ਵੱਡੀ ਨਦੀ ’ਚ ਆਏ ਪਾਣੀ ਨੇ ਲੋਕਾਂ ਦੀ ਚਿੰਤਾ ਵਧਾਈ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਜੂਨ
ਸ਼ਹਿਰ ਵਿੱਚ ਰਾਤ ਅਚਾਨਕ ਵੱਡੀ ਨਦੀ ਵਿਚ ਪਾਣੀ ਆ ਗਿਆ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਦੂਜੇ ਪਾਸੇ ਇਸ ਨਦੀ ‘ਚ ਕੰਮ ਵੀ ਚੱਲ ਰਿਹਾ ਹੈ। ਮੌਸਮ ਵਿਭਾਗ ਪਿਛਲੇ ਕਾਫ਼ੀ ਦਿਨਾਂ ਤੋਂ ਭਾਰੀ ਬਾਰਿਸ਼, ਹਨੇਰੀ ਨਾਲ ਪ੍ਰੀ-ਮਾਨਸੂਨ ਦੀ ਭਵਿੱਖਬਾਣੀ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਨਾ ਹੀ ਠੇਕੇਦਾਰ ਨੇ ਇਸ ਨਦੀ ਦੇ ਹੇਠਲੇ ਪਾਸੇ ਚੱਲ ਰਹੇ ਕੰਮ ਨਾਲ ਬਣੇ ਖੱਡੇ ਬੰਦ ਕੀਤੇ ਹਨ ਅਤੇ ਨਾ ਹੀ ਵਿਭਾਗ ਨੇ ਕੋਈ ਅਲਰਟ ਜਾਰੀ ਕੀਤਾ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਜਿਵੇਂ ਹੀ ਸਵੇਰੇ ਆਸ-ਪਾਸ ਦੇ ਲੋਕਾਂ ਨੇ ਨਦੀ ਵਿਚ ਪਾਣੀ ਵੇਖਿਆ ਤਾਂ ਉਨ੍ਹਾਂ ਦੀ ਚਿੰਤਾ ਵਧ ਗਈ। ਲੋਕਾਂ ਨੇ ਦੱਸਿਆ ਕੇ ਉਨ੍ਹਾਂ ਨੇ ਇਸ ਬਾਰੇ ਤੁਰੰਤ ਉੱਥੇ ਕੰਮ ਕਰਨ ਵਾਲੇ ਠੇਕੇਦਾਰ ਦੇ ਮੁਲਾਜ਼ਮਾਂ ਨੂੰ ਖੱਡੇ (ਆਊਟਲੈੱਟ) ਬੰਦ ਕਰਨ ਲਈ ਕਿਹਾ ਤੇ ਕਾਫ਼ੀ ਜੱਦੋ-ਜਹਿਦ ਬਾਅਦ ਇਹ ਖੱਡੇ ਬੰਦ ਕਰਨ ਲਈ ਜੇਸੀਬੀ ਮਸ਼ੀਨ ਲਿਆਂਦੀ ਗਈ। ਇਸ ਜੇਸੀਬੀ ਨਾਲ ਠੇਕੇਦਾਰ ਦੇ ਮੁਲਾਜ਼ਮਾਂ ਅਤੇ ਲੇਬਰ ਵੱਲੋਂ ਖੱਡੇ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਸਬੰਧੀ ਠੇਕੇਦਾਰ ਪੁਸ਼ਪਿੰਦਰ ਸਿੰਘ ਦਾ ਕਹਿਣਾ ਕਿ ਪ੍ਰੀ-ਮੌਨਸੂਨ ਜਾਂ ਮੌਸਮ ਵਿਭਾਗ ਦੇ ਅਲਰਟ ਨੂੰ ਲੈ ਕੇ ਸਬੰਧਤ ਵਿਭਾਗ ਨੇ ਕੋਈ ਵੀ ਅਗਾਊਂ ਸੂਚਨਾ ਨਹੀਂ ਦਿੱਤੀ ਕਿ ਇਸ ਕੰਮ ਨੂੰ ਕੁਝ ਦਿਨ ਲਈ ਰੋਕਿਆ ਜਾਵੇ ਜਾਂ ਖੱਡੇ (ਆਊਟਲੈੱਟ) ਬੰਦ ਕੀਤੇ ਜਾਣ। ਉਧਰ ਡਰੇਨੇਜ਼ ਵਿਭਾਗ ਦੇ ਐੱਸਡੀਓ ਦਾ ਕਹਿਣਾ ਹੈ ਕਿ ਵੱਡੀ ਨਦੀ ਵਿਚ ਆਇਆ ਪਾਣੀ ਕੋਈ ਹੜ੍ਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਚੰਡੀਗੜ੍ਹ ਅਤੇ ਰੋਪੜ ਪਾਸੇ ਹੋ ਰਹੀ ਬਾਰਿਸ਼ ਦਾ ਪਾਣੀ ਹੈ, ਇਸ ਲਈ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।