For the best experience, open
https://m.punjabitribuneonline.com
on your mobile browser.
Advertisement

ਮੁੱਕ ਰਹੇ ਨੇ ਪਾਣੀ

07:16 AM Sep 24, 2023 IST
ਮੁੱਕ ਰਹੇ ਨੇ ਪਾਣੀ
Advertisement

ਪਾਣੀ ਦਾ ਮੁੱਦਾ ਇਸ ਸਮੇਂ ਦੁਨੀਆਂ ਦਾ ਸਭ ਤੋਂ ਅਹਿਮ ਮੁੱਦਾ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਫਰੈੱਡ ਪੀਅਰਸ ਦੇ ਲਿਖੇ ਅਤੇ ਗੁਰਰੀਤ ਬਰਾੜ ਦੇ ਅਨੁਵਾਦ ਕੀਤੇ ਚਾਰ ਲੇਖ ਪਾਠਕਾਂ ਨਾਲ ਸਾਂਝੇ ਕੀਤੇ ਹਨ। ਉਮੀਦ ਹੈ ਕਿ ਅੱਜ ਸਮਾਪਤ ਕੀਤੀ ਜਾ ਰਹੀ ਇਹ ਲੇਖ-ਲੜੀ ਪੰਜਾਬ ਤੇ ਪੰਜਾਬੀਆਂ ਨੂੰ ਇਸ ਵਿਸ਼ੇ ਬਾਰੇ ਚੇਤੰਨ ਕਰਨ ਵਿਚ ਕੁਝ ਹਿੱਸਾ ਜ਼ਰੂਰ ਪਾਵੇਗੀ।

ਫਰੈੱਡ ਪੀਅਰਸ

Advertisement

ਜਲ ਤੇ ਜੀਵਨ - 4

ਅਹਿਮਦ ਕੋਟ ਇਕ ਗ਼ਰੀਬ ਫ਼ਲਸਤੀਨੀ ਕਿਸਾਨ ਸੀ। ਉਹ ਆਪਣੇ 9 ਬੱਚਿਆਂ ਅਤੇ 5 ਪਸ਼ੂਆਂ ਲਈ ਪਾਣੀ ਲਿਆਉਣ ਖ਼ਾਤਰ ਵੈਸਟ ਬੈਂਕ ਦੇ ਟਿੱਬਿਆਂ ਥਾਣੀਂ ਆਪਣੇ ਖੋਤੇ ਦੇ ਨਾਲ-ਨਾਲ 3 ਤੋਂ 4 ਘੰਟੇ ਰੋਜ਼ਾਨਾ ਤੁਰਦਾ ਸੀ। ਮੈਨੂੰ ਤਾਂ ਕੁਦਰਤੀ ਮਿਲ ਪਿਆ ਜਦੋਂ ਉਹ ਨਬਲੂਸ ਸ਼ਹਿਰ ਦੇ ਬਾਹਰਵਾਰ ਆਪਣੇ ਪਿੰਡ ਮਦਾਮਾ ਕੋਲ ਪਰ੍ਹੇ ਪਹਾੜੀਆਂ ਵੱਲੋਂ ਆਉਂਦੀ ਜਲ-ਸੁਰੰਗ ਵਿਚੋਂ ਪਾਣੀ ਗੇੜਦੀ ਸ਼ਾਫਟ ਕੋਲ ਖੜ੍ਹਾ ਸੀ। ਉਹ ਆਪਣੀ ਬਾਲਟੀ ਹਲਟ ਵਿਚ ਰੱਖਦਾ ਤੇ ਫੇਰ ਉੱਤੇ ਆਉਂਦੀ ਨੂੰ ਚੁੱਕ ਲੈਂਦਾ। ਇਸ ਤਰ੍ਹਾਂ ਉਹ ਆਪਣੇ ਪਲਾਸਟਿਕ ਦੇ ਢੋਲਾਂ ਦੀ ਲੜੀ ਨੂੰ ਹੌਲੀ-ਹੌਲੀ ਭਰੀ ਜਾ ਰਿਹਾ ਸੀ। ਉਹਦਾ ਖੋਤਾ ਉਹ ਸਾਰਾ ਭਾਰ ਢੋਣ ਦੀ ਉਡੀਕ ਵਿਚ ਸ਼ਾਂਤ ਖੜ੍ਹਾ ਸੀ। ‘‘ਮੈਂ ਏਥੇ ਹਰ ਰੋਜ਼ ਤਿੰਨ ਗੇੜੇ ਮਾਰਦਾ ਹਾਂ।’’ ਅਹਿਮਦ ਨੇ ਦੱਸਿਆ। ‘‘ਮੇਰੇ ਕੋਲ ਤਿੰਨ ਗਾਈਆਂ ਅਤੇ ਦੋ ਭੇਡਾਂ ਹਨ, ਉਨ੍ਹਾਂ ਲਈ ਸਿਰਫ਼ ਇਹ ਹੀ ਪਾਣੀ ਹੈ।’’
ਉਹਦਾ ਜੀਵਨ ਬੜੀ ਸਖ਼ਤ ਘਾਲਣਾ ਵਾਲਾ ਸੀ। ਉਹਨੇ ਮੈਨੂੰ ਦੱਸਿਆ ਕਿ ਉਹਦੇ ਕੋਲ 2 ਏਕੜ ਤੋਂ ਘੱਟ ਜ਼ਮੀਨ ਸੀ। ਉਹ ਆਪਣੀਆਂ ਰੋਟੀਆਂ ਖ਼ਾਤਰ ਥੋੜ੍ਹੀ ਜਿਹੀ ਕਣਕ ਉਗਾਉਂਦਾ ਸੀ ਅਤੇ ਕੁਝ ਕੁ ਸਬਜ਼ੀਆਂ। ਉਹਦੀਆਂ ਭੇਡਾਂ ਤੋਂ ਉਹਨੂੰ ਕਦੇ-ਕਦਾਈਂ ਮੀਟ ਜੁੜ ਜਾਂਦਾ ਸੀ। ਗਾਵਾਂ ਤੋਂ ਮਿਲਦੇ ਦੁੱਧ ’ਚੋਂ ਥੋੜ੍ਹਾ-ਬਹੁਤ ਉਹ ਪਿੰਡ ਵਿਚ ਵੇਚ ਦਿੰਦਾ ਸੀ। ਉਹਦੇ ਪਸ਼ੂਆਂ ਦੀ ਜਿੰਦ-ਜਾਨ ਸੜਕ ਦੇ ਕੰਢੇ ਬਣੀ ਉਹ ਖੂਹੀ ਹੀ ਸੀ ਜਿਸ ਵਿਚੋਂ ਸਦੀਆਂ ਤੋਂ ਪਾਣੀ ਗਿੜਦਾ ਆ ਰਿਹਾ ਸੀ। ਅਹਿਮਦ ਵਾਂਗੂੰ, ਸਦੀ-ਦਰ-ਸਦੀ ਕਿੰਨੇ ਲੋਕੀਂ ਉਨ੍ਹਾਂ ਪਾਣੀਆਂ ਨਾਲ ਜ਼ਿੰਦਗੀ ਬਸਰ ਕਰਦੇ ਰਹੇ ਹੋਣਗੇ।
ਪਿੰਡ ਦੇ ਲੋਕ ਦੱਸਦੇ ਨੇ ਕਿ ਉਹ ਧੁਰਾ ਅਤੇ ਜਲ-ਸੁਰੰਗ ਰੋਮਨ ਸਾਮਰਾਜ ਵੇਲੇ ਦੇ ਹਨ, ਜੀਹਦਾ ਬਸ ਏਨਾ ਹੀ ਅਰਥ ਹੈ ਕਿ ਬੜੇ ਪੁਰਾਤਨ ਹਨ। ਨੇੜੇ ਦੀਆਂ ਪਹਾੜੀਆਂ ਦੇ ਨਿੱਕੇ-ਨਿੱਕੇ ਚਸ਼ਮਿਆਂ ’ਚੋਂ ਪਾਣੀ ਵਹਿ ਕੇ ਉਸ ਸੁਰੰਗ ਥਾਣੀਂ ਏਧਰਲੇ ਪਿੰਡਾਂ ਵੱਲ ਨੂੰ ਆ ਜਾਂਦਾ ਹੈ। ਵੈਸਟ ਬੈਂਕ ਖੇਤਰ ਵਿਚ ਏਦਾਂ ਦੀਆਂ ਹੋਰ ਵੀ ਕਈ ਸੁਰੰਗਾਂ ਹਨ। ਜਲ-ਮਾਹਰ ਇਨ੍ਹਾਂ ਨੂੰ ‘ਚਸ਼ਮਾ ਸੁਰੰਗਾਂ’ ਆਖਦੇ ਨੇ। ਇਹ ਇਕ ਐਸਾ ਪ੍ਰਾਚੀਨ ਜਲ-ਪ੍ਰਬੰਧ ਹੈ ਜੀਹਦੇ ਬਾਰੇ ਬਹੁਤੇ ਫ਼ਲਤੀਨੀਆਂ ਨੂੰ ਵੀ ਨਹੀਂ ਪਤਾ। ਪਾਣੀ ਦਾ ਪੱਧਰ ਘਟਣ ਕਾਰਨ ਬਹੁਤ ਸਾਰੀਆਂ ਤਾਂ ਸੁੱਕ ਵੀ ਗਈਆਂ ਹਨ, ਪਰ ਮਦਾਮਾ ਪਿੰਡ ਵਾਲੀ ਸੁਰੰਗ ਸਾਲ ਭਰ ਵਗਦੀ ਸੀ। ਕੋਟ ਅਤੇ ਉਸ ਵਰਗੇ ਮਦਾਮਾ ਪਿੰਡ ਦੇ ਕਈ ਹੋਰ ਗ਼ਰੀਬ ਪਰਿਵਾਰ ਆਪਣੇ ਪਸ਼ੂਆਂ ਵਾਸਤੇ ਉੱਥੋਂ ਪਾਣੀ ਲਿਆ ਕਰਦੇ ਸਨ। ਪਰ ਉਹਨੇ ਮੈਨੂੰ ਦੱਸਿਆ ਕਿ ਪਿੱਛੇ ਜਿਹੇ ਹੀ ਇਹ ਸੋਮਾ ਪ੍ਰਦੂਸ਼ਣ ਦੀ ਮਾਰ ’ਚ ਆ ਗਿਆ।
‘‘ਕਦੇ-ਕਦੇ ਤਾਂ ਖੋਤੇ ਵੀ ਇੱਥੋਂ ਦਾ ਪਾਣੀ ਨਹੀਂ ਪੀਂਦੇ।’’ ਉਹਨੇ ਦੱਸਿਆ। ਯਕੀਨਨ, ਉਹਦਾ ਪਰਿਵਾਰ ਤਾਂ ਪੀ ਹੀ ਨਹੀਂ ਸਕਦਾ ਸੀ। ਇਸ ਲਈ ਕੋਟ ਨੂੰ ਬਹੁਤੇ ਦਿਨੀਂ ਕਾਫ਼ੀ ਦੂਰ ਇਰਾਕ-ਬੁਰਿਨ ਨਾਂ ਦੇ ਪਿੰਡ ਦੇ ਇਕ ਸਾਫ਼ ਚਸ਼ਮੇ ਤੱਕ ਜਾਣਾ ਪੈਂਦਾ ਸੀ ਜਿਹੜਾ ਇਕ ਫ਼ੌਜੀ ਨਾਕੇ ਤੋਂ ਲੰਘਣ ਮਗਰੋਂ ਆਉਂਦਾ ਸੀ ਅਤੇ ਨੇੜੇ ਦੀ ਇਕ ਯਹੂਦੀ ਬਸਤੀ ਨੂੰ ਜਾਂਦੇ ਰਾਹ ਉੱਤੇ ਪੈਂਦਾ ਸੀ। ਇਹ ਵਾਟ 2-3 ਘੰਟੇ ਦੀ ਸੀ ਤੇ ਜਦ ਫ਼ੌਜੀ ਉਹਨੂੰ ਬਿਠਾ ਲੈਂਦੇ ਤਾਂ ਹੋਰ ਵੀ ਲੰਬੀ। ‘‘ਕਦੇ-ਕਦੇ ਫ਼ੌਜੀ ਮੈਨੂੰ ਮੇਰੇ ਖੋਤੇ ਸਣੇ ਜਾਣ ਦਿੰਦੇ ਨੇ ਤੇ ਕਦੇ ’ਕੱਲੇ ਨੂੰ ਹੀ। ਕਦੇ-ਕਦੇ ਮੇਰੇ ਵਾਪਸ ਆਉਂਦਿਆਂ ਤੋਂ ਉਹ ਸਾਰਾ ਪਾਣੀ ਡੋਲ੍ਹ ਦਿੰਦੇ ਨੇ, ਪਰ ਕਾਰਨ ਕਦੇ ਨਹੀਂ ਦੱਸਦੇ। ਇਕ ਵਾਰੀ ਤਾਂ ਉਨ੍ਹਾਂ ਨੇ ਮੇਰੇ ਪਾਣੀ ਦਿਆਂ ਢੋਲਾਂ ਉੱਤੇ ਟੈਂਕ ਚੜ੍ਹਾ ਦਿੱਤਾ।’’ ਉਹਨੂੰ ਏਦਾਂ ਦੇ ਵਤੀਰੇ ਉੱਤੇ ਹੈਰਾਨੀ ਹੁੰਦੀ ਸੀ। ‘‘ਜਲ ਤਾਂ ਜੀਵਨ ਹੈ।’’ ਉਹ ਬੋਲਿਆ।
ਅਹਿਮਦ ਕੋਲ ਨਿੱਤ ਦਿਨ ਇਹ ਸਫ਼ਰ ਕਰਦੇ ਰਹਿਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਪਿੰਡ ਵਿਚ ਆਉਂਦੇ ਪਾਣੀ ਦੇ ਟੈਂਕਰ ਦਾ ਡਰਾਈਵਰ ਜਿਹੜੇ ਮੁੱਲ ਪਾਣੀ ਵੇਚਦਾ ਸੀ- ਇਕ ਹਜ਼ਾਰ ਲਿਟਰ 2 ਅਮਰੀਕੀ ਡਾਲਰ ਦਾ- ਉਹਦੇ ਵਿੱਤੋਂ ਬਾਹਰ ਸੀ। ਜਦੋਂਕਿ ਉਹ ਡਰਾਈਵਰ ਵੀ ਇਰਾਕ-ਬੁਰਿਨ ਦੇ ਉਸ ਚਸ਼ਮੇ ਤੋਂ ਹੀ ਪਾਣੀ ਭਰ ਕੇ ਪਿੰਡ ਦੇ ਧਨਾਢ ਲੋਕਾਂ ਨੂੰ ਵੇਚਦਾ ਸੀ।
ਵੈਸਟ ਬੈਂਕ ਇਲਾਕੇ ਦੇ ਬਹੁਤੇ ਪੇਂਡੂ ਫ਼ਲਸਤੀਨੀ ਲੋਕ ਆਪਣੇ ਨਿੱਤ ਦਿਨ ਦੇ ਸੰਘਰਸ਼ ਦੀ ਐਸੀ ਹੀ ਵਿਥਿਆ ਸੁਣਾਉਂਦੇ ਨੇ। ਇੱਥੋਂ ਇਨ੍ਹਾਂ ਪਹਾੜੀਆਂ ਨੂੰ ਲੈ ਕੇ ਯਹੂਦੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਚਲਦੇ ਵਿਵਾਦ ਬਾਰੇ ਤਾਂ ਸਾਰਾ ਕੁਝ ਪਤਾ ਨਹੀਂ ਲੱਗਦਾ, ਪਰ ਇਹ ਕਹਾਣੀਆਂ ਏਨਾ ਜ਼ਰੂਰ ਦੱਸਦੀਆਂ ਨੇ ਕਿ ਕਿਵੇਂ ਉਨ੍ਹਾਂ ਵਿਵਾਦਾਂ ਕਾਰਨ ਗ਼ਰੀਬ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ।
* * *
ਮਦਾਮਾ ਪਿੰਡ ਦੀ ਦੋ ਹਜ਼ਾਰ ਦੀ ਵਸੋਂ ਕੋਲ ਪਾਣੀ ਦਾ ਇਕ ਹੋਰ ਸਰੋਤ ਹੁੰਦਾ ਸੀ। ਇੱਥੋਂ ਥੋੜ੍ਹੀ ਦੂਰ ਹੀ ਇਕ ਹੋਰ ਪਹਾੜੀ ਦੇ ਰਾਹ, ਯਿਤਜ਼ਰ ਨਾਂ ਦੀ ਯਹੂਦੀ ਬਸਤੀ ਕੋਲ ਇਕ ਚਮਸ਼ਾ ਹੁੰਦਾ ਸੀ। ਉੱਥੋਂ ਇਕ ਪਾਈਪ ਜਾਂਦੀ ਸੀ ਜਿਹੜੀ ਮਦਾਮਾ ਦੀ ਮਸਜਿਦ ਦੇ ਨਾਲ ਬਣੇ ਚੁਬੱਚੇ ’ਚ ਪਾਣੀ ਲਿਆ ਦਿੰਦੀ ਸੀ। ਇੱਥੋਂ ਪਿੰਡ ਵਾਸੀਆਂ ਨੂੰ ਸਾਫ਼ ਅਤੇ ਮੁਫ਼ਤ ਪਾਣੀ ਉਦੋਂ ਤੱਕ ਮਿਲਦਾ ਰਿਹਾ ਜਦ ਤੱਕ ਉਹ ਚਸ਼ਮਾ ਪ੍ਰਦੂਸ਼ਿਤ ਨਹੀਂ ਹੋ ਗਿਆ। ਪਿੰਡ ਵਿਚ ਸਭ ਦਾ ਮੰਨਣਾ ਸੀ ਕਿ ਪ੍ਰਦੂਸ਼ਣ ਦਾ ਕਾਰਨ ਯਹੂਦੀ ਬਸਤੀ ਹੈ। ਮੈਨੂੰ ਵੀ ਹੋਰ ਕੋਈ ਸੰਭਾਵੀ ਕਾਰਨ ਨਹੀਂ ਦਿਸਿਆ। ਔਕਸਫੈਮ (ਸੰਸਾਰ ਵਿਚ ਗ਼ਰੀਬੀ ਅਤੇ ਨਾਬਾਰਾਬਰੀ ਨਾਲ ਨਜਿੱਠਣ ਲਈ ਕੰਮ ਕਰਦੀ ਇਕ ਸੰਸਥਾ) ਦੇ ਜੈਫ਼ ਗਰੇਵਜ਼ ਨੂੰ ਵੀ ਨਹੀਂ ਜਿਹੜਾ ਉਸ ਪਿੰਡ ਦੀ ਫੇਰੀ ਦੌਰਾਨ ਮੇਰਾ ਗਾਈਡ ਸੀ। ‘‘ਦੋ ਵਾਰ ਸਾਨੂੰ ਉੱਥੇ ਦੇ ਨਲਕਿਆਂ ਨੂੰ ਬਦਲਣਾ ਪਿਆ, ਕਿਉਂ ਜੋ ਯਹੂਦੀਆਂ ਨੇ ਉਨ੍ਹਾਂ ਦੀ ਤੋੜ-ਭੰਨ ਕਰ ਦਿੱਤੀ ਸੀ। ਪਿਛਲੀ ਵਾਰ ਤਾਂ ਅਸੀਂ ਉੱਥੋਂ ਗੰਦੇ ਡਾਇਪਰ ਕੱਢੇ।’’
ਇਜ਼ਰਾਈਲ ਵੱਲੋਂ ਵਸਾਈਆਂ ਬਸਤੀਆਂ ’ਚੋਂ ਇਹ ਯਿਤਜ਼ਰ ਬਸਤੀ ਦੇ ਲੋਕਾਂ ਦਾ ਅਕਸ ਜ਼ਿਆਦਾ ਹੀ ਲੜਾਕੇ ਲੋਕਾਂ ਵਾਲਾ ਹੈ ਜਿਹੜੇ ਆਪਣੇ ਫ਼ਲਸਤੀਨੀ ਗੁਆਂਢੀਆਂ ਨਾਲ ਵੀ ਝਗੜਦੇ ਰਹੇ ਹਨ ਅਤੇ ਇਜ਼ਰਾਈਲ ਦੇ ਸੁਰੱਖਿਆ ਬਲਾਂ ਨਾਲ ਵੀ। ਆਇਦ ਕਮਾਲ, ਜਿਹੜਾ ਮੇਰੀ ਫੇਰੀ ਮੌਕੇ ਮਦਾਮਾ ਪਿੰਡ ਦੀ ਪੰਚਾਇਤ ਦਾ ਮੁਖੀ ਹੁੰਦਾ ਸੀ, ਨੇ ਮੈਨੂੰ ਦੱਸਿਆ- ‘‘ਕਈ ਵਾਰ ਜਦੋਂ ਅਸੀਂ ਪਹਾੜੀ ’ਤੇ ਉਤਾਂਹ ਵੱਲ ਨੂੰ ਜਾਣ ਲੱਗਦੇ ਹਾਂ ਤਾਂ ਬਸਤੀ ਵਾਲੇ ਸਾਡੇ ’ਤੇ ਗੋਲੀ ਚਲਾ ਦਿੰਦੇ ਨੇ। ਸਾਡੇ ਤਿੰਨ ਜਣੇ ਗੋਲੀ ਨਾਲ ਜ਼ਖ਼ਮੀ ਵੀ ਹੋਏ। ਉਨ੍ਹਾਂ ਨੇ ਸਾਡਾ ਇਕ ਖੋਤਾ ਵੀ ਮਾਰ ਦਿੱਤਾ।’’ ਗਰੇਵਜ਼ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਪਾਣੀ ਦੀ ਖੂਹੀ ਦੀ ਮੁਰੰਮਤ ਕਰਨ ਗਏ ਔਕਸਫੈਮ ਦੇ ਕਾਮਿਆਂ ਉੱਤੇ ਵੀ ਗੋਲੀ ਚਲਾਈ ਸੀ।
ਪਾਣੀ ਦਾ ਪ੍ਰਬੰਧ ਕਰਨਾ ਮਦਾਮਾ ਪਿੰਡ ਵਾਸੀਆਂ ਦੀ ਪੱਕੀ ਸਮੱਸਿਆ ਸੀ। ਬਹੁਤੇ ਪਰਿਵਾਰ ਸਰਦੀਆਂ ’ਚ ਮੀਂਹਾਂ ਦਾ ਪਾਣੀ ਛੱਤਾਂ ਰਾਹੀਂ ’ਕੱਠਾ ਕਰਕੇ ਜ਼ਮੀਨਦੋਜ਼ ਟੈਂਕੀਆਂ ’ਚ ਸਾਂਭ ਲੈਂਦੇ ਸਨ। ‘‘ਪਰ ਉਹ ਪਾਣੀ ਮਸਾਂ ਮਈ ਮਹੀਨੇ ਤੱਕ ਚਲਦਾ ਹੈ। ਉਸ ਤੋਂ ਮਗਰੋਂ, ਜੇ ਕਿਸੇ ਦੀ ਪਹੁੰਚ ਹੈ ਤਾਂ ਟੈਂਕਰਾਂ ਤੋਂ ਖਰੀਦਣਾ ਪੈਂਦਾ ਹੈ, ਜੇ ਨਹੀਂ ਤਾਂ ਖੋਤਿਆਂ ’ਤੇ ਲੱਦ ਕੇ ਦੂਰੋਂ ਲਿਆਉਣਾ ਪੈਂਦਾ ਹੈ।’’ ਕਮਾਲ ਨੇ ਦੱਸਿਆ। ਪਰ ਕਿਸੇ-ਕਿਸੇ ਵੇਲੇ ਤਾਂ ਉਹ ਮੁੱਲ ਦਾ ਪਾਣੀ ਵੀ ਨਹੀਂ ਖ਼ਰੀਦ ਸਕਦੇ। ਮੇਰੀ ਫੇਰੀ ਤੋਂ ਕੁਝ ਦਿਨ ਪਹਿਲਾਂ ਹੀ ਬਸਤੀ ਨੂੰ ਜਾਂਦੀ ਸੜਕ ਉੱਤੇ ਫ਼ੌਜੀ ਕਰਫਿਊ ਲੱਗਿਆ ਹੋਇਆ ਸੀ ਜਿਸ ਕਰਕੇ ਟੈਂਕਰ ਪਿੰਡ ਵੱਲ ਨੂੰ ਨਹੀਂ ਆ ਸਕਿਆ।
ਓਧਰ ਯਿਤਜ਼ਰ ਬਸਤੀ ਵਿਚ ਪਾਣੀ ਹਰ ਸਮੇਂ ਵਗਦਾ ਸੀ, ਲੋਕਾਂ ਦੇ ਘਰੀਂ ਬਗੀਚੀਆਂ ’ਚ ਫੁਹਾਰੇ ਚਲਦੇ ਸਨ ਅਤੇ ਉਨ੍ਹਾਂ ਦੇ ਖੇਤਾਂ ’ਚ ਬਿਨਾਂ ਤੋਟ ਸਿੰਜਾਈ ਹੋ ਰਹੀ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹ ਜਲ-ਆਧਾਰਿਤ ਨਸਲੀ ਵਿਤਕਰਾ ਹੈ।
* * *
ਵੈਸਟ ਬੈਂਕ ਵਿਚ ਕੋਈ ਸਥਾਈ ਦਰਿਆ ਤਾਂ ਨਹੀਂ ਹਨ, ਪਰ ਚੂਨੇ ਪੱਥਰ ਦੀਆਂ ਪਹਾੜੀਆਂ ਦੇ ਥੱਲੇ-ਥੱਲੇ ਗੁਫ਼ਾਵਾਂ ਅਤੇ ਸੁਰੰਗਾਂ ਦਾ ਜਾਲ ਵਿਛਿਆ ਹੋਇਆ ਹੈ ਜਿੱਥੇ ਮੀਂਹਾਂ ਦਾ ਪਾਣੀ ਜਮ੍ਹਾਂ ਹੁੰਦਾ ਰਹਿੰਦਾ ਹੈ। ਉਨ੍ਹਾਂ ਤਿੰਨ ਜ਼ਮੀਨਦੋਜ਼ ਜਲ-ਭੰਡਾਰਾਂ ’ਚੋਂ ਸਭ ਤੋਂ ਵੱਡਾ ਉਨ੍ਹਾਂ ਪਹਾੜੀਆਂ ਦੀਆਂ ਪੱਛਮੀ ਢਲਾਣਾਂ ਥੱਲੇ ਹੈ ਜਿੱਥੋਂ ਪਾਣੀ ਇਜ਼ਰਾਈਲ ਵੱਲ ਨੂੰ ਤੇ ਫੇਰ ਭੂ-ਮੱਧ ਸਾਗਰ ਨੂੰ ਵਹਿੰਦਾ ਹੈ। ਦੂਜੇ ਨੰਬਰ ਦਾ ਜਲ ਭੰਡਾਰ, ਨਬਲੂਸ ਕੋਲ ਉੱਤਰ ਵੱਲ ਨੂੰ ਵਗਦਾ ਹੈ ਅਤੇ ਗੈਲਿਲੀ ਸਾਗਰ ਦਾ ਬਹੁਤਾ ਪਾਣੀ ਇੱਥੋਂ ਆਉਂਦਾ ਹੈ। ਤੀਸਰਾ ਪੂਰਬ ਵੱਲ ਨੂੰ ਜਾਰਡਨ ਘਾਟੀ ਵਿਚ ਵਗਦਾ ਹੈ। ਉਨ੍ਹਾਂ ਤਿੰਨਾਂ ਨੂੰ ਇਕੱਠਿਆਂ ‘ਪਰਬਤੀ-ਜਲ-ਭੰਡਾਰ’ ਆਖਿਆ ਜਾਂਦਾ ਹੈ। ਇਹ ਜਲ ਭੰਡਾਰ, ਜਿੱਥੋਂ ਜਾਂ ਤਾਂ ਖੂਹਾਂ ਰਾਹੀਂ ਜਾਂ ਚਸ਼ਮਿਆਂ ’ਚੋਂ ਵਗਦਾ ਹੋਇਆ ਪਾਣੀ ਕੱਢਿਆ ਜਾਂਦਾ ਹੈ, ਫ਼ਲਸਤੀਨੀ ਲੋਕਾਂ ਲਈ ਪਾਣੀ ਦਾ ਇਕੋ ਇਕ ਸਰੋਤ ਹੈ ਅਤੇ ਇਹ ਇਜ਼ਰਾਈਲ ਅਤੇ ਫ਼ਲਸਤੀਨ ਵਿਚਾਲੇ ਚਲਦੇ ਝਗੜੇ ਦੀ ਜੜ੍ਹ ਹੈ।
1950ਵਿਆਂ ’ਚ ਜਦੋਂ ਫ਼ਲਸਤੀਨੀ ਇੱਥੇ ਜਾਰਡਨ ਦੇ ਰਾਜ ਹੇਠਾਂ ਰਹਿੰਦੇ ਸਨ, ਉਦੋਂ ਵੈਸਟ ਬੈਂਕ ਵਿਚ ਚੋਖਾ ਪਾਣੀ ਸੀ। ਮੀਂਹਾਂ ਦਾ ਪਾਣੀ ਲੋਕਾਂ ਦੀ ਲੋੜ ਤੋਂ ਜ਼ਿਆਦਾ ਵਰ੍ਹਦਾ ਸੀ ਅਤੇ ਜਲ-ਭੰਡਾਰਾਂ ਵਿਚ ਜਮ੍ਹਾਂ ਹੁੰਦਾ ਰਹਿੰਦਾ ਸੀ। ਵੈਸਟ ਬੈਂਕ ਅਤੇ ਇਜ਼ਰਾਈਲ ਦੀ ਸਰਹੱਦ ਦੇ ਨਾਲ-ਨਾਲ ਪੱਛਮੀ ਜਲ-ਭੰਡਾਰ ਦੇ ਚਸ਼ਮੇ ਲਗਾਤਾਰ ਝਰਦੇ ਰਹਿੰਦੇ ਸਨ। ਇਨ੍ਹਾਂ ਝਰਨਿਆਂ ਤੋਂ ਹੀ ਇਜ਼ਰਾਈਲ ਦੇ ਦੋ ਸਭ ਤੋਂ ਵੱਡੇ ਦਰਿਆ ਯਰਕੋਨ ਅਤੇ ਤਨੀਨਿਮ ਸ਼ੁਰੂ ਹੁੰਦੇ ਸਨ ਜੋ ਭੂ-ਮੱਧ ਸਾਗਰ ਵਿਚ ਜਾ ਡਿੱਗਦੇ ਸਨ। ਜਿਵੇਂ-ਜਿਵੇਂ ਮੁਲਕ ਦੀ ਆਬਾਦੀ ਵਧੀ ਤਾਂ ਇਜ਼ਰਾਈਲੀਆਂ ਨੇ ਸਰਹੱਦ ਦੇ ਨਾਲ-ਨਾਲ ਡੂੰਘੇ ਬੋਰ ਕਰਕੇ ਸਿੱਧਾ ਜਲ-ਭੰਡਾਰਾਂ ’ਚੋਂ ਹੀ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਜਲਦ ਹੀ ਉਨ੍ਹਾਂ ਵੈਸਟ ਬੈਂਕ ਦੇ ਥੱਲਿਓਂ ਇੰਨਾ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਜਿੰਨਾ ਫ਼ਲਸਤੀਨੀਆਂ ਨੇ ਕਦੇ ਵੀ ਨਹੀਂ ਸੀ ਕੱਢਿਆ। ਉਹ ਵੀ ਵੈਸਟ ਬੈਂਕ ਦੀ ਜ਼ਮੀਨ ਉੱਤੇ ਪੈਰ ਰੱਖੇ ਬਗ਼ੈਰ।
ਇਜ਼ਰਾਈਲ ਵੱਲੋਂ ਪੱਛਮੀ ਜਲ-ਭੰਡਾਰ ਵਿਚੋਂ ਪਾਣੀ ਕੱਢਣ ਪਿੱਛੇ ਇਕ ਸ਼ਖ਼ਸ, ਜਲ-ਮਾਹਿਰ ਇੰਜੀਨੀਅਰ ਜ਼ੀਇਵ ਗੋਲਾਨੀ ਸੀ। ‘‘1960ਵਿਆਂ ਦੇ ਸ਼ੁਰੂ ਤੱਕ ਅਸੀਂ ਉਸ ਜਲ-ਭੰਡਾਰ ’ਚੋਂ ਤਕਰੀਬਨ 2 ਲੱਖ 40 ਹਜ਼ਾਰ ਏਕੜ ਫੁੱਟ ਪਾਣੀ ਲੈ ਰਹੇ ਸਾਂ ਜਦੋਂਕਿ ਅਰਬੀ ਮੂਲ ਦੇ ਲੋਕ ਲਗਪਗ 16 ਹਜ਼ਾਰ ਏਕੜ ਫੁੱਟ। ਦੋਵੇਂ ਧਿਰਾਂ ਮਿਲ ਕੇ ਇਸ ਜਲ-ਭੰਡਾਰ ਦਾ ਪੂਰਾ ਫ਼ਾਇਦਾ ਚੁੱਕ ਰਹੀਆਂ ਸਨ।’’ ਉਸ ਨੇ ਮੈਨੂੰ ਦੱਸਿਆ। ਤੇ ਫੇਰ ਉਸ ਜਲ-ਭੰਡਾਰ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ। ‘‘ਤੇ ਫੇਰ ਜਦੋਂ 1967 ਵਿਚ ਛੇ-ਦਿਨਾਂ ਜੰਗ ਮਗਰੋਂ ਇਜ਼ਰਾਈਲ ਨੇ ਵੈਸਟ ਬੈਂਕ ’ਤੇ ਕਬਜ਼ਾ ਕਰ ਲਿਆ ਤਾਂ ਅਸੀਂ ਇਹ ਲਾਗੂ ਕਰ ਦਿੱਤਾ ਕਿ ਕੋਈ ਵੀ ਧਿਰ ਉਸ ਮਾਤਰਾ ਤੋਂ ਵਧੇਰੇ ਪਾਣੀ ਨਹੀਂ ਖਿੱਚ ਸਕੇਗੀ- ਖੇਤੀਬਾੜੀ ਲਈ ਤਾਂ ਬਿਲਕੁਲ ਵੀ ਨਹੀਂ।’’ ਉਸ ਤੋਂ ਅੱਧੀ ਸਦੀ ਮਗਰੋਂ ਸਥਿਤੀ ਓਥੇ ਹੀ ਖੜ੍ਹੀ ਹੈ। ਇਜ਼ਰਾਈਲੀ ਉਸ ਜਲ-ਭੰਡਾਰ ’ਚੋਂ ਇਕ ਵੱਡਾ ਗੱਫ਼ਾ ਵਰਤ ਰਹੇ ਸਨ ਅਤੇ ਜਲ-ਸੰਭਾਲ ਦੇ ਨਾਮ ਹੇਠਾਂ ਉਨ੍ਹਾਂ ਇਹ ਫੁਰਮਾਨ ਜਾਰੀ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਉਹ ਹਮੇਸ਼ਾ ਏਨਾ ਵੱਡਾ ਗੱਫ਼ਾ ਵਰਤਦੇ ਰਹਿਣਗੇ।
1967 ਤੋਂ ਲੈ ਕੇ ਹੁਣ ਤੱਕ ਵੈਸਟ ਬੈਂਕ ਉੱਤੇ ਲਾਗੂ ਇਹ ਇਜ਼ਰਾਈਲੀ ਜਲ-ਕਾਨੂੰਨ ਬੜਾ ਹੀ ਪੱਕਾ ਤੇ ਸਖ਼ਤ ਹੈ। ਇਜ਼ਰਾਈਲ ਫ਼ਲਸਤੀਨੀਆਂ ਨੂੰ ਨਵੇਂ ਖ਼ੂਹਾਂ ਲਈ ਬੋਰ ਕਰਨ ਦੀ ਆਗਿਆ ਨਹੀਂ ਦਿੰਦਾ, ਭਾਵੇਂ ਪੁਰਾਣੇ ਖੂਹ ਸੁੱਕ ਜਾਣ ਫੇਰ ਵੀ ਨਹੀਂ। ਵਿਡੰਬਨਾ ਇਹ ਹੈ ਕਿ ਇਹ ਸਖ਼ਤ ਕਾਨੂੰਨ ਓਸਲੋ ਸਮਝੌਤੇ ਦੀਆਂ ਸ਼ਰਤਾਂ ਵਿਚ ਵੀ ਇੰਨ-ਬਿੰਨ ਟਿਕਿਆ ਰਿਹਾ ਜਿਸ ’ਤੇ ਸਾਲ 1993 ਵਿਚ ਇਜ਼ਰਾਈਲੀ ਅਤੇ ਫ਼ਲਸਤੀਨੀ ਆਗੂਆਂ ਨੇ ਦਸਤਖ਼ਤ ਕੀਤੇ ਸਨ। ਉਸ ਸਮਝੌਤੇ ਦਾ ਮਕਸਦ ਇਕ ਆਰਜ਼ੀ ਹੱਲ ਲੱਭਣ ਦਾ ਸੀ ਜਦੋਂ ਤੱਕ ਜ਼ਮੀਨ ਅਤੇ ਪਾਣੀਆਂ ਦੇ ਮਸਲਿਆਂ ਦਾ ਟਿਕਾਊ ਹੱਲ ਨਹੀਂ ਲੱਭ ਲਿਆ ਜਾਂਦਾ। ਸਮਝੌਤੇ ਦੀਆਂ ਸ਼ਰਤਾਂ ਨੇ ਮੋਟੇ ਤੌਰ ’ਤੇ ਯਥਾ-ਸਥਿਤੀ ਨੂੰ ਹੀ ਬਰਕਰਾਰ ਰੱਖਿਆ, ਭਾਵ ਇਜ਼ਰਾਈਲ ਕੋਲ ਪੱਛਮੀ ਜਲ-ਭੰਡਾਰ ਦੇ 80 ਫ਼ੀਸਦੀ ਹਿੱਸੇ ਉੱਤੇ ਕਬਜ਼ਾ ਬਰਕਰਾਰ ਰਿਹਾ। ਹੁਣ ਜਦੋਂ ਪੱਕਾ ਹੱਲ ਤਾਂ ਹਾਲੇ ਨੇੜੇ-ਤੇੜੇ ਵੀ ਨਹੀਂ, ਫ਼ਲਸਤੀਨੀ ਲੋਕ ਪਾਣੀਆਂ ਦੀ ਸ਼ਰ੍ਹੇਆਮ ਕਾਣੀ-ਵੰਡ ਨਾਲ ਬੱਝੇ ਹੋਏ ਨੇ।
ਬਰ-ਇਲਾਨ ਯੂਨੀਵਰਸਿਟੀ ਵਿਖੇ ਬੇਗਿਨ-ਸਾਦਤ ਕੂਟਨੀਤੀ ਅਧਿਐਨ ਕੇਂਦਰ ਦੇ ਮਾਹਿਰ ਹਾਇਮ ਗਵਿਰਟਜ਼ਮੈਨ ਦਾ ਕਹਿਣਾ ਹੈ ਕਿ ਇਹ ਸਥਿਤੀ ਦਾ ਸਹੀ ਮੁਲਾਂਕਣ ਨਹੀਂ ਹੈ। ਉਹਦਾ ਦਾਅਵਾ ਹੈ ਕਿ ਕਾਨੂੰਨੀ ਬੰਦਿਸ਼ ਦੇ ਬਾਵਜੂਦ ਫ਼ਲਸਤੀਨੀਆਂ ਨੇ ਉਸ ਜਲ-ਭੰਡਾਰ ਵਿਚ ਕੋਈ 250 ਗ਼ੈਰ-ਕਾਨੂੰਨੀ ਬੋਰ ਕੀਤੇ ਹੋਏ ਨੇ ਜਿਸ ਕਰਕੇ ਕਈ ਇਜ਼ਰਾਈਲੀ ਕਿਸਾਨਾਂ ਨੂੰ ਆਪਣੀ ਬਿਜਾਈ ਹੇਠ ਰਕਬਾ ਘਟਾਉਣਾ ਪਿਆ। ਉਹ ਕਹਿੰਦਾ ਹੈ ਕਿ ਓਸਲੋ ਸਮਝੌਤੇ ਤਹਿਤ ਫ਼ਲਸਤੀਨੀਆਂ ਨੂੰ ਪੂਰਬੀ ਜਲ-ਭੰਡਾਰ ਵਿਚ 40 ਥਾਵਾਂ ’ਤੇ ਬੋਰ ਕਰ ਸਕਣ ਦਾ ਅਧਿਕਾਰ ਹੈ, ਪਰ ਉੱਥੇ ਉਨ੍ਹਾਂ ਨੇ ਸਿਰਫ਼ ਤੀਜਾ ਹਿੱਸਾ ਬੋਰ ਕੀਤੇ ਹਨ। ਉਸ ਲਿਖਿਆ, ‘‘ਜੇ ਫ਼ਲਸਤੀਨੀ ਲੋਕ ਉਨ੍ਹੀਂ ਥਾਈਂ ਬੋਰ ਕਰਕੇ ਪੰਪ ਚਲਾ ਲੈਣ ਤਾਂ ਉਨ੍ਹਾਂ ਦੀ ਮੌਜੂਦਾ ਥੁੜ੍ਹ ਮੁਕੰਮਲ ਤੌਰ ’ਤੇ ਪੂਰੀ ਹੋ ਜਾਵੇਗੀ, ਕਿਉਂਜੋ ਉਨ੍ਹਾਂ ਨੂੰ ਚਾਲੀ ਹਜ਼ਾਰ ਏਕੜ ਫੁੱਟ ਪਾਣੀ ਹੋਰ ਮਿਲ ਜਾਵੇਗਾ।’’
ਪਰ ਮੈਂ ਜਿਹੜੇ ਨਿਰਪੱਖ ਜਲ-ਮਾਹਿਰਾਂ ਨਾਲ ਗੱਲ ਕੀਤੀ, ਉਹ ਸਾਰੇ ਇਸ ਨਾਲ ਸਹਿਮਤ ਨਹੀਂ। ਜਰਮਨੀ ਦੀ ਫ਼ਰਾਈਬਰਗ ਯੂਨੀਵਰਸਿਟੀ ਦੇ ਜਲ ਮਾਹਿਰ ਕਲੀਮੈਂਸ ਮੈਸਰਸ਼ਮਿਡ, ਜਿਹੜਾ ਫ਼ਲਸਤੀਨੀ ਲੋਕਾਂ ਨਾਲ ਉਨ੍ਹਾਂ ਦੇ ਜਲ-ਪ੍ਰਬੰਧ ਬਾਰੇ ਦੋ ਦਹਾਕਿਆਂ ਤੋਂ ਕੰਮ ਕਰ ਰਿਹਾ ਹੈ, ਨੇ ਦੱਸਿਆ ਕਿ ‘‘ਓਸਲੋ ਸਮਝੌਤੇ ਵੇਲੇ ਪੂਰਬੀ ਜਲ-ਭੰਡਾਰ ਅੰਦਰ ਜਿੰਨੀ ਪਾਣੀ ਦੀ ਮਾਤਰਾ ਦਾ ਅਨੁਮਾਨ ਲਾਇਆ ਗਿਆ ਸੀ, ਅਸਲ ਵਿਚ ਉਸ ਦਾ ਸਿਰਫ਼ ਇਕ ਚੌਥਾਈ ਹੀ ਮੌਜੂਦ ਹੈ ਤੇ ਬੋਰ ਕਰਨ ਲਈ ਢੁੱਕਵੀਆਂ ਥਾਵਾਂ ਸਿਰਫ਼ ਜਾਰਡਨ ਘਾਟੀ ਵਿਚ ਹਨ ਜਿਸ ਦੀ ਲਾਗਤ ਦੇ ਪੱਖੋਂ ਕੋਈ ਤੁਕ ਨਹੀਂ ਬਣਦੀ। ਉੱਥੇ ਪਾਣੀ ਦਾ ਪੱਧਰ ਮੀਲ ਦੇ ਤੀਜੇ ਹਿੱਸੇ ਤੋਂ ਲੈ ਕੇ ਅੱਧ ਮੀਲ ਥੱਲੇ ਤੱਕ ਹੈ ਅਤੇ ਓਥੇ ਏਨੇ ਜ਼ਿਆਦਾ ਖੂਹ ਖੁਸ਼ਕ ਹੋਏ ਪਏ ਨੇ ਕਿ ਕੋਈ ਵੀ ਸਹਾਇਤਾ ਏਜੰਸੀ ਇਕ ਹਜ਼ਾਰ ਡਾਲਰ ਪ੍ਰਤੀ ਗਜ਼ ਬੋਰ ਕਰਨ ਦਾ ਖ਼ਰਚਾ ਕਰ ਕੇ ਰਾਜ਼ੀ ਨਹੀਂ।’’ ਅਮਰੀਕੀ ਸਰਕਾਰ ਦੀ ਸਹਾਇਤਾ ਏਜੰਸੀ ਯੂ.ਐੱਸ. ਏਡ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਇਸ ਏਜੰਸੀ ਦੇ ਜਲ-ਸਰੋਤਾਂ ਬਾਰੇ ਮੁਖੀ ਐਲਵਿਨ ਨਿਊਮੈਨ ਨੇ ਸੁਰਗਵਾਸ ਹੋਣ ਤੋਂ ਪਹਿਲਾਂ ਮੈਨੂੰ ਦੱਸਿਆ ਸੀ- ‘‘ਅਸੀਂ ਪੂਰਬੀ ਜਲ-ਭੰਡਾਰ ਦਾ ਭੋਗ ਪਾਉਣ ਦੇ ਲਾਗੇ ਹੀ ਹਾਂ। ਜੇ ਤੁਸੀਂ ਪਹਿਲਾਂ ਜ਼ਮੀਨ ਦੇ ਅੱਧੀ ਮੀਲ ਹੇਠਾਂ ਤੋਂ ਪਾਣੀ ਖਿੱਚ ਰਹੇ ਓ ਤੇ ਫੇਰ ਇਕ ਕਿਲੋਮੀਟਰ ਉੱਪਰ ਪਹਾੜੀ ’ਤੇ ਵਸੇ ਨਬਲੂਸ ਸ਼ਹਿਰ ਵੱਲ ਨੂੰ ਭੇਜ ਰਹੇ ਓ- ਤਾਂ ਇਸ ’ਤੇ ਬਹੁਤ ਭਾਰੀ ਖ਼ਰਚਾ ਆਉਂਦਾ ਹੈ।’’
ਜਿਵੇਂ-ਜਿਵੇਂ ਵੈਸਟ ਬੈਂਕ ਦੇ ਚਸ਼ਮੇ ਅਤੇ ਖੂਹ ਸੁੱਕ ਰਹੇ ਨੇ ਅਤੇ ਫ਼ਲਸਤੀਨੀ ਆਬਾਦੀ ਵਧ ਰਹੀ ਹੈ, ਫ਼ਲਸਤੀਨੀਆਂ ਕੋਲ ਪ੍ਰਤੀ ਜੀਅ ਪਾਣੀ ਉਸ ਸਮੇਂ ਨਾਲੋਂ ਘਟ ਰਿਹਾ ਹੈ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਸੀ। 18 ਗੈਲਨ (68 ਲਿਟਰ) ਪ੍ਰਤੀ ਜੀਅ ਪ੍ਰਤੀ ਦਿਨ ਦੇ ਹਿਸਾਬ ਨਾਲ ਇਹ ਮਾਤਰਾ ਗੁਆਂਢ ’ਚ ਰਹਿੰਦੇ ਇਜ਼ਰਾਈਲੀ ਲੋਕਾਂ ਦੀ ਪ੍ਰਤੀ ਜੀਅ ਮਾਤਰਾ ਦਾ ਸਿਰਫ਼ ਚੌਥਾ ਹਿੱਸਾ ਹੈ। ਵਿਸ਼ਵ ਸਿਹਤ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਪੱਟੀ ਵਾਂਗ ਹੀ ਵੈਸਟ ਬੈਂਕ ਵਿਚ ਵੀ ਫ਼ਲਸਤੀਨੀ ਆਬਾਦੀ ਵਿਚ ਬਿਮਾਰੀਆਂ ਫੈਲਣ ਦਾ ਕਾਰਨ ਮਾੜੀ ਜਲ-ਸਪਲਾਈ ਹੈ।
ਇਜ਼ਰਾਈਲ ਦੀ ਕੰਡਿਆਲੀ ਤਾਰ ਨੇ ਸੰਕਟ ਨੂੰ ਹੋਰ ਡੂੰਘਾ ਕੀਤਾ ਹੋਇਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਸਾਲ 2000 ਅਤੇ 2005 ਦਰਮਿਆਨ ਹੋਏ ਆਤਮਘਾਤੀ ਹਮਲਿਆਂ ਪਿੱਛੋਂ ਉਨ੍ਹਾਂ ਆਤਮਘਾਤੀ ਹਮਲਾਵਰਾਂ ਨੂੰ ਰੋਕਣ ਖ਼ਾਤਰ ਇਹ ਕੰਡਿਆਲੀ ਤਾਰ ਲਾਈ ਸੀ, ਪਰ ਪਾਣੀ ਦੇ ਪੱਖੋਂ ਵੇਖਿਆਂ ਇਹ ਵਾੜ ਬੜੀ ਵੰਡ-ਪਾਊ ਹੈ। ਇਹਨੇ ਦਰਜਨਾਂ ਫ਼ਲਸਤੀਨੀ ਪਿੰਡਾਂ ਨੂੰ ਉਨ੍ਹਾਂ ਦੇ ਹੀ ਖੂਹਾਂ ਤੋਂ ਅਲੱਗ ਕਰ ਦਿੱਤਾ ਹੈ। ਮੈਸਰਸ਼ਮਿਡ ਨੇ ਹਿਸਾਬ ਲਾਇਆ ਹੈ ਕਿ ਜਿੰਨੇ ਖੂਹ ਅਤੇ ਚਸ਼ਮੇ ਵਾੜ ਦੇ ਦੂਜੇ ਪਾਸੇ ਰਹਿ ਗਏ, ਉਸ ਨਾਲ ਫ਼ਲਸਤੀਨੀ ਲੋਕ ਪਹਿਲਾਂ ਨਾਲੋਂ ਕਰੀਬ ਚੌਥਾ ਹਿੱਸਾ ਪਾਣੀ ਤੋਂ ਵਾਂਝੇ ਰਹਿ ਗਏ ਨੇ।
ਬਿਨਾਂ ਸ਼ੱਕ ਇਜ਼ਰਾਈਲੀਆਂ ਨੂੰ ਪਾਣੀ ਸੁਰੱਖਿਆ ਦਾ ਅਤੇ ਆਪਣੇ ਪਾਣੀ ਉੱਤੇ ਪੂਰਾ ਹੱਕ ਹੈ ਪਰ ਫ਼ਲਸਤੀਨੀਆਂ ਦੇ ਆਪਣੇ ਹੱਕ ਵੀ ਤਾਂ ਹਨ ਅਤੇ ਵੈਸਟ ਬੈਂਕ ਦੀਆਂ ਪਹਾੜੀਆਂ ਉੱਪਰ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਹੀ ਪਾਣੀ ਦਾ ਕਬਜ਼ਾ ਛੱਡ ਦੇਣਾ ਤਾਂ ਦੂਰ ਦੀ ਗੱਲ ਸਗੋਂ ਇਜ਼ਰਾਈਲ ਵੈਸਟ ਬੈਂਕ ਦੀ ਜਲ-ਸਪਲਾਈ ਨੂੰ ਲੈ ਕੇ ਸ਼ਿਕੰਜਾ ਹੋਰ ਕਸ ਰਿਹਾ ਹੈ। ਜਦ ਤੱਕ ਇਨ੍ਹਾਂ ਚੀਜ਼ਾਂ ਵਿਚ ਤਬਦੀਲੀ ਨਹੀਂ ਆਉਂਦੀ, ਉਦੋਂ ਤੱਕ ਸਾਲਾਂਬੱਧੀ ਅਹਿਮਦ ਕੋਟ ਨੂੰ ਮਦਾਮਾ ਪਿੰਡ ਵਾਲੀ ਖੂਹੀ ’ਚੋਂ ਹੀ ਪਾਣੀ ਭਰਦੇ ਰਹਿਣਾ ਪੈਣਾ ਹੈ। ਉਦੋਂ ਤੱਕ ਜਲ-ਸੰਕਟ ਨੂੰ ਲੈ ਕੇ ਅਮਨ ਦੀ ਆਸ ਨਹੀਂ ਕੀਤੀ ਜਾ ਸਕਦੀ।
- ਅਨੁਵਾਦ: ਗੁਰਰੀਤ ਬਰਾੜ (ਸੰਪਰਕ: +1-559-259-3446, ਈ-ਮੇਲ: gurreet.brar@gmail.com)
ਧੰਨਵਾਦ: ਸਤੀਸ਼ ਗੁਲਾਟੀ (ਸੰਪਰਕ: 98152-98459)

ਪਾਣੀ ਦਾ ਪ੍ਰਬੰਧ ਕਰਨਾ ਮਦਾਮਾ ਪਿੰਡ ਵਾਸੀਆਂ ਦੀ ਪੱਕੀ ਸਮੱਸਿਆ ਸੀ। ਬਹੁਤੇ ਪਰਿਵਾਰ ਸਰਦੀਆਂ ’ਚ ਮੀਂਹਾਂ ਦਾ ਪਾਣੀ ਛੱਤਾਂ ਰਾਹੀਂ ’ਕੱਠਾ ਕਰਕੇ ਜ਼ਮੀਨਦੋਜ਼ ਟੈਂਕੀਆਂ ’ਚ ਸਾਂਭ ਲੈਂਦੇ ਸਨ। ‘‘ਪਰ ਉਹ ਪਾਣੀ ਮਸਾਂ ਮਈ ਮਹੀਨੇ ਤੱਕ ਚਲਦਾ ਹੈ। ਉਸ ਤੋਂ ਮਗਰੋਂ, ਜੇ ਕਿਸੇ ਦੀ ਪਹੁੰਚ ਹੈ ਤਾਂ ਟੈਂਕਰਾਂ ਤੋਂ ਖਰੀਦਣਾ ਪੈਂਦਾ ਹੈ, ਜੇ ਨਹੀਂ ਤਾਂ ਖੋਤਿਆਂ ’ਤੇ ਲੱਦ ਕੇ ਦੂਰੋਂ ਲਿਆਉਣਾ ਪੈਂਦਾ ਹੈ।’’ ਕਮਾਲ ਨੇ ਦੱਸਿਆ। ਪਰ ਕਿਸੇ-ਕਿਸੇ ਵੇਲੇ ਤਾਂ ਉਹ ਮੁੱਲ ਦਾ ਪਾਣੀ ਵੀ ਨਹੀਂ ਖ਼ਰੀਦ ਸਕਦੇ। ਮੇਰੀ ਫੇਰੀ ਤੋਂ ਕੁਝ ਦਿਨ ਪਹਿਲਾਂ ਹੀ ਬਸਤੀ ਨੂੰ ਜਾਂਦੀ ਸੜਕ ਉੱਤੇ ਫ਼ੌਜੀ ਕਰਫਿਊ ਲੱਗਿਆ ਹੋਇਆ ਸੀ ਜਿਸ ਕਰਕੇ ਟੈਂਕਰ ਪਿੰਡ ਵੱਲ ਨੂੰ ਨਹੀਂ ਆ ਸਕਿਆ। ਓਧਰ ਯਿਤਜ਼ਰ ਬਸਤੀ ਵਿਚ ਪਾਣੀ ਹਰ ਸਮੇਂ ਵਗਦਾ ਸੀ, ਲੋਕਾਂ ਦੇ ਘਰੀਂ ਬਗੀਚੀਆਂ ’ਚ ਫੁਹਾਰੇ ਚਲਦੇ ਸਨ ਅਤੇ ਉਨ੍ਹਾਂ ਦੇ ਖੇਤਾਂ ’ਚ ਬਿਨਾਂ ਤੋਟ ਸਿੰਜਾਈ ਹੋ ਰਹੀ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹ ਜਲ-ਆਧਾਰਿਤ ਨਸਲੀ ਵਿਤਕਰਾ ਹੈ।

Advertisement
Author Image

Advertisement