ਚਮਕੌਰ ਸਾਹਬਿ ਦੇ ਪਿੰਡਾਂ ’ਚ ਪਾਣੀ ਦਾ ਪੱਧਰ ਘਟਿਆ
ਸੰਜੀਵ ਕੁਮਾਰ ਬੱਬੀ
ਚਮਕੌਰ ਸਾਹਬਿ, 12 ਜੁਲਾਈ
ਚਮਕੌਰ ਸਾਹਬਿ ਇਲਾਕੇ ਵਿੱਚ ਪਿਛਲੇ ਦੋ ਦਨਿਾਂ ਤੋਂ ਮੌਸਮ ਠੀਕ ਰਹਿਣ ਕਾਰਨ ਪਿੰਡਾਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਘਟ ਗਿਆ ਹੈ, ਜਿਸ ਕਾਰਨ ਬੇਟ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਰਹਿੰਦ ਨਹਿਰ ਵਿੱਚ ਪਾਣੀ ਦਾ ਪੱਧਰ ਕਾਫੀ ਘਟ ਗਿਆ ਹੈ ਪਰ ਪਹਾੜਾਂ ਤੋਂ ਹੜ੍ਹ ਕੇ ਆਏ ਭਾਰੀ ਦਰੱਖ਼ਤ ਨਹਿਰ ਦੇ ਪੁਲ ਹੇਠ ਫਸੇ ਹੋਏ ਹਨ। ਪ੍ਰਸ਼ਾਸਨ ਨੇ ਅੱਜ ਜੇਸੀਬੀ ਦੀ ਮਦਦ ਨਾਲ ਦਰੱਖਤਾਂ ਨੂੰ ਕੱਢਣ ਦੀ ਕਾਰਵਾਈ ਆਰੰਭੀ। ਇਸ ਕਾਰਨ ਨਹਿਰ ਦੇ ਪੁਲ ’ਤੇ ਕਈ ਘੰਟੇ ਤੱਕ ਆਵਾਜਾਈ ਵਿੱਚ ਵਿਘਨ ਪਿਆ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋਏ।
ਇਸੇ ਦੌਰਾਨ ਮੀਂਹ ਦੇ ਪਾਣੀ ਕਾਰਨ ਟੁੱਟੇ ਚਮਕੌਰ ਸਾਹਬਿ-ਰੂਪਨਗਰ ਮਾਰਗ ਦੀ ਮੁਰੰਮਤ ਦਾ ਕੰਮ ਜਾਰੀ ਹੈ, ਜਦਕਿ ਚਮਕੌਰ ਸਾਹਬਿ-ਮੋਰਿੰਡਾ ਮਾਰਗ ਨੂੰ ਵੀ ਵਿਭਾਗ ਵੱਲੋਂ ਮਿੱਟੀ ਪੁਆ ਕੇ ਠੀਕ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਇਲਾਕੇ ਨੂੰ ਪਾਣੀ ਦੀ ਮਾਰ ਝੱਲਣੀ ਪਈ ਹੈ।
ਇਲਾਕੇ ਦੀ ਬੇਲਾ ਡਰੇਨ, ਬੁੱਦਕੀ ਨਦੀ ਅਤੇ ਸਿੱਸਵਾਂ ਨਦੀ ਦੀ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਹੋਈ ਹੈ, ਜਿਸ ਕਾਰਨ ਵੱਡੀ ਮਾਤਰਾ ’ਚ ਪਾਣੀ ਪਿੰਡਾਂ ’ਚ ਦਾਖ਼ਲ ਹੋ ਗਿਆ ਅਤੇ ਸੜਕਾਂ ਦੇ ਟੁੱਟਣ ਦਾ ਕਾਰਨ ਬਣਿਆ।