ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੱਕ ਰਹੇ ਨੇ ਪਾਣੀ

07:44 AM Sep 17, 2023 IST

ਫਰੈੱਡ ਪੀਅਰਸ

Advertisement

ਜਲ ਤੇ ਜੀਵਨ - 3

ਜੀਤ ਭਾਈ ਚੌਧਰੀ ਭਾਰਤ ਦੇ ਗੁਜਰਾਤ ਸੂਬੇ ਦੇ ਕੁਸ਼ਕਲ ਨਾਂ ਦੇ ਇਕ ਪਿੰਡ ਵਿਚ ਖੇਤੀ ਕਰਦਾ ਹੈ। ਉਹ ਰਵਾਇਤੀ ਪੱਖ ਤੋਂ ਇਕ ਆਦਰਸ਼ ਕਿਸਾਨ ਹੈ ਤੇ ਵਾਤਾਵਰਣ ਪੱਖੀ ਸੋਚ ਵਾਲਾ ਵੀ। ਉਹ ਆਪਣੇ ਖੇਤ ਵਿਚ ਰੂੜੀ ਅਤੇ ਕੁਦਰਤੀ ਕੀਟਨਾਸ਼ਕ ਵਰਤਦਾ ਹੈ ਜਿਹੜੀ ਉਹ ਨਦੀਨਾਂ ਦੇ ਬੂਟਿਆਂ ਨੂੰ ਪਾਣੀ ’ਚ ਭਿਉਂ/ਗਾਲ ਕੇ ਬਣਾਉਂਦਾ ਹੈ। ਉਹ ਆਪਣੇ ਖੇਤ ਦੇ ਬੰਨਿਆਂ ਉਪਰ ਫਲਦਾਰ ਬੂਟੇ ਉਗਾਉਂਦਾ ਹੈ ਤੇ ਆਪਣੇ ਪਸ਼ੂਆਂ ਦੀ ਵੀ ਚੰਗੀ ਦੇਖਭਾਲ ਕਰਦਾ ਹੈ। ਮੈਂ ਉਹਨੂੰ ਇਕ ਦਿਨ ਸਵੇਰੇ-ਸਵੇਰੇ ਮਿਲਿਆ ਜਦ ਸੂਰਜ ਉਹਦੇ ਖੇਤਾਂ ਵਿਚਦੀ ਧੁੰਦ ’ਚੋਂ ਹਾਲੇ ਉਭਰਨ ਹੀ ਲੱਗਾ ਸੀ। ਉਹ ਬਾਲਟੀ ਵਿਚ ਆਪਣੀਆਂ ਗਾਵਾਂ ਦਾ ਦੁੱਧ ਚੋਅ ਰਿਹਾ ਸੀ ਜਿਹੜਾ ਉਹ ਪਿੰਡ ’ਚ ਹੀ ਬਣੇ ਦੁੱਧ-ਉਗਰਾਹੀ ਕੇਂਦਰ ਵਿਚ ਦਿਹਾੜੀ ਵਿਚ ਦੋ ਵਾਰ ਪਾ ਕੇ ਆਉਂਦਾ ਸੀ। ਉੱਥੋਂ ਉਹ ਸਾਰਾ ਦੁੱਧ ਟਰੱਕਾਂ ਰਾਹੀਂ ਸੂਬੇ ’ਚ ਹੀ ਬਣੀ ਭਾਰਤ ਦੀ ਮਸ਼ਹੂਰ ਕੋਆਪ੍ਰੇਟਿਵ ਅਮੁਲ ਡੇਅਰੀ ਨੂੰ ਜਾਂਦਾ ਸੀ। ਇਹ ਇਕ ਬੜੇ ਹੀ ਆਦਰਸ਼ ਛੋਟੇ ਜੈਵਿਕ ਡੇਅਰੀ ਫਾਰਮ ਦੀ ਉਦਾਹਰਣ ਜਾਪਦੀ ਹੈ।
ਥੋੜ੍ਹੀ ਜਹੀ ਖੋਜਬੀਨ ਕੀਤਿਆਂ ਪਤਾ ਲੱਗਦਾ ਹੈ ਕਿ ਚੌਧਰੀ ਦੀ ਉੱਤੋਂ-ਉੱਤੋਂ ਦਿਸਣ ਵਾਲੀ ਕਾਰਜ-ਕੁਸ਼ਲਤਾ ਇਸ ਸੂਬੇ ਅੰਦਰ ਜਲ ਦੇ ਗੜਬੜ ਪ੍ਰਬੰਧ ਦੀ ਕੋਝੀ ਤਸਵੀਰ ਹੈ। ਦੁੱਧ ਚੋਣ ਮਗਰੋਂ, ਚੌਧਰੀ ਨੇ ਮੈਨੂੰ ਦੱਸਿਆ ਕਿ ਉਸ ਦਾ ਫਾਰਮ ਕਿਸ ਤਰ੍ਹਾਂ ਚਲਦਾ ਹੈ। ਉਹਦੇ ਕੋਲ ਸਿਰਫ਼ 5 ਕਿੱਲੇ ਜ਼ਮੀਨ ਹੈ। ਜ਼ਮੀਨ ਜਿਹੜੀ ਧਰਤੀ ਹੇਠਲੇ ਪਾਣੀ ਬਿਨਾਂ ਬੰਜਰ ਹੋ ਜਾਵੇਗੀ। ਉਹਦੇ ਕੋਲ ਇਕ ਛੋਟਾ ਪੰਪ ਸੀ ਜਿਹੜਾ ਇਕ ਘੰਟੇ ਵਿਚ 12 ਹਜ਼ਾਰ ਲਿਟਰ ਪਾਣੀ ਕੱਢਦਾ ਸੀ। ਉਹਨੂੰ ਖੇਤਾਂ ਨੂੰ ਪਾਣੀ ਲਾਉਣ ਲਈ ਪੂਰੇ 64 ਘੰਟੇ ਲੱਗਦੇ ਸਨ ਤੇ ਇਹ ਕੰਮ ਉਹ ਸਾਲ ਵਿਚ 24 ਵਾਰ ਕਰਦਾ ਸੀ। ਉਹ ਆਪਣੀਆਂ ਗਾਈਆਂ ਨੂੰ ਖੁਆਉਣ ਲਈ ਚਾਰਾ ਉਗਾਉਂਦਾ ਸੀ। ਉਸ ਦੀਆਂ ਗਾਈਆਂ ਦੀ ਦੁੱਧ ਦੀ ਕੁੱਲ ਪੈਦਾਵਾਰ 25 ਕੁ ਲਿਟਰ ਪ੍ਰਤੀ ਦਿਨ ਸੀ।
ਮੈਂ ਹਿਸਾਬ-ਕਿਤਾਬ ਲਾਇਆ। ਉਹਨੂੰ ਸਾਰਾ ਸਾਲ ਸਿਰਫ਼ 9100 ਲਿਟਰ ਦੁੱਧ ਪੈਦਾ ਕਰਨ ਲਈ ਇਕ ਕਰੋੜ ਛਿਆਸੀ ਲੱਖ ਲਿਟਰ ਪਾਣੀ ਚਾਰੇ ਨੂੰ ਲਾਉਣਾ ਪੈਂਦਾ ਸੀ। ਇਕ ਲਿਟਰ ਦੁੱਧ ਮਗਰ 2000 ਲਿਟਰ ਪਾਣੀ। ਉੱਥੋਂ ਦੇ ਮਾਪਦੰਡਾਂ ਦੇ ਹਿਸਾਬ ਨਾਲ ਇਹ ਬੁਰੇ ਅੰਕੜੇ ਨਹੀਂ। ਪਰ ਫਿਰ ਵੀ ਇਹਦਾ ਮਤਲਬ ਇਹ ਸੀ ਕਿ ਉਹ ਇਕ ਸਾਲ ਵਿਚ ਪੈਂਦੇ ਮੀਂਹਾਂ ਦੀ ਮਾਤਰਾ ਨਾਲੋਂ ਦੁੱਗਣਾ ਪਾਣੀ ਧਰਤੀ ਹੇਠੋਂ ਖਿੱਚਦਾ ਸੀ। ਇਸ ਲਈ ਕੋਈ ਹੈਰਾਨੀ ਨਹੀਂ ਹੁੰਦੀ ਕਿ ਉਹਦੇ ਪਿੰਡ ਜ਼ਮੀਨ ਹੇਠਲੇ ਪਾਣੀ ਦਾ ਪੱਧਰ 500 ਫੁੱਟ ’ਤੇ ਸੀ ਅਤੇ ਹਰ ਸਾਲ 20 ਫੁੱਟ ਦੀ ਦਰ ਨਾਲ ਘਟਦਾ ਜਾ ਰਿਹਾ ਸੀ। ਜਿਹੜੀ ਪਹਿਲੀ ਨਜ਼ਰੇ ਪੇਂਡੂ ਆਰਥਿਕਤਾ ਦੀ ਕੁਸ਼ਲ ਉਦਾਹਰਣ ਲੱਗ ਰਹੀ ਸੀ, ਮਾਰੂਥਲ ਇਲਾਕੇ ਅੰਦਰ ਦੁੱਧ ਪੈਦਾ ਕਰਕੇ ਸਾਰੇ ਭਾਰਤ ਵਿਚ ਭੇਜਣਾ ਦਰਅਸਲ ਜਲ-ਸੋਮਿਆਂ ਲਈ ਖ਼ੁਦਕੁਸ਼ੀ ਬਰਾਬਰ ਸੀ।
‘‘ਹਾਂ, ਮੈਨੂੰ ਡਰ ਹੈ ਕਿ ਪਾਣੀ ਖ਼ਤਮ ਹੋ ਜਾਵੇਗਾ।’’ ਚੌਧਰੀ ਨੇ ਮੈਨੂੰ ਦੱਸਿਆ, ‘‘ਪਰ ਮੈਂ ਕੀ ਕਰ ਸਕਦਾ ਹਾਂ? ਮੈਂ ਵੀ ਜ਼ਿੰਦਗੀ ਬਸਰ ਕਰਨੀ ਹੈ। ਤੇ ਜੇ ਮੈਂ ਪਾਣੀ ਨਾ ਖਿੱਚਿਆ ਤਾਂ ਮੇਰੇ ਗੁਆਂਢੀ ਖਿੱਚ ਲੈਣਗੇ।’’ ਅਸੀਂ ਪਿੰਡ ਦੇ ਦੁੱਧ ਉਗਰਾਹੀ ਕੇਂਦਰ ਤੱਕ ਦੁੱਧ ਦਾ ਢੋਲ ਲਿਜਾਣ ਲਈ ਉਹਨੂੰ ਆਪਣੇ ਨਾਲ ਬਿਠਾ ਲਿਆ। ਤੇ ਰਾਹ ਜਾਂਦਿਆਂ ਉਹ ਬੋਲਿਆ, ‘‘ਮੈਂ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਖੇਤੀ ਕਰੇ। ਮੈਂ ਚਾਹੁੰਨਾਂ ਕਿ ਉਹ ਸ਼ਹਿਰ ਜਾ ਕੇ ਨੌਕਰੀ ਕਰੇ।’’
* * *
ਹਾਲੇ ਇਕ ਪੀੜ੍ਹੀ ਪਹਿਲਾਂ ਹੀ, ਭਾਰਤ ਵਿਚ ਭੁੱਖਮਰੀ ਸੀ। ਉਨ੍ਹਾਂ ਦੇ ਦਾਣਿਆਂ ਦੇ ਭੰਡਾਰ ਖਾਲੀ ਸਨ ਤੇ ਭੁੱਖਮਰੀ ਦੀਆਂ ਗਿਰਝਾਂ ਮੁਲਕ ’ਤੇ ਮੰਡਰਾ ਰਹੀਆਂ ਸਨ। ਕਣਕ, ਧਾਨ, ਮੱਕੀ ਤੇ ਚਾਰੇ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਨਾਲ ਆਈ ਹਰੀ ਕ੍ਰਾਂਤੀ ਦੀ ਬਦੌਲਤ ਹੁਣ ਅਨਾਜ ਦੇ ਭੰਡਾਰ ਭਰੇ ਨੇ ਤੇ ਕਾਲ ਪੈਣ ਦੇ ਸ਼ੰਕੇ ਘਟ ਚੁੱਕੇ ਨੇ। ਆਪਣੇ ਹੋਰਨਾਂ ਗੁਆਂਢੀਆਂ ਵਾਂਗ ਭਾਰਤ ਨੇ ਵੀ ਆਪਣੀ ਦੁੱਗਣੀ ਹੋ ਚੁੱਕੀ ਆਬਾਦੀ ਦਾ ਢਿੱਡ ਭਰਿਆ ਹੈ, ਪਰ ਇਨ੍ਹਾਂ ਆਧੁਨਿਕ ਕਿਸਮਾਂ ਦੀ ਸਫ਼ਲਤਾ ਦਾ ਰਾਜ਼ ਹੈ ਸਿੰਚਾਈ ਵਾਲੇ ਪਾਣੀ ਦੀ ਚੋਖੀ ਵਰਤੋਂ। ਭਾਰਤ ਸਮੇਤ ਬਹੁਤ ਸਾਰੇ ਏਸ਼ਿਆਈ ਮੁਲਕਾਂ ਨੇ ਆਪਣੇ ਦਰਿਆਵਾਂ ਦਾ ਪਾਣੀ ਸਿੰਜਾਈ ਨਹਿਰਾਂ ਨੂੰ ਦੇ ਕੇ ਖੇਤੀ ਵਿਚ ਆਤਮ-ਨਿਰਭਰਤਾ ਲਿਆਂਦੀ ਹੈ। ਇਸ ਤੋਂ ਵੀ ਅੱਗੇ ਭਾਰਤ ਨੇ ਜ਼ਮੀਨ ਹੇਠਲੇ ਪਾਣੀ ਨੂੰ ਵਰਤ-ਵਰਤ ਕੇ ਆਪਣੀ ਹਰੀ ਕ੍ਰਾਂਤੀ ਨੂੰ ਅੱਗੇ ਵਧਾਇਆ ਹੈ। ਭਾਰਤ ਦੇ ਕਰੋੜਾਂ ਕਿਸਾਨ ਅੱਜ ਕੱਲ੍ਹ ਜ਼ਮੀਨ ਹੇਠਲੇ ਭੰਡਾਰਾਂ ’ਚੋਂ ਪਾਣੀ ਖਿੱਚ ਕੇ ਆਪਣੇ ਖੇਤਾਂ ਨੂੰ ਲਾ ਰਹੇ ਨੇ।
ਕਿਸਾਨਾਂ ਦੀ ਇਸ ਤਰ੍ਹਾਂ ਦੀ ਆਤਮ-ਨਿਰਭਰਤਾ ਪਿੱਛੇ ਇਕ ਤਾਂ ਭਾਰਤ ਦੇ ਸਰਕਾਰੀ-ਤੰਤਰ ਦੀ ਨਾਕਾਮੀ ਹੈ ਤੇ ਦੂਸਰਾ ਇਹ ਕਿ ਹਰੀ ਕ੍ਰਾਂਤੀ ਮਗਰੋਂ ਭਾਰਤ ਵੱਲੋਂ ਬਣਾਏ ਗਏ ਬਹੁਤੇ ਨਹਿਰੀ ਪਾਣੀ ਦੇ ਸਿੰਜਾਈ ਪ੍ਰਬੰਧ ਤਕਨੀਕੀ ਤੌਰ ’ਤੇ ਨਾਕਸ ਰਹੇ। ਭਾਰਤੀ ਇੰਜੀਨੀਅਰਾਂ ਨੇ ਵੱਡੇ-ਵੱਡੇ ਡੈਮ ਅਤੇ ਨਹਿਰਾਂ ਤਾਂ ਬਣਾ ਲਈਆਂ ਪਰ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਬਾਰੀਕ ਪ੍ਰਣਾਲੀ ਅਤੇ ਖੇਤਾਂ ਅੰਦਰ ਉਸ ਪਾਣੀ ਨੂੰ ਵਰਤਣ ਦੇ ਸੁਚੱਜੇ ਢੰਗ-ਤਰੀਕਿਆਂ ’ਤੇ ਕੰਮ ਨਾ ਕੀਤਾ। ਉਨ੍ਹਾਂ ਦੇ ਰਾਜਨੀਤਕ ਆਕਾ ਵਿਸ਼ਾਲ ਢਾਂਚਿਆਂ ਦੇ ਉਦਘਾਟਨ ਕਰਨ ’ਚ ਮਸਰੂਫ਼ ਰਹੇ ਜਿਨ੍ਹਾਂ ’ਤੇ ਉਨ੍ਹਾਂ ਦੇ ਨਾਵਾਂ ਨਾਲ ਉੱਕਰੇ ਹੋਏ ਨੀਂਹ-ਪੱਥਰ ਲੱਗੇ ਹੋਏ ਸਨ ਪਰ ਆਪਣੇ ਲੋਕਾਂ ਦਾ ਢਿੱਡ ਭਰਨ ਲਈ ਲੋੜੀਂਦੇ ਅਸਲ ਕਾਰਜ ਨਾ ਕੀਤੇ।
ਨਹਿਰੀ ਸਿੰਜਾਈ ਦੇ ਪ੍ਰਬੰਧ ਸਿਰਫ਼ ਸਰਕਾਰ ਦੀ ਘੌਲ ਸਦਕਾ ਹੀ ਫੇਲ੍ਹ ਨਹੀਂ ਹੋਏ। ਭਾਰਤ ਦੇ ਦਰਿਆਵਾਂ ਅੰਦਰ ਉੱਥੋਂ ਦੀਆਂ ਕੁੱਲ ਮੰਗਾਂ ਦੀ ਪੂਰਤੀ ਜੋਗਾ ਪਾਣੀ ਹੀ ਨਹੀਂ ਹੈ। ਇਸ ਲਈ ਕਰੋੜਾਂ ਕਿਸਾਨਾਂ ਨੇ ਮਾਮਲਾ ਆਪਣੇ ਹੱਥਾਂ ’ਚ ਲੈ ਲਿਆ। ਉਨ੍ਹਾਂ ਨੇ ਬੋਰ ਕਰਨ ਵਾਲੀਆਂ ਮਸ਼ੀਨਾਂ ਲਿਆ ਕੇ ਤੇ ਸਸਤੀਆਂ ਮੋਟਰਾਂ ਧਰ ਕੇ ਜੁੱਗਾਂ-ਜੁੱਗਾਂ ਤੋਂ ਜਮ੍ਹਾਂ ਹੋਇਆ ਪਿਆ ਜ਼ਮੀਨਦੋਜ਼ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਭਾਰਤ ਵਿਚ ਜ਼ਮੀਨਦੋਜ਼ ਪਾਣੀ ਨੂੰ ਕੱਢਣ ਦੀ ਦਰ ਵਿਚ ਬੀਤੀ ਅੱਧੀ ਸਦੀ ਵਿਚ ਦਸ ਗੁਣਾ ਵਾਧਾ ਹੋਇਆ ਹੈ। ਇਕ ਅੰਦਾਜ਼ੇ ਮੁਤਾਬਿਕ ਭਾਰਤ ਦੀ ਕੁੱਲ ਬਿਜਲੀ ਦਾ ਪੰਜਵਾਂ ਹਿੱਸਾ ਇਸੇ ਕੰਮ ’ਤੇ ਖ਼ਰਚ ਹੁੰਦਾ ਹੈ। ਇਸ ਤਰ੍ਹਾਂ ਦੀਆਂ ਲਹਿਰਾਂ-ਬਹਿਰਾਂ ਨੇ ਭਾਰਤ ਦੀ ਜਨਤਾ ਦਾ ਢਿੱਡ ਭਰੀ ਰੱਖਿਆ ਹੈ। ਇਸ ਗੱਲ ਦੇ ਵੀ ਕਾਫ਼ੀ ਪ੍ਰਮਾਣ ਮੌਜੂਦ ਨੇ ਕਿ ਜਿਹੜੇ ਕਿਸਾਨ ਜ਼ਮੀਨ ਹੇਠੋਂ ਪਾਣੀ ਕੱਢਦੇ ਨੇ, ਉਹ ਪਾਣੀ ਦੀ ਵਰਤੋਂ ਨਹਿਰੀ ਪਾਣੀ ਵਰਤਣ ਵਾਲਿਆਂ ਨਾਲੋਂ ਵਧੇਰੇ ਸੁਚੱਜੇ ਢੰਗ ਨਾਲ ਕਰਦੇ ਨੇ। ਪ੍ਰੰਤੂ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਨਾਲ ਕਿਸੇ ਵੱਡੀ ਆਫ਼ਤ ਦੇ ਆਉਣ ਦਾ ਖ਼ਦਸ਼ਾ ਹੈ। ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਅੰਤ ਨੂੰ ਪਾਣੀ ਨੇ ਮੁੱਕ ਜਾਣਾ ਹੈ।
ਸੰਨ 2005 ਵਿਚ ਮੇਰਾ ਚੌਧਰੀ ਦੇ ਫਾਰਮ ’ਤੇ ਓਦੋਂ ਜਾਣਾ ਹੋਇਆ ਜਦੋਂ ਗੁਜਰਾਤ ਵਿਚ ਪਾਣੀ ਦੀ ਥੁੜ੍ਹ ਸਿਖ਼ਰਾਂ ’ਤੇ ਸੀ। ਉਸ ਤੋਂ ਮਗਰੋਂ ਮੈਂ ਸੂਬੇ ’ਚ ਸਥਿਤ ਅੰਤਰਰਾਸ਼ਟਰੀ ਜਲ-ਪ੍ਰਬੰਧ ਸੰਸਥਾ ਦੇ ਧਰਤੀ ਹੇਠਲੇ ਪਾਣੀ ਦੇ ਖੋਜ ਕੇਂਦਰ ਦੇ ਨਿਰਦੇਸ਼ਕ ਤੁਸ਼ਾਰ ਸ਼ਾਹ ਨਾਲ ਇਸ ਸਬੰਧ ’ਚ ਚਰਚਾ ਕੀਤੀ। ‘‘ਭਾਰਤੀ ਕਿਸਾਨ ਬੜੀਆਂ ਖੁਸ਼ਫਹਿਮੀਆਂ ’ਚ ਜਿਉਂ ਰਹੇ ਨੇ।’’ ਉਹਨੇ ਆਖਿਆ, ‘‘ਇਹ ਇਕ ਚਮਤਕਾਰੀ ਤਰ੍ਹਾਂ ਦੀ ਅਰਾਜਕਤਾ ਹੈ। ਕਿਸੇ ਨੂੰ ਨਹੀਂ ਪਤਾ ਕਿ ਇਹ ਖੂਹ ਤੇ ਮੋਟਰਾਂ ਕਿੱਥੇ-ਕਿੱਥੇ ਨੇ ਅਤੇ ਉਨ੍ਹਾਂ ਦੇ ਕੌਣ-ਕੌਣ ਮਾਲਕ ਨੇ। ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਦਾ।’’
ਉਹਦੇ ਅਨੁਮਾਨ ਮੁਤਾਬਿਕ ਭਾਰਤ ਵਿਚ ਸਿੰਜਾਈ ਲਈ ਸਾਲਾਨਾ 20 ਕਰੋੜ ਏਕੜ ਫੁੱਟ ਪਾਣੀ ਧਰਤੀ ਹੇਠੋਂ ਖਿੱਚਿਆ ਜਾਂਦਾ ਹੈ ਤੇ ਮੀਂਹ ਇਸ ਨਾਲੋਂ ਮਸਾਂ ਅੱਧੀ ਮਾਤਰਾ ’ਚ ਹੀ ਪੈਂਦੇ ਨੇ। ਆਏ ਸਾਲ, ਧਰਤੀ ਹੇਠਲੇ ਜਲ-ਭੰਡਾਰ ਹੋਰ-ਹੋਰ ਘਟੀ ਜਾਂਦੇ ਨੇ। ਮੋਟਰਾਂ ਦਾ ਵੀ ਹੋਰ ਵਧੇਰੇ ਜ਼ੋਰ ਲੱਗਦਾ ਹੈ। ਬੋਰ ਜਾਂ ਤਾਂ ਡੂੰਘੇ ਤੇ ਜਾਂ ਕਿਸੇ ਹੋਰ ਥਾਂ ਕਰਨੇ ਪੈ ਰਹੇ ਨੇ। ਸ਼ਾਹ ਦਾ ਅੰਦਾਜ਼ਾ ਹੈ ਕਿ ਇਕ ਚੌਥਾਈ ਦੇ ਕਰੀਬ ਭਾਰਤੀ ਕਿਸਾਨਾਂ ਵੱਲੋਂ ਧਰਤੀ ਹੇਠੋਂ ਖਿੱਚਿਆ ਗਿਆ ਪਾਣੀ ਕੁਦਰਤ ਨੇ ਕਦੇ ਵੀ ਮੁੜ ਨਹੀਂ ਭਰਨਾ। ਇਹਦਾ ਮਤਲਬ 20 ਕਰੋੜ ਲੋਕ ਭਵਿੱਖ ਵਿਚ ਪਾਣੀ ਤੋਂ ਰਹਿਤ ਹੋਣਗੇ।
ਕਰੀਬ ਅੱਧੀ ਸਦੀ ਪਹਿਲਾਂ ਗੁਜਰਾਤ ਵਿਚ ਹਲਟ ਜੁੜੇ ਬਲਦ ਖੁੱਲ੍ਹੇ ਖੂਹਾਂ ’ਚੋਂ ਕੋਈ 30 ਫੁੱਟ ਡੂੰਘਾਈ ਤੋਂ ਹੀ ਚਮੜੇ ਦੀਆਂ ਟਿੰਡਾਂ ਰਾਹੀਂ ਪਾਣੀ ਕੱਢ ਲੈਂਦੇ ਸਨ, ਪਰ ਹੁਣ ਟਿਊਬਵੈੱਲ 1300 ਫੁੱਟ ਡੂੰਘੇ ਹੋ ਗਏ ਨੇ। ਪੱਛਮੀ ਭਾਰਤ ਵਿਚਲੇ ਹੱਥ ਨਾਲ ਪੁੱਟੇ ਰਵਾਇਤੀ ਖੂਹਾਂ ਅਤੇ ਲੱਖਾਂ ਟਿਊਬਵੈੱਲਾਂ ’ਚੋਂ ਲਗਪਗ ਅੱਧੇ ਸੁੱਕ ਗਏ ਨੇ। ਦੱਖਣੀ ਭਾਰਤ ਵਿਚ ਤਾਮਿਲਨਾਡੂ ਸੂਬੇ ਦੇ ਕੋਈ ਦੋ-ਤਿਹਾਈ ਖੁੱਲ੍ਹੇ ਖੂਹ ਸੁੱਕ ਗਏ ਨੇ ਜਦੋਂਕਿ ਇਕ ਦਹਾਕਾ ਪਹਿਲਾਂ ਉੱਥੋਂ ਦਾ ਸਿਰਫ਼ ਅੱਧਾ ਰਕਬਾ ਹੀ ਸਿੰਜਾਈ ਹੇਠ ਸੀ। ਉੱਥੋਂ ਦੇ ਵੱਡੇ ਸ਼ਹਿਰ ਕੋਇੰਬਟੂਰ ਦੇ ਆਲੇ-ਦੁਆਲੇ ਹੀ ਕੋਈ ਪੰਦਰਾਂ ਹਜ਼ਾਰ ਵੀਰਾਨ ਖੂਹ ਸਨ। ਗੁਜਰਾਤ ਤੇ ਤਾਮਿਲਨਾਡੂ ਵਰਗੇ ਰਾਜਾਂ ’ਚ ਜ਼ਿਲ੍ਹਿਆਂ ਦੇ ਜ਼ਿਲ੍ਹੇ ਲੋਕਾਂ ਤੋਂ ਖਾਲੀ ਹੋ ਰਹੇ ਸਨ। ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨ ਸ਼ਹਿਰੀ ਭੀੜ ਬਣ ਝੁੱਗੀਆਂ-ਝੌਂਪੜੀਆਂ ਵਿਚ ਜਾਂ ਇਮਾਰਤੀ ਮਜ਼ਦੂਰਾਂ ਵਿਚ ਤੇ ਜਾਂ ਸੜਕਾਂ ’ਤੇ ਰੁਲਦੇ ਦਿਹਾੜੀਦਾਰਾਂ ’ਚ ਸ਼ਾਮਿਲ ਹੋ ਰਹੇ ਸਨ।
ਇਕ ਦਹਾਕਾ ਮਗਰੋਂ ਮੈਂ ਫਿਰ ਸ਼ਾਹ ਨੂੰ ਮਿਲਿਆ। ਗੁਜਰਾਤ ਦੀ ਸਥਿਤੀ ਬਾਰੇ ਹੁਣ ਉਹ 2005 ਨਾਲੋਂ ਵਧੇਰੇ ਆਸਵੰਦ ਸੀ। ਉਸ ਦੀਆਂ ਸਿਫ਼ਾਰਸ਼ਾਂ ’ਤੇ ਹੁਣ ਸਰਕਾਰ ਨੇ ਧਰਤੀ ਹੇਠਲਾ ਪਾਣੀ ਕੱਢਣ ਵਾਲੀ ਉਸ ‘ਅਰਾਜਕਤਾ’ ’ਤੇ ਕਾਫ਼ੀ ਹੱਦ ਤੱਕ ਠੱਲ੍ਹ ਪਾ ਲਈ ਸੀ। ਵੰਡਵੀ-ਂਮਿਣਵੀਂ ਬਿਜਲੀ ਦੇ ਕੇ। ਸਰਕਾਰ ਨੇ ਸ਼ਹਿਰੀ ਤੇ ਪੇਂਡੂ ਖੇਤਰ ਨੂੰ ਵੱਖਰੇ ਤਰੀਕਿਆਂ ਨਾਲ ਬਿਜਲੀ ਦੇ ਕੇ ਅਜਿਹਾ ਕੀਤਾ ਤੇ ਫੇਰ ਖੇਤਾਂ ਨੂੰ ਹਰ ਰੋਜ਼ ਅੱਠ ਘੰਟੇ ਬਿਜਲੀ ਦੇਣੀ ਸ਼ੁਰੂ ਕੀਤੀ। ਸ਼ਾਹ ਨੇ ਮੰਨਿਆ ਕਿ ਭਾਵੇਂ ਪਾਣੀ ਦਾ ਪੱਧਰ ਹਾਲੇ ਵੀ ਹੇਠਾਂ ਡਿੱਗ ਰਿਹਾ ਸੀ ਪਰ ਬਹੁਤ ਘੱਟ ਦਰ ਨਾਲ, ਕਿਉਂਜੋ ਪਾਣੀ ਕੱਢਣ ਦਾ ਸਮਾਂ ਘਟ ਚੁੱਕਾ ਸੀ। ਇਹ ਇਕ ਚੁਸਤ ਸਕੀਮ ਸੀ, ਪਰ ਇਹ ਸਪਸ਼ਟ ਨਹੀਂ ਹੈ ਕਿ ਇਹ ਲੰਬੇ ਸਮੇਂ ਲਈ ਵੀ ਲਾਹੇੇਵੰਦ ਹੋਵੇਗੀ। ਉਨ੍ਹਾਂ ਅੱਠਾਂ ਘੰਟਿਆਂ ਅੰਦਰ ਵੱਧ ਤੋਂ ਵੱਧ ਪਾਣੀ ਖਿੱਚਣ ਲਈ ਕਿਸਾਨਾਂ ਨੇ ਵੱਡੀਆਂ ਤੇ ਤਾਕਤਵਰ ਮੋਟਰਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬ ਵਿਚ ਸਰਕਾਰ ਨੇ ਖੇਤਾਂ ’ਚ ਸਮਾਰਟ ਮੀਟਰ ਲਾਉਣ ਦੀ ਤਜਵੀਜ਼ ਲੈ ਆਂਦੀ ਜਿਸ ਨਾਲ ਬਿਜਲੀ ਦੀ ਖਪਤ ਦਾ ਸਿੱਧਾ ਪਤਾ ਲੱਗ ਸਕੇ।
ਭਾਰਤ ਅੰਦਰ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਮਿਣਵੀਂ ਬਿਜਲੀ ਦੇਣ ਦੀ ਸਕੀਮ ਕਾਰਗਰ ਸਾਬਤ ਹੋ ਸਕਦੀ ਹੈ। ਇਸ ਸਕੀਮ ਦੀ ਹਾਮੀ ਭਰਨ ਵਾਸਤੇ ਕੋਈ ਤਾਕਤਵਰ ਧਿਰ ਲੋੜੀਂਦੀ ਸੀ। ਗੁਜਰਾਤ ਵਿਚ ਇਹ ਸਕੀਮ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਸੀ ਜੋ 2014 ’ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਪਰ ਤਿੰਨ ਸਾਲਾਂ ਮਗਰੋਂ ਦੇਸ਼ ਵਿਚ ਕਿਧਰੇ ਵੀ ਧਰਤੀ ਹੇਠੋਂ ਪਾਣੀ ਖਿੱਚਣ ’ਤੇ ਨਕੇਲ ਨਹੀਂ ਦਿਸੀ ਕਿਉਂਕਿ ਐਸੀ ਅਰਾਜਕਤਾ ਵਿਚ ਕਿਸਾਨਾਂ ਨੇ ਧਰਤੀ ਹੇਠੋਂ ਹੋਰ ਵਧੇਰੇ ਤੇ ਹੋਰ ਗ਼ੈਰ-ਜ਼ਿੰਮੇਵਾਰੀ ਨਾਲ ਪਾਣੀ ਖਿੱਚਣ ਦੇ ਚੁਸਤ ਤਰੀਕੇ ਲੱਭ ਲਏ। ਐਸਾ ਮੈਂ ਉਦੋਂ ਵੇਖਿਆ ਜਦ ਦੱਖਣ ਦੇ ਸੂਬੇ ਤਾਮਿਲਨਾਡੂ ’ਚ ਗਿਆ।
* * *
ਸੁਰੇਸ਼ ਪੋਨੂਸਾਮੀ, ਤਾਮਿਲਨਾਡੂ ਦੇ ਕੱਪੜਾ ਸਨਅਤ ਵਾਲੇ ਸ਼ਹਿਰ ਤਿਰੂਪੁਰ ਵਿਚ ਆਪਣੇ ਘਰ ਦੇ ਵੱਡੇ ਵਰਾਂਡੇ ਵਿਚ ਬੈਠਾ ਸੀ। ਉਹ ਬਹੁਤਾ ਅਮੀਰ ਤਾਂ ਨਹੀਂ ਸੀ, ਪਰ ਢਾਈ ਕਿੱਲੇ ਦੀ ਮਾਲਕੀ ਦੇ ਹਿਸਾਬ ਨਾਲ ਵਾਹਵਾ ਚੰਗਾ ਸੀ। ਉਹਦੇ ਕੋਲ ਆਪਣਾ ਫੋਨ ਤੇ ਟੈਲੀਵਿਜ਼ਨ ਸੀ। ਉਹਨੇ ਸੱਜਰਾ ਧੋਤਾ ਰਵਾਇਤੀ ਚਿੱਟਾ ਕੁੜਤਾ ਪਾਇਆ ਸੀ। ਗੱਲਾਂ ਕਰਦਿਆਂ ਮੇਰੀ ਨਿਗਾਹ ਉਹਦੇ ਘਰ ਦੇ ਜਵਾਂ ਨਾਲ ਬਣੇ ਇਕ ਕਾਫ਼ੀ ਵੱਡੇ ਤਲਾਬ ’ਤੇ ਪਈ। ਫਿਰ ਸੜਕ ’ਤੇ ਇਕ ਵੱਡਾ ਟੈਂਕਰ ਰੁਕਿਆ ਤੇ ਡਰਾਈਵਰ ਨੇ ਇਕ ਵੱਡੀ ਸਾਰੀ ਪਾਈਪ ਟੈਂਕਰ ’ਚੋਂ ਕੱਢ ਤਲਾਬ ’ਚ ਸੁੱਟ ਦਿੱਤੀ। ਮੈਂ ਸੋਚਿਆ ਟੈਂਕਰ ਤਲਾਬ ’ਚ ਪਾਣੀ ਭਰਨ ਆਇਆ ਹੈ। ਆਖ਼ਰਕਾਰ, ਇਹ ਸੋਕੇ ਵਾਲਾ ਖੇਤਰ ਸੀ। ਪਰ ਉਲਟਾ, ਪੰਪ ਦੂਜੇ ਪਾਸੇ ਨੂੰ ਚੱਲਣ ਲੱਗਾ ਤੇ ਤਲਾਅ ਦਾ ਪਾਣੀ ਟੈਂਕਰ ਨੂੰ ਭਰਨ ਲੱਗਾ। ਪੋਨੂਸਾਮੀ ਨੇ ਦੱਸਿਆ, ‘‘ਮੈਂ ਹੁਣ ਫ਼ਸਲਾਂ ਨਹੀਂ ਉਗਾਉਂਦਾ, ਮੈਂ ਪਾਣੀ ਦੀ ਖੇਤੀ ਕਰਦਾ ਹਾਂ।’’ ਉਹਨੇ ਆਪਣੇ ਖੇਤਾਂ ’ਚ ਕਾਫ਼ੀ ਬੋਰ ਕਰਕੇ ਚੰਗੀਆਂ ਖਾਸੀਆਂ ਮੋਟਰਾਂ ਲਾ ਲਈਆਂ ਸਨ ਜੋ ਚੌਵੀ ਘੰਟੇ ਚਲਦੀਆਂ ਸਨ। ਪਹਿਲਾਂ ਉਹ ਧਾਨ ਉਗਾਉਂਦਾ ਸੀ। ਪਰ ਹੁਣ ਆਪਣੇ ਪਸ਼ੂਆਂ ਖਾਤਰ ਥੋੜ੍ਹਾ ਜਿਹਾ ਚਾਰਾ ਉਗਾਉਣ ਤੋਂ ਇਲਾਵਾ ਹੋਰ ਬਹੁਤੀ ਖੇਚਲ ਨਹੀਂ ਕਰਦਾ। ਉਹਨੂੰ ਲੋੜ ਵੀ ਨਹੀਂ ਸੀ। ‘‘ਟੈਂਕਰ ਪੂਰੇ ਦਿਨ ’ਚ ਕੋਈ ਦਸ ਵਾਰ ਆਉਂਦੇ ਨੇ।’’ ਉਹਨੇ ਦੱਸਿਆ, ‘‘ਤੇ ਮੈਂ ਸਿਰਫ਼ ਇਹ ਤਲਾਬ ਪੂਰਾ ਭਰੀ ਰੱਖਣਾ ਹੈ, ਹੋਰ ਕੋਈ ਕੰਮ ਨਹੀਂ।’’ ਉਹ ਇਕ ਤਰ੍ਹਾਂ ਨਾਲ ਉਦਯੋਗਿਕ ਪੱਧਰ ’ਤੇ ਪਾਣੀ ਕੱਢ-ਕੱਢ ਵੇਚ ਰਿਹਾ ਸੀ। ਉਹਨੇ ਦੱਸਿਆ ਕਿ ਪਾਣੀ ਇਕ ਹਜ਼ਾਰ ਫੁੱਟ ’ਤੇ ਸੀ, ਤੇ ਪੱਧਰ ਲਗਾਤਾਰ ਹੇਠਾਂ ਡਿੱਗ ਰਿਹਾ ਸੀ। ਉਹਦੀ ਪਤਨੀ ਨੇ ਸਾਨੂੰ ਠੰਢੀ ਸ਼ਿਕੰਜਵੀ ਫੜਾਈ। ‘‘ਕੋਈ ਇਕ ਦਹਾਕਾ ਪਹਿਲਾਂ, ਪਾਣੀ ਦੇ ਇਸ ਵਪਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ, 500 ਫੁੱਟ ’ਤੇ ਪਾਣੀ ਲੱਭ ਜਾਂਦਾ ਸੀ ਤੇ ਓਦੂੰ ਮਗਰੋਂ ਇਹ 50 ਫੁੱਟ ਪ੍ਰਤੀ ਸਾਲ ਦੀ ਦਰ ਨਾਲ ਹੇਠਾਂ ਡਿੱਗ ਰਿਹਾ ਹੈ।’’ ਕਿੰਨਾ ਪਾਣੀ ਬਚਿਆ ਹੈ? ਇਹ ਤਾਂ ਉਹਨੂੰ ਨਹੀਂ ਪਤਾ, ਪਰ ਉਹਦਾ ਅੰਦਾਜ਼ਾ ਹੈ ਕਿ ਹਾਲੇ ਕੁਝ ਸਮਾਂ ਹੈ ਉਸ ਕੋਲ। ਨਾਲ ਦੇ ਮੰਡਬਾ ਨਾਂ ਦੇ ਪਿੰਡ ਵਿਚ 1500 ਫੁੱਟ ਤੱਕ ਬੋਰ ਹੋਏ ਹੋਏ ਨੇ। ‘‘ਪਰ ਓਥੇ ਉਨ੍ਹਾਂ ਦਾ ਪਾਣੀ ਮੁੱਕਣਾ ਸ਼ੁਰੂ ਹੋ ਗਿਆ ਹੈ।’’ ਉਹਨੇ ਦੱਸਿਆ।
ਇਹ ਇਕ ਕਮਾਲ ਦਾ ਨਵਾਂ ਉਦਯੋਗ ਸੀ। ਉਸ ਛੋਟੇ ਜਹੇ ਖੇਤਰ ਵਿਚ ਰੋਜ਼ਾਨਾ ਕੋਈ ਪੰਜ ਸੌ ਪਾਣੀ ਦੇ ਟੈਂਕਰ ਆਉਂਦੇ ਸਨ। ਦਿਨੇ ਰਾਤ ਚਲਦੇ ਫਿਰਦੇ ਟੈਂਕਰਾਂ ਦੀ ਗੂੰਜ ਤੇ ਕਿਸਾਨਾਂ ਦੀਆਂ ਜਪਾਨੀ ਮੋਟਰਾਂ ਦੀ ਘੂੰ-ਘੂੰ ਲਗਾਤਾਰ ਚਲਦੀ ਸੀ। ਪੋਨੂਸਾਮੀ ਨੇ ਮੈਨੂੰ ਆਪਣੇ ਹਿਸਾਬ ਕਿਤਾਬ ਵਾਲੀ ਕਾਪੀ ਵਿਖਾਈ। ਉਹ ਇਕ ਟੈਂਕਰ ਪਾਣੀ ਦੋ ਸੌ ਰੁਪਏ (ਕੋਈ ਚਾਰ ਕੁ ਅਮਰੀਕੀ ਡਾਲਰ ਦੇ ਕਰੀਬ) ਵੇਚਦਾ ਸੀ। ਉਹਦੇ ’ਚੋਂ ਕੋਈ ਪੰਜਾਹ ਰੁਪਏ (ਹਾਲਾਂਕਿ ਸਬਸਿਡੀ ’ਤੇ ਮਿਲਦੀ ਸਸਤੀ) ਬਿਜਲੀ ’ਤੇ ਖ਼ਰਚ ਹੁੰਦੇ ਸਨ। ਗਾਹੇ-ਬਗਾਹੇ ਪਾਣੀ ਘਟਣ ਕਰਕੇ ਉਹਨੂੰ ਕੋਈ ਨਾ ਕੋਈ ਬੋਰ ਡੂੰਘਾ ਕਰਨ ’ਤੇ ਵੀ ਖ਼ਰਚਾ ਕਰਨਾ ਪੈਂਦਾ ਸੀ। ‘‘ਪਰ ਇਹ ਚੌਖੀ ਵੱਟਤ ਹੈ ਤੇ ਖ਼ਤਰੇ ਤੋਂ ਰਹਿਤ।’’ ਉਹਨੇ ਦੱਸਿਆ। ਫ਼ਸਲ ਤਬਾਹ ਹੋ ਜਾਣ ਦਾ ਕੋਈ ਖ਼ਤਰਾ ਨਹੀਂ। ਖ਼ੈਰ, ਓਦੋਂ ਤੱਕ ਜਦੋਂ ਤੱਕ ਹੇਠਲਾ ਪਾਣੀ ਮੁੱਕ ਨਹੀਂ ਜਾਂਦਾ, ਕਿਉਂਜੋ ਇਹ ਫ਼ਸਲ ਇਕ ਦਿਨ ਸਦਾ ਲਈ ਤਬਾਹ ਹੋ ਜਾਣੀ ਹੈ।
ਮੈਂ ਉਹਨੂੰ ਪੁੱਛਿਆ ਕਿ ਇਹ ਸਾਰਾ ਪਾਣੀ ਵਿਕਦਾ ਕਿੱਥੇ ਹੈ? ਆਖ਼ਰ ਹਰ ਰੋਜ਼ ਪੰਜ ਸੌ ਟੈਂਕਰ ਪਾਣੀ ਕੀਹਨੂੰ ਚਾਹੀਦਾ ਹੈ? ਉਹਨੇ ਦੱਸਿਆ ਕਿ ਉਹਦੇ ਦੋ ਕੰਪਨੀਆਂ ਨਾਲ ਇਕਰਾਰਨਾਮੇ ਹਨ ਜਿਹੜੀਆਂ ਤਿਰੂਪੁਰ ਦੇ ਲਾਗੇ ਹੀ ਕੱਪੜਿਆਂ ਵਾਸਤੇ ਰੰਗ ਬਣਾਉਂਦੀਆਂ ਹਨ। ਇਹ ਖੇਤਰ ਇੱਥੇ ਕਪਾਹ ਦੀ ਚੋਖੀ ਕਾਸ਼ਤ ਹੋਣ ਕਰਕੇ ਤੇ 1950ਵਿਆਂ ’ਚ ਕੁਝ ਉਦਯੋਗਪਤੀਆਂ ਵੱਲੋਂ ਸ਼ੁਰੂ ਕੀਤੇ ਕੱਪੜਾ ਉਦਯੋਗ ਕਰਕੇ ‘ਭਾਰਤ ਦੇ ਮਾਨਚੈਸਟਰ’ ਵਜੋਂ ਜਾਣਿਆ ਜਾਂਦਾ ਹੈ। ਸ਼ਹਿਰ ਵਿਚ ਲੱਗੇ ਵੱਡੇ-ਵੱਡੇ ਇਸ਼ਤਿਹਾਰ ਬੋਰਡਾਂ ’ਤੇ ਉਦਯੋਗਿਕ ਸਿਲਾਈ ਮਸ਼ੀਨਾਂ, ਕਢਾਈ ਕਰਨ ਵਾਲੀਆਂ ਕੰਪਿਊਟਰੀ ਮਸ਼ੀਨਾਂ, ਪਰਆਕਸਾਈਡ ਬਲੀਚਿੰਗ, ਰੰਗਾਈ ਤੇ ਸਿਲਕ ਦੀ ਕਤਾਈ ਵਾਲੇ ਇਸ਼ਤਿਹਾਰ ਮੌਜੂਦ ਸਨ। ਇਨ੍ਹਾਂ ਸਾਰੀਆਂ ਫੈਕਟਰੀਆਂ ਨੂੰ ਪਾਣੀ ਚਾਹੀਦਾ ਸੀ- ਤੇ ਸਭ ਤੋਂ ਵੱਧ ਉਨ੍ਹਾਂ ਨੂੰ ਜਿੱਥੇ ਰੰਗਾਈ ਜਾਂ ਧੁਲਾਈ ਹੁੰਦੀ ਸੀ। ਕਿਸੇ ਵੇਲੇ ਉਨ੍ਹਾਂ ਨੂੰ ਪਾਣੀ ਇੱਥੋਂ ਕੋਈ ਸੱਠ ਮੀਲ ’ਤੇ ਤਾਮਿਲਨਾਡੂ ਦੇ ਸਭ ਤੋਂ ਵੱਡੇ ਦਰਿਆ ਕਾਵੇਰੀ ’ਤੇ ਬਣੀ ਝੀਲ ’ਚੋਂ ਮਿਲਦਾ ਸੀ। ਪਰ ਅੱਜਕੱਲ੍ਹ ਦੇ ਬਹੁਤੇ ਭਾਰਤੀ ਦਰਿਆਵਾਂ ਵਾਂਗ ਕਾਵੇਰੀ ਵੀ ਬਸ ਮਸਾਂ ਹੀ ਵਗਣ ਜੋਗਾ ਰਹਿ ਗਿਆ ਸੀ ਤੇ ਤਾਮਿਲਨਾਡੂ ਦੀ ਇਹ ਮੁੱਖ ਝੀਲ ਸਾਲ ਦਾ ਬਹੁਤਾ ਹਿੱਸਾ ਲਗਪਗ ਖਾਲੀ ਹੀ ਹੁੰਦੀ ਹੈ। ਸਿੱਟੇ ਵਜੋਂ, ਫੈਕਟਰੀਆਂ ਨੇ ਇਲਾਕੇ ਦੇ ਕਿਸਾਨਾਂ ਕੋਲੋਂ ਧਰਤੀ ਹੇਠਲਾ ਪਾਣੀ ਖ਼ਰੀਦਣਾ ਸ਼ੁਰੂ ਕਰ ਦਿੱਤਾ। ਪਾਣੀ ਦਾ ਇਹ ਵਪਾਰ ਸਾਰੇ ਭਾਰਤ ਵਿਚ ਹੀ ਜ਼ੋਰ ਫੜ ਰਿਹਾ ਹੈ। ਪੋਨੂਸਾਮੀ ਦੇ ਖੇਤ ਦੇ ਨੇੜੇ ਹੀ ਮੈਨੂੰ ਬੋਰ ਕਰਨ ਵਾਲੀਆਂ ਮਸ਼ੀਨਾਂ ਦਿਸੀਆਂ। ਪੋਨੂਸਾਮੀ ਦਾ ਗੁਆਂਢੀ ਆਪਣੇ ਬੋਰ ਨੂੰ ਡੂੰਘਾ ਕਰਵਾ ਰਿਹਾ ਸੀ ਤਾਂ ਜੋ ਟੈਂਕਰਾਂ ਨੂੰ ਭਰਨ ਜੋਗਾ ਪਾਣੀ ਨਿਕਲਦਾ ਰਹੇ। ਉਹਦੇ ਗੁਆਂਢੀ ਦਾ ਆਲੀਸ਼ਾਨ ਦੋ-ਮੰਜ਼ਿਲਾ ਘਰ ਸੀ ਜਿਹੜਾ ਯਕੀਨਨ ਹੀ ਉੱਥੋਂ ਦੀ ਪਥਰੀਲੀ ਜ਼ਮੀਨ ’ਚ ਫ਼ਸਲਾਂ ਉਗਾ ਕੇ ਨਹੀਂ ਸੀ ਬਣਿਆ। ਤੇ ਵਿੰਹਦਿਆਂ-ਵਿੰਹਦਿਆਂ ਹੀ ਇਕ ਹੋਰ ਟੈਂਕਰ ਆ ਗਿਆ, ਉਹਦੇ ਉਸ ਪੱਕੇ ਤਲਾਬ ’ਚੋਂ ਪਾਣੀ ਲੈਣ ਜੀਹਨੂੰ ਅੱਗਿਓਂ ਦੋ ਮੋਟਰਾਂ ਲਗਾਤਾਰ ਭਰੀ ਜਾ ਰਹੀਆਂ ਸਨ। ਟੈਂਕਰ ਦਾ ਡਰਾਈਵਰ, ਜਿਹੜਾ ਆਲੇ-ਦਆਲੇ ਕਈ ਹੋਰਨਾਂ ਖੇਤਾਂ ’ਚੋਂ ਵੀ ਪਾਣੀ ਭਰਦਾ ਸੀ, ਦੱਸਦਾ ਹੈ ਕਿ ਉਹ ਅੱਗੇ ਸ਼ਹਿਰ ’ਚ ਓਹੀ ਟੈਂਕਰ ਚਾਰ ਸੌ ਰੁਪਏ ਦਾ ਵੇਚਦਾ ਹੈ- ਸਿੱਧਾ ਦੋ ਗੁਣਾ ਮੁਨਾਫ਼ਾ।
ਸਾਡੇ ਗੱਲਾਂ ਕਰਦਿਆਂ ਹੀ ਇਕ ਹੋਰ ਟੈਂਕਰ ਇਕ ਦੂਸਰੇ ਗੁਆਂਢੀ ਦੇ ਤਲਾਬ ਕੋਲ ਆ ਰੁਕਿਆ। ਇਸ ਤਰ੍ਹਾਂ ਮੈਂ ਭਾਰਤ ਦੇ ਪੇਂਡੂ ਖੇਤਰ ਵਿਚ ਇਕੋ ਸਵੇਰ, ਇਕ ਦੂਜੇ ਤੋਂ ਸਿਰਫ਼ ਤਿੰਨ ਸੌ ਫੁੱਟ ਦੀ ਦੂਰੀ ’ਤੇ ਤਿੰਨ ਟੈਂਕਰ, ਤਿੰਨ ਖੇਤਾਂ ’ਚੋਂ ਪਾਣੀ ਕੱਢਦੇ ਵੇਖੇ। ਇੰਨੇ ਨੂੰ ਇਕ ਕਿਸਾਨ ਦੀ ਪਤਨੀ ਵੀ ਆ ਗਈ। ਕਹਿਣ ਲੱਗੀ, ‘‘ਆਏ ਦਿਨ ਪਾਣੀ ਘਟਦਾ ਜਾ ਰਿਹਾ ਹੈ। ਅਸੀਂ ਕੁਝ ਹਫ਼ਤੇ ਪਹਿਲਾਂ ਹੀ ਦੋ ਨਵੇਂ ਬੋਰ ਕਰਵਾਏ ਸੀ ਤੇ ਇਕ ਸੁੱਕ ਵੀ ਗਿਆ। ਪਰ ਅਸੀਂ ਬੋਰ ਕਰਵਾਉਂਦੇ ਰਹਾਂਗੇ, ਜਦ ਤੱਕ ਕਿ ਸਿਰਫ਼ ਸਾਡੇ ਪੀਣ ਲਈ ਹੀ ਪਾਣੀ ਨਹੀਂ ਬਚਦਾ।’’ ਮੈਂ ਆਖਿਆ ਕਿ ਇਹ ਤਾਂ ਪਾਗਲਪਣ ਹੈ। ਇਨ੍ਹਾਂ ਖੂਹੀਆਂ ਦੇ ਖਾਲੀ ਹੋਣ ਤੋਂ ਪਹਿਲਾਂ-ਪਹਿਲਾਂ ਤੁਸੀਂ ਸਾਰੇ ਮੁੜ ਤੋਂ ਖੇਤੀ ਕਰਨ ਕਿਉਂ ਨਹੀਂ ਲੱਗ ਜਾਂਦੇ? ‘‘ਜੇ ਸਾਰੇ ਹੀ ਏਦਾਂ ਕਰ ਲੈਣ ਤਾਂ ਸਹੀ ਹੋਵੇਗਾ।’’ ਉਹਨੇ ਸਹਿਮਤੀ ਜਤਾਈ, ‘‘ਪਰ ਕੋਈ ਕਰਦਾ ਨਹੀਂ। ਅਸੀਂ ਸਾਰੇ ਹੀ ਪਾਣੀ ਮੁੱਕਣ ਤੋਂ ਪਹਿਲਾਂ-ਪਹਿਲਾਂ ਚੋਖਾ ਪੈਸਾ ਕਮਾ ਲੈਣਾ ਚਾਹੁੰਦੇ ਹਾਂ। ਜੇ ਇਕੱਲੇ ਅਸੀਂ ਆਪਣੇ ਖੇਤ ਵਾਲੀਆਂ ਮੋਟਰਾਂ ਬੰਦ ਵੀ ਕਰ ਲੈਨੇ ਹਾਂ ਤਾਂ ਸਮੁੱਚੀ ਸਥਿਤੀ ਵਿਚ ਕੋਈ ਫ਼ਰਕ ਨਹੀਂ ਪੈਣਾ।’’
ਇਹ ਪਾਗਲਪਣ ਉਸ ਵਰਤਾਰੇ ਦੀ ਪੱਕੀ ਉਦਾਹਰਣ ਹੈ ਜੀਹਨੂੰ ਵਾਤਾਵਰਣ ਵਿਗਿਆਨੀ ‘ਆਮ ਲੋਕਾਂ ਦੀ ਤ੍ਰਾਸਦੀ’ ਆਖਦੇ ਨੇ। ਸਾਰਿਆਂ ਨੂੰ ਛੇਤੀ ਤੋਂ ਛੇਤੀ ਵੱਧ ਪੈਸਾ ਕਮਾਉਣ ਦੀ ਹੋੜ ਲੱਗੀ ਹੈ, ਆਪਣੇ ਸਾਂਝੇ ਦੂਰ-ਵਕਤੀ ਭਵਿੱਖ ਦੀ ਕੀਮਤ ’ਤੇ। ਕੋਈ ਵੀ ਜਣਾ ਇਸ ਆਰਥਿਕ ਤੇਜ਼ੀ ਦੇ ਵਕਤ ਤੋਂ ਖੁੰਝਣਾ ਨਹੀਂ ਚਾਹੁੰਦਾ, ਕਿਉਂਕਿ ਜਦ ਮੰਦੀ ਆਈ ਤਾਂ ਸਾਰਿਆਂ ਨੇ ਇਕੱਠੇ ਡੁੱਬਣਾ ਹੀ ਹੈ। ਭਾਰਤ ਅੰਦਰ ਜ਼ਮੀਨ ਹੇਠਲੇ ਪਾਣੀ ਨਾਲ ਯਕੀਨਨ ਇਹੀ ਹੋ ਰਿਹਾ ਹੈ। ਕਈਆਂ ਦਾ ਇਹ ਵੀ ਮੰਨਣਾ ਹੈ ਕਿ ਇਹੀ ਕੁਝ ਅਸੀਂ ਸਮੁੱਚੀ ਧਰਤੀ ਨਾਲ ਕਰ ਰਹੇ ਹਾਂ।
- ਅਨੁਵਾਦ: ਗੁਰਰੀਤ ਬਰਾੜ (ਸੰਪਰਕ: 1-559-259-3446, ਈ-ਮੇਲ: gurreet.brar@gmail.com)
ਧੰਨਵਾਦ: ਸਤੀਸ਼ ਗੁਲਾਟੀ (ਸੰਪਰਕ: 98152-98459)

Advertisement

ਹਾਲੇ ਇਕ ਪੀੜ੍ਹੀ ਪਹਿਲਾਂ ਹੀ, ਭਾਰਤ ਵਿਚ ਭੁੱਖਮਰੀ ਸੀ। ਉਨ੍ਹਾਂ ਦੇ ਦਾਣਿਆਂ ਦੇ ਭੰਡਾਰ ਖਾਲੀ ਸਨ ਤੇ ਭੁੱਖਮਰੀ ਦੀਆਂ ਗਿਰਝਾਂ ਮੁਲਕ ’ਤੇ ਮੰਡਰਾ ਰਹੀਆਂ ਸਨ। ਕਣਕ, ਧਾਨ, ਮੱਕੀ ਤੇ ਚਾਰੇ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਨਾਲ ਆਈ ਹਰੀ ਕ੍ਰਾਂਤੀ ਦੀ ਬਦੌਲਤ ਹੁਣ ਅਨਾਜ ਦੇ ਭੰਡਾਰ ਭਰੇ ਨੇ ਤੇ ਕਾਲ ਪੈਣ ਦੇ ਸ਼ੰਕੇ ਘਟ ਚੁੱਕੇ ਨੇ। ਆਪਣੇ ਹੋਰਨਾਂ ਗੁਆਂਢੀਆਂ ਵਾਂਗ ਭਾਰਤ ਨੇ ਵੀ ਆਪਣੀ ਦੁੱਗਣੀ ਹੋ ਚੁੱਕੀ ਆਬਾਦੀ ਦਾ ਢਿੱਡ ਭਰਿਆ ਹੈ, ਪਰ ਇਨ੍ਹਾਂ ਆਧੁਨਿਕ ਕਿਸਮਾਂ ਦੀ ਸਫ਼ਲਤਾ ਦਾ ਰਾਜ਼ ਹੈ ਸਿੰਚਾਈ ਵਾਲੇ ਪਾਣੀ ਦੀ ਚੋਖੀ ਵਰਤੋਂ। ਭਾਰਤ ਸਮੇਤ ਬਹੁਤ ਸਾਰੇ ਏਸ਼ਿਆਈ ਮੁਲਕਾਂ ਨੇ ਆਪਣੇ ਦਰਿਆਵਾਂ ਦਾ ਪਾਣੀ ਸਿੰਜਾਈ ਨਹਿਰਾਂ ਨੂੰ ਦੇ ਕੇ ਖੇਤੀ ਵਿਚ ਆਤਮ-ਨਿਰਭਰਤਾ ਲਿਆਂਦੀ ਹੈ। ਇਸ ਤੋਂ ਵੀ ਅੱਗੇ ਭਾਰਤ ਨੇ ਜ਼ਮੀਨ ਹੇਠਲੇ ਪਾਣੀ ਨੂੰ ਵਰਤ-ਵਰਤ ਕੇ ਆਪਣੀ ਹਰੀ ਕ੍ਰਾਂਤੀ ਨੂੰ ਅੱਗੇ ਵਧਾਇਆ ਹੈ। ਭਾਰਤ ਦੇ ਕਰੋੜਾਂ ਕਿਸਾਨ ਅੱਜ ਕੱਲ੍ਹ ਜ਼ਮੀਨ ਹੇਠਲੇ ਭੰਡਾਰਾਂ ’ਚੋਂ ਪਾਣੀ ਖਿੱਚ ਕੇ ਆਪਣੇ ਖੇਤਾਂ ਨੂੰ ਲਾ ਰਹੇ ਨੇ।

Advertisement
Advertisement