For the best experience, open
https://m.punjabitribuneonline.com
on your mobile browser.
Advertisement

ਯਮੁਨਾ ’ਚ ਪਾਣੀ ਦੇ ਪੱਧਰ ਨੇ 45 ਸਾਲਾਂ ਦਾ ਰਿਕਾਰਡ ਤੋੜਿਆ

07:00 AM Jul 13, 2023 IST
ਯਮੁਨਾ ’ਚ ਪਾਣੀ ਦੇ ਪੱਧਰ ਨੇ 45 ਸਾਲਾਂ ਦਾ ਰਿਕਾਰਡ ਤੋੜਿਆ
ਨਵੀਂ ਦਿੱਲੀ ਵਿੱਚ ਯਮੁਨਾ ਬਾਜ਼ਾਰ ਇਲਾਕੇ ਵਿੱਚ ਹਡ਼੍ਹ ਦੀ ਲਪੇਟ ’ਚ ਆਏ ਲੋਕ ਘਰਾਂ ਤੋਂ ਸਾਮਾਨ ਚੁੱਕ ਕੇ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਯਮੁਨਾ ਨਦੀ ਵਿੱਚ ਹਥਨੀ ਕੁੰਡ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਦਿੱਲੀ ਇਲਾਕੇ ਵਿੱਚ ਦਾਖ਼ਲ ਹੋਣ ਸਮੇਂ ਯਮੁਨਾ ਨੇ 45 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਤੇ ਪਾਣੀ ਦਾ ਪੱਧਰ 207.83 ਮੀਟਰ ਤੱਕ ਪਹੁੰਚ ਗਿਆ ਹੈ। ਦਿੱਲੀ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਖ਼ਦਸ਼ਾ ਹੈ। ਪੱਧਰ ਵਧਣ ਕਾਰਨ ਯਮੁਨਾ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਢਾਈ ਮੀਟਰ ਉਪਰ ਵਗਿਆ। ਹਾਲਾਤ ਬਾਰੇ ਚਰਚਾ ਕਰਨ ਅਤੇ ਲੋਕਾਂ ਨੂੰ ਬਚਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉੱਚ ਅਧਿਕਾਰੀਆਂ, ਮੰਤਰੀਆਂ ਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਘੱਟ ਪਾਣੀ ਛੱਡਣ ਲਈ ਦਖ਼ਲ ਦੇਣ ਦੀ ਅਪੀਲ ਕੀਤੀ। ਪ੍ਰਸ਼ਾਸਨ ਨੇ ਧਾਰਾ 144 ਲਾ ਦਿੱਤੀ ਹੈ ਤਾਂ ਜੋ ਲੋਕ ਯਮੁਨਾ ਕਨਿਾਰੇ ਇੱਕਠੇ ਨਾ ਹੋ ਸਕਣ। ਪਿਛਲੀ ਵਾਰ ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ 1978 ਵਿੱਚ ਰਿਕਾਰਡ ਪੱਧਰ 207.49 ਮੀਟਰ ਤੱਕ ਪਹੁੰਚਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ ਤੇ ਅੱਜ ਅੱਧੀ ਰਾਤ ਤੱਕ ਯਮੁਨਾ ਵਿੱਚ ਪਾਣੀ ਦਾ ਪੱਧਰ 207.72 ਮੀਟਰ ਤੱਕ ਪਹੁੰਚ ਸਕਦਾ ਹੈ। ਪ੍ਰੀਤ ਵਿਹਾਰ ਦੇ ਐੱਸਡੀਐੱਮ ਤੇ ਹੜ੍ਹ ਨੋਡਲ ਅਫ਼ਸਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਹੜ੍ਹ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਖਾਦਰ ਖੇਤਰ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਐੱਸਡੀਐੱਮ ਨੇ ਕਿਹਾ ਕਿ ਪੂਰਬੀ ਦਿੱਲੀ ’ਚ ਖੇਡ ਪਿੰਡ ਨੇੜੇ ਖਾਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਫਸੇ 60 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਵਿੱਚ ਔਰਤਾਂ ਅਤੇ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਦਿੱਲੀ ਦੇ ਉਨ੍ਹਾਂ ਇਲਾਕਿਆਂ ’ਚ ਜਿੱਥੇ ਯਮੁਨਾ ਦੇ ਪਾਣੀ ਦਾ ਪੱਧਰ ਵਧਿਆ ਹੈ ਉੱਥੇ ਸਾਵਧਾਨੀ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

Advertisement

ਯਮੁਨਾ ’ਚ ਵੱਧ ਰਹੇ ਪਾਣੀ ਤੋਂ ਬਚਣ ਲਈ ਟਾਹਣਿਆਂ ਸਹਾਰੇ ਸੁਰੱਖਿਅਤ ਥਾਂ ’ਤੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਲੋਕ। -ਫੋਟੋ: ਮੁਕੇਸ਼ ਅਗਰਵਾਲ
ਯਮੁਨਾ ’ਚ ਵੱਧ ਰਹੇ ਪਾਣੀ ਤੋਂ ਬਚਣ ਲਈ ਟਾਹਣਿਆਂ ਸਹਾਰੇ ਸੁਰੱਖਿਅਤ ਥਾਂ ’ਤੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਲੋਕ। -ਫੋਟੋ: ਮੁਕੇਸ਼ ਅਗਰਵਾਲ

ਮਯੂਰ ਵਿਹਾਰ ਦੇ ਖੁੱਲ੍ਹੇ ਇਲਾਕੇ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ। ਲੋਕਾਂ ਦੀ ਭੀੜ ਨਾ ਹੋਵੇ ਇਸ ਲਈ ਗੀਤਾ ਕਲੋਨੀ, ਪੁਰਾਣੀ ਲੋਹਪੁਲ ਤੇ ਵਜ਼ੀਰਾਬਾਦ ਰੋਡ ਤੇ ਸਿਗਨੇਚਰ ਬ੍ਰਿਜ ’ਤੇ ਵੀ ਵਾਲੰਟੀਅਰ ਤਾਇਨਾਤ ਕੀਤੇ ਗਏ।
ਯਮੁਨਾ ਦਾ ਪਾਣੀ ਫੈਲਣ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸ਼ਮੀਰੀ ਗੇਟ ਤੇ ਰਿੰਗ ਰੋਡ ਨੇੜੇ ਮੱਠ ਬਾਜ਼ਾਰ ਵਿੱਚ ਪਾਣੀ ਦਾਖ਼ਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹੋਣਾ ਪਿਆ। ਪਾਣੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਅਧਿਕਾਰੀਆਂ ਵੱਲੋਂ ਰੇਤ ਦੇ ਬੋਰੇ ਲਗਾਏ ਗਏ। ਲੋਕਾਂ ਨੂੰ ਬਚਾਉਣ ਲਈ ਭਾਰੀ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਯਮੁਨਾ ਨਦੀ 12 ਜੁਲਾਈ ਨੂੰ 1978 ਦੇ 207.49 ਮੀਟਰ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਸਾਲ 1978 ਵਿੱਚ ਦਿੱਲੀ ’ਚ ਹੜ੍ਹ ਆਇਆ ਸੀ ਜਦੋਂ ਹਥਨੀ ਕੁੰਡ ਬੈਰਾਜ ਤੋਂ 7 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ। ਉਸ ਸਮੇਂ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪੱਧਰ 204.79 ਮੀਟਰ ਤੱਕ ਪਹੁੰਚ ਗਿਆ ਸੀ। 2013 ਵਿੱਚ ਹਥਨੀ ਕੁੰਡ ਬੈਰਾਜ ਤੋਂ 8 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜਿਸ ਕਾਰਨ ਯਮੁਨਾ ਨਦੀ ਦਾ ਪੱਧਰ 207.32 ਮੀਟਰ ਹੋ ਗਿਆ ਸੀ। 2019 ’ਚ ਹਥਨੀ ਕੁੰਡ ਬੈਰਾਜ ਤੋਂ 8.28 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਤੇ ਯਮੁਨਾ ਦਾ ਪੱਧਰ 206.6 ਮੀਟਰ ਪਹੁੰਚ ਗਿਆ ਸੀ।

Advertisement
Tags :
Author Image

joginder kumar

View all posts

Advertisement
Advertisement
×