ਮੰਗਵੇਂ ਕੋਟ ਦਾ ਨਿੱਘ
ਡਾ. ਅਵਤਾਰ ਐੱਸ. ਸੰਘਾ
ਰਿੰਪੀ ਦੇ ਪਿਓ ਦੀ ਹੁਣ ਮੌਤ ਹੋ ਗਈ ਸੀ। ਇਸ ਮੌਤ ਤੋਂ ਬਾਅਦ ਮਾਂ-ਧੀ ਹੋਰ ਵੀ ਜ਼ਿਆਦਾ ਆਜ਼ਾਦ ਮਹਿਸੂਸ ਕਰਨ ਲੱਗ ਗਈਆਂ ਸਨ। ਇੱਕ ਦਿਨ ਉਸ ਨੇ ਉਸੇ ਮਾਈ ਨੂੰ ਫੋਨ ਕੀਤਾ, ਜਿਹੜੀ ਕੈਨੇਡਾ ਤੋਂ ਆਉਂਦੀ ਹੋਈ ਨੂੰ ਉਸ ਨੂੰ ਰਸਤੇ ਵਿੱਚ ਮਿਲੀ ਸੀ ਤੇ ਉਸ ਨੇ ਉਸ ਨਾਲ ਦਿੱਲੀ ਤੱਕ ਆਉਂਦੇ ਬੜੀਆਂ ਗੱਲਾਂ ਮਾਰੀਆਂ ਸਨ।
‘ਮਾਂ ਜੀ, ਮੈਂ ਰਿੰਪੀ ਬੋਲ ਰਹੀ ਹਾਂ।’
‘ਰਿੰਪੀ?’
‘ਹਾਂ ਰਿੰਪੀ, ਤੁਸੀਂ ਮੈਨੂੰ ਭੁੱਲ ਵੀ ਗਏ? ਮੈਂ ਤੁਹਾਡੇ ਨਾਲ ਸਿੰਗਾਪੁਰ ਤੋਂ ਜਹਾਜ਼ ਵਿੱਚ ਗੱਲਾਂ ਮਾਰਦੀ ਆਈ ਸੀ।’
‘ਕੁੜੇ, ਸਤਿ ਸ੍ਰੀ ਅਕਾਲ। ਮੈਂ ਹੁਣ ਤੇਰੀ ਆਵਾਜ਼ ਪਹਿਚਾਣੀ ਏ। ਕੁੜੇ ਤੂੰ ਤਾਂ ਆਪਣੀ ਹੀ ਕੁੜੀ ਏਂ। ਹੋਰ ਭੈਣ ਜੀ ਦਾ ਕੀ ਹਾਲ ਏ?’
‘ਉਹ ਠੀਕ ਨੇ।’
‘ਕੁੜੇ, ਤੂੰ ਵਾਪਸ ਆਸਟਰੇਲੀਆ ਨਹੀਂ ਗਈ?’
‘ਮੈਂ ਇੱਕ ਵਾਰ ਜਾ ਆਈ ਹਾਂ। ਛੇਆਂ ਮਹੀਨਿਆਂ ਵਿੱਚ ਹੀ ਮੈਨੂੰ ਵਾਪਸ ਆਉਣਾ ਪੈ ਗਿਆ।’
‘ਕੁੜੇ, ਤੂੰ ਆਪਣੇ ਘਰਵਾਲੇ ਤੋਂ ਤਲਾਕ ਲੈ ਲਿਆ ਸੀ ਜਾਂ ਨਹੀਂ?’
‘ਮਾਂ ਜੀ, ਅਸੀਂ ਤਾਂ ਇੱਕ ਮਹੀਨੇ ਵਿੱਚ ਹੀ ਤਲਾਕ ਲੈ ਲਿਆ ਸੀ। ਉਹਦੇ ਚਾਲੇ ਚੰਗੇ ਨਹੀਂ ਸਨ। ਮੈਂ ਤੁਹਾਨੂੰ ਜਹਾਜ਼ ਵਿੱਚ ਸਾਰਾ ਕੁਝ ਦੱਸਿਆ ਹੀ ਸੀ। ਉਹ ਖ਼ੁਦ ਵੀ ਮੈਥੋਂ ਪਰ੍ਹੇ ਹੋ ਜਾਣਾ ਚਾਹੁੰਦਾ ਸੀ। ਮੈਨੂੰ ਇਹ ਲਾਭ ਹੋ ਗਿਆ ਕਿ ਮੈਂ ਉਸ ਦੇ ਸਿਰ ’ਤੇ ਪੱਕੀ ਹੋ ਗਈ।’
‘ਕੁੜੇ, ਹੁਣ ਫਿਰ ਸਾਡਾ ਕੰਮ ਹੀ ਕਰ ਦੇ। ਹੁਣ ਤਾਂ ਤੂੰ ਵਿਹਲੀ ਏਂ। ਮੇਰੀ ਭੈਣ ਦਾ ਲੜਕਾ ਕਰਮਜੀਤ ਆਸਟਰੇਲੀਆ ਜਾਣ ਲਈ ਤੜਫਿਆ ਪਿਆ ਏ। ਪੁੱਤ, ਉਹਨੂੰ ਕਿਸੇ ਤਰ੍ਹਾਂ ਸੈੱਟ ਕਰ ਦੇ। ਅਸੀਂ ਤੈਨੂੰ ਮੂੰਹ ਮੰਗੇ ਪੈਸੇ ਦੇਵਾਂਗੇ।’
‘ਚੰਗਾ ਮਾਂ ਜੀ, ਮੈਂ ਤੁਹਾਨੂੰ ਸੋਚ ਵਿਚਾਰ ਕਰਕੇ ਇੱਕ ਦੋ ਦਿਨ ਵਿੱਚ ਫੋਨ ਕਰਾਂਗੀ।’
‘ਚੰਗਾ ਬੇਟਾ, ਤੂੰ ਸਾਡਾ ਕੰਮ ਕਰਨਾ ਹੀ ਕਰਨਾ ਏ। ਮੈਨੂੰ ਪਤਾ ਏ, ਤੂੰ ਸਾਡਾ ਕੰਮ ਆਰਾਮ ਨਾਲ ਕਰ ਸਕਦੀ ਏਂ।’
ਰਿੰਪੀ ਨੇ ਫੋਨ ਬੰਦ ਕਰ ਦਿੱਤਾ। ਬਾਹਰ ਅੰਤਾਂ ਦੀ ਬਾਰਸ਼ ਪੈ ਰਹੀ ਸੀ। ਝੱਖੜ ਝੁੱਲਿਆ ਹੋਇਆ ਸੀ ਤੇ ਬਿਜਲੀ ਗ਼ਰਜ਼ ਰਹੀ ਸੀ। ਮੁਹਾਲੀ ਦੀਆਂ ਸੜਕਾਂ ’ਤੇ ਪਾਣੀ ਘੁੰਮ ਰਿਹਾ ਸੀ। ਰਿੰਪੀ ਦੀ ਮਾਂ ਨੇੜਲੀ ਦੁਕਾਨ ਤੋਂ ਕੁਝ ਸੌਦਾ ਲੈ ਕੇ ਵਾਪਸ ਪਰਤੀ। ਬਾਰਸ਼ ਇੰਨੀ ਤੇਜ਼ ਸੀ ਕਿ ਛਤਰੀ ਕੋਲ ਹੋਣ ਦੇ ਬਾਵਜੂਦ ਵੀ ਉਹ ਅੱਧ-ਪਚੱਧੀ ਭਿੱਜ ਗਈ ਸੀ।
‘ਮਾਂ, ਪਹਿਲਾਂ ਕੱਪੜੇ ਬਦਲ ਲੈ। ਫਿਰ ਮੈਂ ਤੈਨੂੰ ਇੱਕ ਖ਼ਸ਼ਖਬਰੀ ਦੱਸਦੀ ਹਾਂ।’
‘ਕੀ ਹੋ ਗਿਆ ਧੀਏ? ਕੋਈ ਹੋਰ ਮੁਰਗਾ ਫਸਾ ਲਿਆ? ਤੇਰੇ ਮੂਹਰੇ ਤਾਂ ਲੋਕ ਨੋਟ ਖਿਲਾਰੀ ਜਾ ਰਹੇ ਨੇ। ਕੁੜੇ, ਨੋਟ ਤਾਂ ਤੂੰ ਬਥੇਰੇ ਬਣਾ ਲਏ, ਪਰ ਤੇਰੀ ਜ਼ਿੰਦਗੀ ’ਤੇ ਮੈਨੂੰ ਤਰਸ ਆਈ ਜਾ ਰਿਹਾ ਏ। ਅਸਲੀ ਜ਼ਿੰਦਗੀ ਉਹ ਹੁੰਦੀ ਏ, ਜੋ ਬੰਦਾ ਕਿਤੇ ਪੱਕੀ ਤਰ੍ਹਾਂ ਸੈੱਟ ਹੋ ਕੇ ਬਿਤਾਵੇ। ਅਗਰ ਕਿਤੇ ਪੱਕੇ ਸੈੱਟ ਨਾ ਹੋਵੇ ਤਾਂ ਜ਼ਿੰਦਗੀ ਨਿਰਾ ਝੱਖੜ ਬਣੀ ਰਹਿੰਦੀ ਹੈ। ਆਹ, ਮੇਰੇ ਹੱਥ ਵਿੱਚ ਛਤਰੀ ਦੇਖ। ਤੂੰ ਲੋਕਾਂ ਲਈ ਛਤਰੀ ਬਣੀ ਜਾਂਦੀ ਏਂ, ਪਰ ਤੂੰ ਆਪ ਨੰਗੀ ਏਂ। ਲੜਕੀਆਂ ਤਾਂ ਹੀ ਚੰਗੀਆਂ ਲੱਗਦੀਆਂ ਨੇ ਜੇ ਉਹ ਕਿਤੇ ਟਿਕ ਕੇ ਇੱਕ ਮਰਦ ਨਾਲ ਸੈੱਟ ਹੋ ਕੇ ਰਹਿਣ। ਮੰਗਵੇਂ ਕੋਟ ਦਾ ਨਿੱਘ ਥੋੜ੍ਹ-ਚਿਰਾ ਹੁੰਦਾ ਏ।’
‘ਮਾਂ, ਜਦ ਹੁਣ ਅਸੀਂ ਉਸ ਸਟੇਜ ਤੋਂ ਖੁੰਝ ਗਏ ਤਾਂ ਪਛਤਾਉਣ ਦੀ ਬਹੁਤੀ ਜ਼ਰੂਰਤ ਨਹੀਂ। ਅਗਰ ਆਪਣਿਆਂ ਨਾਲ ਪੱਕੇ ਤੌਰ ’ਤੇ ਰਹਿਣਾ ਔਖਾ ਲੱਗਦਾ ਏ ਤਾਂ ਕਿਹੜੀ ਦੁਨੀਆ ਮੁੱਕ ਗਈ? ਸਿਡਨੀ ਵਿੱਚ ਬਥੇਰੇ ਗੋਰੇ ਕਈ ਕਈ ਸ਼ਾਦੀਆਂ ਕਰਕੇ ਬਾਅਦ ਵਿੱਚ ਕਿਸੇ ਇੱਕ ਨਾਲ ਰਹਿਣ ਲੱਗਦੇ ਹਨ। ਉੱਥੇ ਤਾਂ ਜਿਹੜੀ ਟਾਵੀਂ ਟਾਵੀਂ ਸ਼ਾਦੀ 25-30 ਸਾਲ ਲਗਾਤਾਰ ਚੱਲਦੀ ਰਹੇ, ਉਹ ਅਖ਼ਬਾਰ ਦੀ ਖ਼ਬਰ ਬਣ ਜਾਂਦੀ ਏ। ਪਹਿਲਾਂ ਆਪਣਿਆਂ ਨੂੰ ਬੁੱਧੂ ਬਣਾ ਕੇ ਪੈਸੇ ਇਕੱਠੇ ਕਰ ਲਈਏ, ਫਿਰ ਆਖ਼ਰ ਵਿੱਚ ਕਿਸੇ ਗੋਰੇ ਦੇ ਲੜ ਲੱਗ ਕੇ ਪੱਕੇ ਤੌਰ ’ਤੇ ਰਹਿਣ ਲੱਗ ਪਵਾਂਗੇ। ਆਹ, ਹੁਣੇ ਹੁਣੇ ਇੱਕ ਹੋਰ ਫੋਨ ਆਇਆ ਸੀ।’
‘ਉਹ ਕੀਹਦਾ?’
‘ਉਸੇ ਮਾਈ ਦਾ, ਜਿਹੜੀ ਮੇਰੇ ਨਾਲ ਜਹਾਜ਼ ਵਿੱਚ ਸਿੰਗਾਪੁਰ ਤੋਂ ਦਿੱਲੀ ਤੱਕ ਆਈ ਸੀ। ਬੜੀ ਗਲਾਕੜੋ ਸੀ।’
‘ਕੀ ਕਹਿੰਦੀ?’
‘ਮੈਨੂੰ ਉਦੋਂ ਵੀ ਕਹਿੰਦੀ ਸੀ। ਅੱਜ ਤਾਂ ਪੱਕਾ ਹੀ ਕਹਿ ਦਿੱਤਾ ਕਿ ਉਸ ਦੀ ਭੈਣ ਦਾ ਲੜਕਾ ਆਸਟਰੇਲੀਆ ਜਾਣ ਲਈ ਕੋਈ ਕੁੜੀ ਲੱਭ ਰਿਹਾ ਏ। ਮੂੰਹ ਮੰਗੇ ਪੈਸੇ ਦੇਣ ਲਈ ਵੀ ਤਿਆਰ ਹਨ।’
‘ਜਿਹੜਾ ਤੂੰ ਪਹਿਲਾਂ ਛੱਡ ਕੇ ਆਈ ਏਂ, ਉਹ ਤਾਂ ਕੁਝ ਪੜ੍ਹਿਆ-ਲਿਖਿਆ ਵੀ ਸੀ। ਉਹਨੇ ਖ਼ੁਦ ਉੱਧਰ ਛੇ ਮਹੀਨਿਆਂ ਵਿੱਚ ਹੀ ਹੋਰ ਰਿਸ਼ਤਾ ਲੱਭ ਲਿਆ। ਤੇਰਾ ਉਸ ਤੋਂ ਪਿੱਛਾ ਛੁੱਟ ਗਿਆ। ਅਗਰ ਕੋਈ ਐਸਾ ਮਿਲ ਗਿਆ, ਜਿਹੜਾ ਤੇਰੇ ਨਾਲ ਦੋ ਤਿੰਨ ਸਾਲ ਲਸੂੜੀ ਵਾਂਗ ਚਿਮਟਿਆ ਰਹੇ, ਫਿਰ ਤੂੰ ਤੰਗ ਹੋ ਜਾਵੇਂਗੀ। ਅਗਰ ਵਿੱਚ ਛੱਡੇਂਗੀ ਤਾਂ ਤੇਰੇ ਨਾਲ ਝਗੜਾ ਵੀ ਕਰ ਸਕਦਾ ਏ। ਤੇਰੇ ’ਤੇ ਉਲਟਾ ਕੇਸ ਵੀ ਠੋਕ ਸਕਦਾ ਏ। ਸੋਚ ਸਮਝ ਕੇ ਹਾਂ ਕਰੀਂ। ਜ਼ਿਆਦਾ ਝਾਕਾ ਖੁੱਲ੍ਹਣ ’ਤੇ ਕਈ ਵਾਰ ਨੁਕਸਾਨ ਵੀ ਹੋ ਜਾਇਆ ਕਰਦੇ ਨੇ। ਦੁਨੀਆ ਬੜੀ ਚਲਾਕ ਏ। ਆਸਟਰੇਲੀਆ ਵਿੱਚ ਹੋ ਰਹੀਆਂ ਵਾਰਦਾਤਾਂ ਦੀਆਂ ਕਨਸੋਆਂ ਆਈ ਹੀ ਜਾਂਦੀਆਂ ਨੇ। ਲੱਗਦਾ ਇੰਜ ਏ ਜਿਵੇਂ ਆਪਣੇ ਬੰਦੇ ਹੀ ਆਪਸ ਵਿੱਚ ਲੜ-ਝਗੜ ਕੇ ਦੋਸ਼ ਗੋਰਿਆਂ ਸਿਰ ਮੜ੍ਹੀ ਜਾ ਰਹੇ ਆ। ਕੁੜੇ, ਤੇਰਾ ਕੀ ਖ਼ਿਆਲ ਏ?’
‘ਮਾਂ, ਅਸੀਂ ਕੀ ਲੈਣਾ ਇਸ ਪ੍ਰਕਾਰ ਦੀਆਂ ਵਾਰਦਾਤਾਂ ਤੋਂ? ਮੈਨੂੰ ਚੰਗੀ ਤਰ੍ਹਾਂ ਪਤਾ ਏ ਕਿ ਆਪਣੇ ਹੀ ਆਪਣਿਆਂ ਨੂੰ ਬਦਨਾਮ ਕਰੀ ਜਾ ਰਹੇ ਨੇ। ਸਾਰੀ ਲੜਾਈ ਪੈਸੇ ਤੇ ਪੱਕੀ ਰਿਹਾਇਸ਼ ਲਈ ਏ। ਤੀਵੀਂ ਨੂੰ ਪੱਕੀ ਰਿਹਾਇਸ਼ ਲਈ ਜ਼ਰੀਆ ਬਣਾਇਆ ਜਾਂਦਾ ਏ। ਦੇਖਣ ਵਿੱਚ ਇੱਥੋਂ ਤੱਕ ਆਉਣ ਲੱਗ ਪਿਆ ਏ ਕਿ ਹੁਣ ਤਾਂ ਕਈ ਕੁੜੀਆਂ ਵੀ ਉੱਥੇ ਪੱਕੇ ਮਰਦਾਂ ਨੂੰ ਪੱਕੀ ਰਿਹਾਇਸ਼ ਲਈ ਜ਼ਰੀਆ ਬਣਾਉਣ ਲੱਗ ਪਈਆਂ ਹਨ। ਉਸ ਸਮਾਜ ਵਿੱਚ ਤੀਵੀਂ ਮਰਦ ਬਰਾਬਰ ਏ। ਸਾਡੇ ਇੱਥੇ ਬਰਾਬਰਤਾ ਦੇ ਐਵੇਂ ਨਾਅਰੇ ਮਾਰੇ ਜਾਂਦੇ ਹਨ, ਬਰਾਬਰਤਾ ਹੈ ਕੋਈ ਨਹੀਂ। ਅਗਰ ਮਰਦ ਉੱਥੇ ਨਿੱਕਰਾਂ ਪਾ ਕੇ ਸ਼ਾਪਿੰਗ ਸੈਂਟਰਾਂ ਵਿੱਚ ਘੁੰਮ ਸਕਦੇ ਹਨ ਤਾਂ ਤੀਵੀਆਂ ’ਤੇ ਵੀ ਕਿਸੇ ਕਿਸਮ ਦੀ ਪਾਬੰਦੀ ਨਹੀਂ। ਨਾਲੇ ਤੂੰ ਦੇਖ ਪੰਜਾਬੀ ਉੱਥੇ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ। ਪਹਿਲਾਂ ਤਾਂ ਇਸ ਪ੍ਰਕਾਰ ਦੀਆਂ ਵਾਰਦਾਤਾਂ ਕਦੀ ਨਹੀਂ ਹੋਈਆਂ। ਜਦ ਉੱਥੇ ਨੂੰ ਜਣਾ-ਖਣਾ ਗ਼ਲਤ ਮਲਤ ਤਰੀਕਿਆਂ ਨਾਲ ਤੁਰ ਪਿਆ ਤਾਂ ਇਹ ਵਾਰਦਾਤਾਂ ਹੋਣੀਆਂ ਸ਼ੁਰੂ ਹੋਈਆਂ ਹਨ। ਅਨਪੜ੍ਹ, ਘੱਟ ਪੜ੍ਹੇ-ਲਿਖੇ ਤੇ ਪਿਛਾਂਹ-ਖਿੱਚੂ ਲੋਕਾਂ ਦਾ ਅਗਾਂਹ-ਵਧੂ ਸਮਾਜ ਵਿੱਚ ਪਹੁੰਚਣਾ ਵੀ ਇੱਕ ਸਰਾਪ ਏ।’
‘ਕੁੜੇ, ਉਹ ਅਗਾਂਹ-ਵਧੂ ਸਮਾਜ ਕਿਵੇਂ ਹੋਇਆ? ਸੁਣਿਆ, ਉੱਥੇ ਤਾਂ ਜਿਹੜਾ ਮਰਜ਼ੀ ਜੀਹਦੇ ਨਾਲ ਮਰਜ਼ੀ ਤੁਰਿਆ ਫਿਰਦਾ। ਲੋਕਾਂ ਵਿੱਚ ਕਿਸੇ ਕਿਸਮ ਦੀ ਮਰਿਆਦਾ ਤੇ ਸ਼ਰਮ ਹਿਆ ਵੀ ਤਾਂ ਹੋਣੀ ਚਾਹੀਦੀ ਏ।’
‘ਮਾਂ, ਇਹ ਤੇਰਾ ਭੁਲੇਖਾ ਏ ਕਿ ਉੱਥੇ ਸ਼ਰਮ ਹਿਆ ਖ਼ਤਮ ਹੋ ਗਈ ਏ। ਕਿਸੇ ਦੀ ਰਜ਼ਾਮੰਦੀ ਤੋਂ ਬਗੈਰ ਉੱਥੇ ਕਿਸੇ ਨੂੰ ਕੋਈ ਕੁਝ ਨਹੀਂ ਕਹਿ ਸਕਦਾ। ਸਾਡੇ ਇੱਥੇ ਰਜ਼ਾਮੰਦੀ ਤੋਂ ਬਗੈਰ ਹੀ ਅਨੇਕਾਂ ਵਾਰਦਾਤਾਂ ਹੋ ਜਾਂਦੀਆਂ ਹਨ। ਇਸ ਲਈ ਇਹ ਸਮਾਜ ਉਸ ਤੋਂ ਜ਼ਿਆਦਾ ਘਟੀਆ ਏ। ਸਾਡੇ ਤਾਂ ਇੱਥੇ ਕਾਨੂੰਨ ਦੇ ਰਾਖੇ ਹੀ ਅਪਰਾਧੀ ਹਨ। ਇਸ ਸਮਾਜ ਵਿੱਚ ਕੋਈ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਏ? ਅੱਜ ਅਸੀਂ ਜੋ ਕੁਝ ਮੁਹਾਲੀ ਬੈਠ ਕੇ ਕਰੀ ਜਾ ਰਹੇ ਹਾਂ, ਅਗਰ ਮੈਂ ਇਹੀ ਕੁਝ ਪਿੰਡ ਬੈਠ ਕੇ ਕਰਦੀ ਤਾਂ ਹੁਣ ਤੱਕ ਪਤਾ ਨਹੀਂ ਕੀ ਹੋ ਜਾਂਦਾ। ਜੋ ਕੁਝ ਦਿੱਲੀ, ਬੰਬਈ ਤੇ ਕਲਕੱਤੇ ਜਿਹੇ ਸ਼ਹਿਰਾਂ ਵਿੱਚ ਬੈਠ ਕੇ ਕੀਤਾ ਜਾ ਸਕਦਾ ਏ ਉਹ ਤਾਂ ਇੱਥੇ ਮੁਹਾਲੀ ਜਾਂ ਚੰਡੀਗੜ੍ਹ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਪਿੰਡਾਂ ਵਿੱਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।’
‘ਰਿੰਪੀ, ਪਿੰਡ ਤਾਂ ਅਸਲ ਵਿੱਚ ਬਣੇ ਹੀ ਸ਼ਰੀਫ ਬੰਦਿਆਂ ਲਈ ਹਨ। ਉੱਥੇ ਜਿਹੜੀ ਤੀਵੀਂ ਕਿਸੇ ਹੋਰ ਨਾਲ ਇੱਕ-ਅੱਧੀ ਵਾਰੀ ਤੁਰੀ ਦਿਸ ਪਵੇ, ਉਸ ਨੂੰ ਲੋਕ ਬਦਮਾਸ਼ ਤੀਵੀਂ ਕਹਿਣ ਲੱਗ ਪੈਂਦੇ ਹਨ। ਅਗਰ ਵੱਡੇ ਸ਼ਹਿਰਾਂ ਦੇ ਪਰਦੇ ਫੋਲੇ ਜਾਣ ਤਾਂ ਅਜਿਹੀਆਂ ਤੀਵੀਆਂ ਤੇ ਮਰਦਾਂ ਦੀ ਪਤਾ ਨਹੀਂ ਕਿੰਨੇ ਹਜ਼ਾਰਾਂ ਵਿੱਚ ਗਿਣਤੀ ਹੋਣੀ ਏ। ਭਾਰਤੀ ਸੱਭਿਆਚਾਰ ਦੀ ਕਸੌਟੀ ਅਨੁਸਾਰ ਇਹ ਵਿਗੜੇ ਹੋਏ ਮਰਦ ਤੀਵੀਆਂ ਵੀ ਸ਼ਹਿਰੀ ਸਮਾਜ ਵਿੱਚ ਇੰਜ ਵਿਚਰਦੇ ਹਨ, ਜਿਵੇਂ ਸਮਾਜ ਦੇ ਰਹਿਬਰ ਹੋਣ।’
‘ਮਾਂ, ਛੋਟੀਆਂ ਮੋਟੀਆਂ ਵਾਰਦਾਤਾਂ ਹਰ ਸਮਾਜ ਵਿੱਚ ਹੀ ਹੁੰਦੀਆਂ ਰਹਿੰਦੀਆਂ ਹਨ। ਚੋਰ-ਉਚੱਕੇ ਹਰ ਸਮਾਜ ਵਿੱਚ ਹੀ ਹਨ। ਆਸਟਰੇਲੀਆ ਵਿੱਚ ਬਥੇਰੇ ਨਸ਼ਈ ਘੁੰਮਦੇ ਹਨ। ਇਹ ਕਈ ਵਾਰ ਕਿਸੇ ਨੂੰ ਵੀ ਲੁੱਟ ਸਕਦੇ ਹਨ। ਸਿਰਫ਼ ਪੰਜਾਬੀ ਜਾਂ ਭਾਰਤੀ ਇਕੱਲੇ ਹੀ ਇਨ੍ਹਾਂ ਦੀਆਂ ਲੁੱਟਾਂ-ਖੋਹਾਂ ਦਾ ਸ਼ਿਕਾਰ ਨਹੀਂ ਹੁੰਦੇ। ਨਾਲੇ ਇਹ ਲੁਟੇਰੇ ਸਾਰੇ ਗੋਰੇ ਨਹੀਂ ਹਨ। ਇਹ ਕਿਸੇ ਵੀ ਦੇਸ਼ ਦੇ ਉਸ ਦੇਸ਼ ਵਿੱਚ ਵਸੇ ਲੋਕ ਹੋ ਸਕਦੇ ਹਨ। ਉਸ ਦੇਸ਼ ਵਿੱਚ ਸਾਰੇ ਮੁਲਕਾਂ ਦੇ ਲੋਕ ਰਹਿੰਦੇ ਹਨ। ਲੋਕ ਕਈ ਵਾਰ ਉੱਥੇ ਆਦਿ-ਵਾਸੀਆਂ ਤੋਂ ਡਰਦੇ ਰਹਿਣਗੇ, ਕਿਉਂਕਿ ਆਈਲੈਂਡਰ ਸਰੀਰ ਦੇ ਮੋਟੇ ਹਨ ਤੇ ਸ਼ਕਲ ਤੋਂ ਕੁਝ ਕਰੂਪ। ਅਸਲ ਵਿੱਚ ਮੈਂ ਦੇਖਿਆ ਹੈ ਕਿ ਆਦਿਵਾਸੀ ਤੇ ਆਈਲੈਂਡਰ ਕਈ ਵਾਰ ਬੜਾ ਹੀ ਵਧੀਆ ਵਰਤਾਓ ਕਰਦੇ ਹਨ। ਇੱਕ ਆਦਿਵਾਸੀ ਜਸਦੀਪ ਨੂੰ ਅਕਸਰ ਮਿਲਣ ਆਇਆ ਕਰਦਾ ਸੀ। ਹਮੇਸ਼ਾਂ ਬ੍ਰਦਰ ਬ੍ਰਦਰ ਕਹਿ ਕੇ ਬੁਲਾਇਆ ਕਰਦਾ ਸੀ। ਮਾੜੇ ਬੰਦੇ ਕਿਸੇ ਵੀ ਫਿਰਕੇ ਵਿੱਚ ਹੋ ਸਕਦੇ ਹਨ। ਜਿਹੜੇ ਬੰਦੇ ਅਸਲ ਵਿੱਚ ਨਿਕੰਮੇ ਹਨ, ਭਾਵ ਕੰਮ ਨਹੀਂ ਕਰਦੇ ਤੇ ਨਸ਼ੇ ਕਰਦੇ ਹਨ, ਉਹ ਹੀ ਲੁੱਟਣ-ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਇਸ ਪ੍ਰਕਾਰ ਦੇ ਬੰਦੇ ਹਰ ਫਿਰਕੇ ਵਿੱਚ ਹਨ।’
ਮਾਵਾਂ ਧੀਆਂ ਇਸ ਪ੍ਰਕਾਰ ਦੀਆਂ ਗੱਲਾਂ ਕਰ ਰਹੀਆਂ ਸਨ ਕਿ ਫਿਰ ਉਸੇ ਮਾਈ ਦਾ ਫੋਨ ਆ ਗਿਆ।
‘ਧੀਏ, ਕੀ ਸੋਚਿਆ ਫਿਰ? ਸਾਡਾ ਮੁੰਡਾ ਤਾਂ ਬੜਾ ਕਾਹਲਾ ਪਿਆ ਹੋਇਆ ਏ। ਨੋਟ ਹੱਥ ਵਿੱਚ ਫੜੀ ਫਿਰਦਾ ਏ।’
‘ਮਾਂ ਜੀ, ਉਸ ਨੂੰ ਨਾਲ ਲੈ ਕੇ ਕੱਲ੍ਹ 12 ਵਜੇ ਦੁਪਹਿਰ ਮੁਹਾਲੀ ਮੇਰੇ ਪਾਸ ਆ ਜਾਵੋ। ਬੈਠ ਕੇ ਗੱਲ ਕਰ ਲਵਾਂਗੇ। ਤੁਹਾਡੇ ਪਾਸ ਮੇਰੀ ਰਿਹਾਇਸ਼-ਗਾਹ ਦਾ ਸਿਰਨਾਵਾਂ ਹੈ?’
‘ਹਾਂ, ਧੀਏ ਤੂੰ ਦੱਸਿਆ ਤਾਂ ਸੀ, ਪਰ ਮੈਨੂੰ ਘਰ ਦਾ ਅਸਲੀ ਨੰਬਰ ਪਤਾ ਨਹੀਂ।’
‘ਮੈਂ ਅੱਠ ਫੇਜ਼ ਵਿੱਚ ਰਹਿੰਦੀ ਹਾਂ। ਮੈਂ ਘਰ ਦਾ ਨੰਬਰ ਕਿਸੇ ਨੂੰ ਵੀ ਨਹੀਂ ਦਿੰਦੀ। ਤੁਸੀਂ ਇੰਜ ਕਰਿਓ, ਅੱਠ ਫੇਜ਼ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੜੀ ਵੱਡੀ ਇਮਾਰਤ ਏ, ਤੁਸੀਂ ਉਸ ਇਮਾਰਤ ਦੇ ਸਾਹਮਣੇ ਆ ਜਾਇਓ। ਮੈਂ ਤੇ ਮੇਰੀ ਮਾਂ ਜੀ ਤੁਹਾਨੂੰ ਉੱਥੇ ਮਿਲਾਂਗੇ। ਉੱਥੇ ਬੈਠ ਕੇ ਹੀ ਗੱਲਬਾਤ ਪੱਕੀ ਕਰ ਲਈ ਜਾਵੇਗੀ। ਕੀ ਲੜਕੇ ਪਾਸ ਪਾਸਪੋਰਟ ਤਿਆਰ ਹੈ?’
‘ਹਾਂ ਪੁੱਤ, ਪਾਸਪੋਰਟ ਤਾਂ ਉਹਨੇ ਕਈ ਦੇਰ ਦਾ ਬਣਾ ਕੇ ਰੱਖਿਆ ਹੋਇਆ ਏ।’
‘ਹਾਈ ਕਮਿਸ਼ਨ ਨੂੰ ਵਿਆਹ ਦੇ ਕੁਝ ਸਬੂਤ ਚਾਹੀਦੇ ਹੁੰਦੇ ਹਨ। ਉਨ੍ਹਾਂ ਬਾਰੇ ਬੈਠ ਵਿਚਾਰ ਕਰ ਲਵਾਂਗੇ। ਚੰਗਾ, ਮਾਂ ਜੀ, ਕੱਲ੍ਹ ਮਿਲਾਂਗੇ।’
‘ਚੰਗਾ ਧੀਏ।’
ਫਿਰ ਰਿੰਪੀ ਆਪਣੀ ਮਾਂ ਨਾਲ ਹੋਰ ਵਿਚਾਰ-ਵਟਾਂਦਰਾ ਕਰਨ ਲੱਗ ਪਈ।
‘ਮਾਂ, ਕਿਵੇਂ ਕਰਨਾ ਏ? ਉਹ ਕੱਲ੍ਹ ਮੁਹਾਲੀ ਆ ਰਹੇ ਹਨ। ਪਤਾ ਨਹੀਂ ਕਿੰਨੇ ਜਣੇ ਹੋਣਗੇ।’
‘ਧੀਏ, ਤੈਨੂੰ ਜ਼ਿਆਦਾ ਪਤਾ ਏ। ਤੂੰ ਫਿਰ ਵਾਪਸ ਚਲੀ ਜਾਵੇਂਗੀ। ਮੈਂ ਇਕੱਲੀ ਰਹਿ ਜਾਵਾਂਗੀ। ਹੁਣ ਮੈਂ ਉਂਜ ਵੀ ਕਾਫ਼ੀ ਸਿਆਣੀ ਹੋ ਗਈ ਹਾਂ। ਮੇਰੀ ਦੇਖਭਾਲ ਲਈ ਵੀ ਕੋਈ ਚਾਹੀਦਾ ਏ।’
‘ਮਾਂ, ਮੈਂ ਇਸ ਵਾਰ ਜਾ ਕੇ ਤੈਨੂੰ ਵੀ ਉੱਧਰ ਹੀ ਬੁਲਾ ਲਵਾਂਗੀ। ਕਾਨੂੰਨ ਅਨੁਸਾਰ ਤੂੰ ਵੀ ਉੱਧਰ ਮੇਰੇ ਪਾਸ ਜਾ ਹੀ ਸਕਦੀ ਏਂ, ਕਿਉਂਕਿ ਇੱਧਰ ਤੇਰੀ ਦੇਖਭਾਲ ਲਈ ਹੋਰ ਕੋਈ ਹੈ ਹੀ ਨਹੀਂ।’
‘ਚੰਗਾ ਪੁੱਤਾ, ਜਿਵੇਂ ਮਰਜ਼ੀ ਕਰ ਲੈ। ਮੈਂ ਤਾਂ ਚਾਹੁੰਦੀ ਸੀ ਕਿ ਤੂੰ ਕਿਤੇ ਪੱਕੀ ਵਸ ਜਾਂਦੀ। ਹੁਣ ਜੇਕਰ ਤੂੰ ਇਸ ਮੁੰਡੇ ਦੇ ਪੱਕੇ ਹੋਣ ਤੱਕ ਉਡੀਕਦੀ ਰਹੀ ਤਾਂ ਕਈ ਸਾਲ ਬੀਤ ਜਾਣਗੇ। ਕੀ ਇਹ ਤੇਰੇ ਨਾਲ ਪੱਕਾ ਵਿਆਹ ਕਰਨ ਲਈ ਰਾਜ਼ੀ ਨਹੀਂ ਹੋ ਸਕਦਾ?’
‘ਇੰਜ ਵੀ ਪੁੱਛ ਲਵਾਂਗੇ। ਮੈਨੂੰ ਲੱਗਦਾ ਏ ਕਿ ਇੰਜ ਉਹ ਨਹੀਂ ਮੰਨਣਗੇ। ਜੇਕਰ ਉਨ੍ਹਾਂ ਇੰਜ ਕਰਨਾ ਹੁੰਦਾ ਤਾਂ ਉਨ੍ਹਾਂ ਪੈਸਿਆਂ ਦੀ ਗੱਲ ਨਹੀਂ ਸੀ ਕਰਨੀ। ਪੰਜਾਬ ਵਿੱਚ ਤਾਂ ਹਰ ਮੁੰਡਾ ਉੱਧਰ ਨੂੰ ਜਾਣਾ ਚਾਹੁੰਦਾ ਏ। ਸਾਰਾ ਜ਼ੋਰ ਸਿਰਫ਼ ਪੱਕਾ ਹੋਣ ’ਤੇ ਹੀ ਲੱਗਾ ਹੋਇਆ ਏ। ਵਿਆਹ ਤਾਂ ਬਾਅਦ ਵਿੱਚ ਆ ਕੇ ਦੁਆਰਾ ਹੀ ਕਰਵਾ ਕੇ ਲੈ ਜਾਂਦੇ ਹਨ। ਆਹ ਜਿਹੜੇ ਪੜ੍ਹਨ ਲਈ ਜਾਂਦੇ ਹਨ, ਇਨ੍ਹਾਂ ਦਾ ਮਕਸਦ ਪੱਕਾ ਹੋਣਾ ਜ਼ਿਆਦਾ ਏ, ਪੜ੍ਹਾਈ ਤਾਂ ਬਹਾਨਾ ਹੁੰਦਾ ਏ। ਕਿੰਨੀ ਹਾਸੋ-ਹੀਣੀ ਗੱਲ ਏ, ਜਿਹੜੇ ਇੱਧਰ ਚੱਜ ਨਾਲ ਨਹੀਂ ਪੜ੍ਹਦੇ, ਉਹ ਉੱਧਰ ਨੂੰ ਪੜ੍ਹਾਈ ਕਰਨ ਤੁਰੇ ਹੋਏ ਨੇ। ਉੱਧਰ ਪੜ੍ਹ ਕੇ ਵੀ ਬਹੁਤਿਆਂ ਨੂੰ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ। ਦਿਨ-ਰਾਤ ਪੈਸੇ ਕਮਾਉਣ ਲਈ ਦੌੜੇ-ਭੱਜੇ ਫਿਰਦੇ ਰਹਿੰਦੇ ਹਨ। ਫਿਰ ਉਨੀਂਦਰੇ ਕਲਾਸ ਲਾਉਣ ਜਾਂਦੇ ਹਨ। ਅੱਧੇ ਕੁ ਤਾਂ ਏਧਰੋਂ ਓਧਰੋਂ ਸਮੱਗਰੀ ਚੋਰੀ ਕਰਕੇ ਅਸਾਈਨਮੈਂਟਾਂ ਤਿਆਰ ਕਰਦੇ ਹਨ। ਔਖੇ-ਸੌਖੇ ਕੋਈ ਡਿਗਰੀ ਜਾਂ ਸਰਟੀਫੀਕੇਟ ਤਾਂ ਪ੍ਰਾਪਤ ਕਰ ਲੈਂਦੇ ਹਨ, ਪ੍ਰੰਤੂ ਪੱਲੇ ਕੁਝ ਵੀ ਨਹੀਂ ਹੁੰਦਾ। ਬਾਅਦ ਵਿੱਚ ਜਦ ਨੌਕਰੀ ਲੈਣ ਲਈ ਟੈਸਟ ਦਿੰਦੇ ਹਨ ਤਾਂ ਬਹੁਤੇ ਫੇਲ੍ਹ ਹੋ ਜਾਂਦੇ ਹਨ। ਆਖ਼ਰ ਅੱਕ-ਥੱਕ ਕੇ ਜਾਂ ਤਾਂ ਸਕਿਊਰਿਟੀ ਦੀਆਂ ਨੌਕਰੀਆਂ ਕਰਦੇ ਹਨ ਤੇ ਜਾਂ ਫਿਰ ਟੈਕਸੀਆਂ ਚਲਾਉਂਦੇ ਹਨ। ਇਹ ਦੋਵੇਂ ਕੰਮ ਤਾਂ ਉੱਥੇ ਏਧਰੋਂ ਘੱਟ ਪੜ੍ਹੇ ਲਿਖੇ ਗਏ ਹੋਏ ਲੋਕ ਵੀ ਕਰੀ ਜਾ ਰਹੇ ਹਨ। ਕਈਆਂ ਨੇ ਇੱਧਰ ਡਾਕਟਰ, ਇੰਜੀਨੀਅਰ, ਵਕੀਲ ਤੇ ਪ੍ਰੋਫੈਸਰ ਬਣਨਾ ਸੀ। ਉੱਧਰ ਜਾ ਕੇ ਉਹ ਨਿਰੇ ਚੌਕੀਦਾਰ ਤੇ ਡਰਾਈਵਰ ਬਣ ਗਏ। ਦੂਜੇ ਨੰਬਰ ’ਤੇ ਜਿਹੜੇ ਇੱਧਰੋਂ ਕੱਚੇ ਜਾਂਦੇ ਹਨ, ਉਨ੍ਹਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਮਿਲਦੀਆਂ। ਉੱਧਰ ਦੇ ਪੱਕੇ ਬਾਸ਼ਿੰਦੇ ਦਾ ਡਾਕਟਰੀ ਇਲਾਜ ਮੁਫ਼ਤ ਏ। ਇੱਧਰੋਂ ਗਏ ਕੱਚੇ ਬੰਦੇ ਨੂੰ ਇਲਾਜ ਕਰਵਾਉਣ ਲਈ ਅੰਤਾਂ ਦੇ ਡਾਲਰ ਖਰਚਣੇ ਪੈਂਦੇ ਹਨ। ਉਧਰਲੇ ਪੱਕੇ ਵਿਦਿਆਰਥੀਆਂ ਨੂੰ ਬੜੀਆਂ ਘੱਟ ਫੀਸਾਂ ਦੇਣੀਆਂ ਪੈਂਦੀਆਂ ਨੇ। ਇੱਧਰ ਦੇ ਕੱਚੇ ਵਿਦਿਆਰਥੀਆਂ ਨੂੰ ਕਈ ਗੁਣਾ ਜ਼ਿਆਦਾ ਫੀਸਾਂ ਭਰਨੀਆਂ ਪੈਂਦੀਆਂ ਹਨ। ਜੇਕਰ ਉਹ ਇੱਧਰੋਂ ਪੈਸੇ ਮੰਗਵਾਉਣ ਤਾਂ ਉਹ ਪੈਸੇ ਡਾਲਰ ਵਿੱਚ ਤਬਦੀਲ ਹੋ ਕੇ ਬੜੇ ਘੱਟ ਰਹਿ ਜਾਂਦੇ ਹਨ। ਜਿਹੜਾ ਕੱਚਾ ਬੰਦਾ ਸਾਰੇ ਖ਼ਰਚੇ ਉੱਧਰੋਂ ਕੱਢੇਗਾ, ਤੂੰ ਆਪ ਹੀ ਦੇਖ ਲੈ ਕਿ ਉਸ ਨੂੰ ਪੜ੍ਹਨ ਦਾ ਕਿੰਨਾ ਕੁ ਸਮਾਂ ਮਿਲ ਸਕਦਾ ਏ। ਡਾਲਰ ਦੀ ਚਮਕ ਤੇ ਢਾਂਚੇ ਦੇ ਉੱਚੇ ਮਿਆਰ ਨੇ ਲੋਕਾਂ ਦੀ ਉੱਧਰ ਨੂੰ ਦੌੜ ਲਗਾ ਦਿੱਤੀ ਏ। ਬਾਕੀ ਸਾਡੇ ਇੱਧਰ ਸਭ ਕਾਸੇ ਦਾ ਬੇੜਾ ਬੈਠ ਗਿਆ ਏ।’
‘ਇੱਕ ਹੋਰ ਹਾਸੋਹੀਣੀ ਗੱਲ ਇਹ ਹੈ ਕਿ ਜਿਹੜਾ ਬੰਦਾ ਆਪਣੇ ਦੇਸ਼ ਦੇ ਹੋਰ ਹਿੱਸਿਆਂ ਤੱਕ ਵੀ ਨਹੀਂ ਗਿਆ, ਉਹ ਕਹਿ ਦਿੰਦਾ ਏ ਕਿ ਮੈਂ ਕੈਨੇਡਾ, ਆਸਟਰੇਲੀਆ ਤੇ ਅਮਰੀਕਾ ਦੀ ਸੈਰ ਕਰਨ ਜਾ ਰਿਹਾ ਹਾਂ। ਸੈਰ ਕਰਨ ਜਾਣ ਦਾ ਮਕਸਦ ਵੀ ਪੱਕੇ ਹੋਣ ਲਈ ਕੋਈ ਤਰੀਕਾ ਲੱਭਣਾ ਹੁੰਦਾ ਏ। ਸਾਡੇ ਦੇਸ਼ ਦੇ ਲੋਕਾਂ ਦੀਆਂ ਕਈ ਗੱਲਾਂ ’ਤੇ ਸੱਚਮੁੱਚ ਹੀ ਹਾਸਾ ਆਉਂਦਾ ਰਹਿੰਦਾ ਏ।’
‘ਕੁੜੇ ਸੁਣਿਆ, ਆਸਟਰੇਲੀਆ ਵਿੱਚ ਵੀ ਜਾਤ-ਪਾਤ ਬਹੁਤ ਏ। ਆਹ ਜਿੰਨੇ ਵੀ ਮੁੰਡੇ ਕੁੜੀਆਂ ਪਿੱਛੇ ਜਿਹੇ ਪੜ੍ਹਨ ਗਏ ਸੀ, ਉਨ੍ਹਾਂ ਸਾਰਿਆਂ ਦੇ ਮਾਪੇ ਇਹੀ ਕਹੀ ਜਾਂਦੇ ਨੇ ਕਿ ਉੱਥੇ ਰੰਗ ਅਤੇ ਨਸਲ ਦੇ ਨਾਂ ’ਤੇ ਬੜਾ ਵਿਤਕਰਾ ਏ। ਤੂੰ ਤਾਂ ਸਾਰਾ ਕੁਝ ਦੇਖਿਆ ਏ। ਤੈਨੂੰ ਕਿਵੇਂ ਲੱਗਾ?’
‘ਮਾਂ, ਸਾਡੇ ਲੋਕ ਉਸ ਨੂੰ ਜਾਤ-ਪਾਤ ਨਹੀਂ, ਨਸਲਵਾਦ ਕਹਿੰਦੇ ਨੇ। ਸਾਡੇ ਦੇਸ਼ ਵਾਂਗ ਉੱਥੇ ਜਾਤ-ਪਾਤ ਤਾਂ ਹੈ ਹੀ ਨਹੀਂ। ਗੋਰਿਆਂ ਵਿੱਚ ਜਾਤਾਂ ਨਹੀਂ ਹਨ। ਸਾਡੇ ਤਾਂ ਇੱਥੇ ਜਾਤਾਂ ਹਨ, ਜਿਵੇਂ ਬ੍ਰਾਹਮਣ, ਖੱਤਰੀ, ਝਿਓਰ, ਹਰੀਜਨ, ਬਾਲਮੀਕੀ, ਨਾਈ, ਲੋਹਾਰ, ਤਰਖਾਣ ਆਦਿ। ਉੱਥੇ ਇਹ ਬਿਲਕੁਲ ਵੀ ਨਹੀਂ ਏ। ਬਾਕੀ ਰਹੀ ਨਸਲਵਾਦ ਦੀ ਗੱਲ, ਥੋੜ੍ਹਾ ਬਹੁਤ ਨਸਲਵਾਦ ਹਰ ਸਮਾਜ ਵਿੱਚ ਹੁੰਦਾ ਹੀ ਏ। ਭਾਰਤ ਵਿੱਚ ਇਹ ਕਿਹੜਾ ਘੱਟ ਏ। ਹੁਣ ਜਦ ਨੌਕਰੀਆਂ ਅਨੁਸੂਚਿਤ ਜਾਤਾਂ ਨੂੰ ਵੱਧ ਮਿਲੀ ਜਾ ਰਹੀਆਂ ਹਨ, ਤਾਂ ਜਨਰਲ ਕੈਟੇਗਰੀ ਵਾਲੇ ਬਥੇਰੀ ਖੱਪ ਪਾਈ ਜਾਂਦੇ ਨੇ। ਤੂੰ ਹੁਣ ਤੱਕ ਵੀ ਬਾਲਮੀਕੀਆਂ ਤੇ ਹਰੀਜਨਾਂ ਦੇ ਘਰ ਜਾ ਕੇ ਚਾਹ ਪੀਣ ਤੋਂ ਝਿਜਕਦੀ ਰਹਿੰਦੀ ਏਂ। ਪਿਛਲੀ ਵਾਰੀ ਜਦ ਤੁਹਾਨੂੰ ਵੋਟਾਂ ਲਈ ਘਰੋਂ ਘਰ ਫਿਰਨ ਵਾਲੇ ਆਪਣੇ ਨਾਲ ਲੈ ਗਏ ਸੀ ਤੇ ਤੁਹਾਨੂੰ ਕਈ ਹਰੀਜਨਾਂ ਦੇ ਘਰ ਚਾਹ ਪੀਣੀ ਪਈ ਸੀ ਤਾਂ ਘਰ ਆ ਕੇ ਐਵੇਂ ਕੁਰਲੀਆਂ ਕਰੀ ਜਾਂਦੇ ਸੀ। ਨਾਲੇ ਕਹੀ ਜਾਂਦੇ ਸੀ ਕਿ ਮੇਰਾ ਮੂੰਹ ਖ਼ਰਾਬ ਹੋ ਗਿਆ। ਫਿਰ ਤੁਸੀਂ ਬਾਲਮੀਕੀਆਂ ਦੇ ਘਰ ਚਾਹ ਪੀਣ ਤੋਂ ਇਨਕਾਰ ਹੀ ਕਰ ਦਿੱਤਾ ਸੀ। ਤੁਸੀਂ ਕਿਹਾ ਸੀ ਕਿ ਪਹਿਲਾਂ ਹੀ ਕਈ ਵਾਰ ਪੀ ਚੁੱਕੇ ਹਾਂ। ਤੁਹਾਨੂੰ ਆਪਣੀ ਹਾਲਤ ਦਾ ਪਤਾ ਹੀ ਏ। ਜਿਹੜੀ ਚਾਹ ਤੁਸੀਂ ਪੀਤੀ ਸੀ, ਉਹ ਤੁਹਾਨੂੰ ਇਸ ਕਰਕੇ ਪੀਣੀ ਪਈ ਸੀ ਕਿਉਂਕਿ ਤੁਹਾਨੂੰ ਉਨ੍ਹਾਂ ਤੱਕ ਲੋੜ ਸੀ। ਤੁਸੀਂ ਉਨ੍ਹਾਂ ਦਾ ਮਨ ਜਿੱਤ ਕੇ ਉਨ੍ਹਾਂ ਤੋਂ ਵੋਟਾਂ ਲੈਣੀਆਂ ਸਨ। ਤੁਸੀਂ ਹੁਣ ਵੀ ਕਈ ਲੀਡਰ ਦੇਖੇ ਹੋਣੇ ਆ ਟੈਲੀਵੀਜ਼ਨ ’ਤੇ ਆਮ ਜਨਤਾ ਵਿੱਚ ਜਾ ਕੇ ਕਈ ਵਾਰ ਐਵੇਂ ਉਨ੍ਹਾਂ ਦੇ ਬੱਚਿਆਂ ਨੂੰ ਪਿਆਰ ਕਰੀ ਜਾਣਗੇ। ਕਈ ਪੱਛੜੀਆਂ ਜਾਤਾਂ ਦੇ ਬੱਚਿਆਂ ਨੂੰ ਘੜੀ ਕੁ ਲਈ ਕੁੱਛੜ ਚੁੱਕ ਲੈਣਗੇ। ਲੀਡਰਾਂ ਦੀਆਂ ਇਹ ਸਭ ਚੁਸਤੀਆਂ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਆਉਣ ਵਾਲੀ ਚੋਣ ਵਿੱਚ ਵੋਟਾਂ ਲੈਣ ਲਈ ਲੋਕਾਂ ਦੇ ਦਿਲ ਜਿੱਤਣੇ ਹੁੰਦੇ ਹਨ। ਇੰਜ ਉਨ੍ਹਾਂ ਨੂੰ ਮਖੌਟੇ ਪਹਿਨਣੇ ਹੀ ਪੈਂਦੇ ਹਨ।’
‘ਹਾਂ, ਉਨ੍ਹਾਂ ਦੇਸ਼ਾਂ ਵਿੱਚ ਇੱਕ ਚੀਜ਼ ਮੈਨੂੰ ਕਦੀ-ਕਦੀ ਅਕਸਰ ਨਜ਼ਰ ਆਉਂਦੀ ਰਹਿੰਦੀ ਏ। ਗੋਰੇ ਕਿਸੇ ਨੂੰ ਵੱਡੀ ਨੌਕਰੀ ਲਈ ਤਰੱਕੀ ਦੇਣ ਲੱਗੇ ਜ਼ਰੂਰ ਸੋਚਦੇ ਹਨ। ਆਮ ਨੌਕਰੀਆਂ ਲਈ ਆਮ ਜਨਤਾ ਦੀ ਚੋਣ ਹੁੰਦੀ ਰਹਿੰਦੀ ਏ। ਬਹੁਤੀਆਂ ਨੌਕਰੀਆਂ ਲਈ ਛੋਟੇ-ਮੋਟੇ ਟੈਸਟ ਹੁੰਦੇ ਹਨ। ਕਈਆਂ ਲਈ ਔਖੇ ਟੈਸਟ ਵੀ ਹੁੰਦੇ ਹਨ। ਜੋ ਪਾਸ ਕਰ ਲੈਂਦੇ ਹਨ, ਉਹ ਇਨ੍ਹਾਂ ਨੌਕਰੀਆਂ ਲਈ ਚੁਣ ਲਏ ਜਾਂਦੇ ਹਨ। ਜਦ ਵੱਡੀਆਂ ਨੌਕਰੀਆਂ ਲਈ ਤਰੱਕੀ ਦੇਣੀ ਹੁੰਦੀ ਹੈ ਤਾਂ ਵੱਧ ਸੋਚਿਆਂ ਜਾਂਦਾ ਏ। ਸਖ਼ਤ ਇਮਤਿਹਾਨ ’ਚੋਂ ਕੱਢਿਆ ਜਾਂਦਾ ਏ। ਵੈਸੇ ਉੱਥੇ ਸਾਰੇ ਦੇਸ਼ਾਂ ਦੇ ਲੋਕ ਸਭ ਪ੍ਰਕਾਰ ਦੀਆਂ ਨੌਕਰੀਆਂ ਤੇ ਕਿੱਤਿਆਂ ਵਿੱਚ ਹਨ। ਸਭ ਪ੍ਰਕਾਰ ਦੇ ਧਰਮਾਂ ਦਾ ਬਰਾਬਰ ਸਤਿਕਾਰ ਏ। ਅਗਰ ਕੋਈ ਉੱਥੇ ਜਾ ਕੇ ਪੂਰੀ ਪੂਰੀ ਪੜ੍ਹਾਈ ਕਰ ਲਵੇ ਤੇ ਯੂਨੀਵਰਸਿਟੀ ਦੀ ਡਿਗਰੀ ਵੀ ਕਰ ਲਵੇ ਤਾਂ ਨੌਕਰੀ ਪ੍ਰਾਪਤ ਕਰਨ ਵਿੱਚ ਕਿਸੇ ਪ੍ਰਕਾਰ ਦਾ ਭੇਦ-ਭਾਵ ਨਹੀਂ ਏ।’
ਦੂਜੇ ਦਿਨ 12 ਵਜੇ ਮਾਂ-ਧੀ ਉਸੇ ਥਾਂ 8 ਫੇਜ਼ ਵਿੱਚ ਪਹੁੰਚ ਗਈਆਂ। ਜਦ ਉਨ੍ਹਾਂ ਦੇਖਿਆ ਤਾਂ ਦੂਜੀ ਮਾਈ ਲੜਕੇ ਅਤੇ ਇੱਕ ਹੋਰ ਇਸਤਰੀ ਤੇ ਮਰਦ ਨੂੰ ਨਾਲ ਲੈ ਕੇ ਉੱਥੇ ਪਹੁੰਚੀ ਹੋਈ ਸੀ।
‘ਮਾਂ ਜੀ, ਸਤਿ ਸ੍ਰੀ ਅਕਾਲ।’
‘ਸਤਿ ਸ੍ਰੀ ਅਕਾਲ ਧੀਏ। ਕਿਤੇ ਨੇੜੇ ਹੀ ਰਹਿੰਦੇ ਹੋ?’
‘ਹਾਂ, ਅਸੀਂ ਇੱਥੋਂ ਜ਼ਿਆਦਾ ਦੂਰ ਨਹੀਂ ਰਹਿੰਦੇ। ਫਿਰ ਵੀ ਆਉਣ ਨੂੰ 20 ਕੁ ਮਿੰਟ ਤਾਂ ਲੱਗ ਹੀ ਗਏ।’
‘ਅੱਛਾ। ਇਹ ਕਰਮਜੀਤ ਏ ਜਿਹੜਾ ਬਾਹਰ ਜਾਣ ਲਈ ਕਾਹਲਾ ਏ?’
‘ਹਾਂ, ਇਹ ਕਰਮਜੀਤ ਏ ਤੇ ਨਾਲ ਇਹਦੇ ਮਾਂ-ਪਿਉ ਜਾਨੀ ਕਿ ਮੇਰੀ ਭੈਣ ਤੇ ਮੇਰਾ ਭਣਵੱਈਆ।’
‘ਮੁੰਡਾ ਤਾਂ ਸਮਾਰਟ ਲੱਗਦਾ ਏ। ਕਰਮਜੀਤ ਦੀ ਕਿੰਨੀ ਪੜ੍ਹਾਈ ਏ। ਪਿੰਡ ਹੀ ਪੜ੍ਹਿਆ ਸੀ ਜਾਂ ਕਿਸੇ ਸ਼ਹਿਰ ਵਿੱਚ? ਕਿੰਨੀ ਉਮਰ ਏ ਤੇਰੀ? ਬਾਹਰ ਕਿਉਂ ਜਾਣਾ ਚਾਹੁੰਦਾ ਏਂ?’
‘ਜੀ, ਮੈਂ 12ਵੀਂ ’ਚੋਂ ਫੇਲ੍ਹ ਹੋ ਗਿਆ ਸੀ। ਪਿੰਡ ਦੇ ਸਕੂਲ ਵਿੱਚ ਪੰਜਵੀਂ ਕੀਤੀ ਤੇ ਫਿਰ ਨੇੜੇ ਦੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਅਗਲੀ ਪੜ੍ਹਾਈ ਕੀਤੀ। ਫੇਲ੍ਹ ਹੋਣ ਤੋਂ ਬਾਅਦ ਬਸ ਪੜ੍ਹਾਈ ਕਰਨ ਨੂੰ ਦਿਲ ਹੀ ਨਹੀਂ ਕੀਤਾ। ਫਿਰ ਸੋਚਿਆ ਕਿ ਬਾਹਰ ਹੀ ਜਾਣਾ ਏ। ਤੁਹਾਨੂੰ ਪਤਾ ਹੀ ਏ ਇੱਥੇ ਕਿੰਨਾ ਮਾੜਾ ਹਾਲ ਏ। ਜਦ ਪੜ੍ਹਿਆਂ-ਲਿਖਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤਾਂ ਸਾਨੂੰ ਘੱਟ ਪੜ੍ਹਿਆਂ-ਲਿਖਿਆਂ ਨੂੰ ਕੀ ਮਿਲਣਾ ਏ? ਜਿਹੜੇ ਵੀ ਬਾਹਰ ਸੈੱਟ ਹੋ ਗਏ, ਬਸ ਮਾਲਾ-ਮਾਲ ਹੋ ਗਏ। ਹੁਣ ਜਦ ਛੁੱਟੀ ਆਉਂਦੇ ਨੇ, ਤਾਂ ਬਸ ਪੈਸੇ ਹੀ ਖਿਲਾਰਦੇ ਫਿਰਦੇ ਰਹਿੰਦੇ ਨੇ। ਪਰਸੋਂ ਪੰਡੋਰੀ ਵਾਲਾ ਸੁੱਖਾ ਮਿਲਿਆ। ਇੱਕ ਰੈਸਟੋਰੈਂਟ ’ਤੇ ਮੈਨੂੰ ਖਿੱਚ ਕੇ ਲੈ ਗਿਆ। ਮਸਾਂ ਦੋ ਕੁ ਘੰਟੇ ਹੀ ਬੈਠੇ। ਬਿੱਲ ਬਣਿਆ ਦੋ ਹਜ਼ਾਰ ਰੁਪਿਆ। ਦੁਕਾਨਦਾਰ ਮੂਹਰੇ ਪੰਝੀ ਸੌ ਸੁੱਟ ਕੇ ਔਹ ਗਿਆ, ਔਹ ਗਿਆ। ਗਲ਼ ਵਿੱਚ ਸੋਨੇ ਦੀ ਮੋਟੀ ਸਾਰੀ ਚੈਨੀ ਪਾਈ ਹੋਈ ਸੀ। ਬਾਂਹ ’ਚ ਪੰਜ ਕੁ ਤੋਲੇ ਦਾ ਕੜਾ। ਉਂਗਲਾਂ ਵਿੱਚ ਦੋ ਮੁੰਦੀਆਂ ਤੇ ਕੰਨ ਵਿੱਚ ਇੱਕ ਨੱਤੀ ਜਿਹੀ। ਬਸ ਕਾਰ ’ਤੇ ਆਇਆ ਤੇ ਮੇਰੇ ਕੋਲ ਦੋ ਕੁ ਘੰਟੇ ਹੀ ਰਿਹਾ। ਕਹਿੰਦਾ ਹੋਰ ਦੋਸਤਾਂ ਨੂੰ ਵੀ ਮਿਲਣਾ ਏ। ਛੁੱਟੀ ਬੜੀ ਘੱਟ ਏ। ਮੈਂ ਬਥੇਰਾ ਜ਼ੋਰ ਲਾਇਆ ਪਾਰਟੀ ਦੇਣ ਨੂੰ। ਕਹਿੰਦਾ ਅਗਰ ਮੇਰੇ ਪਾਸ ਸਮਾਂ ਹੋਇਆ ਤਾਂ ਦੱਸਾਂਗਾ, ਨਹੀਂ ਤਾਂ ਅਗਲੀ ਵਾਰ ਸਹੀ।’
ਮੁੰਡੇ ਵਾਲੇ ਇੰਨੇ ਕਾਹਲੇ ਪਏ ਹੋਏ ਸੀ ਕਿ ਉਪਰੋਕਤ ਗੱਲਾਂ ਦੋਹਾਂ ਪਾਰਟੀਆਂ ਨੇ ਖੜ੍ਹੇ-ਖੜ੍ਹੇ ਹੀ ਕਰ ਲਈਆਂ। ਦੋਹਾਂ ਪਾਰਟੀਆਂ ਨੂੰ ਪਤਾ ਵੀ ਨਾ ਲੱਗਾ ਕਿ ਇੱਕ ਦੂਜੇ ਨੂੰ ਕਿਸੇ ਦੁਕਾਨ ’ਤੇ ਬੈਠਣ ਲਈ ਕਹਿਣ। ਫਿਰ ਰਿੰਪੀ ਨੇ ਕਰਮਜੀਤ ਤੇ ਉਸ ਦੇ ਨਾਲ ਆਏ ਮਾਂ, ਮਾਸੀ ਤੇ ਮਾਸੜ ਨੂੰ ਨੇੜੇ ਲੱਗਦੀ ਚਾਹ ਦੀ ਦੁਕਾਨ ’ਤੇ ਬੈਠਣ ਨੂੰ ਕਿਹਾ। ਇਸ ਤੋਂ ਬਾਅਦ ਆਪਸੀ ਵਿਚਾਰਾਂ ਸ਼ੁਰੂ ਹੋਈਆਂ।
‘ਅੱਛਾ, ਮਾਂ ਜੀ, ਤੁਸੀਂ ਦੱਸੋ ਕਿ ਤੁਸੀਂ ਕਿਸ ਕਿਸਮ ਦਾ ਵਿਆਹ ਚਾਹੁੰਦੇ ਹੋ?’
‘ਰਿੰਪੀ, ਮੇਰੀ ਭੈਣ ਤੇ ਭਣਵੱਈਆ ਤਾਂ ਇਹੀ ਚਾਹੁੰਦੇ ਹਨ ਕਿ ਤੂੰ ਮੁੰਡੇ ਦੇ ਪੱਕਾ ਹੋਣ ਤੱਕ ਨਾਲ ਹੀ ਰਹੇਂ।’
‘ਮਾਂ ਜੀ, ਪੱਕਾ ਹੋਣ ਨੂੰ ਤਾਂ ਕਾਫ਼ੀ ਸਮਾਂ ਲੱਗ ਜਾਂਦਾ ਏ। ਇੰਨਾ ਜ਼ਿਆਦਾ ਸਮਾਂ ਉਡੀਕਣਾ ਔਖਾ ਹੋ ਜਾਂਦਾ ਏ। ਬਿਹਤਰ ਇਹ ਹੈ ਕਿ ਲੜਕਾ ਛੇ ਕੁ ਮਹੀਨਿਆਂ ਵਿੱਚ ਉੱਧਰ ਕੋਈ ਹੋਰ ਲੜਕੀ ਲੱਭ ਲਵੇ ਤੇ ਉਸ ਨਾਲ ਪੱਕੇ ਤੌਰ ’ਤੇ ਵਿਆਹ ਕਰਵਾ ਲਵੇ।’
‘ਧੀਏ, ਅਗਰ ਉੱਧਰ ਲੜਕੀ ਲੱਭੇਗਾ ਵੀ ਤਾਂ ਉਸ ਨੂੰ ਵੀ ਪੈਸੇ ਦੇਣੇ ਪੈਣਗੇ। ਅਸੀਂ ਦੋ ਪਾਸੇ ਪੈਸੇ ਖ਼ਰਚ ਨਹੀਂ ਕਰ ਸਕਦੇ। ਸਾਨੂੰ ਤਾਂ ਇੰਜ ਵੀ ਲੱਗ ਰਿਹਾ ਏ ਕਿ ਲੜਕੇ ਨੂੰ ਹੋਰ ਕੋਈ ਲੜਕੀ ਲੱਭਣੀ ਔਖੀ ਏ। ਲੜਕਾ ਇੰਨਾ ਤੇਜ਼ ਨਹੀਂ ਕਿ ਉੱਧਰ ਜਾ ਕੇ ਜਲਦੀ ਕੋਈ ਪੂਰੀ ਪਾ ਸਕੇ। (ਵਿੱਚ ਹੀ ਕਰਮਜੀਤ ਬੋਲ ਪਿਆ) ਕਹਿੰਦੇ ਨੇ ਉੱਧਰ ਸਾਰੇ ਅੰਗਰੇਜ਼ੀ ਹੀ ਬੋਲਦੇ ਨੇ। ਅਸੀਂ ਪਿੰਡਾਂ ਵਿੱਚ ਰਹੇ ਤੇ ਪਿੰਡਾਂ ਵਿੱਚ ਹੀ ਪੜ੍ਹੇ। ਅਸੀਂ ਇਕਦਮ ਕਿਵੇਂ ਅੰਗਰੇਜ਼ੀ ਬੋਲਣ ਲੱਗ ਸਕਦੇ ਹਾਂ? ਪੰਜਾਬੀ ਕੁੜੀਆਂ ਤਾਂ ਵਿਆਹ ਵਾਸਤੇ ਇਕਦਮ ਹੱਥ ਨਹੀਂ ਆ ਸਕਦੀਆਂ। ਪੰਜਾਬੀ ਪੰਜਾਬੀਆਂ ਦੇ ਸਾਰੇ ਭੇਤ ਜਾਣਦੇ ਨੇ। ਗੋਰੀਆਂ ਜਾਂ ਕੋਈ ਹੋਰ ਕੁੜੀਆਂ ਨਾਲ ਤਾਂ ਹੀ ਗੱਲਬਾਤ ਕੀਤੀ ਜਾ ਸਕਦੀ ਏ, ਜੇਕਰ ਬੰਦੇ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਆਉਂਦੀ ਹੋਵੇ। ਕੀ ਉੱਧਰ ਕੋਈ ਹੋਰ ਲੋਕ ਵੀ ਹਨ, ਜੋ ਕਿਸੇ ਨੂੰ ਸੈੱਟ ਕਰ ਸਕਦੇ ਨੇ?’
‘ਹਾਂ ਉਸ ਦੇਸ਼ ਵਿੱਚ 135 ਤੋਂ ਵੀ ਵੱਧ ਦੇਸ਼ਾਂ ਦੇ ਲੋਕ ਰਹਿੰਦੇ ਹਨ। ਬਹੁਤ ਸਾਰੇ ਪੰਜਾਬੀਆਂ ਨੂੰ ਸਮੋਆ ਤੇ ਟੌਂਗਾ ਟਾਪੂਆਂ ਦੀਆਂ ਤੀਵੀਆਂ ਨੇ ਪੱਕੇ ਕਰਵਾਇਆ ਸੀ। ਹੁਣੇ ਹੁਣੇ ਮੇਰੇ ਉੱਥੇ ਨੇੜੇ ਰਹਿੰਦੀ ਇੱਕ ਤੀਵੀਂ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਇੱਕ ਵਿਆਹ ’ਤੇ ਆਈ ਸੀ। ਉਸ ਦਾ ਘਰਵਾਲਾ ਉਸ ਨੂੰ ਬੰਗਾ ਤੇ ਨਵਾਂ ਸ਼ਹਿਰ ਵਿਚਕਾਰ ਮੋਟਰਸਾਈਕਲ ’ਤੇ ਘੁੰਮਾਉਂਦਾ ਰਿਹਾ। ਉਹ ਮੋਟਰਸਾਈਕਲ ਦੀ ਸਵਾਰੀ ਤੋਂ ਬੜੀ ਹੈਰਾਨ ਹੋਈ। ਰਾਹ ਵਿੱਚ ਮੱਝਾਂ ਨੇ ਜਦ ਉਨ੍ਹਾਂ ਦੇ ਮੋਟਰਸਾਈਕਲ ਨੂੰ ਇੱਕ ਦੋ ਵਾਰ ਕੱਟਿਆ ਤਾਂ ਉਹ ਬੜੀ ਡਰੀ। ਉਹ ਉੱਧਰ ਜਾ ਕੇ ਸਾਰੀਆਂ ਗੱਲਾਂ ਦੱਸਦੀ ਸੀ। ਉੱਧਰ ਆਸਟਰੇਲੀਆ ਵਿੱਚ ਮੋਟਰਸਾਈਕਲ ਬਹੁਤ ਘੱਟ ਹਨ। ਬਸ ਕਾਰਾਂ ਹੀ ਕਾਰਾਂ ਹਨ। ਉਂਝ ਪੰਜਾਬ ਵਿੱਚ ਆ ਕੇ ਉਸ ਨੇ ਬਹੁਤ ਵਧੀਆ ਮਹਿਸੂਸ ਕੀਤਾ ਸੀ। ਸਾਰਾ ਕੁਝ ਆਪਣੀ ਕੋਸ਼ਿਸ਼ ’ਤੇ ਨਿਰਭਰ ਕਰਦਾ ਏ। ਅਗਰ ਤੂੰ ਉੱਧਰ ਜਾ ਕੇ ਕੋਸ਼ਿਸ਼ ਕਰੇਂ ਤਾਂ ਕੋਈ ਕੁੜੀ ਲੱਭ ਸਕਦਾ ਏਂ। ਤੈਨੂੰ ਉੱਧਰ ਜਾ ਕੇ ਕਲੱਬਾਂ ਪੱਬਾਂ ਵਿੱਚ ਜਾਣਾ ਪਿਆ ਕਰੇਗਾ। ਉੱਥੇ ਕਿਸੇ ਨਾਲ ਵਾਕਫ਼ੀਅਤ ਪਾਈ ਜਾ ਸਕਦੀ ਏ।’
‘ਭਾਸ਼ਾ ਤੋਂ ਬਗੈਰ ਵਾਕਫੀਅਤ ਕਿਵੇਂ ਪਾਈ ਜਾ ਸਕਦੀ ਏ?’
‘ਉੱਧਰ ਜਾ ਕੇ ਤੇਰਾ ਅੰਗਰੇਜ਼ੀ ਦਾ ਝਾਕਾ ਕਾਫ਼ੀ ਘੱਟ ਜਾਵੇਗਾ। ਵੱਡੀ ਗੱਲ ਭਾਸ਼ਾ ਦੀ ਨਹੀਂ ਹੁੰਦੀ।’
‘ਹੋਰ ਵੱਡੀ ਗੱਲ ਕੀ ਹੁੰਦੀ ਏ?’
‘ਤੂੰ ਆਪ ਹੀ ਸਮਝ। ਮੈਨੂੰ ਤਾਂ ਦੱਸਦੀ ਨੂੰ ਸ਼ਰਮ ਆਉਂਦੀ ਏ।’
‘ਚੱਲ ਛੱਡ ਧੀਏ, ਤੂੰ ਐਂ ਦੱਸ ਪਈ ਸਾਡੇ ਪੈਸੇ ਕਿੰਨੇ ਲੱਗਣਗੇ?’
‘ਮਾਂ ਜੀ, ਤੁਹਾਨੂੰ 20 ਲੱਖ ਦੇਣਾ ਪਵੇਗਾ, ਜੇਕਰ ਮੈਂ ਕਰਮਜੀਤ ਨਾਲ ਛੇ ਮਹੀਨੇ ਰਹਿਣਾ ਏ। ਇਸ ਤੋਂ ਇਲਾਵਾ ਇਹਦੀ ਰਿਹਾਇਸ਼ ਦਾ ਤੇ ਸਾਡੇ ਦੋਹਾਂ ਦੇ ਕਿਰਾਏ ਦਾ ਪ੍ਰਬੰਧ ਵੀ ਤੁਸੀਂ ਹੀ ਕਰਨਾ ਏ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਇਹਦੇ ਨਾਲ ਵੀ ਰਹਿ ਸਕਦੀ ਹਾਂ। ਵੈਸੇ ਮੈਂ ਇਸ ਤੋਂ ਪਰ੍ਹੇ ਰਹਿਣਾ ਜ਼ਿਆਦਾ ਪਸੰਦ ਕਰਾਂਗੀ। ਜੇਕਰ ਇਹ ਮੇਰੇ ਨਾਲ ਮੇਰੀ ਮਰਜ਼ੀ ਤੋਂ ਬਗੈਰ ਕੁਝ ਵੀ ਕਰੇਗਾ ਤਾਂ ਉਸ ਲਈ ਇਹ ਖ਼ੁਦ ਜ਼ਿੰਮੇਵਾਰ ਹੋਵੇਗਾ। ਉਸ ਦੇਸ਼ ਵਿੱਚ ਮਰਜ਼ੀ ਤੋਂ ਬਗ਼ੈਰ ਕੁਝ ਵੀ ਕਰਨ ਦੀ ਇਜਾਜ਼ਤ ਨਹੀਂ। ਮਰਜ਼ੀ ਨਾਲ ਹੀ ਸਭ ਕੁਝ ਕਰਨ ਦੀ ਇਜਾਜ਼ਤ ਏ।’
‘ਕੁੜੇ, ਸੁਣਿਆ, ਉੱਥੇ ਮੁੰਡੇ ਕੁੜੀਆਂ ਬਾਹਾਂ ’ਚ ਬਾਹਾਂ ਪਾਈ ਇਕੱਠੇ ਤੁਰੇ ਫਿਰਦੇ ਨੇ। ਇਹ ਵੀ ਸੁਣਿਆ ਕਿ ਉੱਥੇ ਮੁੰਡੇ ਕੁੜੀਆਂ ਇਕੱਠੇ ਹੀ ਇੱਕ ਹੀ ਮਕਾਨ ਵਿੱਚ ਰਹਿੰਦੇ ਨੇ। ਪਿੱਛੇ ਜਿਹੇ ਇੱਥੇ ਉੱਧਰ ਨੂੰ ਗਈ ਇੱਕ ਡਾਕਟਰ ਤੀਵੀਂ ਨੇ ਤਾਂ ਇਹ ਬਿਆਨ ਵੀ ਦਿੱਤਾ ਸੀ ਕਿ ਉੱਥੇ ਗਈਆਂ ਕੁੜੀਆਂ ਪੂਰੀਆਂ ਵਿਗੜ ਚੁੱਕੀਆਂ ਨੇ।’
‘ਤੁਹਾਨੂੰ ਸਾਰਿਆਂ ਨੂੰ ਇੱਕ ਰੱਸੇ ਨਾਲ ਨਹੀਂ ਬੰਨ੍ਹਣਾ ਚਾਹੀਦਾ। ਬਥੇਰੀਆਂ ਕੁੜੀਆਂ ਉੱਥੇ ਵੀ ਚੰਗੀਆਂ ਹਨ। ਜਿਹੜੇ ਇਸ ਪ੍ਰਕਾਰ ਦੇ ਬਿਆਨ ਦਿੰਦੇ ਹਨ, ਉਹ ਬੇਵਕੂਫ ਹਨ। ਕਦੀ ਵੀ ਕਿਸੇ ਨੂੰ ਅੰਕੜੇ ਦੱਸ ਕੇ ਬਿਆਨ ਨਹੀਂ ਦੇਣਾ ਚਾਹੀਦਾ। ਹਰ ਜਗ੍ਹਾ ਚੰਗੇ ਬੰਦੇ ਵੀ ਹੁੰਦੇ ਹਨ ਤੇ ਮੰਦੇ ਵੀ। ਬਥੇਰੀਆਂ ਲੜਕੀਆਂ ਹਰ ਜਗ੍ਹਾ ਹੀ ਅਣਖੀ ਤੇ ਇੱਜ਼ਤ ਬਚਾਊ ਹਨ। ਮੇਰੀ ਗੱਲ ਛੱਡੋ, ਮੈਂ ਹਰ ਕੁਝ ਕਰਨ ਲਈ ਤਿਆਰ ਹਾਂ। ਮੈਨੂੰ ਤਾਂ ਪੈਸੇ ਚਾਹੀਦੇ ਹਨ। ਜੇਕਰ ਤੁਸੀਂ ਪੰਜ ਲੱਖ ਹੋਰ ਦੇ ਦਿਓ ਤਾਂ ਮੈਂ ਕਰਮਜੀਤ ਨਾਲ ਉਸ ਤਰੀਕੇ ਨਾਲ ਰਹਿ ਸਕਦੀ ਹਾਂ, ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਕਿ ਮੈਂ ਰਹਾਂ। ਮੇਰਾ ਤਾਂ ਮੁੰਡਿਆਂ ਨੂੰ ਇੱਧਰੋਂ ਲਿਜਾ ਕੇ ਉੱਧਰ ਸੈੱਟ ਕਰਨਾ ਕਿੱਤਾ ਏ। ਮੈਂ ਉਹੀ ਕੁਝ ਕਰ ਸਕਦੀ ਹਾਂ, ਜੋ ਮੈਨੂੰ ਕੋਈ ਪਾਰਟੀ ਕਹੇ।’
‘ਤੂੰ ਸਾਡੀ ਵਾਕਫ਼ ਏਂ। ਮੈਂ ਤੇਰੇ ਨਾਲ ਜਹਾਜ਼ ਵਿੱਚ ਅੰਤਾਂ ਦੀਆਂ ਗੱਲਾਂ ਕਰਦੀ ਆਈ ਸੀ। ਵਾਕਫ਼ੀਅਤ ਦੇ ਨਾਂ ’ਤੇ ਤੂੰ ਸਾਡੇ ਨਾਲ ਕੋਈ ਵੀ ਰਿਆਇਤ ਨਹੀਂ ਕਰੇਂਗੀ?’
‘ਮਾਂ ਜੀ, ਕਾਰੋਬਾਰ ਵਿੱਚ ਵਾਕਫ਼ੀਅਤ ਦਾ ਕੋਈ ਅਰਥ ਨਹੀਂ ਹੁੰਦਾ। ਕਈ ਵਾਰੀ ਵਾਕਫ਼ੀਅਤ ਕਾਰੋਬਾਰ ਨੂੰ ਵਧਾਉਣ ਲਈ ਵੀ ਕੀਤੀ ਜਾਂਦੀ ਏ। ਤੁਹਾਨੂੰ ਸਿੰਗਾਪੁਰ ਏਅਰਪੋਰਟ ’ਤੇ ਮੇਰੇ ਪਾਸੋਂ ਫਾਰਮ ਭਰਾਉਣ ਦੀ ਜ਼ਰੂਰਤ ਪਈ। ਮੈਂ ਤੁਹਾਡਾ ਕੰਮ ਕਰ ਦਿੱਤਾ। ਇੱਕੋ ਭਾਸ਼ਾ ਦੇ ਹੋਣ ਕਰਕੇ ਤੁਸੀਂ ਮੇਰੇ ਨਾਲ ਵੱਧ ਗੱਲਾਂ ਕਰਨ ਲੱਗ ਪਏ। ਗੱਲਾਂ ਗੱਲਾਂ ਵਿੱਚ ਸਫ਼ਰ ਵੀ ਹੁੰਦਾ ਗਿਆ ਤੇ ਵਾਕਫ਼ੀਅਤ ਵੀ ਵਧਦੀ ਗਈ। ਹੁਣ ਤੁਹਾਨੂੰ ਮੇਰੇ ਤੱਕ ਲੋੜ ਪੈ ਗਈ। ਮੈਂ ਤੁਹਾਡੀ ਲੋੜ ਪੂਰੀ ਕਰਨ ਲਈ ਤਿਆਰ ਹਾਂ। ਤੁਹਾਨੂੰ ਇਸ ਕੰਮ ਲਈ ਪੈਸਾ ਤਾਂ ਖਰਚਣਾ ਹੀ ਪਵੇਗਾ। (ਵਿੱਚ ਹੀ ਕਰਮਜੀਤ ਬੋਲ ਪਿਆ)।’
‘ਉੱਥੇ ਕੰਮ ਕਿਸ ਤਰ੍ਹਾਂ ਦੇ ਮਿਲਦੇ ਨੇ? ਜੇਕਰ ਮੈਂ ਉੱਥੇ ਜਾ ਕੇ ਕੁਝ ਕੰਮ ਹੀ ਨਾ ਕਰ ਸਕਿਆ ਤਾਂ ਅਸੀਂ ਪੈਸੇ ਕਿਵੇਂ ਪੂਰੇ ਕਰਾਂਗੇ? ਮੈਨੂੰ ਤਾਂ ਉਸ ਦੇਸ਼ ਬਾਰੇ ਬਹੁਤਾ ਪਤਾ ਨਹੀਂ। ਸਿਰਫ਼ ਸੱਤਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਵਿੱਚ ਇੱਕ ਲੇਖ ਹੁੰਦਾ ਸੀ। ਉਸ ਲੇਖ ਦਾ ਨਾਂ ਹੁੰਦਾ ਸੀ ‘ਦੁੱਧ ਘਿਓ ਦਾ ਦੇਸ਼ ਆਸਟਰੇਲੀਆ’। ਕੀ ਉਹ ਸੱਚਮੁੱਚ ਹੀ ਦੁੱਧ ਘਿਓ ਦਾ ਦੇਸ਼ ਏ? ਕੀ ਉਹ ਸੱਚਮੁੱਚ ਹੀ ਬਹੁਤ ਵੱਡਾ ਦੇਸ਼ ਏ? ਕੀ ਉੱਥੇ ਲੁਕਣਾ ਸੌਖਾ ਏ? ਵਾਤਾਵਰਨ ਕਿਹੋ ਜਿਹਾ ਏ? ਭਾਵੇਂ ਮੇਰੇ ਵਾਕਫ਼ ਮੁੰਡੇ ਉੱਥੇ ਬਾਰੇ ਕਾਫ਼ੀ ਕੁਝ ਕਹਿੰਦੇ ਰਹਿੰਦੇ ਹਨ, ਪਰ ਤੂੰ ਵੀ ਸਾਨੂੰ ਦੱਸ ਕਿ ਉਹ ਦੇਸ਼ ਕਿਸ ਪ੍ਰਕਾਰ ਦਾ ਏ?’
‘ਸਾਡੀ ਇਹ ਮਿਲਣੀ ਬਹੁਤੀ ਲੰਬੀ ਮਿਲਣੀ ਨਹੀਂ ਏ। ਤੁਹਾਡੇ ਸਵਾਲ ਬੜਾ ਲੰਬਾ ਚੌੜਾ ਜਵਾਬ ਮੰਗਦੇ ਨੇ। ਬਾਕੀ ਮੈਂ ਕਿਹੜੀ ਉਸ ਦੇਸ਼ ਬਾਰੇ ਪੜ੍ਹਾਈ ਕੀਤੀ ਹੋਈ ਏ। ਫਿਰ ਵੀ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸ ਸਕਦੀ ਹਾਂ। ਮੇਰੇ ਖ਼ਿਆਲ ਅਨੁਸਾਰ ਅੱਜ ਦੇ ਸਮੇਂ ਵਿੱਚ ਆਸਟਰੇਲੀਆ ਰਹਿਣ- ਸਹਿਣ ਲਈ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਏ। ਸਭ ਤੋਂ ਵੱਡੀ ਗੱਲ ਵਾਤਾਵਰਨ ਦੀ ਏ। ਸਿਡਨੀ ਜਿਹੇ ਸ਼ਹਿਰਾਂ ਵਿੱਚ ਮੌਸਮ ਸਾਰਾ ਸਾਲ ਹੀ ਬਹੁਤ ਵਧੀਆ ਰਹਿੰਦਾ ਹੈ। ਉੱਥੇ ਸਰਦੀ ਤਾਂ ਪੰਜਾਬ ਜਿਹੀ ਹੀ ਪੈਂਦੀ ਹੈ। ਪੰਜਾਬ ਵਿੱਚ ਸਰਦੀ ਵਿੱਚ ਧੁੰਦ ਬੜੀ ਪੈਂਦੀ ਹੈ, ਪਰ ਉੱਥੇ ਧੁੰਦ ਘੱਟ ਪੈਂਦੀ ਹੈ। ਕਦੀ ਕਦੀ ਅੱਧੀ ਰਾਤ ਨੂੰ ਪਾਣੀ ਦੇ ਖਾਲ਼ਿਆਂ ਦੇ ਲਾਗੇ ਹੀ ਧੁੰਦ ਦੇਖੀ ਜਾ ਸਕਦੀ ਏ। ਉੱਥੇ ਗਰਮੀ ਸਿਰਫ਼ ਜਨਵਰੀ ਵਿੱਚ ਹੀ ਪੈਂਦੀ ਏ। ਕਦੀ ਕਦੀ ਹੀ ਪਾਰਾ 30 ਡਿਗਰੀ ਤੋਂ ਉੱਪਰ ਜਾਂਦਾ ਏ। ਸਿਰਫ਼ ਚੰਦ ਕੁ ਦਿਨ ਹਨ, ਜਦ ਗਰਮੀ ਜ਼ਿਆਦਾ ਲੱਗਦੀ ਏ। ਉੱਥੇ ਦੇ ਮੁਕਾਬਲੇ ਪੰਜਾਬ ਵਿੱਚ ਤਾਂ ਅੰਤਾਂ ਦੀ ਗਰਮੀ ਪੈਂਦੀ ਹੈ। ਬਹੁਤ ਵੱਡਾ ਦੇਸ਼ ਏ। ਭਾਰਤ ਨਾਲੋਂ ਤਾਂ ਸ਼ਾਇਦ ਉਹ ਢਾਈ ਕੁ ਗੁਣਾ ਵੱਡਾ ਹੋਵੇ। ਇੱਕ ਵੱਖਰਾ ਮਹਾਂਦੀਪ ਤਾਂ ਹੈ ਉਹ। ਸ਼ਾਇਦ ਉਹ ਦੁਨੀਆ ਦਾ ਪੰਜਵਾਂ ਜਾਂ ਛੇਵਾਂ ਸਭ ਤੋਂ ਵੱਡਾ ਦੇਸ਼ ਏ। ਜਨਸੰਖਿਆ ਬੜੀ ਹੀ ਘੱਟ ਏ, ਢਾਈ ਕਰੋੜ ਦੇ ਕਰੀਬ।’
(ਕਰਮਜੀਤ ਵਿੱਚ ਹੀ ਬੋਲ ਪਿਆ) ‘ਸਿਰਫ਼ ਢਾਈ ਕਰੋੜ? ਭਾਰਤ ਤਾਂ ਸਵਾ ਸੌ ਕਰੋੜ ਤੋਂ ਵੀ ਵੱਧ ਏ।’
‘ਉੱਥੇ ਤਾਂ ਜੀਹਦੇ ਵੱਧ ਬੱਚੇ ਹੋਣ, ਉਹਨੂੰ ਭਾਗਾਂ ਵਾਲਾ ਮੰਨਿਆ ਜਾਂਦਾ ਏ। ਬੱਚਿਆਂ ਨੂੰ ਸਰਕਾਰ ਪੈਸੇ ਦਿੰਦੀ ਏ। ਉੱਥੇ ਦੇ ਕਈ ਲੋਕ ਤਾਂ ਕੰਮ ਹੀ ਨਹੀਂ ਕਰਦੇ। ਆਪ ਨੂੰ ਤੇ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਮਿਲਣ ਨਾਲ ਹੀ ਗੁਜ਼ਾਰਾ ਕਰੀ ਜਾ ਰਹੇ ਹਨ। ਜਿਹੜੇ ਕੰਮ ਕਰਦੇ ਹਨ, ਉਨ੍ਹਾਂ ਨੂੰ ਘੰਟੇ ਦੇ ਤਕਰੀਬਨ 24 ਕੁ ਡਾਲਰ ਮਿਲਦੇ ਹਨ। ਕੈਨੇਡਾ ਤੇ ਅਮਰੀਕਾ ਵਿੱਚ ਇਹ ਰੇਟ 13-14 ਡਾਲਰ ਏ। ਭਾਵੇਂ ਆਸਟਰੇਲੀਆ ਦਾ ਡਾਲਰ ਅਮਰੀਕਾ ਦੇ ਡਾਲਰ ਤੋਂ ਥੋੜ੍ਹਾ ਜਿਹਾ ਘੱਟ ਹੈ, ਪਰ ਘੰਟੇ ਦੇ ਪੈਸੇ ਵੱਧ ਮਿਲਣ ਕਰਕੇ ਉੱਥੇ ਸਮੁੱਚੀ ਕਮਾਈ ਜ਼ਿਆਦਾ ਹੋ ਜਾਂਦੀ ਏ। ਖਾਣ-ਪੀਣ ਦੀਆਂ ਚੀਜ਼ਾਂ ਦੀ ਭਰਮਾਰ ਏ। ਇਹ ਚੀਜ਼ਾਂ ਸਸਤੀਆਂ ਵੀ ਹਨ। ਦੁੱਧ ਘਿਓ ਦਾ ਅੰਤ ਕੋਈ ਨਹੀਂ। ਡਰਾਈ ਫਰੂਟ, ਜੂਸ ਤੇ ਆਈਸਕਰੀਮ ਜਿੰਨੇ ਮਰਜ਼ੀ ਖਾਵੋ ਪੀਵੋ। ਬਹੁਤ ਵੱਡੇ ਵੱਡੇ ਸ਼ਾਪਿੰਗ ਸੈਂਟਰ ਹਨ। ਸਭ ਏਅਰ ਕੰਡੀਸ਼ਨਡ ਹਨ। ਪਿੰਡ ਸ਼ਹਿਰਾਂ ਜਿਹੇ ਹਨ ਤੇ ਸ਼ਹਿਰ ਪਿੰਡਾਂ ਜਿਹੇ।’
‘ਉਹ ਦੇਸ਼ ਕਾਰਾਂ ਤੇ ਕੰਪਿਊਟਰਾਂ ਦਾ ਦੇਸ਼ ਏ। ਮੋਟਰਸਾਈਕਲ ਤਾਂ ਕੋਈ ਟਾਵਾਂ-ਟਾਵਾਂ ਹੀ ਏ। ਉੱਥੇ ਦੀਆਂ ਸੜਕਾਂ ਦੀ ਸਪੀਡ ਨਿਸ਼ਚਿਤ ਹੈ। ਨਿਸ਼ਚਿਤ ਸਪੀਡ ਵਿੱਚ ਕਾਰਾਂ ਹੀ ਸਹੀ ਚੱਲ ਸਕਦੀਆਂ ਹਨ, ਸਕੂਟਰ ਆਦਿ ਨਹੀਂ। ਸੜਕਾਂ ਬੜੀਆਂ ਤੇਜ਼ ਹਨ। ਵੱਡੇ ਵੱਡੇ ਮੋਟਰਵੇਅ ਵੀ ਹਨ, ਜਿਨ੍ਹਾਂ ਦੀ ਸਪੀਡ 110 ਕਿਲੋਮੀਟਰ ਜਾਂ ਇਸ ਤੋਂ ਵੱਧ ਦੀ ਵੀ ਏ। ਲੁੱਟਾਂ ਖੋਹਾਂ ਹਨ, ਪਰ ਬਹੁਤ ਘੱਟ।’
(ਕਰਮਜੀਤ ਵਿੱਚ ਫਿਰ ਬੋਲ ਪਿਆ) ‘ਖ਼ਬਰਾਂ ਤਾਂ ਬੜੀਆਂ ਅਜੀਬ ਕਿਸਮ ਦੀਆਂ ਛਪ ਰਹੀਆਂ ਹਨ?’
‘ਕਰਮਜੀਤ, ਜ਼ਰਾ ਕੈਨੇਡਾ ਬਾਰੇ ਸੇਚ ਕੇ ਦੇਖ। ਵੈਨਕੂਵਰ ਦੇ ਇਲਾਕੇ ’ਚ ਆਏ ਮਹੀਨੇ ਕੋਈ ਨਾ ਕੋਈ ਪੰਜਾਬੀ ਮਾਰਿਆ ਜਾਂਦਾ ਏ। ਉੱਥੇ ਅਸਲ ਵਿੱਚ ਨਸ਼ਿਆਂ ਦੀ ਤਸਕਰੀ ਦਾ ਕੰਮ ਬਹੁਤ ਚੱਲਦਾ ਏ। ਬਰੈਂਪਟਨ ਦੇ ਇਲਾਕੇ ਵਿੱਚ ਕਦੀ ਪੰਜਾਬੀ ਮੁੰਡੇ-ਕੁੜੀਆਂ ਦਾ ਹਾਲ ਸੁਣਿਐ? ਤੈਨੂੰ ਪਤੈ, ਉੱਥੇ ਪਿੱਛੇ ਜਿਹੇ ਇੱਕ ਰਾਤ ਵਿੱਚ ਕਿੰਨੇ ਹਜ਼ਾਰ ਕਾਰਾਂ ਚੋਰੀ ਹੋਈਆਂ ਸਨ? ਆਸਟਰੇਲੀਆ ਬਾਰੇ ਜਿਹੜੀਆਂ ਵੀ ਮਾੜੀਆਂ-ਮੋਟੀਆਂ ਖ਼ਬਰਾਂ ਛਪ ਰਹੀਆਂ ਹਨ, ਉਨ੍ਹਾਂ ਪਿੱਛੇ ਸਾਡੇ ਆਪਣਿਆਂ ਦਾ ਹੱਥ ਜ਼ਿਆਦਾ ਏ। ਮੈਂ ਮੰਨਦੀ ਹਾਂ ਕਿ ਉੱਥੇ ਵੀ ਥੋੜ੍ਹੀਆਂ-ਬਹੁਤੀਆਂ ਲੁੱਟਾਂ ਖੋਹਾਂ ਹਨ। ਇਸ ਪ੍ਰਕਾਰ ਦੀਆਂ ਲੁੱਟਾਂ ਖੋਹਾਂ ਹਰ ਜਗ੍ਹਾ ਹੁੰਦੀਆਂ ਹਨ। ਜਿਹੜੀਆਂ ਲੜਾਈਆਂ ਹੋ ਰਹੀਆਂ ਹਨ, ਉਹ ਜ਼ਿਆਦਾ ਇੱਧਰੋਂ ਗਏ ਪੰਜਾਬੀਆਂ ਦੀਆਂ ਆਪਸ ਵਿੱਚ ਹੁੰਦੀਆਂ ਹਨ।’
(ਕਰਮਜੀਤ ਫਿਰ ਬੋਲ ਪਿਆ) ‘ਨਾਲੇ ਕਹਿੰਦੇ ਉੱਥੇ ਨਸਲਵਾਦ ਬਹੁਤ ਏ?’
‘ਸਭ ਬਕਵਾਸ ਏ। ਥੋੜ੍ਹਾ ਬਹੁਤਾ ਨਸਲਵਾਦ ਹਰ ਜਗ੍ਹਾ ਹੁੰਦਾ ਏ। ਕੀ ਤੂੰ ਗੱਡੀਆਂ ਵਾਲਿਆਂ ਤੇ ਗਧੀਲਿਆਂ ਨਾਲ ਬੈਠ ਕੇ ਖਾਣਾ ਖਾਵੇਂਗਾ? ਉਹ ਤਾਂ ਬਿੱਲੇ ਮਾਰ ਕੇ ਵੀ ਖਾ ਲੈਂਦੇ ਹਨ। ਕੀ ਤੂੰ ਕਦੀ ਬਿੱਲੇ ਦਾ ਮੀਟ ਖਾਧਾ ਏ? ਕੀ ਤੁਹਾਡੇ ਪਿੰਡ ਵਿੱਚ ਨਸਲਵਾਦ ਨਹੀਂ ਏ? ਤੁਸੀਂ ਹਰੀਜਨਾਂ ਨੂੰ ਵੱਖਰਾ ਗੁਰਦੁਆਰਾ ਬਣਾਉਣ ਲਈ ਕਿਉਂ ਮਜਬੂਰ ਕੀਤਾ, ਜਦ ਕਿ ਗੁਰੂ ਸਾਹਿਬਾਨ ਨੇ ਜਾਤ-ਪਾਤ ਖ਼ਤਮ ਕੀਤੀ ਸੀ? ਆਹ ਬੈਠੀ ਤੇਰੀ ਮਾਂ, ਇਹਨੂੰ ਪੁੱਛ ਲੈ। ਅਜੇ ਹੁਣੇ ਜਿਹੇ ਦੀ ਗੱਲ ਏ ਕਿ ਪਿੰਡਾਂ ਵਿੱਚ ਹਰੀਜਨਾਂ ਨੂੰ ਜੱਟ ਜ਼ਿਮੀਂਦਾਰ ਆਪਣੇ ਗੁਰਦੁਆਰੇ ਦੇ ਅੰਦਰ ਵੀ ਨਹੀਂ ਬੈਠਣ ਦਿਆ ਕਰਦੇ ਸਨ। ਭਾਰਤ ਵਿੱਚ ਅਜੇ ਵੀ ਅੰਤਾਂ ਦਾ ਨਸਲਵਾਦ ਏ। ਯੂ.ਪੀ., ਬਿਹਾਰ ਦੇ ਗ਼ਰੀਬ ਇਲਾਕਿਆਂ ਵਿੱਚ ਜਾ ਕੇ ਦੇਖੀਂ। ਫਿਰ ਤੈਨੂੰ ਪਤਾ ਲੱਗੂ ਕਿ ਅਸਲੀ ਭਾਰਤ ਕਿੱਥੇ ਵੱਸਦਾ ਏ। ਪੰਜਾਬ ਤੋਂ ਟਰੱਕਾਂ ਵਾਲੇ ਬਿਹਾਰ ਰਾਹੀਂ ਕਲਕੱਤੇ ਵੱਲ ਜਾਂਦੇ ਹੀ ਰਹਿੰਦੇ ਹਨ। ਲੁਟੇਰੇ ਟਰੱਕ ਲੁੱਟ ਲੈਂਦੇ ਹਨ ਤੇ ਬੰਦਿਆਂ ਨੂੰ ਮਾਰ ਦਿੰਦੇ ਹਨ। ਸਾਡੇ ਲੋਕਾਂ ਨੇ ਐਵੇਂ ਖੌਰੂ ਪਾਇਆ ਹੋਇਆ ਏ ਕਿ ਉੱਥੇ ਮੁੰਡੇ ਕੁੜੀਆਂ ਨੂੰ ਮਿਲਣ ਦੀ ਆਜ਼ਾਦੀ ਬਹੁਤ ਏ। ਮੈਂ ਮੰਨਦੀ ਹਾਂ ਕਿ ਉੱਥੇ ਇਸ ਪ੍ਰਕਾਰ ਦੇ ਮਿਲਣ ਨੂੰ ਅਵਾਰਾਗਰਦੀ ਨਹੀਂ ਮੰਨਿਆ ਜਾਂਦਾ।’
‘ਭਾਰਤ ਵਿੱਚ ਅਵਾਰਾਗਰਦੀ ਗੈਰ-ਕਾਨੂੰਨੀ ਮੰਨੀ ਜਾਂਦੀ ਏ। ਭਾਵੇਂ ਉੱਥੇ ਅੰਤਾਂ ਦੀ ਆਜ਼ਾਦੀ ਏ, ਫਿਰ ਵੀ ਜੋ ਕੁਝ ਇੱਥੇ ਭਾਰਤ ਵਿੱਚ ਹੋ ਰਿਹਾ ਏ, ਉਹ ਉਸ ਤੋਂ ਕਿਤੇ ਜ਼ਿਆਦਾ ਮਾੜਾ ਤੇ ਕੋਝਾ ਏ। ਭਾਰਤ ਵਿੱਚ ਅਵਾਰਾਗਰਦੀ ਗੈਰਕਾਨੂੰਨੀ ਹੋਣ ਦੇ ਬਾਵਜੂਦ ਅੰਦਰੋ-ਗਤੀ ਸਭ ਕੁਝ ਹੋ ਰਿਹਾ ਏ। ਗੋਰੇ ਅੰਦਰੋਗਤੀ ਬਹੁਤਾ ਕੁਝ ਨਹੀਂ ਕਰਦੇ। ਉਨ੍ਹਾਂ ਦੀਆਂ ਨੀਤਾਂ ਸਾਫ਼ ਹਨ, ਸਾਡੇ ਇੱਥੇ ਨੀਤਾਂ ਸਾਫ਼ ਨਹੀਂ ਹਨ। ਉੱਥੇ ਘੁੰਮਣ-ਫਿਰਨ ਤੇ ਮਿਲਣ-ਗਿਲਣ ਦੀ ਖੁੱਲ੍ਹ ਹੈ, ਪਰ ਮੈਂ ਮੰਨਦੀ ਹਾਂ, ਇੱਕ ਦੂਜੇ ਦੀ ਮਰਜ਼ੀ ਤੋਂ ਬਗੈਰ ਬਿਲਕੁਲ ਵੀ ਨਹੀਂ। ਜਦ ਸਾਡੇ ਲੋਕ ਇੱਧਰੋਂ ਬੰਦ ਸੱਭਿਆਚਾਰ ਵਿੱਚੋਂ ਉੱਧਰਲੇ ਖੁੱਲ੍ਹੇ ਸੱਭਿਆਚਾਰ ਵਿੱਚ ਦਾਖਲ ਹੁੰਦੇ ਹਨ ਤਾਂ ਭਮੱਤਰ ਜਾਂਦੇ ਹਨ। ਉਹ ਸੋਚਣ ਲੱਗ ਪੈਂਦੇ ਹਨ ਕਿ ਉੱਥੇ ਜਿਹਨੂੰ ਮਰਜ਼ੀ ਜੋ ਕੁਝ ਮਰਜ਼ੀ ਕਹਿ ਦੇਵੋ। ਪ੍ਰਤੀਕਿਰਿਆ ਬੜੀ ਹੀ ਤਿੱਖੀ ਹੁੰਦੀ ਏ। ਇੰਝ ਇਹ ਆਪਣੇ ਵਿਛਾਏ ਜਾਲ ਵਿੱਚ ਆਪ ਹੀ ਫਸ ਜਾਂਦੇ ਹਨ। ਇਸੇ ਨੂੰ ਹੀ ਬਹੁਤੀ ਵਾਰ ਨਸਲਵਾਦ ਦਾ ਨਾਂ ਦੇ ਦਿੱਤਾ ਜਾਂਦਾ ਏ। ਮੇਰਾ ਖ਼ਿਆਲ ਏ ਕਿ ਤੁਹਾਡੀ ਇਨ੍ਹਾਂ ਗੱਲਾਂ ਨਾਲ ਤਸੱਲੀ ਹੋ ਗਈ ਹੋਵੇਗੀ। ਹੋਰ ਕੁਝ?’
ਕਰਮਜੀਤ ਬੋਲਿਆ, ‘ਬਾਕੀ ਠੀਕ ਏ। ਆਓ ਕੋਈ ਕੰਮ ਦੀ ਗੱਲ ਕਰੀਏ।’
‘ਮੈਂ ਤਾਂ ਤੁਹਾਨੂੰ ਸਭ ਕੁਝ ਦੱਸ ਦਿੱਤਾ ਏ। ਜੇਕਰ ਤੁਹਾਡਾ ਮਨ ਬਣਦਾ ਹੈ ਤਾਂ ਹੁਣ ਦੱਸ ਦਿਓ। ਜੇਕਰ ਹੁਣ ਨਹੀਂ ਦੱਸਣਾ ਤਾਂ ਘਰ ਜਾ ਕੇ ਸਲਾਹ ਕਰ ਲਿਓ ਤੇ ਫਿਰ ਫੋਨ ’ਤੇ ਦੱਸ ਦਿਓ। ਮੇਰੇ ਪਾਸ ਬਹੁਤਾ ਸਮਾਂ ਨਹੀਂ। ਮੈਂ ਜਲਦੀ ਹੀ ਵਾਪਸ ਜਾਣ ਬਾਰੇ ਸੋਚ ਰਹੀ ਹਾਂ।’
(ਕਰਮਜੀਤ ਆਪਣੀ ਮਾਂ, ਮਾਸੀ ਤੇ ਮਾਸੜ ਨੂੰ) ‘ਇਸ ਦਾ ਮਤਲਬ ਇਹ ਕਿ 22-23 ਲੱਖ ਰੁਪਿਆ ਤਾਂ ਲੱਗੂਗਾ ਹੀ। ਅਗਰ ਮੈਨੂੰ ਉੱਥੇ ਕੱਚੇ ਨੂੰ ਕੋਈ ਕੰਮ ਨਾ ਮਿਲਿਆ, ਫਿਰ ਕਿਵੇਂ ਹੋਊ? ਮੇਰਾ ਇੱਕ ਦੋਸਤ ਕਹਿੰਦਾ ਸੀ ਕਿ ਉੱਥੇ ਕੰਮ ’ਤੇ ਜਾਣ ਲਈ ਬੰਦੇ ਪਾਸ ਕਾਰ ਹੋਣੀ ਬੜੀ ਜ਼ਰੂਰੀ ਏ। ਸੁਣਿਐ, ਉੱਥੇ ਤਾਂ ਕੱਚੇ ਨੂੰ ਕਾਰ ਚਲਾਉਣ ਦਾ ਲਸੰਸ ਵੀ ਨਹੀਂ ਮਿਲਦਾ।’
‘ਦੇਖ ਕਰਮਜੀਤ, ਮੈਂ ਤੈਨੂੰ ਇੱਕ ਸੰਤਰਿਆਂ ਦੇ ਫਾਰਮ ਤੱਕ ਪਹੁੰਚਾ ਦੇਵਾਂਗੀ। ਫਾਰਮ ਵਾਲੇ ਕਈ ਵਾਰ ਰਿਹਾਇਸ਼ ਫਾਰਮ ਦੇ ਵਿੱਚ ਹੀ ਦੇ ਦਿੰਦੇ ਹਨ। ਬਹੁਤੀ ਵਾਰੀ ਲਗਾਤਾਰ ਕੰਮ ਨਹੀਂ ਮਿਲਦਾ। ਸੁਣਨ ਵਿੱਚ ਆਇਆ ਏ ਕਿ ਕੰਮ ਮਿਲਦਾ ਵੀ ਰਹਿੰਦਾ ਏ। ਤੈਨੂੰ ਫਾਰਮ ਦੇ ਮਾਲਕ ਨਾਲ ਆਪ ਵਧੀਆ ਸਬੰਧ ਬਣਾਉਣੇ ਹੋਣਗੇ। ਕਈ ਮਾਲਕ ਬੰਦਿਆਂ ਦੀ ਮਦਦ ਵੀ ਕਰ ਦਿੰਦੇ ਹਨ।’
‘ਰਿੰਪੀ, ਅਸੀਂ ਪਹਿਲਾਂ ਤੇਰੇ ਨਾਲ ਛੇ ਮਹੀਨੇ ਵਾਸਤੇ ਗੱਲ ਕਰਾਂਗੇ। ਜੇਕਰ ਤੂੰ ਮੇਰੇ ਪੱਕੇ ਹੋਣ ਤੱਕ ਮੇਰੇ ਨਾਲ ਰਹਿਣਾ ਹੋਵੇ ਤਾਂ ?’
‘ਇਸ ਤਰ੍ਹਾਂ ਦਾ ਸੌਦਾ ਮੈਂ ਕਰਦੀ ਹੀ ਨਹੀਂ। ਹਾਂ ਮੈਂ ਛੇ ਮਹੀਨੇ ਹੋਰ ਲੰਘਾ ਸਕਦੀ ਹਾਂ। ਸ਼ਰਤ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ।’
‘ਚੰਗਾ, ਅਸੀਂ ਘਰ ਜਾ ਕੇ ਹੋਰ ਸੋਚ ਲੈਂਦੇ ਹਾਂ। ਜੇਕਰ ਸਾਡਾ ਮਨ ਬਣਿਆ ਤਾਂ ਅਸੀਂ ਬੜੀ ਛੇਤੀ ਤੈਨੂੰ ਦੱਸਾਂਗੇ।’
‘ਚੰਗਾ, ਸਤਿ ਸ੍ਰੀ ਅਕਾਲ।’
ਸੰਪਰਕ: 61437641033