ਮੁੱਕ ਰਹੇ ਨੇ ਪਾਣੀ
ਫਰੈੱਡ ਪੀਅਰਸ
ਜਲ ਤੇ ਜੀਵਨ - 2
ਪੰਜਾਮਾ ਝੀਲ ਦੇ ਪਾਣੀ ਹਾਲੇ ਵੀ ਕਾਫ਼ੀ ਉੱਚੇ ਸਨ ਅਤੇ ਸੈਂਕੜੇ ਪੰਛੀ ਨੀਵੀਆਂ ਉਡਾਰੀਆਂ ਲਾ ਰਹੇ ਸਨ। ਕੁਝ ਸਥਾਨਕ ਲੋਕ ਤੇ ਮੈਂ ਇਕ ਪੱਧਰੇ-ਥੱਲੇ ਵਾਲੀ ਕਿਸ਼ਤੀ ਲੈ ਕੇ ਝੀਲ ਵਿਚ ਠਿੱਲ੍ਹ ਪਏ। ਅਸੀਂ ਕੁਝ ਕੈਟਫਿਸ਼ ਮੱਛੀਆਂ ਫੜੀਆਂ। ਲੌਢੇ ਵੇਲੇ ਦੀ ਮੱਧਮ ਰੌਸ਼ਨੀ ਵਿਚ ਅਸੀਂ ਕੁਝ ਮੁੰਡਿਆਂ ਦੇ ਕੋਲੋਂ ਦੀ ਲੰਘੇ ਜੋ ਮੱਛੀ ਫੜਨ ਵਾਲੇ ਜਾਲ ਨਾਲ ਭਾਰ ਬੰਨ੍ਹਣ ਖ਼ਾਤਰ ਮੁੰਜ ਬਣਾਉਣ ਲਈ ਲੰਬੇ ਘਾਹ ਨੂੰ ਵੱਢ ਰਹੇ ਸਨ। ਝੀਲ ਦੇ ਕੰਢੇ ਦੇ ਐਨ ਨੇੜੇ ਦੋ ਭਰਾ ਲੱਕ-ਲੱਕ ਪਾਣੀ ’ਚ ਤੁਰਦਿਆਂ ਓਸੇ ਘਾਹ ਨੂੰ ਚਾਰਨ ਵਾਸਤੇ ਪਸ਼ੂਆਂ ਨੂੰ ਹੱਕ ਰਹੇ ਸਨ। ਪਸ਼ੂਆਂ ਦੇ ਵੱਗ ਨੂੰ ਮੱਛੀ ਫੜਨ ਵਾਲੇ ਜਾਲ ਵੱਲ ਆਉਂਦਿਆਂ ਦੇਖ, ਮਛੇਰਿਆਂ ਨੇ ਉਨ੍ਹਾਂ ਨੂੰ ਹਾਕ ਮਾਰੀ ਤੇ ਪਸ਼ੂਆਂ ਨੂੰ ਮੋੜਨ ਵਾਸਤੇ ਆਖਿਆ।
ਇਹ ਨਜ਼ਾਰਾ ਓਦੋਂ ਦਾ ਸੀ ਜਦੋਂ ਮੈਂ 1992 ’ਚ ਪਹਿਲੀ ਵਾਰੀ ਉੱਤਰੀ ਨਾਈਜੀਰੀਆ ਦੀ ਹਡੇਜੀਆ-ਉਂਗੁਰੂ ਨਾਂ ਦੀ ਇਸ ਛੰਭ ਵਿਚ ਗਿਆ ਸਾਂ। ਇਹ ਇਕ ਬੜਾ ਅਦਭੁਤ, ਪਤੰਗ ਦੀ ਸ਼ਕਲ ਦਾ ਹਰਿਆਲੀ ਵਾਲਾ ਇਲਾਕਾ ਸੀ ਜਿਹੜਾ ਸਹਾਰਾ ਮਾਰੂਥਲ ਦੇ ਦੱਖਣੀ ਪਾਸੇ ਦੇ ਨਾਲ-ਨਾਲ ਕੋਈ 60 ਮੀਲ ਤੋਂ ਵਧੇਰੇ ਫੈਲਿਆ ਹੋਇਆ ਸੀ। ਰੇਗਿਸਤਾਨ ਦੀ ਫੈਲਵੀਂ ਰੇਤਾ ਲਈ ਇਕ ਕੰਧ (levee) ਵਾਂਗਰਾਂ। ਇੱਥੋਂ ਦੀਆਂ ਝੀਲਾਂ ਮੱਛੀ ਨਾਲ ਭਰਪੂਰ ਸਨ ਅਤੇ ਭਾਰੀ ਮੀਂਹਾਂ ਦੀ ਰੁੱਤੇ ਇਹ ਪਾਣੀ ਜ਼ਮੀਨਾਂ ਵੱਲ ਨੂੰ ਵਗ ਜਾਂਦੇ ਤੇ ਪਸ਼ੂਆਂ ਲਈ ਸਰਸਬਜ਼ ਚਰਾਂਦਾਂ ਬਣਾ ਦਿੰਦੇ। ਇਹ ਪਾਣੀ ਤਕਰੀਬਨ 5 ਲੱਖ ਏਕੜ ਨੂੰ ਵਾਹੀਯੋਗ ਵੀ ਬਣਾ ਦਿੰਦੇ ਸਨ ਕਿਉਂਕਿ ਹੜ੍ਹ ਦੇ ਪਾਣੀਆਂ ਦੇ ਘਟਦਿਆਂ ਹੀ ਕਿਸਾਨ ਓਥੇ ਫ਼ਸਲਾਂ ਬੀਜ ਦਿੰਦੇ। ਕੁੱਲ ਮਿਲਾ ਕੇ ਇਹ ਛੰਭ ਕੋਈ ਦਸ ਲੱਖ ਤੋਂ ਵਧੇਰੇ ਲੋਕਾਂ ਨੂੰ ਪਾਲਦੀ ਅਤੇ ਅਫ਼ਰੀਕਾ ਦੇ ਇਸ ਸਭ ਤੋਂ ਵਧੇਰੇ ਆਬਾਦੀ ਵਾਲੇ ਮੁਲਕ ਨਾਈਜੀਰੀਆ ਦੇ ਸ਼ਹਿਰਾਂ ਲਈ ਮੱਛੀ ਅਤੇ ਸਬਜ਼ੀਆਂ ਮੁਹੱਈਆ ਕਰਵਾਉਂਦੀ।
ਵੇਖਣ ਵਿਚ ਇਹ ਬੜਾ ਵਿਸਮਾਦੀ ਲੱਗਦਾ ਸੀ ਪਰ ਅਸਲ ਵਿਚ ਸਭ ਕੁਝ ਅਜਿਹਾ ਨਹੀਂ ਸੀ। ਜਦ ਅਸੀਂ ਆਪਣੀ ਕਿਸ਼ਤੀ ਝੀਲ ਵਿਚਲੇ ਇਕ ਵੱਡੇ ਟਾਪੂ ’ਤੇ ਰੋਕੀ ਤਾਂ ਫੁਲਾਨੀ ਚਰਵਾਹਿਆਂ ਦੇ ਇਕ ਟੱਬਰ ਨੂੰ ਮਿਲੇ ਜਿਹੜੇ ਰਾਤ ਲਈ ਆਪਣੀ ਠਾਹਰ ਦੀ ਤਿਆਰੀ ਕਰ ਰਹੇ ਸਨ। ਫੁਲਾਨੀ ਕਬੀਲੇ ਦੇ ਹੋਰਨਾਂ ਲੋਕਾਂ ਵਾਂਗ ਉਹ ਵੀ ਖ਼ੁਸ਼ਕ ਰੁੱਤੇ ਇਸ ਛੰਭ ਦੇ ਇਲਾਕੇ ਵਿਚ ਆ ਢੁੱਕਦੇ ਸਨ ਜਿੱਥੇ ਉਨ੍ਹਾਂ ਦੇ ਪਸ਼ੂਆਂ ਨੂੰ ਝੀਲ ਕੰਢੇ ਰੱਜਵਾਂ ਚਾਰਾ ਮਿਲਦਾ ਤੇ ਫ਼ਸਲਾਂ ਦੀ ਕਟਾਈ ਮਗਰੋਂ ਪਰਾਲੀ ਵੀ ਮਿਲ ਜਾਂਦੀ। ਟੱਬਰ ਦੀ ਔਰਤ ਨੇ ਪਸ਼ੂਆਂ ਨੂੰ ਹੱਕ ਕੇ ਇਕ ਆਰਜ਼ੀ ਠਾਹਰ ਵੱਲ ਭੇਜਿਆ ਤੇ ਫਿਰ ਮੱਛਰਾਂ ਨੂੰ ਭਜਾਉਣ ਲਈ ਗੋਹੇ ਦੀਆਂ ਪਾਥੀਆਂ ਅਤੇ ਪਰਾਲੀ ਦਾ ਢੇਰ ਬਣਾ ਅੱਗ ਲਾ ਲਈ। ਉਹਦਾ ਘਰਵਾਲਾ ਚਿੜਚਿੜੇ ਸੁਭਾਅ ਦਾ ਸੀ। ਉਸ ਆਖਿਆ, “ਪਹਿਲੋਂ ਸਾਡੇ ਕਬੀਲੇ ਦੇ ਬਥੇਰੇ ਲੋਕ ਏਥੇ ਆਉਂਦੇ ਸਨ- ਓਦੋਂ ਕਾਫ਼ੀ ਜ਼ਿਆਦਾ ਪਾਣੀ ਸੀ ਅਤੇ ਚਰਾਂਦਾਂ ਵੀ। ਹੁਣ ਤਾਂ ਪਸ਼ੂ ਚਾਰਨ ਲਈ ਬੜੀਆਂ ਘੱਟ ਚਰਾਂਦਾਂ ਰਹਿ ਗਈਆਂ। ਅਸੀਂ ਹਾਲੇ ਵੀ ਆਉਂਦੇ ਹਾਂ ਕਿਉਂਕਿ ਹੋਰ ਕਿਤੇ ਜਾਣ ਲਈ ਥਾਂ ਨਹੀਂ ਪਰ ਸਾਡੀਆਂ ਕਿਸਾਨਾਂ ਨਾਲ ਆਏ ਵਾਰੀ ਝੜਪਾਂ ਹੁੰਦੀਆਂ ਨੇ।’’ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਫੁਲਾਨੀ ਚਰਵਾਹਿਆਂ ਅਤੇ ਇੱਥੇ ਵਸਦੇ ਕਿਸਾਨਾਂ ਵਿਚਾਲੇ ਕਈ ਗਹਿਗੱਚ ਲੜਾਈਆਂ ਹੋਈਆਂ। ਜਦੋਂ ਤੱਕ ਝੜਪਾਂ ਮੁੱਕੀਆਂ, ਦਸ ਲੋਕ ਮਾਰੇ ਜਾ ਚੁੱਕੇ ਸਨ ਤੇ ਲਾਸ਼ਾਂ ਪਾਣੀ ’ਚ ਤਰਦੀਆਂ ਦਿਸਦੀਆਂ ਸਨ। ਹਰ ਸਾਲ ਕਈ ਕਤਲ ਹੁੰਦੇ ਨੇ।
ਅੱਗੇ ਚੱਲ ਕੇ ਮੈਂ ਗੋਰਗੋਰਾਮ ਪਹੁੰਚਿਆ ਜਿਹੜਾ ਕਦੇ ਇਕ ਵੱਡਾ ਕਸਬਾ ਹੁੰਦਾ ਸੀ। ਇੱਥੇ ਉਨ੍ਹਾਂ ਦਾ ਸਾਲਾਨਾ ਮੱਛੀਆਂ ਫੜਨ ਦਾ ਉਤਸਵ ਹੋ ਰਿਹਾ ਸੀ। ਹੜ੍ਹ ਆਏ ਪਾਣੀਆਂ ਵਿਚੋਂ ਵੱਡੀ ਤਾਦਾਦ ਵਿਚ ਮੱਛੀ ਫੜਨ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਸੈਂਕੜੇ ਮੀਲਾਂ ਤੋਂ ਨੌਜਵਾਨਾਂ ਦੀਆਂ ਟੀਮਾਂ ਆਈਆਂ ਹੋਈਆਂ ਸਨ। ਉੱਤਰੀ ਨਾਈਜੀਰੀਆ ਤੋਂ ਮੋਹਤਬਰ ਲੋਕ ਵੀ ਪਹੁੰਚੇ ਸਨ, ਟੀਮਾਂ ਨੂੰ ਇਨਾਮ ਤਕਸੀਮ ਕਰਨ ਤੇ ਆਉਣ ਵਾਲੀਆਂ ਚੋਣਾਂ ਖ਼ਾਤਰ ਵੋਟਾਂ ਮੰਗਣ ਲਈ। ਪਰ ਉਸ ਸਾਲ (1992) ਤੱਕ ਇਹ ਉਤਸਵ ਮੱਠਾ ਪੈ ਰਿਹਾ ਸੀ ਕਿਉਂ ਜੋ ਹੜ੍ਹ ਓਨੇ ਤੀਬਰ ਨਹੀਂ ਸਨ ਰਹੇ ਅਤੇ ਮੱਛੀ ਬੜੀ ਘੱਟ ਸੀ। ਮੈਂ ਉਨ੍ਹਾਂ ਟੀਮਾਂ ਨੂੰ ਫ਼ਜ਼ੂਲ ਦੀਆਂ ਕੋਸ਼ਿਸ਼ਾਂ ਕਰਦਿਆਂ ਤੇ ਮਾਮੂਲੀ ਜਿਹੀ ਗਿਣਤੀ ਦੀਆਂ ਮੱਛੀਆਂ ਫੜਦਿਆਂ ਵੇਖਿਆ ਜਿਹਦੇ ਨਾਲ ਮੁਕਾਬਲੇ ਦੀ ਸੂਈ ਮਾਸਾ ਵੀ ਨਹੀਂ ਸੀ ਹਿਲਦੀ। ਗੋਰਗੋਰਾਮ ਖ਼ਾਲੀ ਹੋ ਰਿਹਾ ਸੀ। ਸਭ ਪਾਸੇ, ਦੂਰ-ਦੂਰ ਤੱਕ ਡਿੱਗੇ ਹੋਏ ਤੇ ਸੁੱਕੇ ਦਰੱਖ਼ਤ ਦਿਸਦੇ ਸਨ ਜੋ ਪਾਣੀ ਦੇ ਘਟ ਰਹੇ ਪੱਧਰ ਦੀ ਭੇਟ ਚੜ੍ਹ ਗਏ ਸਨ। ਗੋਰਗੋਰਾਮ ਤੋਂ ਉਂਗੁਰੂ ਕਸਬੇ ਨੂੰ ਜਾਂਦੀ ਸੜਕ ’ਤੇ ਅਸੀਂ ਮੀਲਾਂ ਤੱਕ ਖ਼ੁਸ਼ਕ ਬੰਜਰ ਜ਼ਮੀਨ ‘ਚੋਂ ਲੰਘੇ, ਜਦ ਅਚਾਨਕ ਇਕ ’ਕੱਲੇ ਕਹਿਰੇ ਰੁੱਖ ਦੇ ਪਿੱਛਿਓਂ ਇਕ ਆਦਮੀ ਸੜਕ ’ਤੇ ਆਣ ਨਿਕਲਿਆ। ਕਿਸੇ ਉੱਜੜੇ ਹੋਏ ਹੁਲੀਏ ਵਿਚ ਉਹ ਜਵਾਂ ਭੂਤ ਵਰਗਾ ਲੱਗ ਰਿਹਾ ਸੀ। ਉਸ ਨੇ ਸਾਡੀ ਕਾਰ ਵੱਲ ਵਧਦਿਆਂ ਚੀਕ ਕੇ ਬੱਸ ਏਨਾ ਹੀ ਕਿਹਾ, “ਆਹ ਹਾਲਤ ਹੋਈ ਪਈ ਐ ਬੰਦਿਆਂ ਦੀ ਇਸ ਉਜਾੜ ਵਿਚ।’’
ਅਗਲੀ ਸਵੇਰ, ਛੰਭ ਦੇ ਸਭ ਤੋਂ ਪੂਰਬਲੇ ਕਸਬੇ ਗਜੁਆ ਵਿਚ, ਬਾਜ਼ਾਰ ਵਿਚ ਮੱਛੀ ਥੁੜ੍ਹ ਰਹੀ ਸੀ। ਵਪਾਰੀਆਂ ਨੇ ਦੱਸਿਆ ਕਿ ਐਤਕੀਂ ਮੱਛੀ ਘੱਟ ਮਿਲੀ ਹੈ ਪਰ ਇਕ ਚੀਜ਼ ਜਿਹੜੀ ਦੁਕਾਨਾਂ ’ਤੇ ਬਹੁਤਾਤ ਵਿਚ ਦਿਸੀ, ਉਹ ਸੀ ਰੇਗਿਸਤਾਨ ਦੀ ਉਤਲੀ ਤਹਿ ਤੋਂ ਖੁਰਚ ਕੇ ਲਿਆਂਦੇ ਪੋਟਾਸ਼ ਨਾਲ ਭਰੀਆਂ ਬੋਰੀਆਂ। ਇਹੀ ਇਕੋ ਇਕ ਸਥਾਨਕ ਵਸਤ ਸੀ ਜਿਸ ਦੀ ਸਪਲਾਈ ਵਿਚ ਕਮੀ ਨਹੀਂ ਸੀ ਆਈ।
ਮਗਰੋਂ ਅਸੀਂ ਊਠਾਂ ਦਾ ਕਾਫ਼ਲਾ ਵੀ ਵੇਖਿਆ- ਜਿਹੜਾ ਮਾਰੂਥਲ ਤੋਂ ਪੋਟਾਸ਼ ਦੀਆਂ ਬੋਰੀਆਂ ਲੱਦ ਕੇ ਬਾਜ਼ਾਰ ਵੱਲ ਨੂੰ ਲਿਜਾ ਰਿਹਾ ਸੀ। ਉਹ ਊਠ ਹੁਣੇ ਹੁਣੇ ਸੁੱਕੇ ਦਰਿਆ ਦੇ ਤਲ ’ਚੋਂ ਲੰਘ ਕੇ ਆਏ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਤਕਰੀਬਨ ਦੋ ਦਹਾਕੇ ਪਹਿਲਾਂ ਜਦੋਂ ਦਾ ਦਰਿਆ ਦੇ ਉਪਰ ਵਾਲੇ ਪਾਸੇ ਟੀਗਾ ਨਾਂ ਦਾ ਇਕ ਵੱਡਾ ਡੈਮ ਬਣਿਆ ਹੈ, ਇਸ ਇਲਾਕੇ ਵਿਚ ਇੰਜ ਦੇ ਹੀ ਹਾਲਾਤ ਹਨ। ਕਾਫ਼ਲੇ ਦੇ ਊਠ ਜਵਾਂ ਉਸ ਥਾਂ ਤੋਂ ਲੰਘ ਰਹੇ ਸਨ ਜਿੱਥੇ ਕਦੇ ਮਛੇਰੇ ਆਪਣੇ ਜਾਲ ਵਿਛਾਇਆ ਕਰਦੇ ਸਨ। ਕਾਫ਼ਲੇ ਦੇ ਅੱਗੇ ਅੱਗੇ, ਹੱਥ ਵਿਚ ਤਲਵਾਰ ਫੜੀ ਤੇ ਚਿੱਟਾ ਚੋਲਾ ਪਾਈ ਇਕ ਖੁੱਲ੍ਹੀ ਦਾਹੜੀ ਵਾਲਾ ਆਦਮੀ ਚੱਲ ਰਿਹਾ ਸੀ। ਜਦ ਅਸੀਂ ਕੋਲੋਂ ਦੀ ਲੰਘੇ ਤਾਂ ਉਹਨੇ ਤਿੱਖੀਆਂ ਨਜ਼ਰਾਂ ਨਾਲ ਸਾਡੇ ਵੱਲ ਵੇਖਿਆ। ਮੈਨੂੰ ਉਹ ਝਾਕਣੀ ਹੁਣ ਤੱਕ ਯਾਦ ਹੈ। ਮੈਨੂੰ ਉਸ ਦੀ ਝਾਕਣੀ ਅਤੇ ਉਸ ਦਾ ਵਜੂਦ ਆਉਣ ਵਾਲੇ ਬੁਰੇ ਵਕਤਾਂ ਦੇ ਬਦਸ਼ਗਨ ਵਰਗਾ ਲੱਗਿਆ। ਏਦਾਂ ਲੱਗਿਆ ਕਿ ਮਾਰੂਥਲ ਕਾਫ਼ਲਾ ਬੰਨ੍ਹ ਤੁਰਿਆ ਹੈ, ਤੇ ਨਾਲ-ਨਾਲ ਇਸ ਦੇ ਲੋਕ ਵੀ।
ਉਸ ਦਿਨ ਮੇਰੀ ਮੰਜ਼ਿਲ ਸੀ- ਮਾਇਡੂਗੁਰੀ, ਛੰਭ ਦੀ ਇਕ ਮੰਡੀ ਜਿੱਥੇ ਚਾਡ ਝੀਲ ਦੇ ਸਾਰੇ ਇਲਾਕੇ ਦੀ ਸਬਜ਼ੀ ਵਿਕਦੀ ਸੀ। ਕਦੇ ਵੇਲਾ ਸੀ ਜਦੋਂ ਇਹ ਸ਼ਹਿਰ ਝੀਲ ਦੇ ਕੰਢੇ ਪੈਂਦਾ ਸੀ ਪਰ ਹੁਣ ਤਾਂ ਝੀਲ ਕਦੋਂ ਦੀ ਸਿਮਟ ਕੇ ਦੂਰ ਜਾ ਚੁੱਕੀ ਹੈ। ਮੈਨੂੰ ਪਤਾ ਲੱਗਿਆ ਕਿ ਸ਼ਹਿਰ ਨੇ ਲੋੜਾਂ ਦੀ ਪੂਰਤੀ ਲਈ ਜ਼ਮੀਨ ਹੇਠੋਂ ਪਾਣੀ ਖਿੱਚਣਾ ਸ਼ੁਰੂ ਕਰ ਦਿੱਤਾ ਸੀ ਅਤੇ ਜ਼ਮੀਨਦੋਜ਼ ਪਾਣੀ ਦੇ ਦੋ ਸਰੋਤਾਂ ਨੂੰ ਪਹਿਲੋਂ ਹੀ ਮੁਕਾ ਕੇ ਹੁਣ ਤੀਸਰੇ ’ਚੋਂ ਪਾਣੀ ਕੱਢਿਆ ਜਾ ਰਿਹਾ ਸੀ। ਮੈਨੂੰ ਉੱਥੇ ਮਾਰੂਥਲ ਰੋਕੂ ਪ੍ਰਾਜੈਕਟ ’ਤੇ ਕੰਮ ਕਰਦੇ ਯੂਰਪੀ ਯੂਨੀਅਨ ਦੇ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਝੀਲ ਦਾ ਪਾਣੀ ਦੁਬਾਰਾ ਵਧ ਕੇ ਸ਼ਹਿਰ ਤੱਕ ਨਾ ਆਇਆ ਤਾਂ ਇਹ ਤੀਜਾ ਜ਼ਮੀਨਦੋਜ਼ ਪਾਣੀ ਦਾ ਸੋਮਾ ਵੀ ਖ਼ਾਲੀ ਹੋ ਜਾਏਗਾ ਤੇ ਮੁੜ ਕਦੇ ਨਹੀਂ ਭਰ ਸਕੇਗਾ। ਇਹ ਸ਼ਹਿਰ ਵੀ ਉੱਜੜਨ ਦੇ ਕੰਢੇ ਹੈ।
ਮੇਰੀ ਉਸ ਫੇਰੀ ਤੋਂ ਕੋਈ 25 ਵਰ੍ਹੇ ਮਗਰੋਂ ਵੀ ਮਾਇਡੂਗੁਰੀ ਹਾਲੇ ਉੱਜੜਿਆ ਤਾਂ ਨਹੀਂ ਸੀ ਪਰ ਉਹ ਖ਼ੁਸ਼ਕ ਇਲਾਕਾ ਜਿੱਥੇ ਮੈਂ ਕਦੇ ਲੋਕਾਂ ਦੀਆਂ ਤਿਰਹਾਈਆਂ ਅੱਖਾਂ ਵਿਚ ਗੁੱਸਾ ਝਲਕਦਾ ਵੇਖਿਆ ਸੀ, ਇਸ ਵਕਤ ਕੱਟੜ ਇਸਲਾਮੀ ਗਰੁੱਪ ਬੋਕੋ ਹਰਮ ਦਾ ਗੜ੍ਹ ਹੈ। ਆਤਮਘਾਤੀ ਦਹਿਸ਼ਤਗਰਦਾਂ, ਸਕੂਲੀ ਬੱਚਿਆਂ ਨੂੰ ਅਗਵਾ ਕਰਨ ਅਤੇ ਖੇਤਾਂ ਅੰਦਰ ਆਮ ਕਿਸਾਨਾਂ ਨੂੰ ਮਾਰ ਦੇਣ ਵਾਲੇ ਅਤਿਵਾਦੀਆਂ ਦੀ ਠਾਹਰ ਬਣਨ ਕਰਕੇ ਇਹ ਸ਼ਹਿਰ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਅਕਸਰ ਚਰਚਾ ਵਿਚ ਰਹਿੰਦੇ ਨੇ। ਪੱਤਰਕਾਰ ਹੁਣ ਉਨ੍ਹਾਂ ਇਲਾਕਿਆਂ ਵਿਚ ਸੁਰੱਖਿਆ ਗਾਰਡ ਲੈ ਕੇ ਹੀ ਜਾਂਦੇ ਨੇ।
ਹਡੇਜੀਆ-ਉਂਗੁਰੂ ਛੰਭ ਕਿਸੇ ਜ਼ਮਾਨੇ ਵਿਚ ਕੁਦਰਤੀ ਨਾਲਿਆਂ ਅਤੇ ਝੀਲਾਂ ਦਾ ਇਕ ਜਟਿਲ ਸਿਸਟਮ ਸੀ ਜਿੱਥੇ ਪੱਛਮ ਤੋਂ ਆਉਂਦੇ ਹਡੇਜੀਆ ਦਰਿਆ ਅਤੇ ਦੱਖਣ ਵੱਲੋਂ ਵਹਿੰਦੇ ਜਮਾਅਰੇ ਦਰਿਆਵਾਂ ਦੇ ਪਾਣੀ ਆਪਸ ਵਿਚ ਮਿਲਦੇ ਸਨ। ਜਦੋਂ ਤੋਂ ਨਾਈਜੀਰੀਆ ਦੀ ਸਰਕਾਰ ਨੇ ਹਡੇਜੀਆ ਦਰਿਆ ਦੀਆਂ ਦੋ ਭੁਜਾਵਾਂ ਉੱਤੇ ਦੋ ਡੈਮ ਬਣਾਏ ਨੇ, ਇਸ ਦਰਿਆ ਦੇ ਸਾਲਾਨਾ ਵਹਾਅ ਦਾ 80 ਫ਼ੀਸਦੀ ਪਾਣੀ ਰੋਕ ਲਿਆ ਗਿਆ ਹੈ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਡੈਮਾਂ ਦੇ ਬਣਨ ਨਾਲ ਇਹ ਖੇਤਰ ਹਰਿਆ-ਭਰਿਆ ਅਤੇ ਖ਼ੁਸ਼ਹਾਲ ਹੋ ਜਾਵੇਗਾ। ਸਾਲ 1974 ਵਿਚ ਮੁਕੰਮਲ ਹੋਇਆ ਟੀਗਾ ਡੈਮ ਨਾਈਜੀਰੀਆ ਦੇ ਸਭ ਤੋਂ ਵੱਡੇ ਸ਼ਹਿਰ ਕਾਨੋ ਦੇ ਦੱਖਣ ਵੱਲ ਪੈਂਦੇ ਖੇਤਰ ਨੂੰ ਸਿੰਜਾਈ ਜਲ ਮੁਹੱਈਆ ਕਰਦਾ ਹੈ। ਫੇਰ, ਮੇਰੀ ਫੇਰੀ ਤੋਂ ਥੋੜ੍ਹਾ ਅਰਸਾ ਮਗਰੋਂ ਹੀ ਚਲਾਵਾ-ਖੱਡ ਡੈਮ ਨੇ ਵੀ ਪਾਣੀ ਰੋਕਣਾ ਸ਼ੁਰੂ ਕਰ ਦਿੱਤਾ ਜੋ ਫ਼ਰਾਂਸ ਦੁਆਰਾ ਬਣਾਏ 30 ਹਜ਼ਾਰ ਏਕੜ ਦੇ ਹਡੇਜੀਆ ਘਾਟੀ ਸਿੰਜਾਈ ਪ੍ਰਾਜੈਕਟ ਨੂੰ ਪਾਣੀ ਦੇਣ ਲੱਗਿਆ।
ਇਨ੍ਹਾਂ ਦੋਹਾਂ ਡੈਮਾਂ ਨੇ ਸਿੰਜਾਈ ਪ੍ਰਾਜੈਕਟ ਰਾਹੀਂ ਓਨੇ ਮੁੱਲ ਦੀਆਂ ਫ਼ਸਲਾਂ ਨਹੀਂ ਉਗਾਈਆਂ ਜਿਸ ਤੋਂ ਕਿਤੇ ਜ਼ਿਆਦਾ ਮੁੱਲ ਦੀ (ਆਰਥਿਕ ਅਤੇ ਵਾਤਾਵਰਣ ਦੋਹਾਂ ਪੱਖਾਂ ਤੋਂ) ਬੇਸ਼ਕੀਮਤੀ ਕੁਦਰਤੀ ਛੰਭ ਨੂੰ ਤਹਿਸ-ਨਹਿਸ ਕਰ ਦਿੱਤਾ। ਅੱਜ ਉਸ ਕੁਦਰਤੀ ਛੰਭ ਦਾ 80 ਫ਼ੀਸਦੀ ਹਿੱਸਾ ਖ਼ਤਮ ਹੋ ਚੁੱਕਾ ਹੈ। ਪੰਜਾਮਾ ਵਰਗੀਆਂ ਝੀਲਾਂ, ਜਿੱਥੇ ਮੈਂ ਕੈਟਫਿਸ਼ ਮੱਛੀਆਂ ਫੜੀਆਂ ਸਨ, ਹੁਣ ਖ਼ਤਮ ਹੋ ਚੁੱਕੀਆਂ ਨੇ। ਅਤੇ ਕਿਉਂਜੋ ਹੁਣ ਇਨ੍ਹਾਂ ਛੰਭਾਂ ਵਿਚੋਂ ਕੁਦਰਤੀ ਪਾਣੀ ਜੀਰ ਕੇ ਧਰਤੀ ਹੇਠਾਂ ਨਹੀਂ ਜਾਂਦਾ, ਸੋ ਧਰਤੀ ਹੇਠਲੇ ਪਾਣੀ ਦਾ ਪੱਧਰ 80 ਫੁੱਟ ਹੋਰ ਘਟ ਚੁੱਕਾ ਹੈ ਜਿਸ ਨਾਲ ਹੋਰ ਵਧੇਰੇ ਸੋਕੇ ਦੇ ਹਾਲਾਤ ਪੈਦਾ ਹੋਣਗੇ। ਉੱਧਰ ਜਮਾਅਰੇ ਦਰਿਆ ਉੱਪਰ ਕਾਫਿਨ ਜ਼ਕੀ ਡੈਮ ਅਧ-ਉਸਰਿਆ ਪਿਆ ਹੈ। ਇਸ ਦੇ ਮੁਕੰਮਲ ਹੋਣ ਨਾਲ ਹੌਲੀ-ਹੌਲੀ ਬਾਕੀ ਬਚੀ ਛੰਭ ਨੇ ਵੀ ਸੁੱਕ ਜਾਣਾ ਹੈ। ਇਸ ਡੈਮ ਲਈ ਪੈਸਾ ਤਾਂ ਕਦੋਂ ਦਾ ਮੁੱਕ ਚੁੱਕਾ ਹੈ, ਪਰ ਸਥਾਨਕ ਨੇਤਾ ਹਾਲੇ ਵੀ ਇਸ ਨੂੰ ਮੁਕੰਮਲ ਕਰਨ ਲਈ ਬਜ਼ਿੱਦ ਹਨ।
ਜਿਹੜੇ ਲੋਕੀਂ ਕੁਦਰਤੀ-ਜੰਗਲੀ ਸਰੋਤਾਂ ਉੱਤੇ ਜਾਂ ਬੇਕਾਬੂ ਦਰਿਆਵਾਂ ਦੀ ਅਨਿਸ਼ਚਿਤਾ ਉੱਤੇ ਨਿਰਭਰ ਹੋ ਕੇ ਆਪਣੀ ਜ਼ਿੰਦਗੀ ਜਿਉਂਦੇ ਨੇ, ਅਸੀਂ ਸੌਖਿਆਂ ਹੀ ਉਨ੍ਹਾਂ ਨੂੰ ਪਛੜੇ ਹੋਏ ਜਾਂ ਤਰੱਕੀ ਤੋਂ ਵਾਂਝੇ ਰਹਿ ਗਏ ਆਖ ਦਿੰਦੇ ਹਾਂ। ਪਰ ਅਕਸਰ, ਸੱਚ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਸਗੋਂ ਸਭ ਤੋਂ ਵੱਧ ਪਤਾ ਹੁੰਦਾ ਹੈ ਕਿ ਕੁਦਰਤੀ ਸਰੋਤਾਂ ਦੀ ਵਧੇਰੀ ਅਤੇ ਸੁਚੱਜੀ ਵਰਤੋਂ ਕਿਵੇਂ ਕਰਨੀ ਹੈ। ਇੰਜੀਨੀਅਰਿੰਗ ਦੀਆਂ ਡਿਗਰੀਆਂ ਵਾਲੇ ਅਖੌਤੀ ਗਿਆਨਵਾਨ ਸ਼ਹਿਰੀਆਂ ਨੂੰ ਕੱਖ ਦਾ ਪਤਾ ਨਹੀਂ ਹੁੰਦਾ। ਹਡੇਜੀਆ-ਉਂਗੁਰੂ ਛੰਭ ਦੀ ਹੋਣੀ ਇਸ ਸਾਰੇ ਵਰਤਾਰੇ ਨੂੰ ਖ਼ੂਬ ਬਿਆਨ ਕਰਦੀ ਹੈ। ਅਰਥ-ਸ਼ਾਸਤਰੀਆਂ ਨੇ ਸਿੱਟਾ ਕੱਢ ਲਿਆ ਹੈ ਕਿ ਕਿਸੇ ਵੀ ਖੇਤਰ ਵਿਚ ਦਰਿਆ ਦੇ ਵਹਾਅ ਦੇ ਉੱਪਰ ਵਾਰ ਡੈਮ ਬਣਾ ਦਿੱਤਾ ਜਾਣਾ ਪੈਸੇ ਦੀ ਬਰਬਾਦੀ ਹੈ। ਇਸ ਤਰ੍ਹਾਂ ਨਹਿਰਾਂ ਕੱਢ ਕੇ ਸਿੰਜਾਈ ਕਰਨ ਨਾਲ ਪੈਦਾ ਕੀਤੀਆਂ ਫ਼ਸਲਾਂ ਦੀ ਕੀਮਤ ਉਨ੍ਹਾਂ ਚਿਰ-ਸਥਾਈ ਲਾਭਾਂ ਦੇ ਮੁਕਾਬਲੇ ਨਿਗੂਣੀ ਹੁੰਦੀ ਹੈ ਜਿਹੜੇ ਕੁਦਰਤੀ ਛੰਭ ਦੀ ਹੋਂਦ ਵਿਚ ਕਿਰਸਾਨੀ, ਮੱਛੀ-ਵਪਾਰ, ਲੱਕੜ ਉਤਪਾਦਨ, ਪਸ਼ੂ-ਪਾਲਣ, ਸ਼ਹਿਦ ਬਣਾਉਣ, ਪਰਾਲੀ ਅਤੇ ਇੱਟਾਂ ਬਣਾਉਣ ਦੇ ਧੰਦਿਆਂ ਰਾਹੀਂ ਹੋਣੀ ਹੁੰਦੀ ਹੈ।
ਕੋਲੋਰਾਡੋ ਸਟੇਟ ਯੂਨੀਵਰਸਿਟੀ ਵਿਖੇ ਅਰਥ-ਸ਼ਾਸਤਰ ਦੇ ਪ੍ਰੋਫੈਸਰ ਐਡਵਰਡ ਬਾਰਬੀਅਰ ਨੇ ਹਡੇਜੀਆ-ਉਂਗੁਰੂ ਡੈਮ ਦਾ ਆਰਥਿਕ ਵਿਸ਼ਲੇਸ਼ਣ ਕਰਕੇ ਉਸ ਡੈਮ ਤੋਂ ਹੋਣ ਵਾਲੇ ਆਰਥਿਕ ਲਾਭਾਂ ਅਤੇ ਹਾਨੀਆਂ ਦਾ ਲੇਖਾ-ਜੋਖਾ ਕੀਤਾ ਹੈ। ਉਸ ਮੁਤਾਬਿਕ ਫ਼ਾਇਦੇ ਅਤੇ ਨੁਕਸਾਨ ਦੋਹੇਂ ਹਨ ਪਰ ਨੁਕਸਾਨ ਵਧੇਰੇ। ਸਿੰਜਾਈ ਨਾਲ ਹੋਣ ਵਾਲੇ ਫ਼ਾਇਦੇ, ਕੁਦਰਤੀ ਹੜ੍ਹ-ਪ੍ਰਣਾਲੀ ਵਾਲੀ ਛੰਭ ਖ਼ਤਮ ਹੋਣ ਨਾਲ ਹੋਣ ਵਾਲੇ ਨੁਕਸਾਨ ਦਾ ਸਿਰਫ਼ 17 ਫ਼ੀਸਦੀ ਹਨ– ਭਾਵ ਇਕ ਏਕੜ ਮਗਰ ਕੋਈ 68 ਡਾਲਰ ਦਾ ਨੁਕਸਾਨ ਤੇ 12 ਡਾਲਰ ਦਾ ਫ਼ਾਇਦਾ। ਉਸ ਦਾ ਮੰਨਣਾ ਹੈ ਕਿ ਅਧ-ਉਸਰੇ ਪਏ ਡੈਮਾਂ ਨੂੰ ਵਿੱਚੇ ਛੱਡ ਦੇਣਾ ਚਾਹੀਦਾ ਹੈ। ਮੁਕੰਮਲ ਹੋਏ, ਸਾਬਤ ਡੈਮਾਂ ਦੀ ਇਕੋ-ਇਕ ਸਿਆਣਪ ਵਾਲੀ ਵਰਤੋਂ ਹੋ ਸਕਦੀ ਹੈ। ਉਹ ਹੈ ਕਿ ਡੈਮਾਂ ਰਾਹੀਂ ਕੁਦਰਤੀ ਹੜ੍ਹਾਂ ਵਰਗੀਆਂ ਸਥਿਤੀਆਂ ਮੁੜ ਬਣਾਈਆਂ ਜਾਣ। ਪਰ ਅਫ਼ਸੋਸ ਕਿ ਨਾਈਜੀਰੀਆ ਦੇ ਪ੍ਰਤੀਨਿਧ ਹਾਲੇ ਇਸ ਸਲਾਹ ’ਤੇ ਕੰਮ ਕਰਨ ਨੂੰ ਤਿਆਰ ਨਹੀਂ।
* * *
ਕਿਸੇ ਕੁਦਰਤੀ ਛੰਭ ਦੀ ਮੌਤ ਇਕ ਖ਼ੌਫ਼ਨਾਕ ਵਰਤਾਰਾ ਹੈ- ਖ਼ਾਸਕਰ ਐਸੀ ਛੰਭ ਦੀ ਜੋ ਰੇਗਿਸਤਾਨ ਵਿਚ ਹੋਵੇ। ਜਦੋਂ ਐਸਾ ਹੁੰਦੈ ਤਾਂ ਝੀਲਾਂ ਸੁੰਗੜ ਜਾਂਦੀਆਂ ਨੇ, ਕੜਕਦੀ ਗਰਮੀ ’ਚ ਫ਼ਸਲਾਂ ਸੁੱਕ-ਸੜ ਜਾਂਦੀਆਂ, ਮੱਛੀਆਂ ਵਾਲੇ ਜਾਲ ਖ਼ਾਲੀ ਹੋ ਜਾਂਦੇ, ਰੁੱਖ ਸੁੱਕ ਕੇ ਡਿੱਗ ਪੈਂਦੇ ਨੇ ਤੇ ਆਜੜੀ ਲੋਕ ਕੌਡੀਆਂ ਬਦਲੇ ਆਪਣੇ ਜਾਨਵਰ ਝਟਕਾਉਣ ਲਈ ਤਿਆਰ ਹੋ ਜਾਂਦੇ ਨੇ। ਸਥਾਨਕ ਲੋਕ ਉੱਜੜ ਕੇ ਬਾਹਰ ਚਲੇ ਜਾਂਦੇ ਨੇ ਅਤੇ ਬੁਰੇ ਅਨਸਰ ਉੱਥੇ ਟਹਿਲਣ ਲੱਗਦੇ ਨੇ। ਇਹ ਆਮ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਮੀਂਹ ਪੈਣੇ ਘਟ ਜਾਣ| ਪਰ ਇਹ ਮੰਜ਼ਰ ਕਿੰਨਾ ਭਿਆਨਕ ਹੈ ਜਦੋਂ ਮਨੁੱਖ ਦੇ ਆਪਣੇ ਕਾਰਿਆਂ ਕਰਕੇ ਸੋਕਾ ਪਵੇ- ਜਦੋਂ ਛੰਭ ਪਾਣੀ ਖੁਣੋਂ ਇਸ ਕਰਕੇ ਮਰ ਜਾਵੇ ਕਿ ਜਿਨ੍ਹਾਂ ਦਰਿਆਵਾਂ ਨੇ ਉਸ ਨੂੰ ਭਰਨਾ ਸੀ ਉਨ੍ਹਾਂ ਨੂੰ ਲੋਕਾਂ ਨੇ ਕਿਧਰੇ ਹੋਰ ਮੋੜ ਲਿਆ ਜਾਂ ਫਿਰ ਜਦੋਂ ਇਕ ਖਿੱਤੇ ਦੇ ਲੋਕ ਦੂਜੇ ਖਿੱਤੇ ਦੇ ਲੋਕਾਂ ਉੱਤੇ ਚੌਧਰ ਜਤਾਉਣ ਲਈ ਉਨ੍ਹਾਂ ਦੇ ਹਿੱਸੇ ਦਾ ਪਾਣੀ ਬਿਨਾਂ ਲੋੜ ਤੋਂ ਹੀ ਮੋੜ ਲੈਣ, ਅਤੇ ਜਦੋਂ ਹੰਢੇ ਹੋਏ ਅਰਥ-ਸ਼ਾਸਤਰੀ ਵੀ ਇਹ ਆਖਣ ਕਿ ਜੋ ਵੀ ਹੋ ਰਿਹਾ ਹੈ ਨਿਰਾ ਪਾਗਲਪਣ ਹੈ। ਇਹ ਕੁਝ ਅਫ਼ਰੀਕਾ ਦੇ ਸਾਰੇ ਸਾਹੇਲ ਖੇਤਰ ਵਿਚ ਹੀ ਹੋ ਰਿਹਾ ਹੈ- ਜਿਸ ਦੇ ਉੱਤਰ ਵਿਚ ਸਹਾਰਾ ਰੇਗਿਸਤਾਨ ਅਤੇ ਦੱਖਣ ਵਿਚ ਵਾਹੀਯੋਗ ਜ਼ਮੀਨ ਹੈ। ਮੌਸਮੀ ਝੀਲਾਂ ਅਤੇ ਕੁਦਰਤੀ ਛੰਭਾਂ ਇਸ ਸਾਹੇਲ ਖੇਤਰ ਦੀ ਜਿੰਦ-ਜਾਨ ਹਨ। ਪਰ ਇਹ ਜਿੰਦ-ਜਾਨ ਹੁਣ ਖ਼ਤਮ ਹੋ ਚੱਲੀ ਹੈ; ਤੇ ਚਾਡ ਝੀਲ ਦੇ ਆਲੇ-ਦੁਆਲੇ ਸਭ ਤੋਂ ਵੱਧ ਬਰਬਾਦੀ ਨਜ਼ਰ ਆਉਂਦੀ ਹੈ।
ਚਾਡ ਝੀਲ ਇਕ ਤਰ੍ਹਾਂ ਦਾ ਪੇਤਲਾ ਛੋਟਾ ਸਾਗਰ ਹੈ ਜਿਸ ਵਿਚ ਆਲੇ-ਦੁਆਲਿਓਂ ਕਈ ਵੱਡੇ ਦਰਿਆ ਆ ਕੇ ਡਿੱਗਦੇ ਨੇ। ਇਸ ਝੀਲ ਵਿਚ ਡਿੱਗਦੇ ਦਰਿਆਵਾਂ ਦੀ ਮਾਰ ਅਲਜੀਰੀਆ ਤੋਂ ਸੂਡਾਨ ਤੱਕ ਦੇ ਦੇਸ਼ਾਂ ਵਿਚ ਫੈਲੀ ਹੋਈ ਹੈ। ਉਨ੍ਹਾਂ ਦਰਿਆਵਾਂ ਵਿਚਲੇ ਪਾਣੀ ਦੇ ਘਟਣ-ਵਧਣ ਦਾ ਸਿੱਧਾ ਅਸਰ ਹਮੇਸ਼ਾ ਇਸ ਝੀਲ ਦੇ ਪਾਣੀ ਦੇ ਪੱਧਰ ’ਤੇ ਪੈਂਦਾ ਹੈ। ਇੱਥੇ ਪਾਣੀ 13 ਫੁੱਟ ਤੋਂ ਡੂੰਘਾ ਕਦੇ ਹੀ ਗਿਆ ਹੋਊ, ਕਿਉਂਜੋ ਇਕ ਸਾਲ ਵਿਚ ਤਕਰੀਬਨ 6 ਫੁੱਟ ਪਾਣੀ ਤਾਂ ਵਾਸ਼ਪੀਕਰਨ ਨਾਲ ਉੱਡ ਜਾਂਦਾ ਹੈ। ਸੋ ਇਸ ਝੀਲ ਵਿਚ ਲਗਾਤਾਰ ਪਾਣੀ ਆਉਂਦਾ ਰਹਿਣਾ ਚਾਹੀਦਾ ਹੈ, ਨਹੀਂ ਤਾਂ ਇਹ ਖ਼ਤਮ ਹੈ।
ਭਲੇ ਵੇਲਿਆਂ ਵਿਚ, ਚਾਡ ਝੀਲ ਦਸ ਹਜ਼ਾਰ ਵਰਗ ਮੀਲ ਤੱਕ ਫੈਲੀ ਹੋਈ ਸੀ, ਪਰ ਆਏ ਦਿਨ ਘਟਦੇ ਪੱਧਰ ਕਾਰਨ 1970ਵਿਆਂ ਤੋਂ ਲੈ ਕੇ ਹੁਣ ਤੱਕ ਇਸ ਦਾ 90 ਫ਼ੀਸਦੀ ਰਕਬਾ ਘਟ ਗਿਆ ਹੈ। ਕਦੇ ਇਸ ਝੀਲ ਨਾਲ ਚਾਰ ਦੇਸ਼ਾਂ- ਨਾਈਜੀਰੀਆ, ਨਾਈਜਰ, ਚਾਡ ਤੇ ਕੈਮਰੂਨ ਦੀਆਂ ਹੱਦਾਂ ਲੱਗਦੀਆਂ ਸਨ, ਪਰ ਹੁਣ ਸਿਰਫ ਮਗਰਲੇ ਦੋ ਦੇਸ਼ਾਂ ਦੀ ਹੀ ਇਸ ਦੇ ਪਾਣੀਆਂ ਤੱਕ ਪਹੁੰਚ ਹੈ| ਹੁਣ ਤਾਂ ਝੀਲ ਦੀ ਸਤਹਿ ’ਤੇ ਕੱਖ-ਕਾਨੇ ਜਾਂ ਛੋਟੇ ਟਾਪੂ ਹੀ ਨਜ਼ਰ ਆਉਂਦੇ ਨੇ।
1970ਵਿਆਂ ਅਤੇ 80ਵਿਆਂ ’ਚ ਆਏ ਲੰਮੇ ਸਮੇਂ ਦੇ ਸੋਕੇ ਸ਼ੁਰੂਆਤ ਵਿਚ ਝੀਲ ਦੇ ਸੁੱਕਣ ਦਾ ਕਾਰਨ ਬਣੇ। ਉਸ ਮਗਰੋਂ ਲਗਾਤਾਰ ਮੀਂਹਾਂ ਵਿਚ ਵਾਧਾ ਹੁੰਦਾ ਗਿਆ ਪਰ ਝੀਲ ਫਿਰ ਵੀ ਹੱਠ ਕਰਕੇ ਸੁੱਕੀ ਰਹੀ। ਕਾਰਨ: ਝੀਲ ਵਿਚ ਡਿੱਗਣ ਵਾਲੇ ਦਰਿਆਵਾਂ ਨੂੰ ਰਾਹ ਵਿਚ ਹੀ ਰੋਕ ਲਿਆ ਗਿਆ। ਉੱਤਰ-ਪੂਰਬੀ ਨਾਈਜੀਰੀਆ ਅਤੇ ਕੈਮਰੂਨ ਵੱਲੋਂ ਆਉਂਦੇ ਦਰਿਆ, ਚਾਰੀ ਅਤੇ ਲੋਗੋਨ, ਜੋ ਦੱਖਣ ਵਾਲੇ ਪਾਸਿਓਂ ਝੀਲ ਵਿਚ ਡਿੱਗਦੇ ਸਨ, ਹੁਣ ਮੋੜ ਲਏ ਗਏ ਹਨ। ਸੋਕੇ ਦੇ ਸਾਲਾਂ ਵਿਚ ਸਥਿਤੀ ਨਾਲ ਨਜਿੱਠਣ ਲਈ ਉਲੀਕੇ ਗਏ ਸਿੰਜਾਈ-ਨਹਿਰੀ ਪ੍ਰਾਜੈਕਟਾਂ ਦਾ ਮਕਸਦ ਸੀ ਆਰਥਿਕ ਖ਼ੁਸ਼ਹਾਲੀ। ਭਾਵੇਂ ਕਿ ਅਜਿਹਾ ਨਹਿਰੀ ਪਾਣੀ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋਇਆ ਹੈ ਜਿਹੜੇ ਸੇਂਜੂ-ਜ਼ਮੀਨ ਦੇ ਮਾਲਕ ਹਨ, ਪਰ ਦੂਜੇ ਪਾਸੇ ਚਾਡ ਝੀਲ ਕੋਲ ਰਹਿਣ ਵਾਲੇ ਲੋਕਾਂ ਨੂੰ ਖ਼ੁਸ਼ਕ ਹਾਲਤਾਂ ਦੇ ਹਵਾਲੇ ਛੱਡ ਦਿੱਤਾ ਗਿਆ ਹੈ।
ਲੋਗੋਨ ਦਰਿਆ ਕੇਂਦਰੀ ਅਫ਼ਰੀਕਾ ਦੇ ਵਿਸ਼ਾਲ ਕਾਂਗੋ ਵਰਖਾ ਵਣਾਂ ’ਚੋਂ ਨਿਕਲਣ ਵਾਲੀਆਂ ਚੋਆਂ ਦੇ ਵਹਾਅ ਨਾਲ ਬਣਦਾ ਹੈ। ਸਦੀਆਂ ਤੋਂ ਇਸ ਦਰਿਆ ਦੇ ਹੜ੍ਹਾਂ ਦੇ ਪਾਣੀਆਂ ਨੇ ਜੰਗਲੀ ਜੀਵਾਂ ਨਾਲ ਭਰਪੂਰ ਛੰਭ ਕਾਇਮ ਕੀਤੀ ਹੈ ਜਿੱਥੇ ਸ਼ਿਕਾਰੀਆਂ ਅਤੇ ਮਛੇਰਿਆਂ ਵਾਸਤੇ ਅਥਾਹ ਸੰਭਾਵਨਾਵਾਂ ਸਨ। ਇਨ੍ਹਾਂ ਹੜ੍ਹਾਂ ਦੇ ਪਾਣੀਆਂ ਦੇ ਹੇਠਾਂ ਲਹਿੰਦਿਆਂ ਹੀ ਕਿਸਾਨਾਂ ਨੇ ਗਿੱਲੀ ਜ਼ਮੀਨ ’ਚ ਝੋਨੇ ਦੀਆਂ ਰਵਾਇਤੀ ਕਿਸਮਾਂ ਬੀਜ ਦੇਣੀਆਂ। ਇਹ ਇਲਾਕਾ ਫੁਲਾਨੀ ਕਬੀਲੇ ਦੇ ਆਜੜੀ ਲੋਕਾਂ ਦਾ ਗੜ੍ਹ ਬਣਿਆ ਜੋ ਦੁਨੀਆਂ ਦਾ ਸਭ ਤੋਂ ਵੱਡਾ ਟੱਪਰੀਵਾਸ ਆਜੜੀ ਕਬੀਲਾ ਹਨ।
ਸਾਲ 1979 ਵਿਚ ਇਕ ਸਰਕਾਰੀ ਧਾਨ ਕੰਪਨੀ ਨੇ ਮੰਡਾਰਾ ਪਹਾੜੀਆਂ ਕੋਲ ਨਵੇਂ ਝੋਨੇ ਦੇ ਖੇਤਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਮਾਗਾ ਡੈਮ ਬਣਾ ਦਿੱਤਾ। ਕੰਪਨੀ ਨੇ ਦਰਿਆ ਵੱਲੋਂ ਹੜ੍ਹਾਂ ਦਾ ਪਾਣੀ ਰੋਕਣ ਲਈ ਦਰਿਆ ਦੀ ਮਾਰ ਵਾਲੇ ਇਲਾਕੇ ਦੇ ਨਾਲੋ-ਨਾਲ ਕੰਢੇ-ਕੰਢੇ 60 ਮੀਲ ਲੰਬੇ ਧੁੱਸੀ ਬੰਨ੍ਹ ਵੀ ਬਣਾ ਲਏ। ਇਸ ਸਾਰੇ ਕੁਝ ਦਾ ਸਿੱਟਾ ਸੀ ਕਿ ਦਰਿਆ ਤੋਂ ਉਸ ਦਾ ਪਾਣੀ ਖੁੱਸ ਗਿਆ ਤੇ ਦਰਿਆ ਦੀ ਮਾਰ ਦਾ ਇਲਾਕਾ ਤਿੰਨ ਹਜ਼ਾਰ ਵਰਗ ਮੀਲ ਤੋਂ ਘਟ ਕੇ 160 ਵਰਗ ਮੀਲ ਰਹਿ ਗਿਆ। ਇਸ ਨਾਲ ਚਾਡ ਝੀਲ ਵੱਲ ਨੂੰ ਦਰਿਆ ਦਾ ਵਹਾਅ 55 ਫ਼ੀਸਦੀ ਘਟ ਗਿਆ। ਕੋਈ ਵੀਹ ਹਜ਼ਾਰ ਮਵੇਸ਼ੀ ਓਥੋਂ ਚਲਦੇ ਬਣੇ। ਮੱਛੀ 90 ਫ਼ੀਸਦੀ ਘਟ ਗਈ। ਜਵਾਰ ਅਤੇ ਝੋਨੇ ਦੀਆਂ ਸਥਾਨਕ ਕਿਸਮਾਂ ਦਾ ਝਾੜ 75 ਫ਼ੀਸਦੀ ਘਟ ਗਿਆ। ਜ਼ਮੀਨਦੋਜ਼ ਪਾਣੀ ਦਾ ਪੱਧਰ ਘਟ ਗਿਆ ਤੇ ਖੂਹ ਖ਼ਾਲੀ ਹੋ ਗਏ। ਨੇੜੇ ਦੇ ਵਾਜ਼ਾ ਨੈਸ਼ਨਲ ਪਾਰਕ ਦੇ ਜੰਗਲਾਂ ਵਿਚਲੇ ਹਾਥੀ ਅਤੇ ਸ਼ੇਰ ਕੇਂਦਰੀ ਅਤੇ ਪੱਛਮੀ ਅਫ਼ਰੀਕਾ ਵਿਚ ਆਪਣੀ ਆਖ਼ਰੀ ਠਾਹਰ ਛੱਡ ਕੇ ਭੱਜ ਗਏ। ਇਸ ਦਰਿਆ ਦੇ ਹੜ੍ਹਾਂ ਰਾਹੀਂ ਆਪਣਾ ਗੁਜ਼ਰ-ਬਸਰ ਕਰਨ ਵਾਲੇ ਕੋਈ ਇਕ ਲੱਖ ਦੇ ਕਰੀਬ ਲੋਕੀਂ ਨਿਆਸਰੇ ਹੋ ਗਏ।
ਲੰਡਨ ਯੂਨੀਵਰਸਿਟੀ ਦੇ ਪਾਲ ਲੌਥ, ਜੋ ਇਸ ਦਰਿਆ ਦੇ ਮਾਹਰ ਹਨ, ਦਾ ਕਹਿਣਾ ਹੈ ਕਿ ਨਾਲਾਇਕੀ ਦਾ ਸਿਖ਼ਰ ਇਹ ਸੀ ਕਿ ਧਾਨ ਦਾ ਉਹ ਸਿੰਜਾਈ ਪ੍ਰਾਜੈਕਟ ਆਪਣੇ ਆਪ ਵਿਚ ਨਾ-ਅਹਿਲ (inefficent) ਸਾਬਤ ਹੋਇਆ। ਬਹੁਤੇ ਸਾਲੀਂ ਮਸਾਂ ਹੀ ਕੁਝ ਝੋਨਾ ਉਗਾਇਆ ਗਿਆ ਅਤੇ ਡੈਮ ਤੋਂ ਇਕੱਠੇ ਕੀਤੇ ਪਾਣੀ ਦਾ ਮਸਾਂ 10 ਫ਼ੀਸਦੀ ਪਾਣੀ ਹੀ ਸੁਚੱਜੇ ਤੌਰ ’ਤੇ ਵਰਤਿਆ ਗਿਆ। ਉਸ ਨੇ ਮੈਨੂੰ ਦੱਸਿਆ ਕਿ ਉੱਤਰੀ ਨਾਈਜੀਰੀਆ ਵਾਲੇ ਸਿੰਜਾਈ ਪ੍ਰਾਜੈਕਟ ਵਾਂਗ ਹੀ, ਇਸ ਪ੍ਰਾਜੈਕਟ ਨੇ ਵੀ ਸਮੁੱਚੇ ਖਿੱਤੇ ਦੀ ਆਰਥਿਕਤਾ ਅਤੇ ਉਪਜੀਵਕਾ ਨੂੰ ਉੱਚਾ ਚੁੱਕਣ ਦੀ ਬਜਾਏ ਬਦਤਰ ਹੀ ਕੀਤਾ। ਕਦੇ ਉਪਜਾਊ ਤੇ ਆਬਾਦ ਰਹੀ ਛੰਭ ਨੂੰ ਮਿੱਟੀ-ਘੱਟੇ ਵਾਲੇ ਬਾਟੇ ਵਿਚ ਤਬਦੀਲ ਕਰ ਛੱਡਿਆ।
ਇਹ ਤਬਾਹੀ ਚਾਡ ਝੀਲ ਤੱਕ ਵੀ ਪੁੱਜ ਗਈ ਜਿਸ ਝੀਲ ਵਾਸਤੇ ਲੋਗੋਨ ਦਰਿਆ ਪਾਣੀ ਦਾ ਸਭ ਤੋਂ ਵੱਡਾ ਸਰੋਤ ਸੀ। ਜਿਉਂ-ਜਿਉਂ ਝੀਲ ਸੁੰਗੜਦੀ ਗਈ ਇਲਾਕੇ ਦੇ ਕੋਈ ਇਕ ਕਰੋੜ ਤੀਹ ਲੱਖ ਲੋਕ- ਕਿਸਾਨ, ਮਛੇਰੇ ਤੇ ਆਜੜੀ, ਪਾਣੀ ਦੀ ਕਿੱਲਤ ਨਾਲ ਜੂਝਦੇ ਗਏ ਤੇ ਆਖ਼ਰ ਫ਼ਸਲਾਂ ਦੀ ਤਬਾਹੀ, ਮਵੇਸ਼ੀਆਂ ਦੀਆਂ ਮੌਤਾਂ, ਮੱਛੀ ਵਪਾਰ ਦਾ ਘਟਣਾ, ਜ਼ਮੀਨ ’ਚ ਲੂਣ ਦਾ ਵਧਣਾ ਅਤੇ ਗ਼ਰੀਬੀ ਦਾ ਵਧਣਾ ਆਦਿ ਸਿੱਟੇ ਸਾਹਮਣੇ ਆਏ। ਅਖ਼ੀਰ ਨੂੰ ਸਮਾਜਿਕ ਟੁੱਟ-ਭੱਜ ਅਤੇ ਟਕਰਾਅ ਬੇਹੱਦ ਵਧ ਗਿਆ। 2015 ਵਿਚ ਨਾਈਜੀਰੀਆ ਦੀ ਸਰਕਾਰ ਵੱਲੋਂ ਚਾਡ ਝੀਲ ਦੇ ਕੀਤੇ ਲੇਖੇ-ਜੋਖੇ ਮੁਤਾਬਿਕ ਦਰਿਆ ਦੇ ਉੱਪਰ ਵਾਰ ਗ਼ੈਰ-ਸੰਗਠਿਤ ਢੰਗ ਨਾਲ ਪਾਣੀ ਰੋਕਣ ਜਾਂ ਮੋੜਨ, ਤੇ ਸਿੱਟੇ ਵਜੋਂ ਹੋਏ ਭੋਂ-ਖੋਰ, ਭੂਮੀ-ਤਬਾਹੀ, ਜੰਗਲਾਤ ਦੀ ਤਬਾਹੀ ਅਤੇ ਝਾੜਾਂ ਨੂੰ ਅੱਗ ਲੱਗਣ ਆਦਿ ਨੇ ਦਿਨੋਂ-ਦਿਨ ਘਟ ਰਹੇ ਪਾਣੀ ਵਾਸਤੇ ਸਖ਼ਤ ਮੁਕਾਬਲਾ ਪੈਦਾ ਕਰ ਦਿੱਤਾ ਹੈ ਜਿਸ ਦੀ ਬਦੌਲਤ ਟਕਰਾਅ ਅਤੇ ਧੱਕੇ ਨਾਲ ਹੁੰਦਾ ਉਜਾੜਾ ਵਧ ਗਿਆ ਹੈ।
ਇਸ ਸਭ ਦੀ ਬਦੌਲਤ ਦਹਿਸ਼ਤੀ ਸੰਗਠਨ ਬੋਕੋ ਹਰਮ ਦੀ ਤਾਕਤ ਵਿਚ ਵਾਧਾ ਹੋਇਆ ਹੈ। ਉੱਤਰੀ ਨਾਈਜੀਰੀਆ ਵਿਚ ਸਥਾਪਤ ਇਸ ਕੱਟੜ ਇਸਲਾਮੀ ਸੰਗਠਨ ਦੇ ਦਹਿਸ਼ਤਗਰਦ ਚਾਡ ਝੀਲ ਖੇਤਰ ਦੇ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਜਾਂ ਅਗਵਾ ਕਰ ਰਹੇ ਨੇ। 2013 ਅਤੇ 2016 ਦਰਮਿਆਨ ਵਾਤਾਵਰਣੀ ਜਾਂ ਸਮਾਜਿਕ ਗੜਬੜੀ ਦੇ ਚਲਦਿਆਂ ਕੋਈ 23 ਲੱਖ ਲੋਕ ਇੱਥੋਂ ਉੱਜੜ ਗਏ ਸਨ ਜਿਨ੍ਹਾਂ ਵਿਚ 13 ਲੱਖ ਬੱਚੇ ਵੀ ਸ਼ਾਮਿਲ ਨੇ। ਇਨ੍ਹਾਂ ’ਚੋਂ ਕਈ ਉਸ ਸਮੇਂ ਦੌਰਾਨ ਯੂਰਪ ਵਿਚ ਦਾਖ਼ਲ ਹੋਣ ਵਾਲੇ ਲੱਖਾਂ ਸ਼ਰਨਾਰਥੀਆਂ ’ਚ ਸ਼ਾਮਲ ਸਨ ਜਿਸ ਨੇ ਸਾਰੇ ਯੂਰਪ ਵਿੱਚ ਵੀ ਤਰਥੱਲੀ ਮਚਾ ਦਿੱਤੀ ਸੀ। ਇਹ ਵੇਖਦਿਆਂ ਯੂਰਪੀ ਯੂਨੀਅਨ ਦੇ ਲੀਡਰਾਂ ਨੇ ਐਸੇ ਵਿਸ਼ਾਲ ਮਨੁੱਖੀ ਉਜਾੜੇ ਦੇ ਕਾਰਨਾਂ ਦੀ ਤਹਿ ਤੱਕ ਜਾਣ ਦਾ ਸੱਦਾ ਦਿੱਤਾ। ਉਹ ਕਾਰਨ ਕੀ ਸਨ? ਗ਼ਰੀਬੀ, ਸਮਾਜਿਕ ਟਕਰਾਅ, ਦਹਿਸ਼ਤੀ ਸੰਗਠਨਾਂ ਦੀ ਆਮਦ- ਇਨ੍ਹਾਂ ਸਾਰੇ ਕਾਰਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਦੇ ਬਾਵਜੂਦ ਚਾਡ ਝੀਲ ਖੇਤਰ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਉਜਾੜੇ ਦੀ ਨੀਂਹ ਉਨ੍ਹਾਂ ਦਰਿਆਵਾਂ ਦੇ ਪਾਣੀਆਂ ਨੂੰ ਰੋਕਣ ਅਤੇ ਝੀਲ ਦੇ ਸੁੱਕ ਜਾਣ ਨਾਲ ਰੱਖੀ ਗਈ ਸੀ।
‘‘ਝੀਲ ਦੇ ਸੁੱਕਣ ਅਤੇ ਇਸ ਦੇ ਸਰੋਤਾਂ ਦੇ ਮੁੱਕਣ ਨਾਲ ਪੈਦਾ ਹੋਈ ਆਰਥਿਕ ਤੰਗੀ ਤੇ ਬੇਰੁਜ਼ਗਾਰੀ ਦੇ ਚਲਦਿਆਂ ਇੱਥੋਂ ਦੇ ਨੌਜੁਆਨ ਬੋਕੋ ਹਰਮ ਵਿਚ ਸ਼ਾਮਲ ਹੋ ਰਹੇ ਨੇ।” ਇਹ ਗੱਲ ਚਾਡ ਝੀਲ ਖੇਤਰ ਕਮਿਸ਼ਨ ਦੇ ਅਧਿਕਾਰੀ ਮਾਨਾ ਬੌਕਾਰੀ ਨੇ ਇਕ ਕੌਮਾਂਤਰੀ ਪ੍ਰਸਾਰਣ ਏਜੰਸੀ ਡਿਊਸ਼ ਵੈਲੇ ਨਾਲ ਗੱਲਬਾਤ ਕਰਦਿਆਂ ਆਖੀ। ਸੰਯੁਕਤ ਰਾਸ਼ਟਰ ਦੇ ਸਾਹੇਲ ਖੇਤਰ ਦੇ ਮਾਨਵੀ ਮਸਲਿਆਂ ਬਾਰੇ ਸੰਚਾਲਕ ਟੋਬੀ ਲਾਂਜ਼ਰ ਨੇ ਵੀ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਕਿਹਾ, “ਪਨਾਹ ਲੈਣਾ, ਸ਼ਰਨਾਰਥੀਆਂ ਵਿਚ ਬੇਹਿਸਾਬ ਵਾਧਾ, ਵਾਤਾਵਰਣੀ ਸੰਕਟ ਅਤੇ ਦਹਿਸ਼ਤੀ ਸੰਗਠਨਾਂ ਵੱਲੋਂ ਫੈਲਾਈ ਅਸਥਿਰਤਾ- ਇਹ ਸਾਰੇ ਮਸਲੇ ਹਨ ਜੋ ਚਾਡ ਝੀਲ ਖੇਤਰ ਵਿਚ ਆ ਕੇ ਇਕੱਠੇ ਹੋ ਜਾਂਦੇ ਨੇ।’’
ਉੱਤਰ ਪੂਰਬੀ ਨਾਈਜੀਰੀਆ ਦੀ ਹਡੇਜੀਆ-ਉਂਗੁਰੂ ਛੰਭ ਵਿਚ ਆਉਂਦੇ ਮਾਇਡੂਗੁਰੀ ਵਰਗੇ ਪਿੰਡ ਅਤੇ ਝੀਲ ਵੱਲ ਨੂੰ ਜਾਂਦੇ ਸੁੱਕੇ ਹੋਏ ਦਰਿਆ ਉੱਤੇ ਪੈਂਦੇ ਪਿੰਡ ਖ਼ਾਸ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। 2015 ਦੇ ਕਤਲੇਆਮ ਮਗਰੋਂ ਝੀਲ ਨੇੜੇ ਪੈਂਦੇ ਇਕ ਛੋਟੇ ਪਿੰਡ ਦੋਰੋਨ ਬਾਗਾ ਦੇ ਲੋਕੀਂ ਨਾਲ ਲੱਗਦੇ ਮੁਲਕ ਚਾਡ ਦੀ ਸਰਹੱਦ ਲੰਘ ਕੇ ਸ਼ਰਨਾਰਥੀ ਕੈਂਪਾਂ ਵੱਲ ਨੂੰ ਭੱਜ ਗਏ। ਪਰ ਓਥੇ ਵੀ ਕਿਹੜਾ ਕੋਈ ਸਲਾਮਤੀ ਸੀ। 2015 ਦੇ ਅਖ਼ੀਰ ਵਿਚ ਚਾਡ ਦੇ ਇਕ ਪਿੰਡ ਬਾਗਾ ਸੋਲਾ ਵਿਚ ਇਕ ਆਤਮਘਾਤੀ ਹਮਲਾਵਰ ਨੇ ਸ਼ਰਨਾਰਥੀ ਕੈਂਪ ਅਤੇ ਮੱਛੀ ਮਾਰਕੀਟ ਉੱਤੇ ਹਮਲਾ ਕਰ ਦਿੱਤਾ ਅਤੇ ਚਾਡ ਦੀ ਸਰਕਾਰ ਨੇ ਝੀਲ ਦੇ ਆਸ-ਪਾਸ ਦੇ ਖੇਤਰ ਵਿਚ ਐਮਰਜੈਂਸੀ ਲਾ ਦਿੱਤੀ। ਕਈ ਮਹੀਨਿਆਂ ਮਗਰੋਂ ਚਾਡ ਝੀਲ ਵਿਚੋਂ ਬੋਕੋ ਹਰਮ ਵੱਲੋਂ ਕਤਲ ਕੀਤੇ ਗਏ ਕੈਮਰੂਨ, ਨਾਈਜੀਰੀਆ ਤੇ ਚਾਡ ਦੇ 42 ਮਛੇਰਿਆਂ ਦੀਆਂ ਲਾਸ਼ਾਂ ਮਿਲੀਆਂ।
ਝੀਲ, ਦਰਿਆਵਾਂ ਅਤੇ ਕੁਦਰਤੀ ਛੰਭਾਂ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੀ ਅਣਹੋਂਦ ਵਿਚ ਇਹ ਖੇਤਰ ਕੁਦਰਤੀ ਵਾਤਾਵਰਣ ਦੇ ਪਤਨ, ਆਰਥਿਕ ਨਿਘਾਰ, ਕਾਨੂੰਨ ਵਿਵਸਥਾ ਦੇ ਸੰਕਟ ਅਤੇ ਲੋਕਾਂ ਦੇ ਲਗਾਤਾਰ ਉਜਾੜੇ ਦੀ ਡੂੰਘੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਇਹੀ ਕੁਝ ਹੁੰਦਾ ਹੈ ਜਦੋਂ ਦਰਿਆ ਸੁੱਕਦੇ ਨੇ।
- ਅਨੁਵਾਦ: ਗੁਰਰੀਤ ਬਰਾੜ (ਸੰਪਰਕ: 1-559-259-3446, ਈ-ਮੇਲ: gurreet.brar@gmail.com)
ਧੰਨਵਾਦ: ਸਤੀਸ਼ ਗੁਲਾਟੀ (ਸੰਪਰਕ: 98152-98459)
ਜਿਉਂ-ਜਿਉਂ ਚਾਡ ਝੀਲ ਸੁੰਗੜਦੀ ਗਈ ਇਲਾਕੇ ਦੇ ਕੋਈ ਇਕ ਕਰੋੜ ਤੀਹ ਲੱਖ ਲੋਕ- ਕਿਸਾਨ, ਮਛੇਰੇ ਤੇ ਆਜੜੀ, ਪਾਣੀ ਦੀ ਕਿੱਲਤ ਨਾਲ ਜੂਝਦੇ ਗਏ ਤੇ ਆਖ਼ਰ ਫ਼ਸਲਾਂ ਦੀ ਤਬਾਹੀ, ਮਵੇਸ਼ੀਆਂ ਦੀਆਂ ਮੌਤਾਂ, ਮੱਛੀ ਵਪਾਰ ਦਾ ਘਟਣਾ, ਜ਼ਮੀਨ ’ਚ ਲੂਣ ਦਾ ਵਧਣਾ ਅਤੇ ਗ਼ਰੀਬੀ ਦਾ ਵਧਣਾ ਆਦਿ ਸਿੱਟੇ ਸਾਹਮਣੇ ਆਏ। ਅਖ਼ੀਰ ਨੂੰ ਸਮਾਜਿਕ ਟੁੱਟ-ਭੱਜ ਅਤੇ ਟਕਰਾਅ ਬੇਹੱਦ ਵਧ ਗਿਆ। 2015 ਵਿਚ ਨਾਈਜੀਰੀਆ ਦੀ ਸਰਕਾਰ ਵੱਲੋਂ ਚਾਡ ਝੀਲ ਦੇ ਕੀਤੇ ਲੇਖੇ-ਜੋਖੇ ਮੁਤਾਬਿਕ ਦਰਿਆ ਦੇ ਉੱਪਰ ਵਾਰ ਗ਼ੈਰ-ਸੰਗਠਿਤ ਢੰਗ ਨਾਲ ਪਾਣੀ ਰੋਕਣ ਜਾਂ ਮੋੜਨ, ਤੇ ਸਿੱਟੇ ਵਜੋਂ ਹੋਏ ਭੋਂ-ਖੋਰ, ਭੂਮੀ-ਤਬਾਹੀ, ਜੰਗਲਾਤ ਦੀ ਤਬਾਹੀ ਅਤੇ ਝਾੜਾਂ ਨੂੰ ਅੱਗ ਲੱਗਣ ਆਦਿ ਨੇ ਦਿਨੋਂ-ਦਿਨ ਘਟ ਰਹੇ ਪਾਣੀ ਵਾਸਤੇ ਸਖ਼ਤ ਮੁਕਾਬਲਾ ਪੈਦਾ ਕਰ ਦਿੱਤਾ ਹੈ ਜਿਸ ਦੀ ਬਦੌਲਤ ਟਕਰਾਅ ਅਤੇ ਧੱਕੇ ਨਾਲ ਹੁੰਦਾ ਉਜਾੜਾ ਵਧ ਗਿਆ ਹੈ। ਇਸ ਸਭ ਦੀ ਬਦੌਲਤ ਦਹਿਸ਼ਤੀ ਸੰਗਠਨ ਬੋਕੋ ਹਰਮ ਦੀ ਤਾਕਤ ਵਿਚ ਵਾਧਾ ਹੋਇਆ ਹੈ।