ਪੰਜਾਬ ਵਿੱਚ ਅੱਜ ਰਾਤ ਤੋਂ ਬਦਲ ਸਕਦੈ ਮੌਸਮ ਦਾ ਮਿਜ਼ਾਜ
ਆਤਿਸ਼ ਗੁਪਤਾ
ਚੰਡੀਗੜ੍ਹ, 29 ਜਨਵਰੀ
ਪੰਜਾਬ ਤੇ ਹਰਿਆਣਾ ਵਿੱਚ ਪੈ ਰਹੀ ਪਿਛਲੇ ਕਈ ਦਿਨਾਂ ਤੋਂ ਸੁੱਕੀ ਠੰਢ ਤੋਂ ਬਾਅਦ 30 ਜਨਵਰੀ ਰਾਤ ਨੂੰ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਮੌਸਮ ਆਪਣਾ ਮਿਜ਼ਾਜ ਬਦਲ ਸਕਦਾ ਹੈ। ਇਸ ਮੌਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਉਧਰ ਅੱਜ ਸਵੇਰ ਪੰਜਾਬ ਵਿੱਚ ਪਈ ਸੰਘਣੀ ਧੁੰਦ ਕਰਕੇ ਤਾਪਮਾਨ ਡਿੱਗ ਗਿਆ ਪਰ ਦੁਪਹਿਰੇ ਧੁੱਪ ਨਿਕਲਣ ਕਰਕੇ ਲੋਕਾਂ ਨੇ ਠੰਢ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 30 ਜਨਵਰੀ ਦੀ ਰਾਤ ਤੋਂ ਹੀ ਬਿਜਲੀ ਗਰਜਣੀ ਤੇ ਹਲਕਾ ਮੀਂਹ ਪੈਣਾ ਸ਼ੁਰੂ ਹੋ ਸਕਦਾ ਹੈ। ਜਦੋਂ ਕਿ 31 ਜਨਵਰੀ ਤੇ 1 ਫਰਵਰੀ ਨੂੰ ਵੀ ਇਹੋ ਜਿਹੇ ਹੀ ਹਾਲਾਤ ਰਹਿਣਗੇ। ਉਸ ਤੋਂ ਬਾਅਦ ਤਿੰਨ ਤੇ ਚਾਰ ਫਰਵਰੀ ਨੂੰ ਮੁੜ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ। ਸੂਬੇ ਵਿੱਚ ਮੀਂਹ ਪੈਣ ਨਾਲ ਠੰਢੀਆਂ ਹਵਾਵਾਂ ਵੀ ਚੱਲਣਗੀਆਂ, ਜਿਸ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਦਾ ਫਤਹਿਗੜ੍ਹ ਸਾਹਿਬ ਤੇ ਹਰਿਆਣਾ ਦਾ ਪੰਚਕੂਲਾ ਸਭ ਤੋਂ ਠੰਢੇ ਸ਼ਹਿਰ ਰਹੇ। ਫਤਿਹਗੜ੍ਹ ਸਾਹਿਬ ਵਿੱਚ ਘੱਟ ਤੋਂ ਘੱਟ ਤਾਪਮਾਨ 6.1 ਅਤੇ ਵੱਧ ਤੋਂ ਵੱਧ ਤਾਪਮਾਨ 19.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਚਕੂਲਾ ਵਿੱਚ ਘੱਟ ਤੋਂ ਘੱਟ ਤਾਪਮਾਨ 6.5 ਅਤੇ ਵੱਧ ਤੋਂ ਵੱਧ ਤਾਪਮਾਨ 21.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।