ਭਾਰਤ ਦੇ 100 ਸਭ ਤੋਂ ਵੱਧ ਅਮੀਰਾਂ ਦੀ ਸੰਪਤੀ ਇਕ ਖਰਬ ਡਾਲਰ ਤੋਂ ਪਾਰ
ਨਵੀਂ ਦਿੱਲੀ, 10 ਅਕਤੂਬਰ
ਭਾਰਤ ਦੇ 100 ਸਭ ਤੋਂ ਵੱਧ ਅਮੀਰਾਂ ਦੀ ਕੁੱਲ ਸੰਪਤੀ ਪਹਿਲੀ ਵਾਰ ਇਕ ਖਰਬ ਡਾਲਰ ਤੋਂ ਪਾਰ ਹੋ ਗਈ ਹੈ। ਫੋਰਬਸ ਵੱਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ 80 ਫ਼ੀਸਦ ਤੋਂ ਵੱਧ ਸਭ ਤੋਂ ਜ਼ਿਆਦਾ ਅਮੀਰ ਵਿਅਕਤੀ ਹੁਣ ਇਕ ਸਾਲ ਪਹਿਲਾਂ ਦੇ ਮੁਕਾਬਲੇ ’ਚ ਵਧੇਰੇ ਅਮੀਰ ਹਨ। ਫੋਰਬਸ ਦੀ ਭਾਰਤ ਦੇ ਸਿਖਰਲੇ 100 ਅਰਬਪਤੀਆਂ ਦੀ ਸੂਚੀ ਮੁਤਾਬਕ ਰਿਕਾਰਡ ਤੋੜਨ ਵਾਲੇ ਇਕ ਸਾਲ ’ਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੰਪਤੀ ਹੁਣ 1.1 ਖਰਬ ਡਾਲਰ ਹੈ, ਜੋ 2019 ਦੇ ਮੁਕਾਬਲੇ ’ਚ ਦੁੱਗਣੀ ਤੋਂ ਵੀ ਵੱਧ ਹੈ। ਪਹਿਲੇ ਨੰਬਰ ’ਤੇ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 119.5 ਅਰਬ ਡਾਲਰ ਹੈ। ਰਿਪੋਰਟ ਅਨੁਸਾਰ ‘ਸਭ ਤੋਂ ਵਧ ਡਾਲਰ ਹਾਸਲ ਕਰਨ ਵਾਲੇ ਗੌਤਮ ਅਡਾਨੀ ਹਨ, ਜੋ ਪਿਛਲੇ ਸਾਲ ਲੱਗੇ ਦੋਸ਼ਾਂ ਮਗਰੋਂ ਮਜ਼ਬੂਤੀ ਨਾਲ ਅਗਾਂਹ ਵਧੇ ਹਨ।’ ਰਿਪੋਰਟ ਅਨੁਸਾਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਨੇ ਪਿਛਲੇ 12 ਮਹੀਨਿਆਂ ’ਚ 316 ਅਰਬ ਡਾਲਰ ਜਾਂ ਕਰੀਬ 40 ਫ਼ੀਸਦੀ ਸੰਪਤੀ ਜੋੜੀ ਹੈੈ।
ਸਾਵਿਤਰੀ ਜਿੰਦਲ ਤੀਜੇ ਸਥਾਨ ’ਤੇ
ਸਟੀਲ ਤੋਂ ਬਿਜਲੀ ਤੱਕ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਓਪੀ ਜਿੰਦਲ ਗਰੁੱਪ ਦੀ ਮੁਖੀ ਸਾਵਿਤਰੀ ਜਿੰਦਲ (43.7 ਅਰਬ ਡਾਲਰ) ਨੇ ਸੂਚੀ ’ਚ ਪਹਿਲੀ ਵਾਰ ਤੀਜਾ ਸਥਾਨ ਹਾਸਲ ਕੀਤਾ ਹੈ। ਉਹ ਸੂਚੀ ’ਚ ਸ਼ਾਮਲ ਨੌਂ ਮਹਿਲਾਵਾਂ ’ਚੋਂ ਇਕ ਹਨ ਜੋ ਸਾਲ ਪਹਿਲਾਂ ਅੱਠਵੇਂ ਨੰਬਰ ’ਤੇ ਸਨ। ਫੋਰਬਸ ਦੀ ਸੂਚੀ ’ਚ ਬਾਇਓਲੌਜੀਕਲ ਈ ਦੀ ਵੈਕਸੀਨ ਨਿਰਮਾਤਾ ਮਹਿਮਾ ਦਤਲਾ ਚਾਰ ਨਵੇਂ ਅਮੀਰਾਂ ’ਚ ਸ਼ੁਮਾਰ ਹੈ। ਸੂਚੀ ’ਚ ਸ਼ਿਵ ਨਾਦਰ 40.2 ਅਰਬ ਡਾਲਰ ਨਾਲ ਚੌਥੇ ਅਤੇ ਸਨ ਫਾਰਮਾ ਦੇ ਬਾਨੀ ਦਿਲੀਪ ਸਾਂਘਵੀ 32.4 ਅਰਬ ਡਾਲਰ ਨਾਲ ਪੰਜਵੇਂ ਸਥਾਨ ’ਤੇ ਪੁੱਜ ਗਏ ਹਨ। -ਆਈਏਐੱਨਐੱਸ