For the best experience, open
https://m.punjabitribuneonline.com
on your mobile browser.
Advertisement

ਹੜ੍ਹਾਂ ਦੇ ਪਾਣੀ ਨੇ ਵਧਾਇਆ ਤਣਾਅ

07:46 AM Jul 18, 2023 IST
ਹੜ੍ਹਾਂ ਦੇ ਪਾਣੀ ਨੇ ਵਧਾਇਆ ਤਣਾਅ
ਝੁਨੀਰ ਅਤੇ ਹੋਰਨਾਂ ਪਿੰਡਾਂ ਦੇ ਲੋਕ ਪੁਲੀਸ ਦੀ ਮੌਜੂਦਗੀ ਵਿੱਚ ਬੰਨ੍ਹਾਂ ਦੇ ਮਾਮਲੇ ’ਤੇ ਬਹਿਸਦੇ ਹੋਏ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੁਲਾਈ
ਘੱਗਰ ਵਿੱਚ ਤਿੰਨ ਥਾਵਾਂ ਤੋਂ ਪਏ ਪਾੜਾਂ ਦਾ ਬੇਮੁਹਾਰਾ ਪਾਣੀ ਜਦੋਂ ਖੇਤਾਂ ਵਿੱਚ ਫ਼ਸਲਾਂ ਨੂੰ ਡੋਬ ਕੇ ਹੋਰ ਉੱਚਾ ਚੜ੍ਹਨ ਲੱਗਿਆ ਤਾਂ ਲੋਕਾਂ ਵੱਲੋਂ ਪਿੰਡਾਂ ਨੂੰ ਬਚਾਉਣ ਲਈ ਮਾਰੇ ਜਾ ਰਹੇ ਬੰਨ੍ਹ ਸਿਆਸੀ ਨੇਤਾਵਾਂ ਸਣੇ ਪੁਲੀਸ ਲਈ ਸਿਰਦਰਦੀ ਬਣਨ ਲੱਗੇ ਹਨ।
ਸੋਮਵਾਰ ਦੀ ਸਵੇਰ ਪਿੰਡ ਖਿਆਲੀ ਚਹਿਲਾਂਵਾਲਾ, ਝੁਨੀਰ ਅਤੇ ਦਾਨੇਵਾਲਾ ਦੇ ਲੋਕਾਂ ਵਿਚ ਇਸ ਨੂੰ ਲੈ ਕੇ ਡਾਂਗਾਂ ਰੋੜੇ ਵੀ ਚੱਲੇ ਅਤੇ ਪੁਲੀਸ ਨੇ ਸਥਿਤੀ ਨੂੰ ਮੁਸ਼ਕਿਲ ਨਾਲ ਕੰਟਰੋਲ ਕੀਤਾ। ਇਸੇ ਤਰ੍ਹਾਂ ਥਾਣਾ ਬਰੇਟਾ ਦੇ ਕਈ ਬੰਨ੍ਹਾਂ ਉੱਪਰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਥਾਣਾ ਮੁਖੀਆਂ ਸਣੇ ਕੰਟਰੋਲ ਕਰਨਾ ਔਖਾ ਹੋ ਗਿਆ। ਥਾਣਿਆਂ ਦੇ ਪੁਲੀਸ ਮੁਲਾਜ਼ਮ ਵੱਖਰੇ ਤੌਰ ’ਤੇ ਹੜ੍ਹ ਮਾਰੇ ਲੋਕਾਂ ਦੀ ਰਾਖੀ ਲਈ ਰੁੱਝੇ ਹੋਏ ਹਨ ਅਤੇ ਉੱਤੋਂ ਇਸ ਕਿਸਮ ਦੀਆਂ ਬਹਿਸਬਾਜ਼ੀਆਂ ਪੁਲੀਸ ਪ੍ਰਬੰਧਾਂ ਵਿੱਚ ਅੜਿੱਕਾ ਬਣਨ ਲੱਗੀਆਂ ਹਨ।
ਅਜਿਹੇ ਮਾਮਲੇ ਥਾਣਾ ਝੁਨੀਰ ਅਤੇ ਥਾਣਾ ਸਰਦੂਲਗੜ੍ਹ ਵਿੱਚ ਵੀ ਸਾਹਮਣੇ ਆਏ ਹਨ, ਜਨਿ੍ਹਾਂ ਨੂੰ ਥਾਣਾ ਮੁਖੀਆਂ ਤੋਂ ਬਾਅਦ ਸਿਆਸੀ ਨੇਤਾਵਾਂ ਲਈ ਅੜਿੱਕਾ ਖੜ੍ਹਾ ਹੋਣ ਲੱਗਿਆ ਹੈ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਮਾਮਲੇ ’ਤੇ ਆਪਸ ਵਿਚ ਝਗੜਾ ਨਾ ਕਰਨ ਕਿਉਂਕਿ ਜੇ ਪ੍ਰਸ਼ਾਸਨ ਅਤੇ ਪੁਲੀਸ ਉਨ੍ਹਾਂ ਦੇ ਝਗੜਿਆਂ ਵਿਚ ਉਲਝ ਗਿਆ ਤਾਂ ਹੜ੍ਹਾਂ ਦਾ ਮੁਕਾਬਲਾ ਕਰਨ ਵਿੱਚ ਰੁਕਾਵਟ ਆਵੇਗੀ। ਉਨ੍ਹਾਂ ਕਿਹਾ ਕਿ ਉਹ ਦਨਿ-ਰਾਤ ਘੱਗਰ ਦਾ ਦੌਰਾ ਕਰ ਰਹੇ ਹਨ ਅਤੇ ਪਲ-ਪਲ ਦੀ ਰਿਪੋਰਟ ਸਰਕਾਰ ਕੋਲ ਜਾ ਰਹੀ ਹੈ। ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਵੱਡੇ ਪੱਧਰ ’ਤੇ ਫ਼ੌਜ ਵੀ ਬੁਲਾਈ ਹੋਈ ਹੈ।

Advertisement

ਹੁਣ ਖੇਤਾਂ ਨੂੰ ਛੱਡ ਕੇ ਘਰ ਬਚਾਉਣ ਲਈ ਜੁਟੇ ਲੋਕ

ਪਿੰਡ ਰਿਉਂਦ ਕਲਾਂ ’ਚ ਲੋਕਾਂ ਵੱਲੋਂ ਘਰਾਂ ਤੇ ਦੁਕਾਨਾਂ ਅੱਗੇ ਬਣਾਏ ਵੱਡੇ-ਵੱਡੇ ਬੰਨ੍ਹ।
ਪਿੰਡ ਰਿਉਂਦ ਕਲਾਂ ’ਚ ਲੋਕਾਂ ਵੱਲੋਂ ਘਰਾਂ ਤੇ ਦੁਕਾਨਾਂ ਅੱਗੇ ਬਣਾਏ ਵੱਡੇ-ਵੱਡੇ ਬੰਨ੍ਹ।

ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ’ਚ ਚਾਂਦਪੁਰਾ ਬੰਨ੍ਹ ਟੁੱਟਣ ਮਗਰੋਂ ਬਾਅਦ ਪਾਣੀ ਅੱਗੇ ਪਿੰਡਾਂ ਵੱਲ ਵਧਦਾ ਜਾ ਰਿਹਾ ਹੈ। ਹੁਣ ਲੋਕਾਂ ਨੂੰ ਆਪਣੇ ਖੇਤਾਂ ਨਾਲੋਂ ਘਰਾਂ ਨੂੰ ਬਚਾਉਣ ਦਾ ਵੱਧ ਫ਼ਿਕਰ ਹੋਣ ਲੱਗਿਆ ਹੈ। ਲੋਕ ਪਿੰਡਾਂ ਦੀਆਂ ਗਲੀਆਂ ਅੱਗੇ ਵੱਡੇ-ਵੱਡੇ ਬੰਨ੍ਹ ਮਾਰਨ ਲੱਗੇ ਹਨ। ਬਹੁਤੇ ਲੋਕਾਂ ਵੱਲੋਂ ਘਰਾਂ ਅੱਗੇ ਵੀ ਬੰਨ੍ਹ ਮਾਰੇ ਜਾਣ ਲੱਗੇ ਹਨ। ਅੱਜ ਪਿੰਡ ਰਿਉਂਦ ਕਲਾਂ ਵਿੱਚ ਪਾਣੀ ਤੋਂ ਬਚਾਅ ਲਈ ਲੋਕਾਂ ਨੇ ਘਰਾਂ ਅਤੇ ਦੁਕਾਨਾਂ ਅੱਗੇ ਸੜਕਾਂ ਉੱਪਰ ਵੱਡੇ-ਵੱਡੇ ਬੰਨ੍ਹ ਮਾਰ ਲਏ ਹਨ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਤੇਜ਼ੀ ਨਾਲ ਵਧਣ ਲੱਗਿਆ ਹੈ। ਇਸ ਲਈ ਹੁਣ ਘਰਾਂ ਵਿੱਚ ਪਾਣੀ ਵੜਨ ਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਪਿੰਡ ਬੀਰੇਵਾਲਾ ਡੋਗਰਾ ’ਚ ਕਈ ਫੁੱਟ ਪਾਣੀ ਹੋ ਗਿਆ ਹੈ। ਲੋਕਾਂ ਨੇ 2-3 ਦਨਿਾਂ ਤੋਂ ਪਿੰਡ ਵਿੱਚੋਂ ਆਪਣਾ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ ਸੀ। ਅੱਜ ਰਿਉਂਦ ਕਲਾਂ ’ਚ ਪਾਣੀ ’ਚ ਵੜਨ ’ਤੇ ਲੋਕਾਂ ਨੇ ਮਿੱਟੀ ਇਕੱਠੀ ਕਰ ਕੇ ਘਰਾਂ ਤੇ ਦੁਕਾਨਾਂ ਅੱਗੇ ਬੰਨ੍ਹ ਮਾਰ ਲਏ। ਦੁਪਹਿਰ ਵੇਲੇ ਪਾਣੀ ਪਿੰਡ ਰਿਉਂਦ ਕਲਾਂ ਵਿੱਚ ਵੜ ਚੁੱਕਾ ਸੀ ਤੇ ਲੋਕ ਬੇਵੱਸ ਨਜ਼ਰ ਆ ਰਹੇ ਸਨ। ਕਿਸਾਨ ਦਰਸ਼ਨ ਸਿੰਘ ਮਘਾਣੀਆਂ ਨੇ ਕਿਹਾ ਕਿ ਇਹ ਪਾਣੀ ਲਗਾਤਾਰ ਤਬਾਹੀ ਮਚਾ ਰਿਹਾ ਹੈ। ਬੀਰੇਵਾਲਾ ਡੋਗਰਾ ’ਚ ਕਾਫ਼ੀ ਪਾਣੀ ਭਰ ਗਿਆ। ਕੁੱਝ ਲੋਕਾਂ ਦੇ ਘਰਾਂ ’ਚ ਵੀ ਪਾਣੀ ਵੜ ਹੋ ਗਿਆ ਹੈ ਤੇ ਲੋਕ ਆਪਣਾ ਸਾਮਾਨ ਰਿਸ਼ਤੇਦਾਰਾਂ ਕੋਲ ਪਹੁੰਚਾ ਰਹੇ ਹਨ। ਬੋਹਾ ਦੇ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਹੜ੍ਹ ਦਾ ਪਾਣੀ ਬਾਹਮਣਵਾਲਾ ਅਤੇ ਗੰਢੂ ਕਲਾਂ ਵਿੱਚ ਵੜ ਗਿਆ ਹੈ। ਬੀਰੇਵਾਲਾ ਡੋਗਰਾ ’ਚ ਕੁੱਝ ਪਿੰਡਾਂ ਦੇ ਘਰਾਂ ’ਚ ਵੀ ਪਾਣੀ ਵੜ ਗਿਆ ਹੈ। ਪਿੰਡ ਮੰਘਾਣੀਆ ਦੇ ਜਗਜੀਵਨ ਸਿੰਘ ਨੇ ਦੱਸਿਆ ਕਿ ਬੀਰੇਵਾਲਾ ਡੋਗਰਾ ’ਚ ਪਾਣੀ ਚਾਰੇ ਪਾਸੇ ਹੀ ਭਰਿਆ ਪਿਆ ਹੈ, ਪਿੰਡ ’ਚ ਜਾਣ ਦਾ ਕੋਈ ਰਸਤਾ ਨਹੀਂ ਬਚਿਆ ਹੈ।

ਬੋਹਾ, ਬਰੇਟਾ ਤੇ ਸਰਦੂਲਗੜ੍ਹ ਦੇ ਕੁਝ ਸਕੂਲ 19 ਤੱਕ ਬੰਦ
ਬੋਹਾ (ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟਰੇਟ ਰਿਸ਼ੀਪਾਲ ਸਿੰਘ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਤੋਂ ਪ੍ਰਾਪਤ ਪੱਤਰ ਮਗਰੋਂ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੇ ਕੁੱਝ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਗਲੇ ਹੁਕਮਾਂ ਤੱਕ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਐਸਡੀਐਮ ਬੁਢਲਾਡਾ ਤੇ ਐਸਡੀਐਮ ਸਰਦੂਲਗੜ੍ਹ ਦੀ ਮੰਗ ਅਨੁਸਾਰ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬੁਢਲਾਡਾ ਦੇ ਪਿੰਡ ਗੋਰਖਨਾਥ, ਚੱਕ ਅਲੀਸ਼ੇਰ ਕਲਾਂ, ਬੀਰੇਵਾਲਾ ਡੋਗਰਾ, ਭਾਵਾ, ਕੁਲਰੀਆਂ, ਰਿਉਂਦ ਕਲਾਂ, ਰਿਉਂਦ ਖੁਰਦ, ਆਦਰਸ਼ ਸੈਕੰਡਰੀ ਸਕੂਲ ਬੋਹਾ ਅਤੇ ਸਰਦੂਲਗੜ੍ਹ ਵਿੱਚ ਰੋੜਕੀ ਅਤੇ ਬਰਨ ਦੇ ਸਕੂਲਾਂ ਵਿੱਚ ਛੁੱਟੀ ਰਹੇਗੀ। ਬਾਕੀ ਸਕੂਲ ਆਮ ਦਨਿਾਂ ਵਾਂਗ ਖੁੱਲ੍ਹਣਗੇ।

ਸੈਲਫ਼ੀਆਂ ਲੈਣ ’ਤੇ ਪਾਬੰਦੀ
ਮਾਨਸਾ (ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟ੍ਰੇਟ ਰਿਸ਼ੀਪਾਲ ਸਿੰਘ ਨੇ ਜ਼ਿਲ੍ਹਾ ਮਾਨਸਾ ਦੇ ਜਿਸ ਵੀ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ, ਟੁੱਟੇ ਹੋਏ ਬੰਨ੍ਹਾਂ, ਨਦੀ-ਨਾਲਿਆਂ ਦੇ ਪੁਲਾਂ ਅਤੇ ਕਨਿਾਰਿਆਂ ’ਤੇ ਮੋਬਾਇਲ ਫੋਨ ਰਾਹੀਂ ਸੈਲਫੀਆਂ ਲੈਣ ’ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਜਨਿ੍ਹਾਂ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਆਮ ਲੋਕ ਉੱਥੇ ਪਹੁੰਚ ਕੇ ਆਪਣੇ ਸੈਲਫ਼ੀਆਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜਾਨ ਜਾਣ ਦਾ ਖ਼ਤਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚਾਂਦਪੁਰਾ ਵਿੱਚ ਘੱਗਰ ਅਤੇ ਸਰਦੂਲਗੜ੍ਹ ਵਿੱਚ ਵੀ ਘੱਗਰ ਵਿੱਚ ਪਾੜ ਪੈਣ ਕਾਰਨ ਕੁੱਝ ਪਿੰਡਾਂ ਵਿੱਚ ਪਾਣੀ ਭਰਨ ਕਰ ਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਹ ਹੁਕਮ 31 ਜੁਲਾਈ ਤੱਕ ਲਾਗੂ ਰਹੇਗਾ।

Advertisement
Tags :
Author Image

Advertisement
Advertisement
×