ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਘਟਿਆ
ਪੱਤਰ ਪ੍ਰੇਰਕ
ਅਜਨਾਲਾ, 27 ਅਗਸਤ
ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਚਲਦੇ ਰਾਵੀ ਦਰਿਆ ਵਿੱਚ ਬੀਤੇ ਦਿਨਾਂ ਤੋਂ ਪਹਾੜਾਂ ਵਿੱਚ ਹੋ ਰਹੀ ਬਰਸਾਤ ਕਾਰਨ ਜੋ ਪਾਣੀ ਦਾ ਪੱਧਰ ਵਧ ਗਿਆ ਸੀ ਉਹ ਹੁਣ ਘਟ ਕੇ ਆਮ ਵਾਂਗ ਰਹਿ ਗਿਆ ਹੈ ਜਿਸ ਕਾਰਨ ਹੁਣ ਕਿਸਾਨ ਅਤੇ ਮਜ਼ਦੂਰ ਖੇਤੀ ਕਰਨ ਮੁੜ ਤੋਂ ਦਰਿਆ ਪਾਰ ਕਰਨ ਲੱਗ ਪਏ ਹਨ। ਰਾਵੀ ਦਰਿਆ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਵਿਚਕਾਰ ਕਿਸਾਨਾਂ ਦਾ ਵੱਡਾ ਵਾਹੀਯੋਗ ਰਕਬਾ ਹੈ ਜਿਸ ਵਿੱਚ ਕਿਸਾਨਾਂ ਨੇ ਝੋਨੇ, ਤਿਲ ਆਦਿ ਫਸਲਾਂ ਦੀ ਕਾਸ਼ਤ ਕੀਤੀ ਹੋਈ ਹੈ ਜਿਸ ਕਾਰਨ ਫਸਲਾਂ ਕੋਲ ਜਾਣ ਲਈ ਕਿਸਾਨਾਂ ਨੂੰ ਦਰਿਆ ਪਾਰ ਕਰਨ ਲਈ ਬੇੜੀਆਂ (ਕਿਸ਼ਤੀਆਂ) ਦਾ ਸਹਾਰਾ ਲੈਣਾ ਪੈਂਦਾ ਹੈ। ਇੱਥੇ ਗੱਲ ਕਰਦਿਆਂ ਕਿਸਾਨ ਅੰਮ੍ਰਿਤਪਾਲ ਸਿੰਘ, ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨਾਂ ਦਾ ਉਸ ਪਾਰ ਜਾਣਾ ਬਹੁਤ ਹੀ ਮੁਸ਼ਕਿਲ ਸੀ ਅਤੇ ਕਿਸਾਨ ਕਈ ਦਿਨ ਆਪਣੀਆਂ ਫਸਲਾਂ ਵੀ ਨਹੀਂ ਦੇਖ ਸਕੇ ਪਰ ਹੁਣ ਪਾਣੀ ਆਮ ਦਿਨਾਂ ਵਾਂਗ ਹੋਣ ਕਾਰਨ ਫਸਲਾਂ ਦੀ ਕਿਸਾਨਾਂ ਵੱਲੋਂ ਜਾ ਕੇ ਸਾਰ ਲਈ ਜਾ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਥਾਵਾਂ ’ਤੇ ਦਰਿਆ ਨੇ ਜ਼ਮੀਨਾਂ ਅਤੇ ਦਰੱਖਤਾਂ ਨੂੰ ਢਾਅ ਲਗਾ ਕੇ ਆਪਣੇ ਵਿੱਚ ਮਿਲਾ ਲਿਆ ਹੈ ਜਿਸ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਦੀ ਸਰਕਾਰ ਤਰੁੰਤ ਭਰਪਾਈ ਕਰੇ।