ਖੱਡਾਂ ਦੇ ਪਾਣੀ ਨੇ ਕੰਢੀ ਨਹਿਰ ਦੇ ਬੰਨ੍ਹ ਤੋੜੇ
ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 9 ਜੁਲਾਈ
ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨਾਲ ਸ਼ਿਵਾਲਕ ਪਹਾੜਾਂ ਦੀਆਂ ਖੱਡਾਂ ਦੇ ਪਾਣੀ ਨੇ ਖੇਤਰ ਦੇ ਨੀਮ ਪਹਾੜੀ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਇਲਾਕੇ ਵਿੱਚ ਚੱਲਦੇ ਨਾਜਾਇਜ਼ ਖਣਨ ਨੇ ਖੱਡਾਂ ਅਤੇ ਚੋਆਂ ਦੇ ਕੁਦਰਤੀ ਰਸਤੇ ਬਦਲ ਦਿੱਤੇ ਹਨ, ਜਿਸ ਨਾਲ ਖੱਡਾਂ ਦੇ ਪਾਣੀ ਨੇ ਤਬਾਹੀ ਦੇ ਮੰਜਰ ਪੈਦਾ ਕਰ ਦਿੱਤੇ। ਦੱਸਣਯੋਗ ਹੈ ਕਿ ਤਹਿਸੀਲ ਦੇ ਪਿੰਡ ਰਾਮਪੁਰ ਦੇ ਜੰਗਲੀ ਰਕਬੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਨੇ ਨਾਜਾਇਜ਼ ਲਾਂਘਾ ਬਣਾ ਰੱਖਿਆ ਹੈ, ਜਿਸ ਨਾਲ ਖੱਡਾਂ ਦਾ ਪਾਣੀ ਬੇਕਾਬੂ ਹੋ ਕੇ ਕੰਢੀ ਨਹਿਰ ਵਿੱਚ ਪੈ ਗਿਆ ਹੈ, ਜਿਸ ਨਾਲ ਪਿੰਡ ਰਾਮਪੁਰ, ਬਿਲੜੋਂ, ਭੱਜਲ, ਸਲੇਮਪੁਰ, ਸਤਨੌਰ, ਗੋਲੀਆਂ ਆਦਿ ਪਿੰਡਾਂ ਵਿੱਚ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ ਹੈ ਅਤੇ ਇਹ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਗਿਆ ਹੈ। ਅੱਜ ਪੂਰਾ ਦਿਨ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਲਈ ਨਹੀਂ ਆਇਆ। ਸੂਤਰਾਂ ਅਨੁਸਾਰ ਬੀਡੀਪੀਓ ਗੜ੍ਹਸ਼ੰਕਰ ਦੇ ਦਫਤਰ ਵਲੋਂ ਰਾਮਪੁਰ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਲੋਕਾਂ ਨੂੰ ਆਪਣੇ ਬਚਾਅ ਲਈ ਬੋਰਿਆਂ ਦਾ ਪ੍ਰਬੰਧ ਕਰਨ ਲਈ ਕਹਿ ਕੇ ਕੰਮ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹਿਮਾਚਲ ਦੇ ਕਰੱਸ਼ਰ ਚਾਲਕਾਂ ਵੱਲੋਂ ਸ਼ਿਵਾਲਿਕ ਪਹਾੜਾਂ ਦੇ ਵਿਚੋਂ ਜੰਗਲ ਦੇ ਅੰਦਰ ਦੋਹਾਂ ਰਾਜਾਂ ਵਿਚਕਾਰ ਨਾਜਾਇਜ਼ ਖਣਨ ਦੀ ਢੋਆ ਢੁਆਈ ਲਈ ਇਹ ਰਾਹ ਕੱਢਿਆ ਗਿਆ ਹੈ। ਖਣਨ ਮਾਫੀਆ ਵੱਲੋਂ ਕਈ ਥਾਂ ਆਪਣੀ ਸਹੂਲਤ ਲਈ ਖੱਡਾਂ ਦੇ ਰਸਤੇ ਚੌੜੇ ਕਰ ਦਿੱਤੇ ਹਨ ਅਤੇ ਕਈ ਥਾਵਾਂ ’ਤੇ ਖੱਡਾਂ ਨੂੰ ਬੰਦ ਕਰ ਕੇ ਬਦਲਵੇਂ ਰਸਤੇ ਕੱਢ ਲਏ ਗਏ ਹਨ। ਇਹ ਵਰਤਾਰਾ ਪਿਛਲੇ ਚਾਰ ਸਾਲਾਂ ਤੋਂ ਚਲ ਰਿਹਾ ਹੈ। ਪਿੰਡ ਰਾਮਪੁਰ ਦੇ ਪੰਚਾਇਤ ਮੈਂਬਰ ਅਵਤਾਰ ਸਿੰਘ, ਪੰਚਾਇਤ ਮੈਂਬਰ ਭੁੱਲਰ ਸਿੰਘ, ਅਜੀਤ ਸਿੰਘ, ਅਮਰੀਕ ਸਿੰਘ ਆਦਿ ਨੇ ਮੰਗ ਕੀਤੀ ਕਿ ਇਸ ਨਾਜਾਇਜ਼ ਲਾਂਘੇ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਜ਼ਿਕਰਯੋਗ ਹੈ ਕਿ ਇਸ ਲਾਂਘੇ ਨੂੰ ਬੰਦ ਕਰਨ ਸਬੰਧੀ ਜੰਗਲਾਤ ਵਿਭਾਗ ਦੇ ਹੇਠਲੇ ਅਧਿਕਾਰੀਆਂ ਵਲੋਂ ਕਈ ਵਾਰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਲਿਖਿਆ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਡੀਐੱਫਓ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਨਾਜਾਇਜ਼ ਲਾਂਘੇ ਨਾਲ ਜੰਗਲ ਦਾ ਨੁਕਸਾਨ ਹੋ ਰਿਹਾ ਹੈ। ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਲਾਕੇ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਕਰਨ ਵਿੱਚ ਭ੍ਰਿਸ਼ਟ ਅਫਸਰਸ਼ਾਹੀ ਅਤੇ ਰਾਜਸੀ ਆਗੂ ਜ਼ਿੰਮੇਵਾਰ ਹਨ।
ਜਲੰਧਰ (ਪੱਤਰ ਪ੍ਰੇਰਕ): ਪਿਛਲੇ ਤਿੰਨ ਦਿਨਾਂ ਤੋਂ ਜ਼ਿਲ੍ਹੇ ਅੰਦਰ ਪੈ ਰਹੇ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਅੱਜ ਸਵੇਰ ਤੋਂ ਹੀ ਪੈ ਰਹੇ ਮੀਂਹ੍ਹ ਕਾਰਨ ਸੜਕਾਂ ਅਤੇ ਗਲੀਆਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਝੀਲ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ। ਖੇਤਾਂ ਵਿਚ ਵੀ ਪਾਣੀ ਭਰਨ ਕਾਰਨ ਫਸਲਾਂ ਡੁੱਬ ਗਈਆਂ ਹਨ। ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਪਾਣੀ ਭਰ ਜਾਣ ਕਾਰਨ ਸਵਾਰੀਆਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਦਮਪੁਰ ਅਲਾਵਲਪੁਰ ਰੋਡ ’ਤੇ ਕਈ ਥਾਵਾਂ ’ਤੇ ਦਰੱਖਤ ਡਿੱਗ ਜਾਣ ਕਾਰਨ ਆਵਾਜਾਈ ਵਿਚ ਵਿਘਨ ਪਿਆ ਤੇ ਪਿੰਡ ਰਮਦਾਸਪੁਰ ਵਾਸੀਆਂ ਨੇ ਸੜਕ ਵਿਚਕਾਰੋਂ ਦਰੱਖਤ ਹਟਵਾ ਕੇ ਆਵਾਜਾਈ ਬਹਾਲ ਕਰਵਾਈ।
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਿਲ੍ਹੇ ਅੰਦਰ ਨਦੀਆਂ ’ਚ ਪਾਣੀ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ। ਐਤਵਾਰ ਸਵੇਰੇ ਜੰਮੂ-ਕਸ਼ਮੀਰ ਤੋਂ ਨਿਕਲਣ ਵਾਲੀ ਉੱਝ ਨਦੀ ਵਿੱਚ ਦੋ ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਭਾਰਤ-ਪਾਕਿ ਸਰਹੱਦ ਦੇ ਨਾਲ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਦੇ ਕੰਢੇ ਵੱਸਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਦੋਂਕਿ ਪਾਕਿਸਤਾਨ ਸਰਹੱਦ ਨਾਲ ਲੱਗਦੇ ਤੂਰ, ਚੇਬੇ, ਭਰਿਆਲ, ਮੰਮੀ ਚੱਕ ਰੰਗਾ, ਝੂਮਰ, ਲਸਿਆਣ ਆਦਿ ਅੱਧੀ ਦਰਜਨ ਪਿੰਡਾਂ ਦਾ ਸਿੱਧਾ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ। ਮੌਕੇ ਦਾ ਜਾਇਜ਼ਾ ਲੈਣ ਲਈ ਸਹਾਇਕ ਕਮਿਸ਼ਨਰ ਜਨਰਲ ਸਚਿਨ ਪਾਠਕ ਖ਼ੁਦ ਅਧਿਕਾਰੀਆਂ ਸਮੇਤ ਮਕੌੜਾ ਪੱਤਣ ’ਤੇ ਪੁੱਜੇ| ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਚੌਕਸ ਰਹਿਣ ਅਤੇ ਹੜ੍ਹ ਦੀ ਸਥਿਤੀ ਵਿੱਚ ਜ਼ਿਲ੍ਹਾ ਕੰਟਰੋਲ ਰੂਮ ਨੰਬਰ 1800-180-1852 ਅਤੇ ਫਲੱਡ ਕੰਟਰੋਲ ਰੂਮ 01874-266376 ’ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਰਾਵੀ ਦਰਿਆ ਨੇੜਲੇ ਲੋਕਾਂ ਲਈ ਖਤਰੇ ਦੀ ਘੰਟੀ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇਥੇ ਰਾਵੀ ਦਰਿਆ ਦੇ ਨਾਲ ਲਗਦੇ ਇਲਾਕਿਆ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੀ ਅਸ਼ੰਕਾ ਬਣ ਗਈ ਹੈ। ਇਸ ਦੌਰਾਨ ਰਾਵੀ ਦਰਿਆ ਦੇ ਨਾਲ ਵਸੇ ਪਿੰਡਾਂ ਦੇ ਲੋਕਾਂ ਨੇ ਆਖਿਆ ਕਿ ਫਿਲਹਾਲ ਦਰਿਆ ਦੇ ਪਾਣੀ ਦਾ ਪੱਧਰ ਠੀਕ ਚਲ ਰਿਹਾ ਹੈ ਪਰ ਦਰਿਆ ਵਿਚ 2 ਲੱਖ ਕਿਊਸਿਕ ਪਾਣੀ ਛੱਡਣ ਨਾਲ ਖਤਰੇ ਦਾ ਖਦਸ਼ਾ ਬਣ ਗਿਆ ਹੈ। ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਚੌਕਸ ਕੀਤਾ ਗਿਆ ਹੈ। ਰਾਵੀ ਦਰਿਆ ਦੇ ਕੰਢੇ ਅੰਮ੍ਰਿਤਸਰ ਜ਼ਿਲ੍ਹੇ ਦਾ ਆਖਰੀ ਪਿੰਡ ਘੋਨੇਵਾਲ ਵਿੱਚ ਦਰਿਆ ਦੇ ਪਾਣੀ ਦੇ ਪੱਧਰ ਅਤੇ ਸੰਭਾਵੀ ਹੜ੍ਹ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਕੰਢੇ ਦੇ ਕੋਲ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਰਾਵੀ ਦਰਿਆ ਦੇ ਕੋਲ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਵੀ ਦਰਿਆ ਤੋਂ ਦੂਰ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ। ਉਥੇ ਹੀ ਵਧੇਰੇ ਮੀਂਹ ਅਤੇ ਹੜ੍ਹ ਵਰਗੀ ਸਥਿਤੀ ਦੇ ਕਾਰਨ ਰੇਲ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ, ਅੰਮ੍ਰਿਤਸਰ ਤੋਂ ਨੰਗਲ ਡੈਮ ਅਤੇ ਅੰਮ੍ਰਿਤਸਰ ਤੋਂ ਦੇਹਰਾਦੂਨ ਜਾਣ ਵਾਲੀਆਂ ਤਿੰਨ ਰੇਲ ਗੱਡੀਆਂ ਰੱਦ ਕੀਤੀਆਂ ਹਨ, ਜਦੋਂਕਿ ਅੰਮ੍ਰਿਤਸਰ-ਟਾਟਾ ਮੂਰੀ ਦਾ ਰਸਤਾ ਤਬਦੀਲ ਕੀਤਾ ਗਿਆ ਹੈ।
ਮੀਂਹ ਕਾਰਨ ਘਰ ਦੀ ਛੱਤ ਡਿੱਗੀ; ਵਿਧਾਇਕ ਵੱਲੋਂ ਮਦਦ ਦਾ ਭਰੋਸਾ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਮੀਂਹ ਦੇ ਪਾਣੀ ਨੇ ਭੋਗਪੁਰ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੂੰ ਨਹਿਰਾਂ ਅਤੇ ਨਾਲਿਆਂ ਵਿੱਚ ਤਬਦੀਲ ਕਰ ਦਿੱਤਾ। ਲੋਕਾਂ ਦਾ ਘਰਾਂ ਤੇ ਫਸਲਾਂ ਦਾ ਨੁਕਸਾਨ ਹੋਇਆ ਹੈ। ਨੰਬਰਦਾਰ ਹਰਨਾਮ ਸਿੰਘ ਮਿਨਹਾਸ ਨੇ ਦੱਸਿਆ ਕਿ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਨੇ ਕਈ ਵਾਰ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਸਰਕਾਰ ਦਾ ਧਿਆਨ ਦਿਵਾਇਆ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਹਲਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਅੱਜ ਵਿਧਾਨ ਸਭਾ ਆਦਮਪੁਰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪਿੰਡ ਚਮਿਆਰੀ ਦੇ ਵਾਸੀ ਸੁਖਵਿੰਦਰ ਸਿੰਘ ਦੇ ਮੀਂਹ ਨਾਲ ਡਿੱਗੇ ਘਰ ਦਾ ਜਾਇਜ਼ਾ ਲਿਆ ਅਤੇ ਦੁਬਾਰਾ ਘਰ ਬਣਾਉਣ ਲਈ ਸਰਕਾਰ ਤੋਂ ਪੈਸੇ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਫਸਲਾਂ ਦੇ ਹੋਏ ਨੁਕਸਾਨ ਦੀ ਸਰਕਾਰ ਤੋਂ ਭਰਮਾਈ ਕਰਾਉਣ ਬਾਰੇ ਵੀ ਕਿਹਾ। ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਕਿਹਾ ਸ਼ਹਿਰ ਦੇ ਤਿੰਨ ਛੱਪੜਾਂ ਦੀ ਸਫਾਈ ਅਤੇ ਨਿਕਾਸੀ ਨਾਲੇ ਬਣਾਉਣ ਲਈ ਨਗਰ ਕੌਂਸਲ ਭੋਗਪੁਰ ਨੇ ਟੈਂਡਰ ਅਖ਼ਬਾਰਾਂ ਵਿੱਚ ਦਿੱਤੇ ਹੋਏ ਹਨ ਅਤੇ ਸ਼ਹਿਰਾਂ ਤੇ ਪਿੰਡਾਂ ਵਿੱਚ ਮਕਾਨਾਂ, ਫਸਲਾਂ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਰਕਾਰੀ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ।
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ
ਤਲਵਾੜਾ (ਦੀਪਕ ਠਾਕੁਰ): ਇੱਥੇ ਪੈਂਦੇ ਪੌਂਗ ਡੈਮ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਦਾ ਪੱਧਰ ਵਧ ਗਿਆ ਹੈ। ਬੀਬੀਐੱਮਬੀ ਪ੍ਰਸ਼ਾਸਨ ਵੱਲੋਂ ਸ਼ਾਮ ਵਕਤ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਡੈਮ ’ਚ 1343.69 ਫੁੱਟ ਪਾਣੀ ਜਮ੍ਹਾਂ ਹੈ। 12 ਘੰਟਿਆਂ ਵਿਚ ਪੌਂਗ ਡੈਮ ’ਚ ਕਰੀਬ 4.58 ਫੁੱਟ ਪਾਣੀ ਦਾ ਪੱਧਰ ਵਧਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਚਾਰ ਲੱਖ ਕਿਊਸਕ ਦੇ ਕਰੀਬ ਪਹੁੰਚ ਗਈ ਹੈ। ਪੌਂਗ ਡੈਮ ਦੇ ਅਧਿਕਾਰੀ ਨੇ ਦੱਸਿਆ ਕਿ ਉੱਤਰ ਭਾਰਤ ਸਮੇਤ ਡੈਮ ਦੇ ਕੈਚਮੈਂਟਰ ਏਰੀਏ ਵਿਚ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਪੌਂਗ ਡੈਮ ’ਚ ਵੀ ਪਾਣੀ ਦਾ ਪੱਧਰ ਵਧਿਆ ਹੈ। ਅੱਜ ਸਵੇਰੇ 6 ਵਜੇ ਡੈਮ ’ਚ 1339.11 ਫੁੱਟ ਪਾਣੀ ਨੋਟ ਕੀਤਾ ਗਿਆ ਸੀ, ਜਦੋਂਕਿ ਝੀਲ ਵਿਚ ਪਾਣੀ ਦੀ ਆਮਦ 60356 ਕਿਊਸਕ ਸੀ, ਬਾਅਦ ਦੁਪਹਿਰ ਡੈਮ ’ਚ ਪਾਣੀ 1340.85 ਫੁੱਟ ਸੀ ਅਤੇ ਪਾਣੀ ਦੀ ਆਮਦ 263602 ਕਿਊਸਕ ਸੀ ਪਰ ਸ਼ਾਮ 6 ਵਜੇ ਤੱਕ ਪਾਣੀ ਦੀ ਆਮਦ 395403 ਕਿਊਸਕ ਸੀ ਅਤੇ ਡੈਮ ’ਚ ਪਾਣੀ ਦਾ ਪੱਧਰ 1343.69 ਫੁੱਟ ਪਹੁੰਚ ਗਿਆ ਹੈ। ਪੌਂਗ ਡੈਮ ਦੀ ਕੁੱਲ ਸਮਰਥਾ 1395 ਫੁੱਟ ਹੈ।