ਸਨਅਤੀ ਸ਼ਹਿਰ ਵਿੱਚ ਮੌਸਮ ਹੋਇਆ ਖੁਸ਼ਗਵਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਅਗਸਤ
ਮੌਨਸੂਨ ਸੀਜ਼ਨ ਚੱਲ ਰਿਹਾ ਹੈ ਪਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਇੱਕ-ਦੋ ਦਿਨ ਤੋਂ ਮੌਸਮ ਪੂਰੀ ਤਰ੍ਹਾਂ ਖੁਸ਼ਗਵਾਰ ਬਣਿਆ ਹੋਇਆ ਹੈ। ਐਤਵਾਰ ਵੀ ਸਾਰਾ ਦਿਨ ਸੂਰਜ ਲੁਕਣ ਮੀਚੀ ਖੇਡਦਾ ਰਿਹਾ। ਇਸ ਬਦਲੇ ਮੌਸਮ ਦਾ ਲੁਧਿਆਣਵੀ ਪੂਰਾ ਆਨੰਦ ਲੈ ਰਹੇ ਹਨ। ਦੂਜੇ ਬੰਨ੍ਹੇ ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਆਉਂਦੇ 24 ਘੰਟੇ ਵੀ ਮੌਸਮ ਬੱਦਲਵਾਈ ਵਾਲਾ ਰਹਿਣ ਦੀ ਸੰਭਾਵਨਾ ਹੈ।
ਮੌਨਸੂਨ ਜੁਲਾਈ ਦੇ ਪਹਿਲੇ ਹਫਤੇ ਤੋਂ ਪੰਜਾਬ ਵਿੱਚ ਦਾਖਲ ਹੋ ਗਈ ਸੀ ਪਰ ਇਸ ਦਾ ਅਗਸਤ ਮਹੀਨੇ ਦੇ ਲੰਘੇ ਚਾਰ ਦਿਨਾਂ ਤੱਕ ਵੀ ਬਹੁਤਾ ਅਸਰ ਦਿਖਾਈ ਨਹੀਂ ਦਿੱਤਾ। ਇਸ ਮੌਨਸੂਨ ਸੀਜ਼ਨ ’ਚ ਇੱਕਾ ਦੁੱਕਾ ਭਰਵੇਂ ਮੀਂਹਾਂ ਤੋਂ ਇਲਾਵਾ ਕਈ ਵਾਰ ਟੁੱਟਵਾਂ ਮੀਂਹ ਪਿਆ ਹੈ। ਇਸ ਦੇ ਬਾਵਜੂਦ ਲੁਧਿਆਣਾ ਵਿੱਚ ਪਿਛਲੇ ਦੋ ਕੁ ਦਿਨਾਂ ਤੋਂ ਮੌਸਮ ਪੂਰਾ ਤਰ੍ਹਾਂ ਸੁਹਾਵਣਾ ਬਣਿਆ ਹੋਇਆ ਹੈ। ਐਤਵਾਰ ਛੁੱਟੀ ਦਾ ਦਿਨ ਹੋਣ ਕਰਕੇ ਵੱਡੀ ਗਿਣਤੀ ’ਚ ਲੋਕ ਇਸ ਮੌਸਮ ਦਾ ਅਨੰਦ ਲੈਣ ਲਈ ਪਾਰਕਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਟਹਿਲਦੇ ਦਿਖਾਈ ਦਿੱਤੇ। ਸਾਰੇ ਦਿਨ ਵਿੱਚ ਅਨੇਕਾਂ ਵਾਰ ਅਕਾਸ਼ ਵਿੱਚ ਸੰਘਣੀ ਬੱਦਲਵਾਈ ਹੋਈ ਅਤੇ ਤੇਜ਼ ਹਵਾ ਤੋਂ ਬਾਅਦ ਸੂਰਜ ਚਮਕਾ ਮਾਰਦਾ ਰਿਹਾ। ਅੱਜ ਭਾਵੇਂ ਦਿਨ ਦਾ ਤਾਪਮਾਨ 35.4 ਡਿਗਰੀ ਸੈਲਸੀਅਸ ਸੀ ਪਰ ਠੰਢੀ ਹਵਾ ਚੱਲਦੀ ਹੋਣ ਕਰਕੇ ਲੋਕਾਂ ਨੂੰ ਇਹ ਗਰਮੀ ਮਹਿਸੂਸ ਨਹੀਂ ਹੋ ਰਹੀ ਸੀ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਵੀ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਸਵੇਰ ਸਮੇਂ ਤਾਪਮਾਨ ਵਿੱਚ ਨਮੀ ਦੀ ਮਾਤਰਾ 77 ਫ਼ੀਸਦੀ ਅਤੇ ਸ਼ਾਮ ਨੂੰ 52 ਫੀਸਦੀ ਦਰਜ ਕੀਤੀ ਗਈ ਹੈ। ਵਿਭਾਗ ਵੱਲੋਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਉਂਦੇ 24 ਘੰਟਿਆਂ ਵਿੱਚ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।