ਮੀਂਹ ਤੋਂ ਬਾਅਦ ਨਿਕਲੀ ਧੁੱਪ ਨਾਲ ਮੌਸਮ ਹੋਇਆ ਖ਼ੁਸ਼ਗਵਾਰ
ਸਤਵਿੰਦਰ ਬਸਰਾ
ਲੁਧਿਆਣਾ, 12 ਜਨਵਰੀ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਐਤਵਾਰ ਤੜਕੇ ਤੋਂ ਦੁਪਹਿਰ ਤੱਕ ਪਏ ਮੀਂਹ ਅਤੇ ਦੁਪਹਿਰ ਤੋਂ ਬਾਅਦ ਨਿਕਲੀ ਤਿੱਖੀ ਧੁੱਪ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ ਹੈ। ਇਸ ਦੌਰਾਨ ਮੀਂਹ ਕਾਰਨ ਨੀਵੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਵੀ ਖੜ੍ਹਾ ਹੋ ਗਿਆ। ਕਈ ਸੜਕਾਂ ’ਤੇ ਪਏ ਟੋਇਆਂ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ।
ਪਿਛਲੇ ਕਈ ਦਿਨਾਂ ਦੀ ਬੱਦਲਵਾਈ ਤੋਂ ਬਾਅਦ ਐਤਵਾਰ ਤੜਕੇ ਤੋਂ ਦੁਪਹਿਰ ਤੱਕ ਸੰਘਣੀ ਬੱਦਲਵਾਈ ਦੇ ਨਾਲ ਨਾਲ ਤੇਜ਼ ਮੀਂਹ ਵੀ ਪੈਂਦਾ ਰਿਹਾ। ਇਸ ਮੀਂਹ ਕਾਰਨ ਪਿਛਲੇ ਕਈ ਦਿਨਾਂ ਤੋਂ ਪੈਂਦੀ ਧੁੰਦ ਤੋਂ ਭਾਵੇਂ ਲੁਧਿਆਣਵੀਆਂ ਨੂੰ ਕੁੱਝ ਰਾਹਤ ਮਿਲੀ ਹੈ ਪਰ ਠੰਢ ਵਿੱਚ ਕੋਈ ਕਮੀ ਦਿਖਾਈ ਨਹੀਂ ਦਿੱਤੀ। ਦੁਪਹਿਰ ਤੋਂ ਬਾਅਦ ਕਈ ਵਾਰ ਤਿੱਖੀ ਧੁੱਪ ਵੀ ਨਿਕਲਦੀ ਰਹੀ ਜਿਸ ਨੇ ਲੁਧਿਆਣਵੀਆਂ ਦੇ ਚਿਹਰਿਆਂ ’ਤੇ ਰੌਣਕ ਲਿਆਈ ਰੱਖੀ। ਉੱਧਰ, ਸਵੇਰ ਸਮੇਂ ਤੇਜ਼ ਹਵਾ ਦੇ ਨਾਲ-ਨਾਲ ਤੇਜ਼ ਮੀਂਹ ਕਰਕੇ ਟਰਾਂਸਪੋਰਟ ਨਗਰ, ਫੋਕਲ ਪੁਆਇੰਟ, ਟਿੱਬਾ ਰੋਡ, ਸ਼ਿੰਗਾਰ ਸਿਨੇਮਾ ਰੋਡ, ਸ਼ਿਵਾ ਜੀ ਨਗਰ, ਸਮਰਾਲਾ ਚੌਂਕ ਆਦਿ ਇਲਾਕਿਆਂ ਵਿੱਚ ਪੈਂਦੀਆਂ ਕਈ ਨੀਵੀਆਂ ਸੜਕਾਂ ’ਤੇ ਪਾਣੀ ਭਰ ਗਿਆ। ਕਈ ਸੜਕਾਂ ’ਤੇ ਵੱਡੇ ਅਤੇ ਡੂੰਘੇ ਟੋਏ ਪੈਣ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ। ਕੱਚੀਆਂ ਗਲੀਆਂ ਵਿੱਚ ਸਾਰਾ ਦਿਨ ਚਿੱਕੜ ਰਿਹਾ। ਮਾਡਲ ਟਾਊਨ ਅਤੇ ਟਿੱਬਾ ਰੋਡ ਨੇੜੇ ਪੈਂਦੇ ਕਈ ਮੁਹੱਲਿਆਂ ਵਿੱਚ ਮੀਂਹ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਮਾਡਲ ਟਾਊਨ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਦੇ ਸਾਹਮਣੇ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ਕਈ ਘੰਟੇ ਠੱਪ ਰਹੀ। ਸੜਕ ’ਤੇ ਟੁੱਟੀਆਂ ਪਈਆਂ ਤਾਰਾਂ ਵੀ ਲੰਬਾ ਸਮਾਂ ਰਾਹਗੀਰਾਂ ਦੀ ਜਾਨ ਦਾ ਖੌਅ ਬਣੀਆਂ ਰਹੀਆਂ। ਇਸ ਤੋਂ ਇਲਾਵਾ ਗੋਪਾਲ ਨਗਰ, ਪੁਨੀਤ ਨਗਰ, ਗੁਲਾਬੀ ਬਾਗ ਆਦਿ ਮੁਹੱਲਿਆਂ ਵਿੱਚ ਸਵੇਰੇ ਤੜਕੇ ਤੋਂ ਦੁਪਹਿਰ ਬਾਅਦ ਤੱਕ ਬੱਤੀ ਗੁੱਲ ਰਹੀ।
ਦੂਜੇ ਪਾਸੇ ਮੌਸਮ ਵਿਭਾਗ ਨੇ ਪਹਿਲਾਂ ਹੀ ਸ਼ਨਿੱਚਰਵਾਰ ਅਤੇ ਐਤਵਾਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ। ਅੱਜ ਲੁਧਿਆਣਾ ਵਿੱਚ ਦਿਨ ਦਾ ਤਾਪਮਾਨ 14 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਬੀਤੇ ਦਿਨ ਦੇ ਤਾਪਮਾਨ ਨਾਲੋਂ 1 ਤੋਂ ਡੇਢ ਡਿਗਰੀ ਸੈਲਸੀਅਸ ਘੱਟ ਰਿਹਾ।