚ ਜੁਟੇ ਪਾਵਰਕਾਮ ਕਰਮੀਆਂ ਨੂੰ ਵੱਡੀ ਰਾਹਤ ਮਿਲੀ ਹੈ। ਦੋ ਤਿੰਨ ਦਨਿਾਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਇਲਾਵਾ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਵੀ ਠੱਪ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ 132 ਕੇ ਵੀ ਗਰਿੱਡ ਦਾ ਦੌਰਾ ਕਰਕੇ ਬਿਜਲੀ ਦੀ ਸਪਲਾਈ ਜਲਦ ਦਰੁਸਤ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 11 ਕੇਵੀ ਤੇ 66 ਕੇਵੀ ਦੀ ਸਪਲਾਈ ਲਈ ਹਰੀ ਝੰਡੀ ਨਹੀਂ ਮਿਲੀ, ਜੋ ਛੇਤੀ ਮਿਲ ਜਾਵੇਗੀ, ਜਿਸ ਉਪਰੰਤ ਬਿਜਲੀ ਦੀ ਸਪਲਾਈ ਸ਼ਹਿਰ ਵਿਚ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਪਲਾਈ ਨੂੰ ਯਕੀਨੀ ਕਰਨ ਲਈ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਘੱਟ ਤੋਂ ਘੱਟ ਸਮੇਂ ਵਿਚ ਕੀਤਾ ਜਾਵੇ।