ਘੱਗਰ ਦਰਿਆ ਤੇ ਚਿੰਮੋ ਹੈੱਡ ’ਚ ਪਾਣੀ ਦਾ ਪੱਧਰ ਘਟਿਆ
ਪੱਤਰ ਪ੍ਰੇਰਕ
ਰਤੀਆ, 21 ਜੁਲਾਈ
ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਨੇ ਰਤੀਆ ਕਸਬਾ, ਘੱਗਰ ਦਰਿਆ, ਚਿੰਮੋ ਹੈੱਡ ਆਦਿ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਘੱਗਰ ਦਰਿਆ ਅਤੇ ਚਿੰਮੋ ਹੈੱਡ ਵਿੱਚ ਪਾਣੀ ਦਾ ਪੱਧਰ ਘਟਣ ਨਾਲ ਕੁਝ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਵਹਾਅ ਵਿੱਚ ਕੁਝ ਕਮੀ ਜ਼ਰੂਰ ਆਈ ਹੈ ਪਰ ਫਿਰ ਵੀ ਸਾਰਿਆਂ ਨੂੰ ਸੁਚੇਤ ਰਹਿਣਾ ਪਵੇਗਾ। ਉਨ੍ਹਾਂ ਨੇ ਕੁਦਰਤੀ ਆਫਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਨਾਗਰਿਕਾਂ ਦੀ ਮਦਦ ਕੀਤੀ ਜਾ ਸਕੇ। ਐੱਸਡੀਐੱਮ ਜਗਦੀਸ਼ ਚੰਦਰ ਨੇ ਦੱਸਿਆ ਕਿ ਕਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਇਲਾਕੇ ਦੇ ਨਾਗਰਿਕਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਹੇਠਾਂ ਆਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅੱਪਡੇਟ ਹੈ ਅਤੇ ਦਨਿ-ਰਾਤ ਹੜ੍ਹ ਬਚਾਓ ਅਤੇ ਰਾਹਤ ਕਾਰਜਾਂ ਵਿੱਚ ਲੱਗਾ ਹੋਇਆ ਹੈ। ਜੇਕਰ ਕਿਸੇ ਵੀ ਨਾਗਰਿਕ ਨੂੰ ਕੋਈ ਲੋੜ ਹੈ ਤਾਂ ਗਠਿਤ ਟੀਮਾਂ ਵੱਲੋਂ ਤੁਰੰਤ ਮਦਦ ਭੇਜੀ ਜਾ ਰਹੀ ਹੈ। ਹਰ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤਹਿਸੀਲਦਾਰ ਵਿਜੈ ਕੁਮਾਰ, ਨਾਇਬ ਤਹਿਸੀਲਦਾਰ ਅਚਨਿ ਕਾਲਤਾ, ਨਗਰਪਾਲਿਕਾ ਸਕੱਤਰ ਦੀਪਕ ਕੁਮਾਰ, ਐਮ.ਈ ਸੁਮੇਰ ਸਿੰਘ, ਕਾਨੂੰਗੋ ਪ੍ਰਿਥਵੀਰਾਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।