ਮਜ਼ਦੂਰ ਪਰਿਵਾਰ ਦੇ ਘਰ ਦਾ ਵਾਰੰਟ ਕਬਜ਼ਾ ਰੁਕਵਾਇਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਜੁਲਾਈ
ਅੱਜ ਇੱਥੇ ਅਜੀਤ ਨਗਰ ਵਿਚ ਇਕ ਮਜ਼ਦੂਰ ਧਰਮ ਸਿੰਘ ਦੇ ਘਰ ਦੀ ਮੈਗਮਾ ਫਾਇਨਾਂਸ ਕੰਪਨੀ ਵੱਲੋਂ ਕੁਰਕੀ ਕਰਨ ਦੇ ਵਾਰੰਟ ਕਬਜ਼ਾ ਕਰਨ ਦੀ ਕਾਰਵਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਬਲਵਿੰਦਰ ਸਿੰਘ ਘਨੌੜ ਜੱਟਾਂ ਨੇ ਦੱਸਿਆ ਕਿ ਧਰਮ ਸਿੰਘ ਨੇ ਕਈ ਸਾਲ ਪਹਿਲਾਂ ਕੰਪਨੀ ਤੋਂ 9 ਲੱਖ ਰੁਪਏ ਦਾ ਕਰਜ਼ ਲਿਆ ਸੀ, ਜਿਸ ਵਿੱਚੋਂ ਲਗਪਗ 8 ਲੱਖ ਰੁਪਏ ਕਿਸ਼ਤਾਂ ਰਾਹੀਂ ਧਰਮ ਸਿੰਘ ਨੇ ਭਰ ਦਿੱਤੇ ਸਨ। ਇਸੇ ਦੌਰਾਨ ਕਰੋਨਾ ਕਾਲ ਵਿੱਚ ਸਾਰੇ ਕਾਰੋਬਾਰ ਬੰਦ ਹੋ ਜਾਣ ਕਾਰਨ ਕਿਸ਼ਤਾਂ ਨਹੀਂ ਭਰੀਆਂ ਜਾ ਸਕੀਆਂ। ਇਸ ’ਤੇ ਕੰਪਨੀ ਵਾਲੇ ਧਰਮ ਸਿੰਘ ਦੇ ਘਰ ਦਾ ਵਾਰੰਟ ਕਬਜ਼ਾ ਲੈ ਕੇ ਆਏ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਪਹਿਲਾਂ ਵੀ ਮਜ਼ਦੂਰ ਦੇ ਘਰ ਦੀ ਕੁਰਕੀ ਖ਼ਿਲਾਫ਼ ਦੋ ਤਿੰਨ ਵਾਰੀ ਵਿਰੋਧ ਕਰਕੇ ਵਾਰੰਟ ਕਬਜ਼ਾ ਕਰਨ ਆਈ ਫਾਇਨਾਂਸ ਕੰਪਨੀ ਨੂੰ ਵਾਪਸ ਮੋੜਿਆ ਹੈ। ਅੱਜ ਫਿਰ ਫਾਇਨਾਂਸ ਕੰਪਨੀ ਵਾਲਿਆਂ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਯੂਨੀਅਨ ਵੱਲੋਂ ਕਿਸੇ ਵੀ ਕਿਸਾਨ, ਮਜ਼ਦੂਰ ਦੇ ਘਰ ਦੀ ਕੁਰਕੀ ਜਾ ਵਾਰੰਟ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹਾਜ਼ਰ ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ, ਜਗਜੀਤ ਸਿੰਘ ਮਹਿਲਾਂ, ਅਵਤਾਰ ਸਿੰਘ ਕਾਲਾਝਾੜ ਅਤੇ ਚਮਕੌਰ ਸਿੰਘ ਬਲਿਆਲ ਹਾਜ਼ਰ ਸਨ। ਕਿਸਾਨਾਂ ਦੇ ਵਿਰੋਧ ਕਾਰਨ ਵਾਰੰਟ ਕਬਜ਼ਾ ਕਰਨ ਦੀ ਕਾਰਵਾਈ ਨਹੀਂ ਹੋ ਸਕੀ।