For the best experience, open
https://m.punjabitribuneonline.com
on your mobile browser.
Advertisement

ਮਲਕੀ ਖੂਹ ਦੇ ਉੱਤੇ ਭਰਦੀ ਸੀ ਪਈ ਪਾਣੀ...

11:19 AM Oct 28, 2023 IST
ਮਲਕੀ ਖੂਹ ਦੇ ਉੱਤੇ ਭਰਦੀ ਸੀ ਪਈ ਪਾਣੀ
Advertisement

ਅਣਮੁੱਲੇ ਗੀਤਕਾਰ-4

ਅਸ਼ੋਕ ਬਾਂਸਲ ਮਾਨਸਾ

ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਹਰ ਪੰਜਾਬੀ ਨੇ ਇੱਕ ਗੀਤ ਰੱਜ ਕੇ ਸੁਣਿਆ ਤੇ ਹੰਢਾਇਆ ਹੈ। ਬਹੁਤ ਥੋੜ੍ਹੇ ਲੋਕਾਂ ਨੂੰ ਇਸ ਗੀਤ ਦੇ ਗੀਤਕਾਰ ਬਾਰੇ ਜਾਣਕਾਰੀ ਹੈ ਕਿਉਂਕਿ ਮੁਹੰਮਦ ਸਦੀਕ, ਰਣਜੀਤ ਕੌਰ ਦੇ ਇਸ ਰਿਕਾਰਡ ਦੇ ਸਭ ਤੋਂ ਪਹਿਲੇ ਐਡੀਸ਼ਨ ’ਤੇ ਇਸ ਦੇ ਲਿਖਣ ਵਾਲੇ ਦਾ ਨਾਮ ਹੀ ਨਹੀਂ ਸੀ ਲਿਖਿਆ। ਨਾ ਹੀ ਗੀਤ ਵਿੱਚ ਗੀਤਕਾਰ ਦਾ ਨਾਮ ਆਉਂਦਾ ਹੈ। ਰਿਕਾਰਡ ਦੇ ਕਵਰ ’ਤੇ ਇਸ ਨੂੰ ‘ਪ੍ਰਾਪੰਰਿਕ’ ਲਿਖਿਆ ਸੀ। ਇਹ ਕਿਉਂ? ਇਹ ਕਹਾਣੀ ਵੀ ਜਾਣਾਂਗੇ, ਪਹਿਲਾਂ ਆਓ ਗੀਤ ’ਤੇ ਨਜ਼ਰ ਮਾਰੀਏ:
ਮਲਕੀ ਖੂਹ ਦੇ ਉੱਤੇ ਭਰਦੀ ਸੀ ਪਈ ਪਾਣੀ
ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ
ਲੰਮਾ ਪੈਂਡਾ ਰਾਹੀ ਮਰ ਗਏ ਨੀਂ ਪਿਆਸੇ
ਛੰਨਾ ਪਾਣੀ ਦਾ ਇੱਕ ਦੇਦੇ ਨੀਂ ਮੁਟਿਆਰੇ
ਉੱਡਦੇ ਉੱਡਦੇ ਭੌਰ ਆ ਗਏ ਨੀਂ ਪ੍ਰਦੇਸੀ
ਤੇਰੇ ਜੋਬਨੇ ਦੇ ਲੈਣ ਨੀਂ ਨਜ਼ਾਰੇ
ਪੱਲਾ ਨਾ ਕਰ ਚੁੰਨੀ ਸਾੜ ਲਵੇਂਗੀ ਨੀਂ ਕੁੜੀਏ
ਤੇਰੇ ਘੁੰਡ ਵਿੱਚ ਬਲਦੇ ਦਿਸਦੇ ਦੋ ਅੰਗਿਆਰੇ...
ਕਹਾਣੀ ਇਸ ਤਰ੍ਹਾਂ ਹੈ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਇੱਕ ਅਖਾੜਾ ਮੇਰੇ ਗੁਆਂਢੀ ਪਿੰਡ ਕੋਟਲੀ ਲੱਗਿਆ ਸੀ। ਇਕੱਠ ਬਹੁਤ ਸੀ। ਚੱਲਦੇ ਅਖਾੜੇ ਵਿੱਚ ਮੁਹੰਮਦ ਸਦੀਕ ਨੂੰ ਇੱਕ ਬਜ਼ੁਰਗ ਨੇ ਕਿਹਾ;
‘‘ਲੈ ਵੀ ਗਮੰਤਰੀਆ ਮਲਕੀ-ਕੀਮਾ ਸੁਣਾ।’’ ਅੱਗੋਂ ਸਦੀਕ ਕਹਿੰਦਾ;
‘‘ਬਜ਼ੁਰਗੋ ਮਲਕੀ-ਕੀਮਾ ਤਾਂ ਆਉਂਦਾ ਨਹੀਂ।’’ ਬਜ਼ੁਰਗ ਕਹਿੰਦਾ;
‘‘ਫੇਰ ਤੂੰ ਗਮੰਤਰੀ ਕਾਹਦੈਂ।’’
ਸਦੀਕ ਦੇ ਗੱਲ ਰੜਕ ਗਈ। ਉਸ ਨੇ ਲੁਧਿਆਣਾ ਪਹੁੰਚ ਕੇ ਚਿੱਠੇ ਲੱਭੇ, ਪਰ ਗਾਉਣ ਨੂੰ ਮਲਕੀ ਕੀਮਾ ਨਾ ਲੱਭੇ। ਫੇਰ ਸਦੀਕ ਨੂੰ ਕਿਸੇ ਨੇ ਦੱਸਿਆ ਕਿ ਮਲਕੀ ਕੀਮਾ ਗਿਆਨੀ ਸੋਹਣ ਸਿੰਘ ਸੀਤਲ ਨੇ ਬਹੁਤ ਵਧੀਆ ਲਿਖਿਆ ਹੋਇਆ ਹੈ। ਹੁਣ ਉਹ ਲੱਭੇ ਕਿੱਥੋਂ? ਸਦੀਕ ਨੂੰ ਪਤਾ ਲੱਗਾ ਕਿ ਰਣੀਂ ਮੁਹੱਲੇ ਸੀਤਲ ਦੀ ਪ੍ਰੈੱਸ ਹੈ। ਸਦੀਕ ਉੱਥੇ ਗਿਆ ਤੇ ਪ੍ਰੈੱਸ ’ਚੋਂ ਕਿਤਾਬ ਲੈ ਆਇਆ। ਮਲਕੀ-ਕੀਮਾ ਮਿਲ ਗਿਆ। ਸਦੀਕ ਨੇ ਉਸ ਦੀ ਕੁਮੈਂਟਰੀ ਤਿਆਰ ਕੀਤੀ ਤੇ ਗੀਤ ਵੀ ਤਿਆਰ ਹੋ ਗਿਆ। ਉਹ ਜਦ ਵੀ ਇਸ ਨੂੰ ਕਿਸੇ ਸਟੇਜ ’ਤੇ ਸਣਾਉਂਦਾ ਤਾਂ ਸਰੋਤੇ ਅਸ਼ ਅਸ਼ ਕਰ ਉੱਠਦੇ।
ਸਦੀਕ, ਰਣਜੀਤ ਕੌਰ ਇਸ ਗੀਤ ਨੂੰ ਐੱਚਐੱਮਵੀ ਵਿੱਚ ਰਿਕਾਰਡ ਕਰਵਾ ਆਏ। ਹੁਣ ਕੰਪਨੀ ਨੂੰ ਗੀਤਕਾਰ ਦੇ ਦਸਤਖ਼ਤ ਚਾਹੀਦੇ ਸਨ। ਕੰਪਨੀ ਵਾਲਿਆਂ ਨੇ ਸਦੀਕ ਨੂੰ ਗੀਤਕਾਰਾਂ ਵਾਲਾ ਐਗਰੀਮੈਂਟ ਫਾਰਮ ਦੇ ਦਿੱਤਾ ਕਿ ਇਸ ’ਤੇ ਗੀਤਕਾਰ ਦੇ ਦਸਤਖ਼ਤ ਕਰਵਾ ਕੇ ਦੇ ਜਾਵੋ। ਸਦੀਕ ਉਹ ਫਾਰਮ ਲੈ ਕੇ ਜਦੋਂ ਗਿਆਨੀ ਜੀ ਕੋਲ ਗਿਆ ਤਾਂ ਗਿਆਨੀ ਜੀ ਕਹਿੰਦੇ ਤੁਸੀਂ ਮੇਰਾ ਗੀਤ ਮੈਨੂੰ ਬਿਨਾ ਪੁੱਛੇ ਰਿਕਾਰਡ ਕਿਉਂ ਕਰਵਾਇਆ? ਇਸ ’ਤੇ ਗਿਆਨੀ ਜੀ ਨੇ ਦਸਤਖ਼ਤ ਨਾ ਕੀਤੇ। ਕੰਪਨੀ ਨੇ ਰਿਕਾਰਡ ਰਿਲੀਜ਼ ਕਰਨਾ ਸੀ। ਇਸ ਕਰਕੇ ਉਨ੍ਹਾਂ ਨੇ ਆਪਣਾ ਪੱਖ ਸੁਰੱਖਿਅਤ ਕਰਨ ਵਾਸਤੇ ਇਸ ’ਤੇ ‘ਪ੍ਰੰਪਰਿਕ’ ਲਿਖ ਦਿੱਤਾ।
ਉਸ ਤੋਂ ਬਾਅਦ ਇੱਕ ਸਰਕਾਰੀ ਪ੍ਰੋਗਰਾਮ ’ਤੇ ਮੁਹੰਮਦ ਸਦੀਕ ਨੇ ਕੁਮੈਂਟਰੀ ਕਰ ਕੇ ਜਦੋਂ ਇਹ ਗੀਤ ਰਣਜੀਤ ਕੌਰ ਨਾਲ ਗਾਇਆ ਤਾਂ ਇਤਫਾਕਨ ਗਿਆਨੀ ਸੋਹਣ ਸਿੰਘ ਸੀਤਲ ਵੀ ਸਾਹਮਣੇ ਬੈਠੇ ਸਨ। ਜਦੋਂ ਗੀਤ ਖ਼ਤਮ ਹੋਇਆ ਤਾਂ ਗਿਆਨੀ ਜੀ ਨੇ ਸਦੀਕ ਨੂੰ ਬੁੱਕਲ ’ਚ ਲੈ ਲਿਆ ਤੇ ਕਹਿੰਦੇ;
‘‘ਲਿਆ ਪੁੱਤਰਾ ਜਿੱਥੇ ਮਰਜ਼ੀ ਦਸਤਖ਼ਤ ਕਰਵਾ ਲੈ, ਤੂੰ ਤਾਂ ਮੇਰੇ ਗੀਤ ਵਿੱਚ ਜਾਨ ਹੀ ਪਾ ਦਿੱਤੀ।’’
ਮੁਹੰਮਦ ਸਦੀਕ ਤੇ ਰਣਜੀਤ ਕੌਰ ਤੋਂ ਪੰਦਰਾਂ ਵਰ੍ਹੇ ਪਹਿਲਾਂ ਵੀ ਇਹ ਗੀਤ ਗਾਇਕ ਬਸੰਤ ਕੁਮਾਰ ਦੀ ਆਵਾਜ਼ ਵਿੱਚ ‘ਹਿੰਦੋਸਤਾਨ ਐੱਮ. ਪ੍ਰੋਡਕਟ ਲਿਮਟਿਡ’ ਕੰਪਨੀ ਵਿੱਚ ਰਿਕਾਰਡ ਹੋ ਚੁੱਕਿਆ ਸੀ, ਪਰ ਉਹ ਘੱਟ ਚੱਲਿਆ। ਬਸੰਤ ਕੁਮਾਰ, ਗਾਇਕਾ ਸੁਮਨ ਦੱਤਾ ਦੇ ਪਿਤਾ ਜੀ ਸਨ। ਬਸੰਤ ਕੁਮਾਰ ਵਾਲਾ ਰਿਕਾਰਡ ਵੀ ਮੇਰੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਇਸ ਤੋਂ ਬਾਅਦ ਤਾਂ ਇਸ ਗੀਤ ਨੂੰ ਪੰਜਾਬ ਦੇ ਹਰ ਕਲਾਕਾਰ ਨੇ ਸਟੇਜਾਂ ’ਤੇ ਗਾਇਆ। ਫਾਈਨਟੋਨ ਕੰਪਨੀ ਦੇ ਮਾਲਕ ਰਾਜਿੰਦਰ ਸਿੰਘ ਨੇ ਇਸੇ ਗੀਤ ਨੂੰ ਦਿਲਜੀਤ ਦੁਸਾਂਝ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਵਿੱਚ ਦੁਬਾਰਾ ਵੀ ਰਿਕਾਰਡ ਕੀਤਾ।
ਸੋਹਣ ਸਿੰਘ ਦਾ ਜਨਮ ਮਾਤਾ ਦਿਆਲ ਕੌਰ ਤੇ ਪਿਤਾ ਸਰਦਾਰ ਖੁਸ਼ਹਾਲ ਸਿੰਘ ਦੇ ਘਰ ਅਣਵੰਡੇ ਪੰਜਾਬ ਵਿੱਚ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿਖੇ 7 ਅਗਸਤ 1909 ਨੂੰ ਹੋਇਆ। ਉਸ ਨੇ ਪਿੰਡ ਦੇ ਗ੍ਰੰਥੀ ਸਿੰਘ ਤੋਂ ਪੰਜਾਬੀ ਪੜ੍ਹਨੀ ਸਿੱਖੀ। 1930 ਵਿੱਚ ਉਸ ਨੇ ਸਰਕਾਰੀ ਹਾਈ ਸਕੂਲ ਕਸੂਰ ਤੋਂ ਦਸਵੀਂ ਕੀਤੀ। ਦਸਵੀਂ ਕਰਨ ਤੋਂ ਪਹਿਲਾਂ ਹੀ 10 ਸਤੰਬਰ 1927 ਨੂੰ ਸੋਹਣ ਸਿੰਘ ਦਾ ਵਿਆਹ ਬੀਬੀ ਕਰਤਾਰ ਕੌਰ ਨਾਲ ਹੋ ਗਿਆ ਸੀ। ਸਕੂਲ ਵਿੱਚ ਪੜ੍ਹਦਿਆਂ ਹੀ ਮੌਲਵੀ ਖ਼ਕੀਰ ਹੁਸੈਨ ਨਾਲ ਮੇਲ ਹੋ ਗਿਆ। ਉਨ੍ਹਾਂ ਦੀ ਪ੍ਰੇਰਨਾ ਸਦਕਾ ਸੋਹਣ ਸਿੰਘ ਉਰਦੂ ਵਿੱਚ ਕਵਿਤਾਵਾਂ ਲਿਖਣ ਲੱਗ ਪਿਆ ਜਿਵੇਂ;
ਮਰਨੇ ਕੇ ਬਾਅਦ ‘ਸੀਤਲ’, ਆਪਨੀ ਕਰੇਂਗੇ ਕੋਈ
ਕਰਤੇ ਹੈਂ ਹਮ ਜਹਾਂ ਮੇਂ, ਗੁਜ਼ਰੇ ਹੂਓਂ ਕੀ ਬਾਤੇਂ
ਸੱਤਵੀਂ ਅੱਠਵੀਂ ਦੇ ਵਿਦਿਆਰਥੀ ਲਈ ਇਹੋ ਜਿਹੇ ਸ਼ਿਅਰ ਕਹਿਣੇ ਬਹੁਤ ਵੱਡੀ ਗੱਲ ਹੈ। 1928 ਵਿੱਚ ਉਸ ਦੀ ਪਹਿਲੀ ਕਵਿਤਾ ਕਲਕੱਤੇ ਤੋਂ ਛਪਦੇ ਮਾਸਿਕ ਪੱਤਰ ‘ਕਵੀ’ ਵਿੱਚ ਛਪੀ। ਬਸ ਇੱਥੋਂ ਹੀ ਸੀਤਲ ਸਿੰਘ ਦੀ ਸ਼ਾਇਰੀ ਦਾ ਪਹੁ-ਫੁਟਾਲਾ ਹੋ ਗਿਆ। 1933 ਵਿੱਚ ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਪਾਸ ਕੀਤੀ ਤੇ ਸੋਹਣ ਸਿੰਘ ਸੀਤਲ ਤੋਂ ਗਿਆਨੀ ਸੋਹਣ ਸਿੰਘ ਸੀਤਲ ਬਣ ਗਿਆ। 1934 ਵਿੱਚ ਗਿਆਨੀ ਜੀ ਨੇ ਸਿੱਖ ਪ੍ਰਚਾਰਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਚਿਰਾਗਦੀਨ ਜੋ ਕਾਦੀਵਿੰਡ ਤੋਂ ਸੱਤ ਅੱਠ ਮੀਲ ਦੂਰ ‘ਲਲਿਆਣੀ’ ਪਿੰਡ ਤੋਂ ਸਨ, ਉਨ੍ਹਾਂ ਤੋਂ ਸੋਹਣ ਸਿੰਘ ਨੇ ਢੱਡ ਸਾਰੰਗੀ ਦੀ ਸਿਖਲਾਈ ਲਈ ਅਤੇ 1935 ਵਿੱਚ ਆਪਣਾ ਢਾਡੀ ਜੱਥਾ ਬਣਾ ਲਿਆ। ਇਸ ਰਾਹੀਂ ਉਸ ਨੇ ਦੂਰ-ਦੁਰਾਡੇ ਜਾ ਕੇ ਪ੍ਰਚਾਰ ਕੀਤਾ। ਭਾਵੇਂ ਗਿਆਨੀ ਜੀ ਨੇ ਸੱਤਰ-ਅੱਸੀ ਦੇ ਕਰੀਬ ‘ਵਾਰਾਂ’ ਲਿਖੀਆਂ ਅਤੇ ਧਾਰਮਿਕ ਲਿਖਦੇ ਤੇ ਗਾਉਂਦੇ ਸਮੇਂ ਕਿਸੇ ਨੇ ਇਹ ਤਾਂ ਸੋਚਿਆ ਹੀ ਨਹੀਂ ਕਿ ਗਿਆਨੀ ਜੀ ਦੇ ਅੰਦਰ ਇੱਕ ਬਹੁਤ ਵੱਡਾ ਸਾਹਿਤਕਾਰ ਵੀ ਬੈਠਾ ਹੈ ।
ਧਾਰਮਿਕ ਵਾਰਾਂ ਦੇ ਨਾਲ ਨਾਲ ਗਿਆਨੀ ਜੀ ਕਦੇ ਕਦੇ ਖੁੱਲ੍ਹੀ ਕਵਿਤਾ ਤੇ ਗੀਤ ਵੀ ਲਿਖਦੇ ਰਹੇ, ਪਰ ਉਹ ਲੋਕਾਂ ਦੇ ਸਾਹਮਣੇ ਨਹੀਂ ਆਏ। ਕਰਤਾਰ ਸਿੰਘ ਬਲੱਗਣ ਗਿਆਨੀ ਜੀ ਦੇ ਨਜ਼ਦੀਕੀ ਦੋਸਤ ਸਨ। ਜਦੋਂ ਕਰਤਾਰ ਸਿੰਘ ਬਲੱਗਣ ਨੇ ਮਾਸਿਕ ਪੱਤ੍ਰਿਕਾ ‘ਕਵਿਤਾ’ ਸ਼ੁਰੂ ਕੀਤੀ ਤਾਂ ਬਲੱਗਣ ਸਾਹਿਬ ਦੀ ਪ੍ਰੇਰਨਾ ਸਦਕਾ ਗਿਆਨੀ ਜੀ ਨੇ ਖੁੱਲ੍ਹ ਕੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਰਸਾਲੇ ’ਚ ਗੀਤ ਛਪਣ ਨਾਲ ਸਾਹਿਤਕ ਹਲਕਿਆਂ ਵਿੱਚ ਗਿਆਨੀ ਜੀ ਦੀ ਨਵੀਂ ਚਰਚਾ ਛਿੜ ਪਈ, ਜਦੋਂ ਉਸ ਰਸਾਲੇ ਵਿੱਚ ਉਸ ਦਾ ਨਿਮਨ ਗੀਤ ਛਪਿਆ:
ਭਾਬੀ ਮੇਰੀ ਗੁੱਤ ਨਾ ਕਰੀਂ
ਮੈਨੂੰ ਡਰ ਸੱਪਣੀ ਤੋਂ ਆਵੇ
ਸਾਲ 1956 ਵਿੱਚ ਜਦੋਂ ਗਿਆਨੀ ਜੀ ਦੇ ਗੀਤਾਂ ਦਾ ਸੰਗ੍ਰਹਿ ‘ਕੇਸਰੀ ਦੁਪੱਟਾ’ ਛਪਿਆ ਤਾਂ ਕੁਝ ਵਿਰੋਧੀਆਂ ਨੇ ਨੁਕਤਾਚੀਨੀ ਵੀ ਕੀਤੀ। ਸਾਹਿਤ ਦੀ ਸਮਝ ਰੱਖਣ ਵਾਲਿਆਂ ਨੇ ਉਸ ਦੀ ਤਾਰੀਫ਼ ਵੀ ਕੀਤੀ। ਵਿਧਾਤਾ ਸਿੰਘ ਤੀਰ ਨੇ ਲਿਖਿਆ ਕਿ ‘ਸੀਤਲ’ ਵਾਰ ਲੇਖਕ ਨਾਲੋਂ ਗੀਤਕਾਰ ਵਧੇਰੇ ਹੈ। ‘ਕੇਸਰੀ ਦੁਪੱਟਾ’ ਦੇ ਗੀਤਾਂ ਦੀ ਬਹੁਤ ਤਾਰੀਫ਼ ਹੋਈ। ਇਹ ਗੀਤ ਸੱਭਿਆਚਾਰਕ ਪ੍ਰੋਗਰਾਮਾਂ ’ਤੇ ਗਾਏ ਜਾਣ ਲੱਗ ਪਏ। ਕਈ ਲੋਕਾਂ ਨੇ ਸੀਤਲ ਨੂੰ ਸੁਆਲ ਕੀਤਾ ਕਿ ਇਸ ਉਮਰ ’ਚ ਇਸ ਤਰ੍ਹਾਂ ਦੇ ਗੀਤ ਕਿਵੇਂ ਲਿਖਦੇ ਹੋ। ਉਸ ਦੇ ਜਵਾਬ ਵਿੱਚ 30 ਮਈ 1957 ਨੂੰ ਉਸ ਨੇ ਇੱਕ ਗੀਤ ਰਾਹੀਂ ਜੁਆਬ ਦਿੱਤਾ;
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਨਾਂ
ਜੋ ਸੁੱਤੀਆਂ ਥੱਕ ਕੇ ਰੀਝਾਂ
ਉਹਨਾਂ ਨੂੰ ਫਿਰ ਜਗਾ ਲੈਨਾਂ...
ਗਿਆਨੀ ਜੀ ਵਾਰ ਲੇਖਕ ਦੇ ਨਾਲ-ਨਾਲ ਬਹੁਤ ਵਧੀਆ ਗੀਤਕਾਰ, ਨਾਵਲਕਾਰ, ਇਤਿਹਾਸਕਾਰ, ਕਹਾਣੀਕਾਰ ਤੇ ਕਵੀ ਸਨ। ਉਨ੍ਹਾਂ ਨੇ ਕੁੱਲ 22 ਨਾਵਲ ਲਿਖੇ। ‘ਇੱਚੋਗਿਲ ਨਹਿਰ ਤੱਕ’, ‘ਵਿਜੋਗਣ’, ‘ਜੰਗ ਜਾਂ ਅਮਨ’, ‘ਤੂਤਾਂ ਵਾਲਾ ਖੂਹ’, ‘ਦੀਵੇ ਦੀ ਲੋਅ’, ‘ਸੁਞਾ ਆਲਣਾ’, ‘ਧਰਤੀ ਦੇ ਦੇਵਤੇ’, ‘ਜੱਗ ਬਦਲ ਗਿਆ’, ‘ਪ੍ਰੀਤ ਕੇ ਰੂਪ’, ‘ਹਿਮਾਲਿਆ ਦੇ ਰਾਖੇ’, ‘ਜਵਾਲਾਮੁਖੀ’, ‘ਮਹਾਰਾਣੀ ਜਿੰਦਾ’, ‘ਮਹਾਰਾਜਾ ਦਲੀਪ ਸਿੰਘ’, ‘ਧਰਤੀ ਦੀ ਬੇਟੀ’, ‘ਕਾਲੇ ਪ੍ਰਛਾਵੇਂ’, ‘ਬਦਲਾ’, ‘ਅੰਨ੍ਹੀ ਸੁੰਦਰਤਾ’, ‘ਸਭੇ ਸਾਂਝੀ ਵਾਲ ਸਦਾਇਨ’, ‘ਮੁੱਲ ਦਾ ਮਾਸ’, ‘ਪਤਵੰਤੇ ਕਾਤਲ’, ‘ਪ੍ਰੀਤ ਤੇ ਪੈਸਾ’ ਅਤੇ ‘ਸੁਰਖ ਸਵੇਰਾ’।
ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੰਜਾਬੀ ਵਿਭਾਗ ਦੇ ਸੀਨੀਅਰ ਲੈਕਚਰਾਰ ਡਾ. ਭੁਪਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਸ ਦੀ ਨਾਵਲਕਾਰੀ ’ਤੇ ਪੀਐੱਚ. ਡੀ. ਕੀਤੀ। ਇਨ੍ਹਾਂ ਨਾਵਲਾਂ ਤੋਂ ਇਲਾਵਾ ਗਿਆਨੀ ਜੀ ਨੇ ਇਤਿਹਾਸਕ ਲਿਖਤਾਂ ਵੀ ਲਿਖੀਆਂ। ਜਨਿ੍ਹਾਂ ਵਿੱਚ ਸਿੱਖ ਰਾਜ ਕਿਵੇਂ ਬਣਿਆਂ, ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸਿੱਖ ਰਾਜ ਤੇ ਸ਼ੇਰੇ ਪੰਜਾਬ, ਸਿੱਖ ਰਾਜ ਕਿਵੇਂ ਗਿਆ, ਦੁੱਖੀਏ ਮਾਂ ਪੁੱਤ, ਮਹਾਰਾਣੀ ਜਿੰਦਾ ਅਤੇ ਦਲੀਪ ਸਿੰਘ।
ਉਨ੍ਹਾਂ ਦੇ ਕਹਾਣੀ ਸੰਗ੍ਰਹਿ ਵੀ ਛਪੇ ਜਨਿ੍ਹਾਂ ਵਿੱਚ ਕਦਰਾਂ ਬਦਲ ਗਈਆਂ ਤੇ ਅੰਤਰਜਾਮੀ ਹਨ। ਇਸ ਤੋਂ ਇਲਾਵਾ ਇੱਕ ਨਾਟਕ ‘ਸੰਤ ਲਾਧੋ ਰੇ’ ਵੀ ਛਪਿਆ ਤੇ ਕਵਿਤਾਵਾਂ ਦੀਆਂ ਤਿੰਨ ਪੁਸਤਕਾਂ ‘ਵਹਿੰਦੇ ਹੰਝੂ’, ‘ਸੱਜਰੇ ਹੰਝੂ’ ਅਤੇ ‘ਦਿਲ ਦਰਿਆ’ ਛਪੀਆਂ ਤੇ ਦੋ ਗੀਤ ਸੰਗ੍ਰਹਿ ‘ਕੇਸਰੀ ਦੁਪੱਟਾ’ ਅਤੇ ‘ਜਦੋਂ ਮੈਂ ਗੀਤ ਲਿਖਦਾ ਹਾਂ’ ਵੀ ਛਪੇ;
ਕੇਸਰੀ ਦੁਪੱਟਾ ਲਿਆ ਜਾਣਕੇ ਮੈਂ ਰੰਗ ਨੀਂ
ਬੁੱਝ ਲਵੇ ਮਾਂ ਭਲਾ ਦਿਲ ਦੀ ਉਮੰਗ ਨੀਂ
ਪਾਈਆਂ ਜਾ ਪੰਜੇਬਾਂ ਪੈਰੀਂ ਹੋਰ ਹੋਗੀ ਤੋਰ ਨੀਂ
ਜਾਪੇ ਮੈਨੂੰ ਜਿਵੇਂ ਉਹਦੇ ਬਾਗ਼ ਦੀ ਮੈਂ ਮੋਰਨੀ
ਉੱਡ ਪੁੱਡ ਜਾਵਾਂ ਰਲਾਂ ਬੱਦਲਾਂ ਦੇ ਸੰਗ ਨੀਂ
ਕੇਸਰੀ ਦੁਪੱਟਾ ਲਿਆ ਜਾਣ ਕੇ ਮੈਂ ਰੰਗ ਨੀਂ
ਸੋਹਣ ਸਿੰਘ ਸੀਤਲ ਦਾ ਇੱਕ ਹੋਰ ਗੀਤ ਦੇਖੋ;
ਮੇਲੇ ਮੁਕਸਰ ਦੇ
ਚੱਲ ਚੱਲੀਏ ਨਣਦ ਦਿਆ ਵੀਰਾ
ਸੁੱਖਣਾ ਲਾਹ ਆਵਾਂ
ਜੋ ਸੁੱਖੀਆਂ ਸੀ ਬੰਨ੍ਹ ਦੀ ਕਲੀਰਾ
ਗਿਆਨੀ ਜੀ ਨੇ 1960 ਵਿੱਚ ਬਰਮਾ, ਥਾਈਲੈਂਡ, ਸਿੰਗਾਪੁਰ ਤੇ ਮਲੇਸ਼ੀਆ ਦਾ ਦੌਰਾ ਕੀਤਾ। 1977 ਵਿੱਚ ਉਨ੍ਹਾਂ ਇੰਗਲੈਂਡ ਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿੱਚ ਵੁਲਵਰਹੈਂਪਟਨ, ਵਾਲਸਾਲ, ਸਮੈਦਿਕ, ਡਡਲੀ, ਬਰੈਡਫੋਰਡ, ਕਵੈਂਟਰੀ, ਸਾਊਥਹਾਲ ਤੇ ਬਾਰਕਿੰਗ ਵਿੱਚ ਦੀਵਾਨ ਕੀਤੇ। 1980-81 ਵਿੱਚ ਫੇਰ ਇੰਗਲੈਂਡ ਤੇ ਕੈਨੇਡਾ ਦਾ ਦੌਰਾ ਕੀਤਾ। 23 ਸਤੰਬਰ 1998 ਨੂੰ ਪੰਜਾਬੀ ਦਾ ਇਹ ਵਿਦਵਾਨ ਲਿਖਾਰੀ ਜਿਸਮਾਨੀ ਤੌਰ ’ਤੇ ਸਾਥੋਂ ਵਿੱਛੜ ਗਿਆ, ਪਰ ਉਸ ਦੀਆਂ ਲਿਖਤਾਂ ਹਮੇਸ਼ਾਂ ਸਾਨੂੰ ਸੇਧ ਦਿੰਦੀਆਂ ਰਹਿਣਗੀਆਂ।

Advertisement

ਸੰਪਰਕ: 98151-30226

Advertisement
Author Image

sukhwinder singh

View all posts

Advertisement
Advertisement
×