ਕਿਸਾਨਾਂ ਵੱਲੋਂ ਫਾਇਨਾਂਸ ਕੰਪਨੀ ਦਾ ਰਾਹ ਬੰਦ, ਕੰਮ ਠੱਪ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਸਤੰਬਰ
ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਬਲਾਕ ਆਗੂ ਸਤਪਾਲ ਸਿੰਘ ਹਰੀਗੜ੍ਹ ਅਤੇ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਇੱਕ ਫਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਧਰਨਾ ਅੱਜ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਦਫ਼ਤਰ ਦਾ ਰਾਹ ਬੰਦ ਕੀਤੇ ਜਾਣ ਕਾਰਨ ਕੰਪਨੀ ਵਿੱਚ ਕੰਮ ਬਿਲਕੁਲ ਬੰਦ ਹੋ ਗਿਆ ਹੈ। ਕਿਸਾਨ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਹੈ ਕਿ ਪਿੰਡ ਹਰੀਗੜ੍ਹ ਦੀ ਇੱਕ ਵਿਧਵਾ ਔਰਤ ਹਰਜੀਤ ਕੌਰ ਨੇ ਫਾਇਨਾਂਸ ਕੰਪਨੀ ਕੋਲ 20 ਤੋਲੇ ਸੋਨਾ ਗਹਿਣੇ ਰੱਖ ਕੇ 6 ਲੱਖ ਦੇ ਕਰੀਬ ਕਰਜ਼ਾ ਲਿਆ ਸੀ, ਉਸ ਵੱਲੋਂ 4 ਲੱਖ ਤੋਂ ਵੱਧ ਭਰ ਦਿੱਤੇ ਜਾਣ ਬਾਵਜੂਦ, ਕੰਪਨੀ ਨੇ 11 ਲੱਖ 73 ਹਜ਼ਾਰ ਰੁਪਏ ਵਿਆਜ਼ ਸਮੇਤ ਹੋਰ ਬਕਾਇਆ ਦਿਖਾਇਆ ਹੈ। ਉਨ੍ਹਾਂ ਕਿਹਾ ਹੈ ਕਿ ਕੰਪਨੀ ਵੱਲੋਂ ਇੱਕ ਫ਼ੀਸਦ ਵਿਆਜ਼ ਤੋਂ ਹਟ ਕੇ ਕਈ ਗੁਣਾਂ ਵੱਧ ਰਕਮ ਭਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੋਨਾ ਦੱਬਣ ਦੀ ਨਿਯਤ ਨਾਲ ਮੁਥੂਟ ਕੰਪਨੀ ਦੇ ਅਧਿਕਾਰੀ ਮਾਮਲਾ ਹੱਲ ਨਹੀਂ ਹੋਣ ਦੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਔਰਤ ਨਾਲ ਇਨਸਾਫ਼ ਨਹੀਂ ਹੁੰਦਾ ਇਹ ਧਰਨਾ ਲਗਾਤਾਰਾ ਜਾਰੀ ਰਹੇਗਾ। ਫਾਇਨਾਂਸ ਕੰਪਨੀ ਦੇ ਮੈਨੇਜਰ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਕਤ ਔਰਤ ਨੂੰ ਕੰਪਨੀ ਨੇ ਤੈਅ ਸ਼ਰਤਾਂ ਤਹਿਤ ਹੀ ਵਿਆਜ਼ ਲਾਇਆ ਹੈ।